ਇਸ ਸਮੇਂ ਸਾਰੀ ਦੁਨੀਆ ’ਚ ਮੱਧ ਪੂਰਬ ’ਚ ਜੰਗਬੰਦੀ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਇਹ ਆਉਣ ਵਾਲੇ ਲੰਬੇ ਸਮੇਂ ਲਈ ਪ੍ਰਭਾਵੀ ਸ਼ਾਂਤੀ ਹੈ ਜਦਕਿ ਹੋਰ ਲੋਕ ਇਸ ਨੂੰ ਘੱਟ ਸਮੇਂ ਦੀ ਜੰਗਬੰਦੀ ਮੰਨਦੇ ਹਨ।
ਇਸ ਸਾਰੇ ਘਟਨਾਚੱਕਰ ’ਚ ਭਾਰਤ ਲਈ ਰਾਹਤ ਦੀ ਗੱਲ ਇਹ ਸੀ ਕਿ ‘ਆਪ੍ਰੇਸ਼ਨ ਸਿੰਧੂ’ ਤਹਿਤ ਈਰਾਨ ਤੋਂ 1400 ਭਾਰਤੀ ਵਿਦਿਆਰਥੀਆਂ ਨੂੰ ਅਤੇ ਇਜ਼ਰਾਈਲ ਤੋਂ 1100 ਵਿਦਿਆਰਥੀਆਂ ਨੂੰ ਕੱਢ ਕੇ ਭਾਰਤ ਲਿਆਂਦਾ ਗਿਆ। ਇਨ੍ਹਾਂ ’ਚੋਂ ਜ਼ਿਆਦਾਤਰ ਮੈਡੀਕਲ ਦੇ ਵਿਦਿਆਰਥੀ ਹਨ।
ਇਸ ਗੱਲ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਕਿਵੇਂ ਸਾਡੇ ਸੁਰੱਖਿਆ ਬਲ ਉਨ੍ਹਾਂ ਨੂੰ ਲੈ ਕੇ ਆਏ ਅਤੇ ਕਿਸ ਤਰ੍ਹਾਂ ਈਰਾਨ ਸਰਕਾਰ ਨੇ ਆਪਣਾ ਹਵਾਈ ਮਾਰਗ ਖੋਲ੍ਹ ਕੇ ਭਾਰਤੀਆਂ ਨੂੰ ਉੇੱਥੋਂ ਨਿਕਲਣ ’ਚ ਸਹਾਇਤਾ ਕੀਤੀ।
ਇਨ੍ਹਾਂ ਦੇਸ਼ਾਂ ਤੋਂ ਵਾਪਸ ਆਏ ਵਿਦਿਆਰਥੀ ਕਿਸੇ ਇਕ ਰਾਜ ਤੋਂ ਨਹੀਂ ਸਗੋਂ ਮੁੰਬਈ (ਮਹਾਰਾਸ਼ਟਰ), ਪਟਨਾ (ਬਿਹਾਰ), ਸਿੱਕਮ, ਜੰਮੂ-ਕਸ਼ਮੀਰ ਅਤੇ ਕਈ ਹੋਰਨਾਂ ਰਾਜਾਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ’ਚੋਂ ਈਰਾਨ ’ਚ ਪੜ੍ਹਨ ਲਈ ਗਏ ਅਨੇਕ ਵਿਦਿਆਰਥੀ ਐੱਮ. ਬੀ. ਬੀ. ਐੱਸ. ਦੀ ਡਿਗਰੀ ਲਈ ਪੜ੍ਹਾਈ ਕਰ ਰਹੇ ਸਨ, ਜਿੱਥੇ ਭਾਰਤ ਦੇ ਮੈਡੀਕਲ ਕਾਲਜਾਂ ਦੀ ਤੁਲਨਾ ’ਚ ਫੀਸ ਘੱਟ ਹੈ।
ਇਸੇ ਤਰ੍ਹਾਂ ਇਜ਼ਰਾਈਲ ਸਥਿਤ ਭਾਰਤੀ ਦੂਤਘਰ ਅਨੁਸਾਰ ਇਜ਼ਰਾਈਲ ’ਚ 827 ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ ਜਦਕਿ ਉੱਥੇ ਇਨ੍ਹਾਂ ਤੋਂ ਇਲਾਵਾ 20,000 ਤੋਂ ਵੱਧ ਭਾਰਤੀ ਦੇਖਭਾਲ ਕਰਨ ਵਾਲੇ (ਨਰਸ ਅਤੇ ਨੌਕਰਾਣੀਆਂ) ਆਦਿ ਜਾਂ ਘਰੇਲੂ ਨੌਕਰਾਂ ਦੇ ਰੂਪ ’ਚ ਕੰਮ ਕਰਦੇ ਹਨ।
ਉੱਥੋਂ ਦੇ ਕੰਸਟਰੱਕਸ਼ਨ ਸੈਕਟਰ ’ਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਨ ਵਾਲੇ 1300 ਤੋਂ ਵੱਧ ਭਾਰਤੀ ਇਜ਼ਰਾਈਲ ’ਚ ਹੀ ਹਨ। ਇਨ੍ਹਾਂ ਦੇ ਇਲਾਵਾ ਕੁਝ ਪੀ. ਐੱਚ. ਡੀ. ਅਤੇ ਪੋਸਟ ਡਾਕਟਰੇਟ ਸਟੱਡੀਜ਼ ਦੇ ਵਿਦਿਆਰਥੀ ਵੀ ਉੱਥੇ ਹਨ। ਇਜ਼ਰਾਈਲੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਸੜਕ ਮਾਰਗ ਰਾਹੀਂ ਜਾਰਡਨ ਜਾਂ ਮਿਸਰ ਭੇਜਿਆ ਜਿੱਥੋਂ ਉਨ੍ਹਾਂ ਨੇ ਭਾਰਤ ਲਈ ਉਡਾਣ ਭਰੀ।
ਇਹ ਗੱਲ ਵੀ ਧਿਆਨ ’ਚ ਰੱਖਣੀ ਹੋਵੇਗੀ ਕਿ ਜਦੋਂ 2022 ’ਚ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗੀ ਤਣਾਅ ਵਧ ਗਿਆ ਸੀ, ਉਦੋਂ ਯੂਕ੍ਰੇਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੇ 18,000 ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ‘ਆਪ੍ਰੇਸ਼ਨ ਗੰਗਾ’ ਦੇ ਤਹਿਤ ਉੱਥੋਂ ਵਾਪਸ ਲਿਆਂਦਾ ਗਿਆ ਸੀ।
ਹਾਲਾਂਕਿ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਨੂੰ ਭਾਰਤ ’ਚ ਇਕ ਪ੍ਰੀਖਿਆ ਪਾਸ ਕਰ ਲੈਣ ਤੋਂ ਬਾਅਦ ਭਾਰਤੀ ਮੈਡੀਕਲ ਕਾਲਜਾਂ ’ਚ ਦਾਖਲਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਯੂਕ੍ਰੇਨ ਨੇ ਭਾਰਤੀ ਵਿਦਿਆਰਥੀਆਂ ਨੂੰ ਕਜ਼ਾਖਿਸਤਾਨ, ਕਿਰਗਿਸਤਾਨ, ਅਫਗਾਨਿਸਤਾਨ, ਅਤੇ ਜਾਰਜੀਆ ’ਚ ਸਥਿਤ ਯੂਨੀਵਰਸਿਟੀਆਂ ’ਚ ਤਬਦੀਲ ਕਰਨ ਦੀ ਪੇਸ਼ਕਸ਼ ਕੀਤੀ ਸੀ।
ਇੱਥੇ ਮਹੱਤਵਪੂਰਨ ਮੁੱਦਾ ਇਹ ਹੈ ਕਿ ਆਖਿਰ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਕਿਉਂ ਜਾਂਦੇ ਹਨ? ਇਸ ਸਮੇਂ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ’ਚ 15 ਲੱਖ, ਆਸਟ੍ਰੇਲੀਆ ’ਚ 9 ਲੱਖ 45 ਹਜ਼ਾਰ, ਕੈਨੇਡਾ ’ਚ 4,85,000, ਜਰਮਨੀ ’ਚ 4,58,210, ਇੰਗਲੈਂਡ ’ਚ 2 ਲੱਖ 47 ਹਜ਼ਾਰ ਅਤੇ ਨਿਊਜ਼ੀਲੈਂਡ ’ਚ 69,000 ਭਾਰਤੀ ਵਿਦਿਆਰਥੀ ਹਨ ਜਦਕਿ ਹੋਰਨਾਂ ਦੇਸ਼ਾਂ ’ਚ ਵੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2 ਲੱਖ ਤੋਂ ਵੱਧ ਹੋਵੇਗੀ।
ਇਕ ਦਿਲਚਸਪ ਗੱਲ ਇਹ ਵੀ ਹੈ ਕਿ ਵਿਦੇਸ਼ਾਂ ’ਚ ਭਾਰਤੀ ਸਭ ਤੋਂ ਮੁਸ਼ਕਿਲ ਵਿਸ਼ਿਆਂ ਜਿਵੇਂ ਕਿ ਮੈਡੀਸਨ, ਇੰਜੀਨੀਅਰਿੰਗ, ਬਿਜ਼ਨੈੱਸ ਮੈਨੇਜਮੈਂਟ, ਅਕਾਊਂਟਸ ਆਦਿ ਦੀ ਚੋਣ ਕਰਦੇ ਹਨ, ਜਿਨ੍ਹਾਂ ’ਚ ਦਾਖਲਾ ਹਾਸਲ ਕਰਨਾ ਅਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਬੁੱਧੀਮਾਨ ਅਤੇ ਮਿਹਨਤੀ ਹੁੰਦੇ ਹਨ।
ਅਮਰੀਕਾ ਆਪਣੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਭਾਰਤੀਆਂ ਨੂੰ ਆਕਰਸ਼ਿਤ ਕਰਦਾ ਹੈ। ਹਾਲਾਂਕਿ ਉੱਥੇ ਫੀਸ ਬਹੁਤ ਜ਼ਿਆਦਾ ਹੈ। ਕਿਉਂਕਿ ਕੈਨੇਡਾ ’ਚ ਵੀ ਸਿੱਖਿਆ ਦੇ ਖੇਤਰ ’ਚ ਕਾਫੀ ਮੌਕੇ ਮੌਜੂਦ ਹਨ, ਇਸ ਲਈ ਵਿਦਿਆਰਥੀ ਉੱਥੇ ਜਾਣਾ ਚਾਹੁੰਦੇ ਹਨ। ਇੰਗਲੈਂਡ ’ਚ ਵੀ ਵਿਸ਼ਵ ਦੀਆਂ ਸਭ ਤੋਂ ਵੱਧ ਵੱਕਾਰੀ ਯੂਨੀਵਰਸਿਟੀਆਂ ਹਨ ਜੋ ਸਰਵਸ੍ਰੇਸ਼ਠ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੰਦੀਆਂ ਹਨ। ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਅਤਿਅੰਤ ਉੱਚ ਪੱਧਰੀ ਹੈ ਅਤੇ ਉਥੋਂ ਦੀ ਆਕਰਸ਼ਕ ਜੀਵਨਸ਼ੈਲੀ ਵੀ ਭਾਰਤੀਆਂ ਨੂੰ ਆਕਰਸ਼ਿਤ ਕਰਦੀ ਹੈ। ਹੋਰਨਾਂ ਯੂਰਪੀ ਦੇਸ਼ਾਂ ਫਰਾਂਸ, ਨੀਦਰਲੈਂਡਸ, ਆਇਰਲੈਂਡ, ਪੋਲੈਂਡ ਅਤੇ ਇਟਲੀ ਵੀ ਵੱਡੀ ਗਿਣਤੀ ’ਚ ਭਾਰਤੀਆਂ ਨੂੰ ਆਕਰਸ਼ਿਤ ਕਰਦੇ ਹਨ।
ਜੇਕਰ ਜਰਮਨੀ ਮੁਫਤ ਸਿੱਖਿਆ ਦੀ ਪੇਸ਼ਕਸ਼ ਕਰਦਾ ਹੈ ਤਾਂ ਹੋਰਨਾਂ ਯੂਰਪੀ ਦੇਸ਼ਾਂ ਦੀ ਫੀਸ ਵੀ ਘੱਟ ਹੈ ਅਤੇ ਉਨ੍ਹਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਬਾਅਦ ’ਚ ਨੌਕਰੀ ਦੇ ਚੰਗੇ ਮੌਕੇ ਮਿਲਦੇ ਹਨ। ਲਿਹਾਜ਼ਾ ਬੁਨਿਆਦੀ ਤੌਰ ’ਤੇ ਬਿਹਤਰ ਭਵਿੱਖ ਅਤੇ ਵਧੀਆ ਜੀਵਨਸ਼ੈਲੀ ਲਈ ਸਾਡੇ ਨੌਜਵਾਨ ਕਦੇ-ਕਦੇ ਇਕੱਲੇਪਨ, ਭੇਦਭਾਵ ਅਤੇ ਹੋਰ ਅਨੇਕ ਤਕਲੀਫਾਂ ਦਾ ਸਾਹਮਣਾ ਖੁਸ਼ੀ-ਖੁਸ਼ੀ ਕਰਦੇ ਹਨ।
ਤਾਂ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਘੱਟ ਲਾਗਤ ’ਤੇ ਭਾਰਤ ’ਚ ਵਧੀਆ ਸਿੱਖਿਆ ਦੀ ਵਿਵਸਥਾ ਨਹੀਂ ਕਰ ਸਕਦੇ? ਇਸ ਸਮੇਂ ਭਾਰਤ ’ਚ 43,796 ਕਾਲਜ ਹਨ।
ਭਾਰਤ ’ਚ ਯੂਨੀਵਰਸਿਟੀਆਂ ਦੀ ਗਿਣਤੀ 1113 ਹੈ ਅਤੇ 11,296 ਸਟੈਂਡ ਅਲੋਨ ਸੰਸਥਾਵਾਂ ਹਨ। ਜ਼ਿਆਦਾਤਰ ਕਾਲਜ ਨਿੱਜੀ ਅਤੇ ਗੈਰ-ਸਰਕਾਰੀ ਸੰਸਥਾਵਾਂ ਹਨ। ਅਜਿਹੇ ਹਾਲਾਤ ’ਚ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੱਧ ਕਾਲਜਾਂ ਨੂੰ ਹੀ ਨਾ ਖੋਲ੍ਹੀਆਂ ਸਗੋਂ ਸਿੱਖਿਆ ’ਚ ਵਿਗਿਆਨ, ਗਣਿਤ ਅਤੇ ਹੋਰਨਾਂ ਵਿਸ਼ਿਆਂ ਦੀ ਗੁਣਵੱਤਾ ਅਤੇ ਡੂੰਘਾਈ ’ਤੇ ਗੰਭੀਰਤਾਪੂਰਵਕ ਜ਼ੋਰ ਦੇਈਏ ਤਾਂ ਕਿ ਸਾਡੀਆਂ ਵਿੱਦਿਅਕ ਸੰਸਥਾਵਾਂ ਸਭ ਤੋਂ ਵਧੀਆ ਹੋਣ।
ਇਹ ਸਮਾਂ ‘ਬ੍ਰੇਨ ਡ੍ਰੇਨ’ ਜਾਂ ਹੋਰਨਾਂ ਦੇਸ਼ਾਂ ’ਚ ਭਾਰਤੀਆਂ ਦੇ ਸਿਖਰ ’ਤੇ ਹੋਣ ’ਤੇ ਮਾਣ ਕਰਨ ਦਾ ਨਹੀਂ ਸਗੋਂ ਸਾਡੇ ਕੋਲ ਭਾਰਤ ’ਚ ਮੌਜੂਦ ਬੇਸ਼ੁਮਾਰ ਪ੍ਰਤਿਭਾ ਅਤੇ ਇਸ ਸਮਰੱਥਾ ਦੀ ਵਰਤੋਂ ਕਰਨ ਅਤੇ ਬਿਹਤਰੀਨ ਕਾਲਜ ਖੋਲ੍ਹਣ ਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਦੁਬਈ ਵਾਂਗ ਉੱਚ ਕੋਟੀ ਦੇ ਅਮਰੀਕੀ ਅਤੇ ਬ੍ਰਿਟਿਸ਼ ਕਾਲਜਾਂ ਨੂੰ ਇਥੇ ਸੰਸਥਾਵਾਂ ਖੋਲ੍ਹਣ ਲਈ ਸੱਦਾ ਤਾਂ ਦੇ ਹੀ ਸਕਦੇ ਹਾਂ।
ਸ਼ਾਂਤੀ ਦੇ ਮੰਚ ਦੀ ਬਜਾਏ ਪ੍ਰਦਰਸ਼ਨ ਦਾ ਰੰਗਮੰਚ ਬਣ ਗਈ ਹੈ ਸੁਰੱਖਿਆ ਪ੍ਰੀਸ਼ਦ
NEXT STORY