ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜ਼ਵੇਂਦਰ ਚਾਹਲ ਇਸ ਸਮੇਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ ਅਤੇ ਇਸ ਦਾ ਕਾਰਨ ਕੋਈ ਸੱਟ ਨਹੀਂ, ਸਗੋਂ ਸਿਹਤ ਨਾਲ ਜੁੜੀ ਇਕ ਗੰਭੀਰ ਸਮੱਸਿਆ ਹੈ। ਰਿਪੋਰਟਾਂ ਅਨੁਸਾਰ, ਚਾਹਲ ਇਕੋ ਸਮੇਂ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ 2 ਵਾਇਰਲ ਬੀਮਾਰੀਆਂ ਨਾਲ ਜੂਝ ਰਹੇ ਹਨ।
ਮੱਛਰਾਂ ਰਾਹੀਂ ਫੈਲਦੀਆਂ ਹਨ ਦੋਵੇਂ ਬੀਮਾਰੀਆਂ
ਇਹ ਦੋਵੇਂ ਬੀਮਾਰੀਆਂ ਮੱਛਰਾਂ ਰਾਹੀਂ ਫੈਲਦੀਆਂ ਹਨ ਅਤੇ ਅਕਸਰ ਬਾਰਸ਼ ਜਾਂ ਨਮੀ ਵਾਲੇ ਮੌਸਮ 'ਚ ਇਨ੍ਹਾਂ ਦੇ ਮਾਮਲੇ ਵਧ ਜਾਂਦੇ ਹਨ। ਡੇਂਗੂ ਦੇ ਲੱਛਣਾਂ 'ਚ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਪਲੇਟਲੈਟਸ ਦਾ ਡਿੱਗਣਾ ਅਤੇ ਭਾਰੀ ਥਕਾਵਟ ਸ਼ਾਮਲ ਹੈ। ਦੂਜੇ ਪਾਸੇ, ਚਿਕਨਗੁਨੀਆ ਕਾਰਨ ਜੋੜਾਂ 'ਚ ਤੇਜ਼ ਦਰਦ ਅਤੇ ਸੋਜ ਹੁੰਦੀ ਹੈ, ਜਿਸ ਨਾਲ ਹਿਲਣ-ਜੁਲਣ 'ਚ ਕਾਫੀ ਦਿੱਕਤ ਆਉਂਦੀ ਹੈ। ਜਦੋਂ ਇਹ ਦੋਵੇਂ ਸੰਕਰਮਣ ਇੱਕਠੇ ਹੁੰਦੇ ਹਨ ਤਾਂ ਸਰੀਰ ਦੀ ਇਮਿਊਨਿਟੀ (ਰੋਗ ਪ੍ਰਤੀਰੋਧਕ ਸ਼ਕਤੀ) ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਕ੍ਰਿਕਟ ਮੈਦਾਨ 'ਚ ਵਾਪਸੀ 'ਚ ਲੱਗ ਸਕਦੇ ਹਨ ਕੁਝ ਹਫ਼ਤੇ
ਡਾਕਟਰਾਂ ਨੇ ਯੁਜ਼ਵੇਂਦਰ ਚਾਹਲ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਖਿਡਾਰੀਆਂ ਲਈ ਅਜਿਹੀ ਸਥਿਤੀ ਜ਼ਿਆਦਾ ਗੰਭੀਰ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਫਿਟਨੈਸ ਸਿੱਧੇ ਤੌਰ 'ਤੇ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਜੁੜੀ ਹੁੰਦੀ ਹੈ। ਡੇਂਗੂ ਤੋਂ ਠੀਕ ਹੋਣ 'ਚ ਆਮ ਤੌਰ 'ਤੇ 2 ਤੋਂ 3 ਹਫ਼ਤੇ ਲੱਗਦੇ ਹਨ, ਪਰ ਚਿਕਨਗੁਨੀਆ ਕਾਰਨ ਹੋਣ ਵਾਲਾ ਜੋੜਾਂ ਦਾ ਦਰਦ ਲੰਬੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ। ਇਸ ਲਈ, ਉਨ੍ਹਾਂ ਦੀ ਮੈਦਾਨ 'ਤੇ ਵਾਪਸੀ 'ਚ ਅਜੇ ਕੁਝ ਹਫ਼ਤੇ ਲੱਗ ਸਕਦੇ ਹਨ।
ਫਿਲਹਾਲ ਚਾਹਲ ਦੀ ਹਾਲਤ ਸਥਿਰ
ਰਾਹਤ ਦੀ ਗੱਲ ਇਹ ਹੈ ਕਿ ਚਾਹਲ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਡਾਕਟਰੀ ਨਿਗਰਾਨੀ ਹੇਠ ਹਨ। ਸਹੀ ਇਲਾਜ ਅਤੇ ਪੋਸ਼ਣ ਦੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਜਲਦ ਹੀ ਪੂਰੀ ਤਰ੍ਹਾਂ ਫਿੱਟ ਹੋ ਕੇ ਵਾਪਸੀ ਕਰਨਗੇ। ਹਾਲਾਂਕਿ ਪ੍ਰਸ਼ੰਸਕਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ, ਪਰ ਇਸ ਸਮੇਂ ਉਨ੍ਹਾਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ।
ਪਾਕਿਸਤਾਨੀ ਖਿਡਾਰੀ ਨੂੰ ‘ਮੈਨ ਆਫ ਦਿ ਮੈਚ’ 'ਚ ਮਿਲਿਆ ਬੱਕਰਾ ਤੇ 2 ਬੋਤਲਾਂ ਤੇਲ! ਜਾਣੋ ਵਾਇਰਲ ਵੀਡੀਓ ਦਾ ਸੱਚ
NEXT STORY