ਸਪੋਰਟਸ ਡੈਸਕ- ਮਹਿਲਾ ਪ੍ਰੀਮੀਅਰ ਲੀਗ ਦੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਯੂ.ਪੀ. ਵਾਰੀਅਰਸ ਨੂੰ 43 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ 6 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਯੂ.ਪੀ. ਦੀ ਟੀਮ 9 ਵਿਕਟਾਂ ’ਤੇ 118 ਦੌੜਾਂ ਹੀ ਬਣਾ ਸਕੀ।
ਯੂ.ਪੀ. ਵੱਲੋਂ ਦੀਪਤੀ ਸ਼ਰਮਾ ਨੇ ਇਕੱਲੇ ਅਜੇਤੂ 53 ਦੌੜਾਂ ਬਣਾਈਆਂ। ਉਸ ਨੂੰ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਦੀਪਤੀ ਇਕੱਲਿਆਂ ਹੀ ਆਪਣੀ ਟੀਮ ਲਈ ਲੜਦੀ ਹੋਈ ਨਜ਼ਰ ਆਈ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਮੁੰਬਈ ਨੇ 42 ਦੌੜਾਂ ਨਾਲ ਇਸ ਮੁਕਾਬਲੇ ਨੂੰ ਜਿੱਤ ਕੇ ਪੁਆਇੰਟ ਟੇਬਲ ’ਚ ਉੱਪਰ ਵੱਲ ਛਲਾਂਗ ਲਗਾਈ ਹੈ। ਹੁਣ ਇਨ੍ਹਾਂ 2 ਅੰਕਾਂ ਨਾਲ ਮੁੰਬਈ ਦੇ ਵੀ 8 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ’ਚ ਦੂਸਰੇ ਸਥਾਨ ’ਤੇ ਕਾਬਿਜ਼ ਹੋ ਗਈ ਹੈ। ਉੱਥੇ ਹੀ ਇਸ ਜਿੱਤ ਦੇ ਨਾਲ ਹੀ ਮੁੰਬਈ ਨੇ ਯੂ.ਪੀ. ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਪਰ ਨੈੱਟ ਸਾਈਵਰ ਬ੍ਰੰਟ (31 ਗੇਂਦਾਂ ’ਚ 45 ਦੌੜਾਂ) ਅਤੇ ਕਪਤਾਨ ਹਰਮਨਪ੍ਰੀਤ ਕੌਰ (30 ਗੇਂਦਾਂ ’ਚ 33 ਦੌੜਾਂ) ਨੇ ਤੀਸਰੀ ਵਿਕਟ ਲਈ 46 ਗੇਂਦਾਂ ’ਚ 59 ਦੌੜਾਂ ਦੀ ਸਾਂਝੇਦਾਰੀ ਕਰ ਕੇ ਪਾਰੀ ਨੂੰ ਸੰਭਾਲਿਆ।
ਇਸ ਤੋਂ ਬਾਅਦ ਅਮੇਲੀਆ ਕੇਰ ਨੇ 23 ਗੇਂਦਾਂ ’ਚ ਅਜੇਤੂ 39 ਦੌੜਾਂ ਅਤੇ ਸੰਜੀਵਨ ਸਜਨਾ ਨੇ 14 ਗੇਂਦਾਂ ’ਚ ਅਜੇਤੂ 22 ਦੌੜਾਂ ਬਣਾ ਕੇ ਸਕੋਰ ਵਧਾਉਣ ’ਚ ਮਦਦ ਕੀਤੀ। ਇਨ੍ਹਾਂ ਦੋਵਾਂ ਨੇ ਆਖ਼ਰੀ 4.2 ਓਵਰ ’ਚ 43 ਦੌੜਾਂ ਜੌੜੀਆਂ। ਮੁੰਬਈ ਨੇ ਆਪਣੀਆਂ ਦੋਨੋਂ ਸਲਾਮੀ ਬੱਲੇਬਾਜ਼ ਯਾਸਤਿਕਾ ਭਾਟੀਆ ਅਤੇ ਹੇਲੀ ਮੈਥਿਊ ਦੀਆਂ ਵਿਕਟਾਂ ਚੌਥੇ ਓਵਰ ’ਚ ਗੁਆ ਦਿੱਤੀਆਂ ਸਨ। ਇਨ੍ਹਾਂ ਦੋਨਾਂ ਨੂੰ ਸ਼੍ਰੀਲੰਕਾਈ ਆਫ ਸਪਿਨਰ ਚਾਮਰੀ ਅਟਾਪੱਟੂ ਨੇ ਆਊਟ ਕੀਤਾ, ਜਿਨ੍ਹਾਂ ਖਿਲਾਫ ਦੋਨੋਂ ਵੱਡੇ ਸ਼ਾਟ ਲਗਾਉਣ ਦੇ ਯਤਨ ’ਚ ਪਵੇਲੀਅਨ ਪਰਤੇ।
ਸਾਈਵਰ ਬ੍ਰੰਟ ਨੇ ਆਪਣੀ ਹਮਲਾਵਰ ਪਾਰੀ ਦੌਰਾਨ 8 ਵਾਰ ਗੇਂਦਾਂ ਬਾਊਂਡਰੀ ਤੋਂ ਪਾਰ ਕਰਾਈਆਂ, ਜਦਕਿ ਹਰਮਨਪ੍ਰੀਤ ਨੇ ਹੌਸਲੇ ਨਾਲ ਖੇਡਦੇ ਹੋਏ ‘ਐਂਕਰ’ ਦੀ ਭੂਮਿਕਾ ਨਿਭਾਉਣੀ ਠੀਕ ਸਮਝੀ। ਇਹ ਸਾਂਝੇਦਾਰੀ ਯੂ. ਪੀ. ਵਾਰੀਅਰਸ ਲਈ ਖ਼ਤਰਨਾਕ ਹੁੰਦੀ ਦਿਸ ਰਹੀ ਸੀ। ਉਦੋਂ ਹੀ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੇ ਤੇਜ਼ ਫੁੱਲ ਲੈਂਥ ਗੇਂਦ ’ਤੇ ਸਾਈਵਰ ਬਰੰਟ ਨੂੰ ਬੋਲਡ ਕਰ ਕੇ ਉਸ ਦੀ ਵਿਕਟ ਲਈ।
ਬੱਲੇ ਨਾਲ ਮੁੰਬਈ ਲਈ ਸਕੀਵਰ-ਬਰੰਟ, ਹਰਮਨਪ੍ਰੀਤ ਕੌਰ ਅਤੇ ਅਮੇਲੀਆ ਕੇਰ ਹੀਰੋ ਬਣੀਆਂ ਤਾਂ ਗੇਂਦ ਨਾਲ ਸਾਇਕਾ ਇਸ਼ਾਕ ਨੇ ਆਪਣੀ ਫਿਰਕੀ ਦੇ ਜਾਲ ’ਚ ਵਿਰੋਧੀ ਟੀਮ ਦੇ 3 ਬੱਲੇਬਾਜ਼ਾਂ ਨੂੰ ਫਸਾਇਆ। ਉਸ ਤੋਂ ਇਲਾਵਾ ਨਤਾਲੀ ਨੇ ਵੀ 2 ਵਿਕਟਾਂ ਲਈਆਂ ਅਤੇ ਟਾਈਟ ਗੇਂਦਬਾਜ਼ੀ ਕਰਦੇ ਹੋਏ ਟੀਮ ਨੂੰ ਇਕ ਵੱਡੀ ਜਿੱਤ ਦਿਵਾਈ।
ਬੱਲੇਬਾਜ਼ੀ 'ਚ 31 ਗੇਂਦਾਂ 'ਚ 45 ਦੌੜਾਂ ਅਤੇ ਗੇਂਦਬਾਜ਼ੀ 'ਚ 2 ਓਵਰਾਂ 'ਚ 14 ਦੌੜਾਂ ਦੇ ਕੇ 2 ਵਿਕਟਾਂ ਲੈਣ ਵਾਲੀ ਨੈਟ ਸਾਈਵਰ ਬ੍ਰੰਟ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੋਕੀਓ ਓਲੰਪਿਕ ਦੀ ਕਾਂਸੀ ਨੂੰ ਪੈਰਿਸ ’ਚ ਸੋਨੇ ’ਚ ਤਬਦੀਲ ਕਰਨ ਦਾ ਟੀਚਾ : ਹਰਮਨਪ੍ਰੀਤ ਸਿੰਘ
NEXT STORY