ਮੁੰਬਈ : ਗੁਜਰਾਤ ਜਾਇੰਟਸ ਨੇ ਬੁੱਧਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 11 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਨੇ 202 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਬੈਂਗਲੁਰੂ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਹੀ ਬਣਾ ਸਕੀ।
ਸੋਫੀ ਡੇਵਿਨ ਨੇ ਕਪਤਾਨ ਸਮ੍ਰਿਤੀ ਮੰਧਾਨਾ ਦੇ ਨਾਲ ਮਿਲ ਕੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦਿਵਾਈ, ਹਾਲਾਂਕਿ ਕਪਤਾਨ 18 ਦੌੜਾਂ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਸੋਫੀ ਅਤੇ ਤੀਜੇ ਨੰਬਰ ਦੀ ਬੱਲੇਬਾਜ਼ ਐਲਿਸ ਪੇਰੀ ਨੇ ਪਾਰੀ ਨੂੰ ਅੱਗੇ ਵਧਾਇਆ। ਸੋਫੀ ਨੇ 45 ਗੇਂਦਾਂ 'ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ, ਜਦਕਿ ਐਲਿਸ ਨੇ 25 ਗੇਂਦਾਂ 'ਚ 32 ਦੌੜਾਂ ਬਣਾਈਆਂ। ਐਲਿਸ ਨੇ ਆਪਣੀ ਪਾਰੀ 'ਚ 5 ਚੌਕੇ ਲਗਾਏ। ਰਿਚਾ ਘੋਸ਼ ਸਿਰਫ਼ 10 ਦੌੜਾਂ ਬਣਾ ਕੇ ਆਊਟ ਹੋ ਗਈ। ਕਨਿਕਾ ਆਹੂਜਾ ਵੀ 10 ਦੌੜਾਂ ਬਣਾ ਕੇ ਜਾਂਦੀ ਲੱਗੀ। ਹੀਥਰ ਨਾਈਟ ਨੇ 11 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਖੇਡੀ, ਹਾਲਾਂਕਿ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਗੁਜਰਾਤ ਵੱਲੋਂ ਐਸ਼ਲੇ ਗਾਰਡਨਰ ਨੇ ਸਭ ਤੋਂ ਵਧ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਗੁਜਰਾਤ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ ਸਨ। ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ ਆਪਣਾ ਪਹਿਲਾ ਵਿਕਟ ਤੀਸਰੇ ਓਵਰ ਵਿੱਚ ਹੀ ਸਬਹਿਨੇਨੀ ਮੇਘਨਾ ਦੇ ਰੂਪ ਵਿੱਚ ਗੁਆ ਦਿੱਤਾ। ਮੇਘਨਾ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਹਰਲੀਨ ਦਿਓਲ ਅਤੇ ਸੋਫੀਆ ਡੰਕਲੇ ਨੇ ਪਾਰੀ ਨੂੰ ਸੰਭਾਲਿਆ। ਸੋਫੀਆ ਨੇ 28 ਗੇਂਦਾਂ 'ਚ 11 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ।
ਸੋਫੀਆ ਦੇ ਆਊਟ ਹੋਣ ਤੋਂ ਬਾਅਦ ਹਰਲੀਨ ਦਿਓਲ ਨੇ ਇਕ ਪਾਸੇ ਤੋਂ ਪਾਰੀ ਨੂੰ ਅੱਗੇ ਵਧਾਉਂਦੇ ਹੋਏ 45 ਗੇਂਦਾਂ 'ਚ 9 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 67 ਦੌੜਾਂ ਬਣਾਈਆਂ, ਜਦਕਿ ਹੋਰ ਕੋਈ ਵੀ ਬੱਲੇਬਾਜ਼ ਉਸ ਦਾ ਜ਼ਿਆਦਾ ਸਾਥ ਨਹੀਂ ਦੇ ਸਕਿਆ। ਐਸ਼ਲੇ ਗਾਰਡਨਰ 19, ਦਿਆਲਨ ਹੇਮਲਤਾ 16 ਅਤੇ ਐਨਾਬੈਲ ਸਦਰਲੈਂਡ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸਨੇਹ ਰਾਣਾ ਵੀ ਕੁਝ ਖਾਸ ਨਹੀਂ ਕਰ ਸਕੀ, ਉਹ 2 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਅੰਤ ਵਿੱਚ ਕਿਮ ਗਰਥ ਨੇ ਅਜੇਤੂ 3 ਅਤੇ ਸ਼ੁਸ਼ਮਾ ਵਰਮਾ ਨੇ ਨਾਬਾਦ 5 ਦੌੜਾਂ ਦੀ ਪਾਰੀ ਖੇਡੀ। ਬੈਂਗਲੁਰੂ ਲਈ ਸ਼੍ਰੇਅੰਕਾ ਪਾਟਿਲ ਅਤੇ ਹੀਥਰ ਨਾਈਟ ਨੇ ਸਭ ਤੋਂ ਵਧੀਆ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਬਾਕੀ ਦੋ ਗੇਂਦਬਾਜ਼ਾਂ ਨੇ 1-1 ਵਿਕਟਾਂ ਲਈਆਂ।
IND vs AUS : ਮੋਦੀ ਅਤੇ ਅਲਬਾਨੀਜ਼ ਦੀ ਫੇਰੀ ਲਈ ਸਜਾਇਆ ਗਿਆ ਮੋਟੇਰਾ ਸਟੇਡੀਅਮ
NEXT STORY