ਅੰਮ੍ਰਿਤਸਰ (ਦਲਜੀਤ) : ਚੀਨ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਬੀ. ਐੱਫ-7 ਆਉਣ ਨਾਲ ਲੋਕਾਂ ’ਚ ਇਕ ਵਾਰ ਫਿਰ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਨਵੇਂ ਵੇਰੀਐਂਟ ਦੇ ਮੱਦੇਨਜ਼ਰ ਜਿੱਥੇ ਅੰਮ੍ਰਿਤਸਰ ਵਿਚ ਟੀਕਾਕਰਨ ਦੀ ਮੰਗ ਵਧਦੀ ਜਾ ਰਹੀ ਹੈ, ਉਥੇ ਹੀ ਲੋਕ ਨਵੇਂ ਵੇਰੀਐਂਟ ਨੂੰ ਲੈ ਕੇ ਭਵਿੱਖ ’ਚ ਪੈਦਾ ਹੋਣ ਵਾਲੇ ਖ਼ਤਰੇ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਹੀ ਸਿਵਲ ਸਰਜਨ ਦਫ਼ਤਰ ’ਚ ਬਿਨਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ 150 ਅਤੇ ਨਿੱਜੀ ਹਸਪਤਾਲਾਂ ਵਿਚ 200 ਵੈਂਟੀਲੇਟਰ ਰੱਖੇ ਹੋਏ ਹਨ। ਜ਼ਿਲ੍ਹੇ ’ਚ ਦਵਾਈਆਂ ਦਾ ਕਾਫ਼ੀ ਸਟਾਕ ਵੀ ਮੌਜੂਦ ਹੈ। ਸ਼ੁੱਕਰਵਾਰ ਨੂੰ ਦੋ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਮਰੀਜ਼ਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਪਾਜ਼ੇਟਿਵ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਹੁਣ ਸਰਕਾਰੀ ਸਕੂਲ ਜਾਂ ਹਸਪਤਾਲ ਦਾ ਬਿਜਲੀ ਕੁਨੈਕਸ਼ਨ ਕੱਟਣ ਵਾਲੇ ਅਧਿਕਾਰੀਆਂ ਦੀ ਆਵੇਗੀ ਸ਼ਾਮਤ
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਚਿੰਤਾਵਾਂ ਇਕ ਵਾਰ ਫਿਰ ਵਧ ਗਈਆਂ ਹਨ। ਪੰਜਾਬ ਸਰਕਾਰ ਨੇ ਸਾਵਧਾਨੀ ਵਜੋਂ ਸਾਰੀਆਂ ਟੀਮਾਂ ਨੂੰ ਟੈਸਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੂਬੇ ਵਿਚ ਰੋਜ਼ਾਨਾ ਲਗਭਗ 10 ਹਜ਼ਾਰ ਨਮੂਨੇ ਜਾਂਚ ਲਈ ਭੇਜਣ ਲਈ ਕਿਹਾ ਗਿਆ ਹੈ। ਇਨ੍ਹਾਂ ’ਚੋਂ 70 ਫ਼ੀਸਦੀ ਆਰ. ਟੀ. ਪੀ. ਸੀ. ਆਰ ਸੈਂਪਲ ਲਏ ਜਾਣਗੇ, ਜਦਕਿ 30 ਫ਼ੀਸਦੀ ਰੈਪਿਡ ਐਂਟੀਜਨ ਟੈਸਟ ਸ਼ਾਮਲ ਹੋਣਗੇ। ਇਨ੍ਹਾਂ ਨਮੂਨਿਆਂ ਵਿਚ ਜੋ ਵੀ ਮਰੀਜ਼ ਪਾਜ਼ੇਟਿਵ ਪਾਏ ਜਾਂਦੇ ਹਨ, ਉਨ੍ਹਾਂ ਦੇ ਨਮੂਨੇ ਇਹ ਪਤਾ ਲਾਉਣ ਲਈ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ ਕਿ ਕੀ ਇਹ ਚੀਨ ਵਿਚ ਤਬਾਹੀ ਮਚਾਉਣ ਵਾਲਾ ਬੀ. ਐੱਫ-7 ਵੇਰੀਐਂਟ ਤਾਂ ਨਹੀਂ।
ਇਹ ਵੀ ਪੜ੍ਹੋ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਨਵਾਂ ਮੋੜ, ਕਾਰਜਕਾਰਨੀ ਕਮੇਟੀ ਭੰਗ
ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਅੱਜ ਤੋਂ ਦਫ਼ਤਰ ਆਉਣ ਵਾਲੇ ਆਮ ਲੋਕਾਂ ਲਈ ਵੀ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਬਿਨਾਂ ਮਾਸਕ ਦੇ ਦਫ਼ਤਰ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਰਹੇਗੀ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦਵਾਈਆਂ ਦਾ ਕਾਫ਼ੀ ਸਟਾਕ ਮੌਜੂਦ ਹੈ। ਚੀਨ ਵਿਚ ਜਿਵੇਂ-ਜਿਵੇਂ ਵਾਇਰਸ ਆਪਣਾ ਅਸਰ ਦਿਖਾ ਰਿਹਾ ਹੈ, ਲੋਕ ਵੀ ਘਬਰਾਹਟ ਵਿਚ ਆ ਰਹੇ ਹਨ ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਕੀ ਹਨ ਇਸ ਦੇ ਬਚਾਅ
ਬੀ. ਐੱਫ-7 ਤੋਂ ਬਚਣ ਲਈ ਪਹਿਲਾਂ ਦੀ ਤਰ੍ਹਾਂ ਸਾਫ਼-ਸਫ਼ਾਈ ਦਾ ਧਿਆਨ ਰੱਖੋ। ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੁਬਾਰਾ ਮਾਸਕ ਪਹਿਨਣਾ ਸ਼ੁਰੂ ਕਰੋ। ਇਸ ਦੇ ਨਾਲ ਹੀ ਆਪਣੀ ਇਮਿਊਨਿਟੀ ਵਧਾਉਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡੇ ਲਈ ਵਾਲਵੋ ਬੱਸ ਸਰਵਿਸ ਨੇ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚ ਕੀਤਾ ਵਾਧਾ
ਕੀ ਹੈ ਬੀ. ਐਫ-7 ਦੈ ਲੱਛਣ
ਬੀ. ਐੱਫ-7 ਵੇਰੀਐਂਟ ਦੀਆਂ ਵਿਸ਼ੇਸ਼ਤਾਵਾਂ ਓਮੀਕ੍ਰੋਨ ਦੇ ਦੂਜੇ ਸਬ-ਵੇਰੀਐਂਟਸ ਦੇ ਸਮਾਨ ਹਨ। ਇਸ ਨਾਲ ਪੀੜਤ ਵਿਅਕਤੀ ਨੂੰ ਬੁਖਾਰ ਹੋ ਜਾਂਦਾ ਹੈ। ਖੰਘ, ਗਲੇ ਵਿਚ ਖਾਰਸ, ਥਕਾਵਟ ਅਤੇ ਉਲਟੀਆਂ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਹ ਰੂਪ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਖ਼ਤਰਨਾਕ ਹਨ।
ਕੀ ਫਿਰ ਹੈ ਕੋਰੋਨਾ ਲਹਿਰ ਦਾ ਖ਼ਤਰਾ
ਦੁਨੀਆ ਵਿਚ ਕੋਰੋਨਾ ਲਹਿਰ ਦੇ ਖ਼ਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੀਨ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਜਿਸ ਤਰ੍ਹਾਂ ਨਾਲ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਕੋਰੋਨਾ ਲਹਿਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਅਜਿਹੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਜਿਹੜੀ ਲਹਿਰ ਆਈ ਸੀ, ਉਸ ਦੇ ਮੁਕਾਬਲੇ ਬੀ. ਐੱਫ-7 ਦੇ ਦੁਨੀਆ ਵਿਚ ਫੈਲਣ ਦੀ ਸੰਭਾਵਨਾ ਘੱਟ ਹੈ ਪਰ ਫਿਰ ਵੀ ਇਸ ਵੇਰੀਐਂਟ ਨੂੰ ਲੈ ਕੇ ਚੌਕਸ ਰਹਿਣ ਦੀ ਲੋੜ ਹੈ ਅਤੇ ਰੋਕਥਾਮ ਦੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿਚ ਸਾਹ ਦੀ ਸੰਕਰਮਣ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਦੌਰਾਨ ਕੋਰੋਨਾ ਦੀ ਗਿਣਤੀ ਵੀ ਵੱਧ ਸਕਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਬੀ. ਐੱਫ- 7 ਤੋਂ ਪੀੜਤ ਵਿਅਕਤੀ 10 ਤੋਂ 18.6 ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੋਖਣ ਅਤੇ ਹੱਲ ਲੱਭਣ : ਪ੍ਰੋ. ਸਰਚਾਂਦ
NEXT STORY