ਸਪੋਰਟਸ ਡੈਸਕ– ਸਲਾਮੀ ਬੱਲੇਬਾਜ਼ ਕਿਰਣ ਨਵਗਿਰੇ ਦੇ ਤੂਫਾਨੀ ਅਰਧ ਸੈਂਕੜੇ ਤੇ ਕਪਤਾਨ ਐਲਿਸਾ ਹੀਲੀ ਨਾਲ ਪਹਿਲੀ ਵਿਕਟ ਲਈ ਵੱਡੀ ਸਾਂਝੇਦਾਰੀ ਦੀ ਮਦਦ ਨਾਲ ਯੂ.ਪੀ. ਵਾਰੀਅਰਸ ਨੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 21 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਮੌਜੂਦਾ ਸੈਸ਼ਨ ਵਿਚ ਆਪਣਾ ਜਿੱਤ ਦਾ ਖਾਤਾ ਖੋਲ੍ਹਿਆ।
ਆਪਣੇ ਪਹਿਲੇ ਦੋਵੇਂ ਮੈਚਾਂ ਵਿਚ ਜਿੱਤ ਦਰਜ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਹੈਲੀ ਮੈਥਿਊਜ਼ ਦੇ ਅਰਧ ਸੈਂਕੜੇ ਦੇ ਬਾਵਜੂਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ’ਤੇ 161 ਦੌੜਾਂ ਹੀ ਬਣਾ ਸਕੀ। ਵਾਰੀਅਰਸ ਨੇ 16.3 ਓਵਰਾਂ ਵਿਚ 3 ਵਿਕਟਾਂ ’ਤੇ 163 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵਾਰੀਅਰਸ ਦੀ ਟੀਮ ਆਪਣੇ ਪਹਿਲੇ ਦੋਵੇਂ ਮੈਚ ਹਾਰ ਗਈ ਸੀ।
ਕਿਰਣ ਨੇ 31 ਗੇਂਦਾਂ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਹੀਲੀ (29 ਗੇਂਦਾਂ ’ਤੇ 33 ਦੌੜਾਂ, 5 ਚੌਕੇ) ਦੇ ਨਾਲ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਬਾਅਦ 'ਚ ਵਾਰੀਅਰਸ ਨੇ ਇਨ੍ਹਾਂ ਦੋਵੇਂ ਸਲਾਮੀ ਬੱਲੇਬਾਜ਼ਾਂ ਸਮੇਤ 3 ਵਿਕਟਾਂ 4 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਸਨ।
ਇਸ ਤੋਂ ਬਾਅਦ ਗ੍ਰੇਸ ਹੈਰਿਸ ਤੇ ਦੀਪਤੀ ਸ਼ਰਮਾ ਨੇ ਜ਼ਿੰਮੇਵਾਰੀ ਸੰਭਾਲੀ ਤੇ ਚੌਥੀ ਵਿਕਟ ਲਈ 65 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਆਸਾਨੀ ਨਾਲ ਟੀਚੇ ਤਕ ਪਹੁੰਚਾ ਦਿੱਤਾ। ਹੈਰਿਸ ਨੇ 17 ਗੇਂਦਾਂ ’ਤੇ 38 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਵਿਚ 6 ਚੌਕੇ ਤੇ 1 ਛੱਕਾ ਸ਼ਾਮਲ ਹੈ। ਦੀਪਤੀ ਨੇ 20 ਗੇਂਦਾਂ ’ਤੇ 4 ਚੌਕਿਆਂ ਦੀ ਮਦਦ ਨਾਲ ਅਜੇਤੂ 27 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁੰਬਈ ਵੱਲੋਂ ਮੈਥਿਊਜ਼ ਨੇ ਆਪਣੇ ਅਕਸ ਦੇ ਉਲਟ ਹੌਲੀ ਪਾਰੀ ਖੇਡੀ। ਉਸ ਨੇ 47 ਗੇਂਦਾਂ ’ਤੇ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਉਸ ਨੇ ਯਸਤਿਕਾ ਭਾਟੀਆ (22 ਗੇਂਦਾਂ ’ਚ 26 ਦੌੜਾਂ) ਦੇ ਨਾਲ ਪਹਿਲੀ ਵਿਕਟ ਲਈ 50 ਤੇ ਨੈਟ ਸਾਈਵਰ ਬ੍ਰੰਟ (14 ਗੇਂਦਾਂ ’ਤੇ 19 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਅਮੇਲੀਆ ਕੇਰ ਨੇ 16 ਗੇਂਦਾਂ ’ਤੇ 23, ਪੂਜਾ ਵਸਤਾਰਕਰ ਨੇ 12 ਗੇਂਦਾਂ ’ਤੇ 18 ਤੇ ਇਸੀ ਵਾਂਗ ਨੇ 6 ਗੇਂਦਾਂ ’ਤੇ ਅਜੇਤੂ 15 ਦੌੜਾਂ ਦਾ ਯੋਗਦਾਨ ਦਿੱਤਾ।
31 ਗੇਂਦਾਂ 'ਚ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੀ ਕਿਰਨ ਨਵਗਿਰੇ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਉਸ ਨੇ ਆਪਣੀ ਪਾਰੀ ਦੌਰਾਨ 6 ਚੌਕੇ ਤੇ 4 ਛੱਕੇ ਲਗਾਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਕੀ ਇੰਡੀਆ ਨੇ ਧੜੇਬੰਦੀ ਤੇ ਮਤਭੇਦਾਂ ਦੇ ਦੋਸ਼ਾਂ ਨੂੰ ਕੀਤੈ ਰੱਦ
NEXT STORY