ਫਰਿਜ਼ਨੋ (ਕੈਲੀਫੋਰਨੀਆ) (ਗਰਿੰਦਰਜੀਤ ਨੀਟਾ ਮਾਛੀਕੇ) : ਲੰਘੇ ਐਤਵਾਰ ਫਰਿਜ਼ਨੋ ਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿਚ ਸਥਾਨਕ ਫਰਿਜ਼ਨੋ ਕੈਲੀਫੋਰਨੀਆ ਯੂ.ਐੱਸ.ਏ. ਸਪੋਰਟਸ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਚੋਟੀ ਦੇ ਖਿਡਾਰੀ ਪਹੁੰਚੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿਚ ਜਿੱਥੇ ਚਾਰ ਓਪਨ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ, ਉਥੇ ਹੀ 2 ਅੰਡਰ ਟਵੰਟੀਵਨ ਦੀਆਂ ਟੀਮਾਂ ਪਹੁੰਚੀਆਂ ਹੋਈਆ ਸਨ। ਕਬੱਡੀ ਮੁਕਾਬਲਿਆਂ ਤੋਂ ਬਿਨਾਂ ਰੱਸਾਕਸ਼ੀ ਦੇ ਦਿਲਕਸ਼ ਮੁਕਾਬਲੇ ਵੀ ਵੇਖਣ ਨੂੰ ਮਿਲੇ। ਰੱਸਾਕਸ਼ੀ ਵਿਚ ਫਰਿਜ਼ਨੋ ਦੀ ਟੀਮ ਸਿਲਮਾਂ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਅੰਡਰ 21 ਕਬੱਡੀ ਮੈਚਾਂ ਦੌਰਾਨ ਫ਼ਾਈਨਲ ਮੈਚ ਬਹੁਤ ਫਸਵਾਂ ਰਿਹਾ ਅਤੇ ਫਰਿਜ਼ਨੋ ਨੇ ਸੈਕਰਾਮੈਂਟੋ ਦੀ ਕਲੱਬ ਨੂੰ 43-30 ਦੇ ਸਕੋਰ ਨਾਲ ਹਰਾ ਕੇ ਇਹ ਮੈਚ ਜਿੱਤਿਆ। ਕਬੱਡੀ ਓਪਨ ਦੇ ਮੈਚ ਵੇਖਣ ਲਈ ਦਰਸ਼ਕ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਇਨ੍ਹਾਂ ਰੋਮਾਂਚਕ ਮੁਕਾਬਲਿਆਂ ਦੌਰਾਨ ਮੈਨਟੀਕਾ ਦੀ ਟੀਮ ਨੇ ਫਰਿਜ਼ਨੋ ਨੂੰ ਮਾਤ ਦਿੰਦਿਆਂ ਫ਼ਾਈਨਲ ਮੈਚ ਸਾਢੇ ਅਠਾਈ ਦੇ ਮੁਕਾਬਲੇ ਸਤਾਈ ਪੁਆਇੰਟਾਂ ਨਾਲ ਜਿੱਤ ਕੇ ਕੱਪ ਆਪਣੇ ਨਾਂ ਕੀਤਾ।
ਪ੍ਰਬੰਧਕਾਂ ਵੱਲੋਂ ਸਮੂਹ ਟੀਮਾਂ, ਸਪਾਂਸਰ, ਰੈਫਰੀ ਸਾਹਿਬਾਨ, ਕੁਮੈਂਟੇਟਰਾਂ ਅਤੇ ਵਲੰਟੀਅਰ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਟੂਰਨਾਮੈਂਟ ਨੂੰ ਰੋਚਕ ਬਣਾਉਣ ਲਈ ਕੁਮੈਂਟੇਟਰ ਸਵਰਨ ਮੱਲਾ ਅਤੇ ਗੁਰਪ੍ਰੀਤ ਪੱਡਾ ਨੇ ਆਪਣੇ ਟੋਟਕਿਆਂ ਨਾਲ ਖ਼ੂਬ ਰੰਗ ਬੰਨ੍ਹਿਆ। ਪਰਾਈਮ ਟਰੱਕ ਡ੍ਰਾਈਵਿੰਗ ਸਕੂਲ ਵਾਲੇ ਰਛਪਾਲ ਸਿੰਘ ਸਹੋਤਾ ਵੱਲੋਂ ਚਾਹ-ਪਕੌੜਿਆ ਦਾ ਲੰਗਰ ਅਤੁੱਟ ਵਰਤਿਆ। ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਗਰਮੀ ਤੋਂ ਰਾਹਤ ਦੇਣ ਲਈ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਲਾਈ ਰੂਅਫ਼ਜ਼ਾ ਅਤੇ ਆਈਸ ਕਰੀਮ ਦੀ ਛਬੀਲ ਖਾਸ ਖਿੱਚ ਦਾ ਕੇਂਦਰ ਰਹੀ। ਗਰੀਨ ਪਾਰਕ ਵਾਲੇ ਹਰਚੰਦ ਦਿਓਲ ਅਤੇ ਤਰਲੋਚਨ ਸਿੰਘ ਨੇ ਲੰਗਰ ਦੀ ਸੇਵਾ ਕੀਤੀ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ।
ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸਮੂਹ ਦਰਸ਼ਕਾਂ, ਪ੍ਰਬੰਧਕਾਂ ਅਤੇ ਸਪਾਂਸਰ ਵੀਰਾਂ ਸਿਰ ਜਾਂਦਾ ਹੈ। ਇਸ ਟੂਰਨਾਮੈਂਟ ਨੂੰ ਸਿਰੇ ਚਾੜ੍ਹਨ ਲਈ ਕਬੱਡੀ ਪ੍ਰਮੋਟਰ ਨਾਜਰ ਸਿੰਘ ਸਹੋਤਾ, ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਜੀਤਾ ਜੰਗੀਆਣਾ ਅਤੇ ਕਾਲਾ ਡੋਡ ਨੇ ਅਹਿਮ ਰੋਲ ਅਦਾ ਕੀਤਾ। ਨਾਜਰ ਸਿੰਘ ਸਹੋਤਾ ਨੇ ਟੀਮਾਂ ਨੂੰ ਇਕਸਾਰ ਕਰਨ ਲਈ ਬਹੁਤ ਮਿਹਨਤ ਕੀਤੀ। ਕਬੱਡੀ ਓਪਨ ਦਾ ਪਹਿਲਾ ਇਨਾਮ ਜੇ. ਐੱਸ. ਟੀ. ਟਰੱਕ ਪਰਮਿਟਸ ਅਤੇ ਜੇ. ਐੱਸ. ਇੰਸੋਰੈਂਸ ਵਾਲੇ ਜਗਦੀਪ ਸਿੰਘ ਨੇ ਦਿੱਤਾ। ਦੂਸਰਾ ਇਨਾਮ ਜੀ.ਡੀ. ਟਰੱਕਿੰਗ ਵੱਲੋਂ ਦਿੱਤਾ ਗਿਆ। ਤੀਸਰਾ ਇਨਾਮ ਜੇ. ਐੱਨ. ਟ੍ਰਾਂਸਪੋਰਟ ਵਾਲੇ ਜਸਪਾਲ ਸਿੰਘ ਧਾਲੀਵਾਲ, ਖੁਸ਼ ਧਾਲੀਵਾਲ, ਬਲਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ। ਅੰਡਰ ਟਵੰਟੀ ਵੰਨ ਦਾ ਪਹਿਲਾ ਇਨਾਮ ਪੀ.ਸੀ.ਏ. ਫਰਿਜ਼ਨੋ ਵੱਲੋਂ ਦਿੱਤਾ ਗਿਆ। ਰੱਸਾਕਸ਼ੀ ਦਾ ਪਹਿਲਾ ਇਨਾਮ ਜੱਸੀ ਸਟੋਨ ਟਰੱਕਿੰਗ ਵੱਲੋਂ ਦਿੱਤਾ ਗਿਆ। ਇਸ ਮੌਕੇ ਸਾਬਕਾ ਕਬੱਡੀ ਖਿਡਾਰੀਆਂ ਬੱਲੀ ਮਹੇੜੂ, ਬਲਵਿੰਦਰ ਭਲਵਾਨ, ਜਰਨੈਲ ਜੈਲਾ ਸਿਲਮਾ, ਰਾਮਾ ਸਮਰਾਲਾ, ਗੀਤਾ ਸੁਖਦੌਲਤ, ਗੁਰਪ੍ਰੀਤ ਬੈਂਸ, ਜੱਸਾ ਭਲਵਾਨ ਮੌਲਾ ਕਦੋਲਾ ਜੱਟਾਂ ਆਦਿ ਪਲੇਅਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰੈਫ਼ਰੀਆਂ ਵਿਚ ਦਲਵੀਰ ਚੌਧਰੀ, ਮੰਦਰ ਲੰਡੇਕੇ, ਵੀਰੂ ਵੱਡਾ ਘਰ, ਮੇਸ਼ੀ ਭਲਵਾਨ ਅਤੇ ਕਬੱਡੀ ਕੋਚ ਬਾਬਾ ਨੇ ਸੇਵਾਵਾਂ ਬਾਖੂਬੀ ਨਿਭਾਈਆਂ। ਵਰਲਡ ਕੱਪ ਦੀਆਂ ਖਿਡਾਰਨਾਂ ਰਾਮ ਬਤੇਰੀ (ਸਮੈਣ ਹਰਿਆਣਾ), ਮੀਨੂੰ (ਜੀਂਦ ਹਰਿਆਣਾ) ਅਤੇ ਸੁੱਖੀ ਲਿੱਦੜਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਬਾਕੀ ਮੁਕਾਬਲਿਆਂ ਦੌਰਾਨ ਓਪਨ ਕਬੱਡੀ ਦਾ ਮੈਚ ਫਰਿਜ਼ਨੋ ਅਤੇ ਬੇਕਰਸਫੀਲਡ ਦੀਆਂ ਟੀਮਾਂ ਦਰਮਿਆਨ ਹੋਇਆ, ਜਿਹੜਾ ਫਰਿਜ਼ਨੋ ਨੇ 35-31 ਦੇ ਫਰਕ ਨਾਲ ਜਿੱਤਿਆ। ਦੂਸਰਾ ਮੈਚ ਮੈਨਟੀਕਾ ਅਤੇ ਯੂਬਾ ਸਿਟੀ ਦਰਮਿਆਨ ਖੇਡਿਆ ਗਿਆ, ਜਿਹੜਾ ਮੈਨਟੀਕਾ ਨੇ ਸਾਢੇ ਪੈਂਤੀ ਅਤੇ ਪੈਂਤੀ ਦੇ ਸਕੋਰ ਨਾਲ ਅੱਧੇ ਪੁਆਇੰਟ ’ਤੇ ਜਿੱਤਿਆ। ਤੀਸਰਾ ਮੈਚ ਫਰਿਜ਼ਨੋ ਤੇ ਮੈਨਟੀਕਾ ਦਰਮਿਆਨ ਹੋਇਆ, ਜਿਹੜਾ ਫਰਿਜ਼ਨੋ ਨੇ 36-30 ਨਾਲ ਜਿੱਤਿਆ। ਚੌਥਾ ਮੈਚ ਬੇਕਰਸਫੀਲ ਅਤੇ ਯੂਬਾ ਸਿਟੀ ਦਰਮਿਆਨ ਖੜਕਿਆ ਤੇ ਜਿਹੜਾ ਯੂਬਾ ਸਿਟੀ ਨੇ 44-34 ਨਾਲ ਜਿੱਤਿਆ ਅਤੇ ਪੰਜਵਾਂ ਤੇ ਫਾਈਨਲ ਮੈਚ ਫਰਿਜ਼ਨੋ ਅਤੇ ਮੈਨਟੀਕਾ ਦਰਮਿਆਨ ਹੋਇਆ, ਜਿਹੜਾ ਮੈਨਟੀਕਾ ਨੇ ਡੇਢ ਪੁਆਇੰਟ ’ਤੇ ਜਿੱਤ ਕੇ ਕੱਪ ਆਪਣੇ ਨਾਂ ਕੀਤਾ। ਇਸ ਟੂਰਨਾਮੈਂਟ ਵਿਚ ਜਲੰਧਰ ਦੇ ਸਾਬਕਾ ਐੱਸ. ਐੱਸ.ਪੀ. ਕੁਲਵੰਤ ਸਿੰਘ ਲੰਬੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਕਮਲ ਭਿੰਡਰ, ਪੀ.ਸੀ.ਏ., ਵਿਸਟ ਕੋਸਟ ਟਰੱਕ ਡ੍ਰਾਈਵਿੰਗ ਸਕੂਲ, ਕਰਮ ਸੰਘਾ, ਸਾਧੂ ਸੰਘਾ, ਮਾਸਟਰ ਪ੍ਰੀਤਮ ਸਿੰਘ ਗਿੱਲ, ਰੂਬੀ ਨਾਮੋਲੀਆ, ਪਾਲੀ ਥਾਂਦੀ, ਜੈਲਾ ਧੂੜਕੋਟ,ਜੁਗਰਾਜ ਸਿੰਘ ਦੌਧਰ, ਖਹਿਰਾ ਟਰੱਕਿੰਗ, ਹਾਕਮ ਸਿੰਘ ਢਿੱਲੋਂ, ਨਿਰਮਲ ਧਨੌਲਾ, ਪਾਲ ਮਾਹਲ, ਬੌਬੀ ਬਰਾੜ ਤੇ ਸੋਖਾ ਭੰਡਾਲ, ਕਾਲਾ ਚੰਨਣਵਾਲ, ਭਰਪੂਰ ਬਰਾੜ, ਸੁੱਖਾ ਗਿੱਲ, ਮਨਜੀਤ ਕੁਲਾਰ, ਗੁਰਦੇਵ ਸਿੰਘ, ਦਲਕਰਨ ਸੋਢੀ, ਲੱਖੀ ਧਨੋਆ,ਰਾਜਾ ਮੱਲੀ, ਲਵ ਲੁਬਾਣਾ, ਇੰਦੀ ਗਹਿਲਾ, ਨਿੱਕਾ ਡੋਡ, ਗਰਮੀਤ ਵਧਾਤੇ, ਸੁੱਖਾ ਔਗੜ, ਜੱਸੂ ਜੰਗੀਆਣਾ , ਮਨਿੰਦਰ ਜੰਗੀਆਣਾ, ਸੱਤਾ ਫਤਿਹਪੁਰੀਆ, ਗੁਰਿੰਦਰ ਗਹਿਲਾ, ਤਰਨ ਢਿੱਲੋ, ਛਿੰਦਾ ਗਹਿਲਾ, ਦਿਲਬਾਲ ਰਾਊਕੇ, ਦੀਪਾ ਚੰਦ ਪੁਰਾਣੇ, ਚੰਨਾ ਫਰਿਜ਼ਨੋ, ਹਰਜੋਤ ਹੇਅਰ ਆਦਿ ਸੱਜਣਾਂ ਨੇ ਇਸ ਟੂਰਨਾਮੈਂਟ ਲਈ ਵਿਸ਼ੇਸ਼ ਯੋਗਦਾਨ ਪਾਇਆ। ਕਬੱਡੀ ਪ੍ਰਮੋਟਰ ਨਾਜਰ ਸਿੰਘ ਸਹੋਤਾ ਅਤੇ ਫਰਿਜ਼ਨੋ ਕੈਲੀਫੋਰਨੀਆ ਯੂ.ਐੱਸ.ਏ. ਸਪੋਰਟਸ ਕਲੱਬ ਨੇ ਮੈਕਸੀਕਨ ਮੂਲ ਦੇ ਅਮੇਰਕਿਨ ਕਬੱਡੀ ਖਿਡਾਰੀ ਹਾਸੂਸ ਚਾਵੇਜ ਦੀ ਮੌਤ ’ਤੇ ਡਾਢੇ ਦੁੱਖ ਦਾ ਪ੍ਰਗਟ ਕੀਤਾ ਤੇ ਕਿਹਾ ਕਿ ਚਾਵੇਜ ਦੇ ਬੇਵਕਤ ਤੁਰ ਜਾਣ ਨਾਲ ਮਾਂ ਖੇਡ ਕਬੱਡੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਕਬੱਡੀ ਗਰਾਊਂਡਾਂ ਵਿਚ ਉਸ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਜ਼ਿਕਰਯੋਗ ਹੈ ਕਿ ਫਰਿਜ਼ਨੋ ਵਾਲੇ ਟੂਰਨਾਮੈਂਟ ’ਤੇ ਹਾਸੂਸ ਚਾਵੇਜ ਨੇ ਬਹੁਤ ਸੋਹਣੀ ਖੇਡ ਵਿਖਾਈ ਸੀ ਅਤੇ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਇਹ ਟੂਰਨਾਮੈਂਟ ਉਸ ਦੀ ਜ਼ਿੰਦਗੀ ਦਾ ਆਖਰੀ ਟੂਰਨਾਮੈਂਟ ਹੋ ਨਿੱਬੜਿਆ।
ਅਮਰੀਕਾ ’ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ
NEXT STORY