ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2027 ਤੋਂ ਪਹਿਲਾਂ ਚੇਨੱਈ ਸੁਪਰ ਕਿੰਗਜ਼ (CSK) ਨੇ ਇੱਕ ਵੱਡਾ ਫੈਸਲਾ ਲੈਂਦਿਆਂ ਭਾਰਤ ਦੇ ਪੂਰਵ ਦਿੱਗਜ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਆਪਣਾ ਨਵਾਂ ਹੈੱਡ ਕੋਚ ਨਿਯੁਕਤ ਕੀਤਾ ਹੈ। ਕੁਝ ਮਹੀਨੇ ਪਹਿਲਾਂ ਹੀ ਸਟੀਫਨ ਫਲੇਮਿੰਗ ਨੇ ਸੀ.ਐੱਸ.ਕੇ. ਦੇ ਹੈੱਡ ਕੋਚ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ ਨੇ 5 ਵਾਰ ਆਈ.ਪੀ.ਐੱਲ. ਖਿਤਾਬ ਆਪਣੇ ਨਾਮ ਕੀਤਾ ਸੀ। ਫਲੇਮਿੰਗ ਦੇ ਜਾਣ ਤੋਂ ਬਾਅਦ ਫ੍ਰੈਂਚਾਈਜ਼ੀ ਨਵੇਂ ਕੋਚ ਦੀ ਤਲਾਸ਼ ਵਿੱਚ ਸੀ। ਨਵਾਂ ਹੈੱਡ ਕੋਚ ਬਣਨ ਤੋਂ ਬਾਅਦ ਜ਼ਹੀਰ ਖ਼ਾਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੀ.ਐੱਸ.ਕੇ. ਦਾ ਹਿੱਸਾ ਬਣਨਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇੱਕ ਕ੍ਰਿਕਟਰ ਵਜੋਂ ਉਨ੍ਹਾਂ ਨੇ ਸੀ.ਐੱਸ.ਕੇ. ਖਿਲਾਫ਼ ਖੇਡਣ ਦਾ ਪੂਰਾ ਆਨੰਦ ਲਿਆ ਹੈ ਅਤੇ ਚੇਪੌਕ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਦਾ ਅਨੁਭਵ ਬਹੁਤ ਖਾਸ ਰਿਹਾ ਹੈ। ਜ਼ਹੀਰ ਨੇ ਅੱਗੇ ਕਿਹਾ ਕਿ ਉਹ ਇੰਨੇ ਅਮੀਰ ਵਿਰਸੇ ਵਾਲੀ ਫ੍ਰੈਂਚਾਈਜ਼ੀ ਨਾਲ ਜੁੜਨ ਲਈ ਬਹੁਤ ਉਤਸ਼ਾਹਿਤ ਹਨ।
ਦੱਸਿਆ ਜਾ ਰਿਹਾ ਹੈ ਕਿ ਸੀ.ਐੱਸ.ਕੇ. ਦਾ ਮੈਨੇਜਮੈਂਟ ਇਸ ਵਾਰ ਕਿਸੇ ਭਾਰਤੀ ਕੋਚ ਦੀ ਤਲਾਸ਼ ਵਿੱਚ ਸੀ। ਸਾਬਕਾ ਕਪਤਾਨ ਐੱਮ.ਐੱਸ. ਧੋਨੀ, ਮੌਜੂਦਾ ਕਪਤਾਨ ਰੁਤੁਰਾਜ ਗਾਇਕਵਾੜ ਅਤੇ ਮਾਲਕਾ ਰੂਪਾ ਗੁਰੂਨਾਥ ਨੇ ਭਾਰਤੀ ਕੋਚ ਦੀ ਖੋਜ ਤੋਂ ਬਾਅਦ ਜ਼ਹੀਰ ਖ਼ਾਨ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਸੀ.ਐੱਸ.ਕੇ. ਦੀ ਮਾਲਕਾ ਰੂਪਾ ਗੁਰੂਨਾਥ ਨੇ ਵੀ ਜ਼ਹੀਰ ਖ਼ਾਨ ਨੂੰ ਹੈੱਡ ਕੋਚ ਬਣਾਏ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਹੀਰ ਦਾ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜ਼ਹੀਰ ਦੇ ਮਾਰਗਦਰਸ਼ਨ ਹੇਠ ਸੀ.ਐੱਸ.ਕੇ. ਦੀ ਟੀਮ ਹੋਰ ਮਜ਼ਬੂਤ ਹੋਵੇਗੀ ਅਤੇ ਅੱਗੇ ਵਧੇਗੀ।
ਜ਼ਹੀਰ ਖ਼ਾਨ ਕੋਲ ਆਈ.ਪੀ.ਐੱਲ. ਵਿੱਚ ਕੋਚਿੰਗ ਅਤੇ ਖੇਡਣ ਦਾ ਕਾਫ਼ੀ ਅਨੁਭਵ ਹੈ। ਉਹ ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਦੇ ਕੋਚਿੰਗ ਸੈਟਅਪ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈ.ਪੀ.ਐੱਲ. ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ, ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਵੱਲੋਂ ਖੇਡਦਿਆਂ 100 ਮੈਚਾਂ ਵਿੱਚ 102 ਵਿਕਟਾਂ ਹਾਸਲ ਕੀਤੀਆਂ ਹਨ। ਭਾਰਤੀ ਰਾਸ਼ਟਰੀ ਟੀਮ ਲਈ ਵੀ ਜ਼ਹੀਰ ਖ਼ਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿੱਥੇ ਉਨ੍ਹਾਂ ਨੇ 92 ਟੈਸਟ ਮੈਚਾਂ ਵਿੱਚ 311 ਵਿਕਟਾਂ, 200 ਇੱਕ-ਰੋਜ਼ਾ (ODI) ਮੈਚਾਂ ਵਿੱਚ 282 ਵਿਕਟਾਂ ਅਤੇ 17 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 17 ਵਿਕਟਾਂ ਚਟਕਾਈਆਂ ਹਨ। ਭਾਰਤ ਲਈ ਉਨ੍ਹਾਂ ਨੇ ਆਖਰੀ ਵਾਰ ਸਾਲ 2014 ਵਿੱਚ ਪ੍ਰਤੀਨਿਧਤਾ ਕੀਤੀ ਸੀ।
IPL 2027 ਲਈ CSK ਨੇ ਨਵੇਂ ਹੈੱਡ ਕੋਚ ਦਾ ਕਰ 'ਤਾ ਐਲਾਨ
NEXT STORY