ਅੰਮ੍ਰਿਤਸਰ (ਦਲਜੀਤ) - ਪੰਜਾਬ ਸਰਕਾਰ ਵੱਲੋਂ ਮਿਲਾਵਟਖੋਰੀ ਰੋਕਣ ਦੇ ਮਕਸਦ ਤਹਿਤ ਰਾਜ ਭਰ ਦੇ ਜ਼ਿਲਿਅਾਂ ’ਚ ਸ਼ੁਰੂ ਕੀਤੀ ਸਵੱਛ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ 6 ਦਸੰਬਰ ਨੂੰ ਅੰਮ੍ਰਿਤਸਰ ’ਚ ਪੁੱਜੇਗੀ। ਸਿਹਤ ਵਿਭਾਗ ਵੱਲੋਂ ਯਾਤਰਾ ਨੂੰ ਸਫਲ ਬਣਾਉਣ ਲਈ ਪੂਰੀ ਵਾਹ ਲਗਾ ਦਿੱਤੀ ਗਈ ਹੈ। ਯਾਤਰਾ ’ਚ ਆਡੀਓ ਵਿਜ਼ੁਅਲ ਫਿਲਮਾਂ ਰਾਹੀਂ ਫੂਡ ਅਾਪ੍ਰੇਟਰਾਂ ਤੋਂ ਇਲਾਵਾ ਆਮ ਜਨਤਾ ਨੂੰ ਮਿਲਾਵਟਖੋਰੀ ਸਬੰਧੀ ਜਾਗਰੂਕ ਕੀਤਾ ਜਾਵੇਗਾ। ਯਾਤਰਾ ’ਚ 8 ਗੱਡੀਆਂ, 25 ਸਾਈਕਲ, ਐੱਨ. ਸੀ. ਸੀ. ਕੈਡਿਟ, ਸਕੂਲੀ ਵਿਦਿਆਰਥੀਅਾਂ ਤੇ ਵਿਭਾਗ ਦਾ ਵਿਸ਼ਾਲ ਕਾਫਲਾ ਸ਼ਾਮਿਲ ਹੋਵੇਗਾ। ਇਸ ਸਬੰਧੀ ਅੱਜ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਤੇ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਉਕਤ ਯਾਤਰਾ ਨੂੰ ਸਫਲ ਬਣਾਉਣ ਲਈ ਵਿਭਾਗ ਵੱਲੋਂ ਰਿਕਸ਼ਾ ਰੈਲੀ ਨੂੰ ਜ਼ਿਲੇ ’ਚ ਰਵਾਨਾ ਕੀਤਾ। ਪੰਜਾਬ ਸਰਕਾਰ ਵੱਲੋਂ ਯਾਤਰਾ ਦਾ ਨੋਡਲ ਅਧਿਕਾਰੀ ਡਾ. ਭਾਗੋਵਾਲੀਆ ਨੂੰ ਲਾਇਆ ਗਿਆ ਹੈ, ਜਦਕਿ ਫੂਡ ਸੇਫਟੀ ਸਟੈਂਡਰਡ ਐਕਟ ਦੇ ਸੰਯੁਕਤ ਨਿਰਦੇਸ਼ਕ ਡਾ. ਏ. ਸੀ. ਮਿਸ਼ਰਾ ਯਾਤਰਾ ਦੇ ਇੰਚਾਰਜ ਹੋਣਗੇ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਯਾਤਰਾ ਰਾਹੀਂ ਮਿਲਾਵਟਖੋਰੀ ਵਿਰੁੱਧ ਅਤੇ ਸੰਤੁਲਿਤ ਭੋਜਨ ਖਾਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਦੁਕਾਨਦਾਰਾਂ ਨੂੰ ਸਹੁੰ ਖੁਆ ਕੇ ਚੰਗਾ ਖਾਧ ਪਦਾਰਥ ਵੇਚਣ ਲਈ ਪਾਬੰਦ ਕੀਤੀ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 6 ਦਸੰਬਰ ਨੂੰ ਦੁਪਹਿਰ 1 ਵਜੇ ਰਾਮ ਆਸ਼ਰਮ ਸਕੂਲ ਮਜੀਠਾ ਰੋਡ ਵਿਖੇ ਪਹੁੰਚੇਗੀ, ਜਿਥੇ ਵਿਧਾਇਕ ਸੁਨੀਲ ਦੱਤੀ ਇਸ ਨੂੰ ਰਿਸੀਵ ਕਰਨਗੇ ਤੇ 7 ਦਸੰਬਰ ਨੂੰ ਸਵੇਰੇ 10 ਵਜੇ ਰਾਮ ਆਸ਼ਰਮ ਸਕੂਲ 4 ਐੱਸ ਚੌਕ ਵਿਖੇ ਇਸ ਦਾ ਉਦਘਾਟਨ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਕਰਨਗੇ। ਇਸ ਸਮਾਗਮ ’ਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ, ਸਿਹਤ ਵਿਭਾਗ ਦੇ ਪ੍ਰਮੁੱਖ ਅਧਿਕਾਰੀ, ਫੂਡ ਬਿਜ਼ਨੈੱਸ ਆਪ੍ਰੇਟਰ, ਐੱਨ. ਸੀ. ਸੀ. ਕੈਡਿਟ, ਸਕੂਲਾਂ ਦੇ ਬੱਚੇ ਆਦਿ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸਮਾਗਮ ਦੌਰਾਨ ਮਿਲਾਵਟਖੋਰੀ ਰੋਕਣ ਲਈ ਸਹੁੰ ਚੁੱਕ ਸਮਾਗਮ ਕੀਤਾ ਜਾਵੇਗਾ ਤੇ ਇਸ ਉਪਰੰਤ ਯਾਤਰਾ ਨੂੰ ਅੱਗੇ ਵਧਾਉਂਦਿਅਾਂ ਟਾਊਨ ਹਾਲ ਨੇਡ਼ੇ ਭਰਾਵਾਂ ਦੇ ਢਾਬੇ ਵਿਖੇ ਪਹੁੰਚ ਕੇ ਆਮ ਲੋਕਾਂ ਨੂੰ ਸ਼ੁੱਧ ਅਤੇ ਸੰਤੁਲਿਤ ਭੋਜਣ ਖਾਣ ਲਈ ਪ੍ਰੇਰਿਤ ਕਰੇਗੀ। ਇਸ ਕਾਫਲੇ ਦੇ ਨਾਲ ਇਕ ਫੂਡ ਟੈਸਟਿੰਗ ਵੈਨ ਵੀ ਜਾਵੇਗੀ, ਜਿਸ ਰਾਹੀਂ ਲੋਕ ਆਪਣੇ ਘਰਾਂ ’ਚ ਵਰਤੇ ਜਾਣ ਵਲੇ ਫੂਡ ਪ੍ਰੋਡਕਟਸ ਦੀ ਗੁਣਵੱਤਾ ਦੀ ਮੁਫਤ ਜਾਂਚ ਕਰਵਾ ਕੇ ਰਿਪੋਰਟਾਂ ਮੌਕੇ ’ਤੇ ਹੀ ਪ੍ਰਾਪਤ ਕਰ ਸਕਦੇ ਹਨ। 8 ਦਸੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਇਸ ਯਾਤਰਾ ਨੂੰ ਤਰਨਤਾਰਨ ਲਈ ਰਵਾਨਾ ਕਰ ਦਿੱਤਾ ਜਾਵੇਗਾ।
ਮਾਤਾ-ਪਿਤਾ ’ਚੋਂ ਇਕ ਨੂੰ ਅਲਰਜੀ ਹੈ ਤਾਂ 35 ਫੀਸਦੀ ਬੱਚੇ ਅਲਰਜੀਗ੍ਰਸਤ ਹੁੰਦੇ ਹਨ : ਡਾ. ਓਹਰੀ
NEXT STORY