ਸਪੋਰਟਸ ਡੈਸਕ- ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2026 ਦੇ 23ਵੇਂ ਮੁਕਾਬਲੇ ਵਿੱਚ ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਟੂਰਨਾਮੈਂਟ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਬਿਲਕੁਲ ਸਹੀ ਸਾਬਤ ਹੋਇਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਕਾਟਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਜੋਫਰਾ ਆਰਚਰ ਨੇ ਜਲਦੀ ਹੀ ਦੋ ਝਟਕੇ ਦਿੱਤੇ। ਕਪਤਾਨ ਰਿਚੀ ਬੇਰਿੰਗਟਨ (49) ਅਤੇ ਟਾਮ ਬਰੂਸ (56) ਨੇ ਚੌਥੀ ਵਿਕਟ ਲਈ 71 ਦੌੜਾਂ ਜੋੜ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਇੰਗਲਿਸ਼ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਸਕਾਟਲੈਂਡ ਦੀ ਪੂਰੀ ਟੀਮ 152 ਦੌੜਾਂ 'ਤੇ ਆਲ ਆਊਟ ਹੋ ਗਈ। ਇੰਗਲੈਂਡ ਵੱਲੋਂ ਆਦਿਲ ਰਾਸ਼ਿਦ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਜੋਫਰਾ ਆਰਚਰ ਅਤੇ ਲਿਆਮ ਡਾਸਨ ਨੇ 2-2 ਵਿਕਟਾਂ ਝਟਕਾਈਆਂ।
153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਫਿਲ ਸਾਲਟ (2) ਅਤੇ ਕਪਤਾਨ ਜੋਸ ਬਟਲਰ (3) ਮਹਿਜ਼ 13 ਦੇ ਸਕੋਰ 'ਤੇ ਹੀ ਪਵੇਲੀਅਨ ਪਰਤ ਗਏ। ਇਸ ਮੁਸ਼ਕਲ ਸਮੇਂ ਵਿੱਚ ਟਾਮ ਬੈਂਟਨ ਨੇ ਮੋਰਚਾ ਸੰਭਾਲਿਆ ਅਤੇ 42 ਗੇਂਦਾਂ ਵਿੱਚ 63 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ। ਉਨ੍ਹਾਂ ਨੂੰ ਜੈਕਬ ਬੇਥੇਲ (32) ਅਤੇ ਸੈਮ ਕਰਨ (28) ਦਾ ਵਧੀਆ ਸਾਥ ਮਿਲਿਆ। ਅਖੀਰ ਵਿੱਚ ਵਿਲ ਜੈਕਸ ਨੇ 10 ਗੇਂਦਾਂ ਵਿੱਚ 16 ਦੌੜਾਂ ਬਣਾ ਕੇ 10 ਗੇਂਦਾਂ ਬਾਕੀ ਰਹਿੰਦਿਆਂ ਇੰਗਲੈਂਡ ਨੂੰ ਜਿੱਤ ਦਿਵਾਈ।
ਇੰਗਲੈਂਡ ਦੀ ਇਸ ਟੂਰਨਾਮੈਂਟ ਵਿੱਚ ਤਿੰਨ ਮੈਚਾਂ ਵਿੱਚੋਂ ਇਹ ਦੂਜੀ ਜਿੱਤ ਹੈ, ਜਿਸ ਨਾਲ ਉਹ ਫਿਰ ਤੋਂ ਮੁਕਾਬਲੇ ਵਿੱਚ ਮਜ਼ਬੂਤ ਹੋ ਗਏ ਹਨ। ਦੂਜੇ ਪਾਸੇ, ਸਕਾਟਲੈਂਡ ਨੂੰ ਤਿੰਨ ਮੈਚਾਂ ਵਿੱਚੋਂ ਆਪਣੀ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ. ਟਾਮ ਬੈਂਟਨ ਨੂੰ ਉਨ੍ਹਾਂ ਦੀ ਬਿਹਤਰੀਨ ਬੱਲੇਬਾਜ਼ੀ ਲਈ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।
IND vs PAK ਮੁਕਾਬਲੇ 'ਚ ਅਭਿਸ਼ੇਕ ਸ਼ਰਮਾ ਦੇ ਖੇਡਣ ਬਾਰੇ ਸਸਪੈਂਸ ਖ਼ਤਮ! ਸੂਰਿਆਕੁਮਾਰ ਨੇ ਦਿੱਤੀ ਵੱਡੀ ਅਪਡੇਟ
NEXT STORY