ਸੋਫਿਆ (ਬੁਲਗਾਰਿਆ)- ਅਮਿਤ ਧਨਖੜ ਨੂੰ ਆਪਣੇ ਕੌਮਾਂਤਰੀ ਕੈਰੀਅਰ ਦੇ ਆਖਰੀ ਪੜਾਅ ’ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਹ ਅਨੁਭਵੀ ਪਹਿਲਵਾਨ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਵਿਸ਼ਵ ਓਲੰਪਿਕ ਕੁਆਲੀਫਾਇਰ ’ਚ 11 ਹੋਰ ਭਾਰਤੀ ਪਹਿਲਵਾਨਾਂ ਦੇ ਨਾਲ ਆਪਣਾ ਸਭ ਕੁੱਝ ਝੋਕਣ ਦੇ ਇਰਾਦੇ ਨਾਲ ਉਤਰੇਗਾ। 3 ਵਾਰ ਦੇ ਰਾਸ਼ਟਰਮੰਡਲ ਚੈਂਪੀਅਨ 32 ਸਾਲ ਦੇ ਧਨਖੜ ਜ਼ਿਆਦਾਤਰ ਮੌਕਿਆਂ ’ਤੇ ਵੱਡੇ ਮੁਕਾਬਲਿਆਂ ਤੋਂ ਬਾਹਰ ਰਹੇ ਕਿਉਂਕਿ ਆਪਣੇ ਕੈਰੀਅਰ ਦੌਰਾਨ ਉਨ੍ਹਾਂ ਨੂੰ 66 ਕਿ. ਗ੍ਰਾ. ਵਰਗ ’ਚ ਯੋਗੇਸ਼ਵਰ ਦੱਤ ਨੂੰ ਪਛਾੜਣ ਲਈ ਜੂਝਣਾ ਪਿਆ। ਧਨਖੜ ਨੇ ਪਿਛਲਾ ਵੱਡਾ ਤਮਗਾ ਚੀਨ ਦੇ ਸ਼ਿਆਨ ’ਚ 2019 ਏਸ਼ੀਆਈ ਚੈਂਪੀਅਨਸ਼ਿਪ ਦੇ 74 ਕਿ. ਗ੍ਰਾ. ਵਰਗ ’ਚ ਸਿਲਵਰ ਤਮਗੇ ਦੇ ਰੂਪ ’ਚ ਜਿੱਤਿਆ ਸੀ। ਟਰਾਇਲ ’ਚ ਹਾਰ ਤੋਂ ਬਾਅਦ ਧਨਖੜ ਦੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਟੁੱਟ ਗਈ ਸੀ ਪਰ ਅਲਮਾਟੀ ’ਚ ਏਸ਼ੀਆਈ ਕੁਆਲੀਫਾਇਰ ’ਚ ਰਾਸ਼ਟਰੀ ਚੈਂਪੀਅਨ ਸੰਦੀਪ ਸਿੰਘ ਮਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰੀ ਮਹਾਸੰਘ ਨੇ ਧਨਖੜ ਨੂੰ ਸੋਫਿਆ ’ਚ ਮੌਕਾ ਦੇਣ ਦਾ ਫੈਸਲਾ ਕੀਤਾ। ਧਨਖੜ ਟਰਾਇਲ ’ਚ ਦੂਜੇ ਸਥਾਨ ’ਤੇ ਰਹੇ ਸਨ। ਦੁਨੀਆ ਦੇ ਸਾਰੇ ਪਹਿਲਵਾਨਾਂ ਲਈ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਇਹ ਆਖਰੀ ਮੌਕਾ ਹੈ। ਇਸ ਮੁਕਾਬਲੇ ’ਚ ਵੱਖ-ਵੱਖ ਵਰਗਾਂ ’ਚ 7 ਓਲੰਪਿਕ ਤਮਗੇ ਜੇਤੂ ਦਾਅਵੇਦਾਰੀ ਪੇਸ਼ ਕਰਨਗੇ। ਫਾਈਨਲ ’ਚ ਜਗ੍ਹਾ ਬਣਾਉਣ ਵਾਲੇ 2 ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਨਗੇ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਇਹ ਹੋਰ ਪਹਿਲਵਾਨ ਕਰਨਗੇ ਚੁਣੌਤੀ ਪੇਸ਼-
ਫ੍ਰੀਸਟਾਈਲ ਵਰਗ ’ਚ ਧਨਖੜ ਤੋਂ ਇਲਾਵਾ 2018 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਸੁਮਿਤ ਮਲਿਕ (125 ਕਿ. ਗ੍ਰਾ.) ਅਤੇ ਸਤਿਅਵ੍ਰਤ ਕਾਦਿਆਨ (97 ਕਿ. ਗ੍ਰਾ.) ਵੀ ਚੁਣੌਤੀ ਪੇਸ਼ ਕਰਨਗੇ। ਮਲਿਕ ਕੋਲ ਅਲਮਾਟੀ ’ਚ ਕੁਆਲੀਫਾਈ ਕਰਨ ਦਾ ਮੌਕਾ ਸੀ ਪਰ ਉਸ ਨੇ ਇਸ ਨੂੰ ਗਵਾ ਦਿੱਤਾ। ਮਹਿਲਾ ਵਰਗ ’ਚ ਸੀਮਾ ਬਿਸਲਾ (50 ਕਿ. ਗ੍ਰਾ.) ਭਾਰਤ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਵਿਨੇਸ਼ ਫੋਗਾਟ ਦੇ 53 ਕਿ. ਗ੍ਰਾ. ਵਰਗ ’ਚ ਜਾਣ ਤੋਂ ਬਾਅਦ ਸੀਮਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਣ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੋਵੇਗਾ। ਨਿਸ਼ਾ (68 ਕਿ. ਗ੍ਰਾ.) ਅਤੇ ਪੂਜਾ (76 ਕਿ. ਗ੍ਰਾ.) ਨੇ ਅੰਤਰਰਾਸ਼ਟਰੀ ਸੀਨੀਅਰ ਪੱਧਰ ’ਤੇ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਅਤੇ ਇਸ ਮੁਕਾਬਲੇ ’ਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਫਾਇਦਾ ਹੀ ਹੋਵੇਗਾ। ਪੂਜਾ ਨੇ ਹਾਲ ਹੀ ’ਚ ਅਲਮਾਟੀ ’ਚ ਦੋਵਾਂ ਏਸ਼ੀਆਈ ਮੁਕਾਬਲਿਆਂ ’ਚ ਕਾਂਸੀ ਤਮਗੇ ਜਿੱਤੇ। ਗਰੀਕੋ ਰੋਮਨ ਵਰਗ ’ਚ ਸਾਰਿਆਂ ਦੀਆਂ ਨਜ਼ਰਾਂ ਏਸ਼ੀਆਈ ਚੈਂਪੀਅਨ ਗੁਰਪ੍ਰੀਤ ਸਿੰਘ (77 ਕਿ. ਗ੍ਰਾ.) ’ਤੇ ਹੋਣਗੀਆਂ। ਸਚਿਨ ਰਾਣਾ (60 ਕਿ. ਗ੍ਰਾ.), ਆਸ਼ੂ (67 ਕਿ. ਗ੍ਰਾ.), ਸੁਨੀਲ (87 ਕਿ. ਗ੍ਰਾ.), ਦੀਪਾਂਸ਼ੂ (97 ਕਿ. ਗ੍ਰਾ.) ਅਤੇ ਨਵੀਨ ਕੁਮਾਰ (130 ਕਿ. ਗ੍ਰਾ.) ਟੀਮ ਦੇ ਹੋਰ ਮੈਂਬਰ ਹਨ।
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਹੁਣ ਤੱਕ ਟੋਕੀਓ ਓਲੰਪਿਕ ਲਈ 6 ਪਹਿਲਵਾਨ ਕੁਆਲੀਫਾਈ-
6 ਭਾਰਤੀ ਪਹਿਲਵਾਨਾਂ ਨੇ ਹੁਣ ਤੱਕ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ, ਜਿਸ ’ਚ ਪੁਰਸ਼ ਫ੍ਰੀਸਟਾਈਲ ’ਚ ਰਵੀ ਦਾਹਿਆ (57 ਕਿ. ਗ੍ਰਾ.), ਬਜਰੰਗ ਪੂਨੀਆ (65 ਕਿ. ਗ੍ਰਾ.) ਅਤੇ ਦੀਪਕ ਪੂਨੀਆ (86 ਕਿ. ਗ੍ਰਾ.) ਸ਼ਾਮਲ ਹਨ। ਮਹਿਲਾ ਵਰਗ ’ਚ ਵਿਨੇਸ਼ ਫੋਗਾਟ (53 ਕਿ. ਗ੍ਰਾ.), ਅੰਸ਼ੁ ਮਲਿਕ (57 ਕਿ. ਗ੍ਰਾ.) ਅਤੇ ਸੋਨਮ ਮਲਿਕ (62 ਕਿ. ਗ੍ਰਾ.) ਕੁਆਲੀਫਾਈ ਕਰ ਚੁੱਕੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਲਈ ਆਜਮ ਤੇ ਫਖਰ ਜਮਾਂ ਨਾਮਜ਼ਦ
NEXT STORY