12 ਨਵੰਬਰ ਨੂੰ ਅਚਾਨਕ ਉੱਤਰਾਖੰਡ ਦੇ ਉੱਤਰਕਾਸ਼ੀ ਤੋਂ 30 ਕਿਲੋਮੀਟਰ ਦੂਰ ਨਿਰਮਾਣ ਅਧੀਨ ‘ਸਿਲਕਿਆਰਾ ਸੁਰੰਗ’ ਦਾ ਇਕ ਹਿੱਸਾ ਸਵੇਰੇ ਸਾਢੇ 5 ਵਜੇ ਢਹਿ ਜਾਣ ਨਾਲ ਉਸ ’ਚ ਕੰਮ ਕਰ ਰਹੇ 8 ਸੂਬਿਆਂ ਦੇ 41 ਮਜ਼ਦੂਰ ਫਸ ਗਏ।
ਉੱਤਰਕਾਸ਼ੀ ਬ੍ਰਹਮਖਾਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ 845 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ 4.5 ਕਿਲੋਮੀਟਰ ਲੰਬੀ ਇਹ ਸੁਰੰਗ ਕੇਂਦਰ ਸਰਕਾਰ ਦੀ ‘ਚਾਰਧਾਮ ਆਲ ਵੈਦਰ ਸੜਕ ਪ੍ਰਾਜੈਕਟ’ ਦਾ ਹਿੱਸਾ ਹੈ।
ਜੁਲਾਈ, 2018 ’ਚ ਇਸ ਸੁਰੰਗ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ 14 ਮਈ, 2024 ਤੱਕ ਇਸ ਦਾ ਨਿਰਮਾਣ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਿਰਮਾਣ ਪਿੱਛੋਂ 25.6 ਕਿਲੋਮੀਟਰ ਦੀ ਦੂਰੀ ਘੱਟ ਕੇ 4.531 ਕਿਲੋਮੀਟਰ ਰਹਿ ਜਾਵੇਗੀ ਅਤੇ ਯਾਤਰਾ ’ਚ ਲੱਗਣ ਵਾਲਾ ਸਮਾਂ 50 ਮਿੰਟ ਤੋਂ ਘੱਟ ਕੇ ਸਿਰਫ 5 ਮਿੰਟ ਰਹਿ ਜਾਵੇਗਾ।
21 ਨਵੰਬਰ ਨੂੰ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਲਗਾਤਾਰ ਜਾਰੀ ਯਤਨਾਂ ਦਰਮਿਆਨ ਐਂਡੋਸਕੋਪੀ ਰਾਹੀਂ, ਕੈਮਰਾ ਅੰਦਰ ਭੇਜਿਆ ਗਿਆ ਅਤੇ ਮਜ਼ਦੂਰਾਂ ਦੀ ਤਸਵੀਰ ਪਹਿਲੀ ਵਾਰ ਸਾਹਮਣੇ ਆਈ ਅਤੇ ਉਨ੍ਹਾਂ ਨਾਲ ਗੱਲ ਵੀ ਕੀਤੀ ਗਈ।
22 ਨਵੰਬਰ ਨੂੰ ਮਜ਼ਦੂਰਾਂ ਤੱਕ ਭੋਜਨ ਪਹੁੰਚਾਉਣ ’ਚ ਸਫਲਤਾ ਮਿਲੀ ਅਤੇ ਆਗਰ ਮਸ਼ੀਨ ਰਾਹੀਂ 15 ਮੀਟਰ ਤੋਂ ਵੱਧ ਡ੍ਰਿਲਿੰਗ ਵੀ ਕੀਤੀ ਗਈ। ਮਜ਼ਦੂਰਾਂ ਦੇ ਬਾਹਰ ਨਿਕਲਣ ਦੀ ਸੰਭਾਵਨਾ ਨੂੰ ਦੇਖਦਿਆਂ ਡਾਕਟਰਾਂ ਦੀ ਟੀਮ ਅਤੇ 41 ਐਂਬੂਲੈਂਸਾਂ ਵੀ ‘ਰੈਸਕਿਊ ਸਪਾਟ’ ’ਤੇ ਮੰਗਵਾਉਣ ਤੋਂ ਇਲਾਵਾ 41 ਬਿਸਤਰਿਆਂ ਦਾ ਹਸਪਤਾਲ ਵੀ ਤਿਆਰ ਕਰ ਲਿਆ ਗਿਆ।
23 ਨਵੰਬਰ ਨੂੰ ਡ੍ਰਿਲਿੰਗ ਸ਼ੁਰੂ ਹੁੰਦੇ ਹੀ ਅਮਰੀਕਨ ‘ਆਗਰ’ ਮਸ਼ੀਨ ਖਰਾਬ ਹੋ ਗਈ ਜਿਸ ਨੂੰ ਠੀਕ ਕਰਨ ਲਈ ਦਿੱਲੀ ਤੋਂ ਹੈਲੀਕਾਪਟਰ ਰਾਹੀਂ 7 ਮਾਹਿਰ ਸੱਦੇ ਗਏ ਪਰ 1.86 ਮੀਟਰ ਡ੍ਰਿਲਿੰਗ ਪਿੱਛੋਂ ਇਹ ਫਿਰ ਰੁਕ ਗਈ ਅਤੇ ਠੀਕ ਕਰ ਕੇ ਚਲਾਉਣ ਪਿੱਛੋਂ ਸ਼ਾਮ ਨੂੰ ਡ੍ਰਿਲਿੰਗ ਦੌਰਾਨ ਤੇਜ਼ ਕੰਬਣੀ ਨਾਲ ਇਸ ਦਾ ਪਲੇਟਫਾਰਮ ਧੱਸ ਜਾਣ ਕਾਰਨ ਡ੍ਰਿਲਿੰਗ 24 ਨਵੰਬਰ ਸਵੇਰ ਤੱਕ ਰੋਕਣੀ ਪਈ।
24 ਨਵੰਬਰ ਨੂੰ ਡ੍ਰਿਲਿੰਗ ਸ਼ੁਰੂ ਹੋਈ ਤਾਂ ਆਗਰ ਮਸ਼ੀਨ ਦੇ ਰਾਹ ’ਚ ਸਟੀਲ ਦੇ ਮੋਟੇ ਪਾਈਪ ਆ ਜਾਣ ਕਾਰਨ ਇਸ ਨੂੰ ਨੁਕਸਾਨ ਪਹੁੰਚਣ ਨਾਲ ਬਚਾਅ ਕਾਰਜ ਫਿਰ ਰੋਕਣਾ ਪਿਆ।
ਅੜਿੱਕਿਆਂ ਦੇ ਬਾਵਜੂਦ ਬਚਾਅ ਟੀਮਾਂ ਨੇ ਹਿੰਮਤ ਨਹੀਂ ਹਾਰੀ ਅਤੇ 25 ਨਵੰਬਰ ਨੂੰ ਆਗਰ ਮਸ਼ੀਨ ਦਾ ਟੁੱਟਿਆ ਸ਼ਾਫਟ ਬਾਹਰ ਕੱਢਣ ਪਿੱਛੋਂ 26 ਨਵੰਬਰ ਨੂੰ ਆਗਰ ਮਸ਼ੀਨ ਨਾਲ ਡ੍ਰਿਲਿੰਗ ਦੀ ਥਾਂ ਮੈਨੂਅਲੀ ਡ੍ਰਿਲਿੰਗ ਦਾ ਫੈਸਲਾ ਕੀਤਾ ਗਿਆ।
27 ਨਵੰਬਰ ਨੂੰ ਮੈਨੂਅਲ ਡ੍ਰਿਲਿੰਗ ਦੀ ਯੋਜਨਾ ਤਹਿਤ ‘ਰੈਟ ਮਾਈਨਿੰਗ’ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਪਹਾੜ ਦੇ ਉਪਰੋਂ ਵੀ ਡ੍ਰਿਲਿੰਗ ਕੀਤੀ ਜਾ ਰਹੀ ਸੀ ਭਾਵ ਇਕੱਠਿਆਂ ਹੀ ਵਰਟੀਕਲ ਅਤੇ ਹਾਰੀਜ਼ਾਂਟਲ ਡ੍ਰਿਲਿੰਗ ਕੀਤੀ ਜਾਣ ਲੱਗੀ।
ਇਸ ਦਾ ਸੁਖਾਵਾਂ ਨਤੀਜਾ 17ਵੇਂ ਦਿਨ 28 ਨਵੰਬਰ ਨੂੰ ਸਾਹਮਣੇ ਆਇਆ ਜਦ ਸ਼ਾਮ ਨੂੰ ਸਾਰੇ 41 ਮਜ਼ਦੂਰਾਂ ਨੂੰ ਸੁਰੰਗ ’ਚੋਂ ਬਾਹਰ ਕੱਢ ਲਿਆ ਗਿਆ ਅਤੇ ਸੰਖ ਦੀ ਆਵਾਜ਼ ਦੇ ਨਾਲ-ਨਾਲ ਹਰ-ਹਰ ਮਹਾਦੇਵ ਅਤੇ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਆਕਾਸ਼ ਗੂੰਜਣ ਲੱਗਾ। ਇਸ ਦੌਰਾਨ ਕੇਂਦਰੀ ਮੰਤਰੀ ਬੀ. ਕੇ. ਸਿੰਘ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੌਕੇ ’ਤੇ ਮੌਜੂਦ ਰਹੇ। ਧਾਮੀ ਨੇ ਅਤੇ ਡ੍ਰਿਲਿੰਗ ਮਾਹਿਰ ਆਰਨੋਲਡ ਡਿਕਸ ਨੇ ਵੀ ਬਾਬਾ ਬੌਖਨਾਗ ਦੇ ਮੰਦਰ ’ਚ ਪੂਜਾ ਕੀਤੀ।
ਇਸ ਮੁਹਿੰਮ ਲਈ ‘ਬਾਰਡਰ ਰੋਡ ਆਰਗੇਨਾਈਜ਼ੇਸ਼ਨ’ ਨੇ ਬੈਂਗਲੁਰੂ ਤੋਂ ਸੁਰੰਗ ਦੇ ਅੰਦਰ ਕੈਮਰੇ, ਐੱਲ. ਈ. ਡੀ. ਲਾਈਟ ਅਤੇ ਸੈਂਸਰ ਦੇ ਨਾਲ ਜਾਣ ’ਚ ਸਮਰੱਥ 2 ਐਡਵਾਂਸ ਡਰੋਨ ਅਤੇ ਉਨ੍ਹਾਂ ਨੂੰ ਆਪ੍ਰੇਟ ਕਰਨ ਲਈ ਮਾਹਿਰ ਵੀ ਸੱਦੇ।
ਸਮੁੱਚੀ ਬਚਾਅ ਮੁਹਿੰਮ ਦੌਰਾਨ ਮਜ਼ਦੂਰਾਂ ਨਾਲ ਵਾਕੀ-ਟਾਕੀ ਰਾਹੀਂ ਸੰਪਰਕ ਕਰਨ ਤੋਂ ਇਲਾਵਾ ਪਾਈਪ ਦੇ ਰਾਹ ਉਨ੍ਹਾਂ ਨੂੰ ਭੋਜਨ, ਖਿਚੜੀ, ਦਲੀਆ, ਦਹੀਂ, ਕੁਝ ਦਵਾਈਆਂ, ਮਲਟੀ ਵਿਟਾਮਿਨ ਦੀਆਂ ਗੋਲੀਆਂ ਆਦਿ ਭੇਜੀਆਂ ਜਾਂਦੀਆਂ ਰਹੀਆਂ।
ਮਜ਼ਦੂਰਾਂ ਦਾ ਹੌਸਲਾ ਬਣਾਈ ਰੱਖਣ ਤੇ ਉਨ੍ਹਾਂ ਨੂੰ ਤਣਾਅ ਤੋਂ ਬਚਾਉਣ ਲਈ ਪਾਈਪ ਰਾਹੀਂ ਤਾਸ਼, ਲੂਡੋ ਅਤੇ ਸ਼ਤਰੰਜ ਭੇਜੇ ਗਏ ਤਾਂ ਕਿ ਉਹ ਆਪਣਾ ਧਿਆਨ ਦੂਜੇ ਪਾਸੇ ਲਾ ਸਕਣ ਅਤੇ ਉੱਥੇ ਮੌਜੂਦ ਡਾਕਟਰ ਉਨ੍ਹਾਂ ਨਾਲ ਅੱਧੇ-ਅੱਧੇ ਘੰਟੇ ਪਿੱਛੋਂ ਗੱਲ ਕਰਦੇ ਰਹੇ।
ਰਾਹਤ ਕਾਰਜਾਂ ’ਚ ਵਿਗਿਆਨ ਦੇ ਨਾਲ-ਨਾਲ ਧਰਮ ਦਾ ਸਹਾਰਾ ਵੀ ਲਿਆ ਗਿਆ ਅਤੇ ਘਟਨਾ ਵਾਲੀ ਥਾਂ ਦੇ ਬਾਹਰ ਉੱਤਰਾਖੰਡ ਦੇ ਰਾਖੇ ਦੇਵਤਾ ‘ਬਾਬਾ ਬੌਖਨਾਗ’ ਦਾ ਇਕ ਮੰਦਰ ਵੀ ਸਥਾਪਿਤ ਕਰ ਦਿੱਤਾ ਿਗਆ ਜਿੱਥੇ ਹੋਰਨਾਂ ਦੇ ਨਾਲ-ਨਾਲ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਪੂਜਾ ਕੀਤੀ।
ਹੁਣ ਜਦਕਿ ਸਾਡੀਆਂ ਬਚਾਅ ਟੀਮਾਂ ਦੇ ਮੈਂਬਰਾਂ ਦੀ ਮਿਹਨਤ ਅਤੇ ਹਿੰਮਤ ਦੇ ਦਮ ’ਤੇ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਨਿਕਲ ਆਏ ਹਨ, ਅਸੀਂ ਸਾਰੇ ਮਜ਼ਦੂਰਾਂ ਦੀ ਰਾਜ਼ੀ-ਖੁਸ਼ੀ ਵਾਪਸੀ ਅਤੇ ਇਸ ਨੂੰ ਸੰਭਵ ਬਣਾਉਣ ਲਈ ਇਸ ਮਹਾਨ ਸੁਰੱਖਿਆ ਮੁਹਿੰਮ ਦੇ ਨਾਲ ਜੁੜੇ ਮੈਂਬਰਾਂ ਨੂੰ ਹਾਰਦਿਕ ਵਧਾਈ ਦਿੰਦੇ ਹਾਂ।
ਸਰਕਾਰ ਨੂੰ ਇਨ੍ਹਾਂ ਸਾਰੇ ਮਜ਼ਦੂਰਾਂ ਵੱਲੋਂ ਦਿਖਾਏ ਹੌਸਲੇ ਅਤੇ ਆਤਮਵਿਸ਼ਵਾਸ ਲਈ ਅਤੇ ਇਸ ਬੇਹੱਦ ਜੋਖਮ ਭਰੀ ਮੁਹਿੰਮ ਨੂੰ ਸਫਲਤਾਪੂਰਵਕ ਸਿਰੇ ਚੜ੍ਹਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਬਚਾਅ ਟੀਮਾਂ ਦੇ ਮੈਂਬਰਾਂ ਨੂੰ ਢੁੱਕਵਾਂ ਪੁਰਸਕਾਰ ਪ੍ਰਦਾਨ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ
ਚੀਨੀਆਂ ਦੀ ਗਰੀਬੀ ਸੋਸ਼ਲ ਮੀਡੀਆ ’ਤੇ ਦਿਖਣ ਲੱਗੀ
NEXT STORY