ਜਲੰਧਰ : ਪੰਜਾਬ ਦੇ ਜਲੰਧਰ 'ਚ ਪ੍ਰਸਿੱਧ ਧਾਰਮਿਕ ਅਸਥਾਨ 'ਸ਼੍ਰੀ ਸਿੱਧ ਬਾਬਾ ਸੋਢਲ ਜੀ' ਦਾ ਮੇਲਾ ਸ਼ੁਰੂ ਹੋ ਚੁੱਕਾ ਹੈ ਅਤੇ ਸੰਗਤਾਂ ਇਸ ਮੇਲੇ 'ਚ ਹੁੰਮ-ਹੁੰਮਾ ਕੇ ਪੁੱਜ ਰਹੀਆਂ ਹਨ। ਜਿਨ੍ਹਾਂ ਸ਼ਰਧਾਲੂਆਂ ਨੇ ਬਾਬਾ ਜੀ ਦੇ ਦਰ ਤੋਂ ਮੁਰਾਦਾਂ ਮੰਗੀਆਂ ਹੋਈਆਂ ਹਨ, ਉਹ ਢੋਲ ਅਤੇ ਬੈਂਡ-ਵਾਜਿਆਂ ਨਾਲ ਭੰਗੜਾ ਪਾਉਂਦੇ ਬਾਬਾ ਜੀ ਦੇ ਦਰ 'ਤੇ ਸੁੱਖਣਾ ਚੜ੍ਹਾਉਣ ਆ ਰਹੇ ਹਨ। ਹਰ ਪਾਸੇ ਭਗਤਾਂ ਦੀ ਭੀੜ ਲੱਗੀ ਹੋਈ ਹੈ ਅਤੇ ਬਾਬਾ ਸੋਢਲ ਜੀ ਦੇ ਜੈਕਾਰਿਆਂ ਨਾਲ ਸ਼ਹਿਰ ਦਾ ਚੱਪਾ-ਚੱਪਾ ਗੂੰਜ ਰਿਹਾ ਹੈ। 
ਕਦੋਂ ਲੱਗਦਾ ਹੈ ਸੋਢਲ ਦਾ ਮੇਲਾ
ਇਹ ਮੇਲਾ ਅਨੰਤ ਚੌਦਸ ਦੇ ਦਿਨ ਬਾਬਾ ਸੋਢਲ ਦੀ ਯਾਦ 'ਚ ਮਨਾਇਆ ਜਾਂਦਾ ਹੈ। 15 ਲੱਖ ਤੋਂ ਜ਼ਿਆਦਾ ਸ਼ਰਧਾਲੂ ਇਸ ਮੇਲੇ 'ਚ ਆਉਂਦੇ ਹਨ। ਸਾਰੇ ਧਰਮਾਂ ਦੇ ਲੋਕ ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋ ਜਾਂਦੀਆਂ ਹਨ, ਬੈਂਡ-ਵਾਜਿਆਂ ਨਾਲ ਮੰਦਰ ਦੇ ਦਰਸ਼ਨ ਕਰਨ ਲਈ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਹਨ। 
ਸੋਢਲ ਮੰਦਰ ਦੀ ਕਹਾਣੀ
ਇਸ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ 'ਚ ਔਰਤਾਂ ਕੱਪੜੇ ਧੋਣ ਲਈ ਤਲਾਬ 'ਤੇ ਜਾਇਆ ਕਰਦੀਆਂ ਸਨ। ਇਕ ਦਿਨ ਸੋਢਲ ਨਾਮਕ ਬਾਲਕ ਨੂੰ ਉਸ ਦੀ ਮਾਤਾ ਤਲਾਬ 'ਤੇ ਕੱਪੜੇ ਧੋਣ ਨੂੰ ਨਾਲ ਲੈ ਗਈ। ਬਾਲਕ ਸ਼ਰਾਰਤਾਂ ਕਰਨ ਲੱਗਾ ਅਤੇ ਉਸ ਨੇ ਮਿੱਟੀ ਦੀਆਂ ਡਲੀਆਂ ਬਣਾ ਕੇ ਮਾਤਾ 'ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਮਾਤਾ ਨੇ ਸ਼ਰਾਰਤਾਂ ਕਰਨ 'ਤੇ ਬਾਲਕ ਨੂੰ ਗੁੱਸੇ ਵਿਚ ਕਿਹਾ ਕਿ ਜਾ ਗਰਕ ਜਾ। ਬਾਲਕ ਨੇ ਮਾਤਾ ਨੂੰ ਇਹੀ ਸ਼ਬਦ ਦੁਹਰਾਉਣ ਲਈ ਕਿਹਾ। ਮਾਤਾ ਕੋਲੋਂ ਤਿੰਨ ਵਾਰ ਇਹੀ ਕਹਾ ਕੇ ਮਾਤਾ ਦੀ ਆਗਿਆ ਪੂਰੀ ਕਰਨ ਲਈ ਉਸ ਨੇ ਤਲਾਬ ਵਿਚ ਛਾਲ ਮਾਰ ਦਿੱਤੀ। ਇਹ ਦੇਖ ਕੇ ਬਾਲਕ ਸੋਢਲ ਦੀ ਮਾਤਾ ਰੋਣ ਲੱਗੀ। ਰੋਣ ਦੀ ਆਵਾਜ਼ ਸੁਣ ਕੇ ਭੀੜ ਇਕੱਠੀ ਹੋ ਗਈ। ਲੋਕਾਂ ਵੱਲੋਂ ਤਲਾਬ ਵਿਚ ਲੱਭਣ 'ਤੇ ਵੀ ਬਾਲਕ ਨਹੀਂ ਮਿਲਿਆ ਤਾਂ ਬਾਲਕ ਨੇ ਸੱਪ ਦੇ ਰੂਪ ਵਿਚ ਤਲਾਬ 'ਚੋਂ ਦਰਸ਼ਨ ਦਿੱਤੇ ਅਤੇ ਕਿਹਾ ਕਿ ਹੁਣ ਮੇਰਾ ਇਸ ਸੰਸਾਰ ਨਾਲ ਕੋਈ ਸੰਬੰਧ ਨਹੀਂ ਹੈ। 
ਬਾਬਾ ਸੋਢਲ ਜੀ ਦੇ ਆਖਰੀ ਬੋਲ
ਬਾਲਕ ਤੋਂ ਸੱਪ ਦੇ ਰੂਪ 'ਚ ਤਲਾਬ 'ਚੋਂ ਪ੍ਰਗਟ ਹੋਏ ਬਾਬਾ ਸੋਢਲ ਜੀ ਨੇ ਕਿਹਾ ਕਿ ਹੁਣ ਮੇਰਾ ਇਹੀ ਰੂਪ ਹੋਵੇਗਾ ਅਤੇ ਮੇਰੀ ਪੂਜਾ ਇਸੇ ਰੂਪ ਵਿਚ ਚੱਢਾ ਅਤੇ ਆਨੰਦ ਪਰਿਵਾਰਾਂ ਵਲੋਂ ਮੱਠੀਆਂ ਨਾਲ ਕੀਤੀ ਜਾਵੇਗੀ, ਜਿਸ ਨੂੰ 'ਟੋਪਾ' ਕਿਹਾ ਜਾਂਦਾ ਹੈ। ਮੈਂ ਚੱਢਾ ਪਰਿਵਾਰ ਦਾ ਮੈਂਬਰ ਹਾਂ, ਇਸ ਲਈ ਮੇਰਾ ਟੋਪਾ ਸਵਾ ਦੋ ਸੇਰ ਅਤੇ ਪਰਿਵਾਰ ਦੇ ਲੜਕਿਆਂ ਦਾ ਅੱਧਾ ਸੇਰ 'ਟੋਪਾ' ਬਣਾ ਕੇ ਪੂਜਿਆ ਜਾਵੇਗਾ। ਬਾਬਾ ਜੀ ਨੇ ਕਿਹਾ ਸੀ ਕਿ ਜੇਕਰ ਘਰ ਵਿਚ ਕੋਈ ਅਣਹੋਣੀ ਘਟਨਾ ਹੋ ਜਾਵੇ ਤਾਂ ਵੀ ਇਸ ਪਰਿਵਾਰ ਨੂੰ ਮੇਰੀ ਪੂਜਾ ਕਰਨੀ ਹੋਵੇਗੀ। ਅਜਿਹਾ ਨਾ ਹੋਣ 'ਤੇ ਮੈਂ ਸੱਪ ਦੇ ਰੂਪ ਵਿਚ ਦਰਸ਼ਨ ਦੇਵਾਂਗਾ ਤੇ ਯਾਦ ਦੁਆਵਾਂਗਾ। ਇਹ ਕਹਿ ਕੇ ਬਾਬਾ ਜੀ ਤਲਾਬ ਵਿਚ ਸਮਾ ਗਏ। ਉਦੋਂ ਤੋਂ ਹੀ ਸ਼ਰਧਾਲੂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ।
ਤਲਾਬ 'ਚ ਦੁੱਧ ਚੜ੍ਹਾ ਰਹੇ ਸ਼ਰਧਾਲੂ
ਸੋਢਲ ਮੰਦਰ 'ਚ ਸਥਿਤ ਤਲਾਬ 'ਚ ਸ਼ਰਧਾਲੂ ਦੁੱਧ ਚੜ੍ਹਾਉਂਦੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਮੰਦਰ ਦਾ ਇਹ ਤਲਾਬ ਕਰੀਬ 200 ਸਾਲ ਪੁਰਾਣਾ ਹੈ। ਇਸ ਤੋਂ ਪਹਿਲਾਂ ਇਸ ਦੇ ਚਾਰੋ ਪਾਸੇ ਸੰਘਣਾ ਜੰਗਲ ਹੁੰਦਾ ਸੀ ਪਰ ਹੌਲੀ-ਹੌਲੀ ਇਸ ਤਲਾਬ ਦੀ ਸਫਾਈ ਕਰ ਦਿੱਤੀ ਗਈ ਅਤੇ ਹੁਣ ਇਸ ਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਤਲਾਬ ਦੇ ਵਿਚਕਾਰ ਗੋਲ ਚਬੂਤਰੇ 'ਚ ਸ਼ੇਸ਼ ਨਾਗ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ।
ਮੇਲੇ ਦੇ ਪੁਖਤਾ ਪ੍ਰਬੰਧ
ਬਾਬਾ ਸੋਢਲ ਜੀ ਦੇ ਮੇਲ ਦੇ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਪੁਲਸ ਅਤੇ ਪ੍ਰਸ਼ਾਸਨ ਵਲੋਂ ਕਰ ਲਏ ਗਏ ਹਨ ਅਤੇ ਥਾਂ-ਥਾਂ 'ਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਮੇਲੇ 'ਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ। ਮੰਦਰ ਦੇ ਆਸ-ਪਾਸ ਵੱਡੇ-ਵੱਡੇ ਝੂਲੇ ਲੱਗੇ ਹੋਏ ਹਨ ਅਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਲੱਗਿਆ ਹੋਇਆ ਹੈ। 
 ਸਿੱਧੂ ਜੋੜੇ 'ਤੇ ਫਿਰ ਉੱਠੇ ਇਹ ਸਵਾਲ, ਆਖਰ ਕੀ ਹੈ ਮਾਮਲਾ?, ਇਕ ਭਾਜਪਾ ਦਾ ਦੂਜਾ ਭਾਜਪਾ 'ਚੋਂ ਬਾਹਰ
NEXT STORY