ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ ਅਤੇ ਇਸ ’ਚ ਹੋਰ ਵਾਧਾ ਕਰ ਕੇ ਸਰਕਾਰ ਕਈ ਨਵੀਆਂ ਤੇਜ਼ ਰਫਤਾਰ ਰੇਲ ਗੱਡੀਆਂ ਚਲਾ ਰਹੀ ਹੈ ਪਰ ਇਸ ਦੇ ਨਾਲ ਹੀ ਭਾਰਤੀ ਰੇਲਾਂ ’ਚ ਲਗਾਤਾਰ ਹੋ ਰਹੀਆਂ ਛੋਟੀਆਂ-ਮੋਟੀਆਂ ਦੁਰਘਟਨਾਵਾਂ ਸੁਚੇਤ ਕਰ ਰਹੀਆਂ ਹਨ ਕਿ ਭਾਰਤੀ ਰੇਲ ਪ੍ਰਣਾਲੀ ’ਚ ਸਭ ਕੁਝ ਠੀਕ ਨਹੀਂ ਹੈ :
* 26 ਸਤੰਬਰ ਨੂੰ ਸ਼ਕੂਰ ਬਸਤੀ ਤੋਂ ਆਈ ਇਕ ਈ.ਐੱਮ.ਯੂ. (ਇਲੈਕਟ੍ਰਿਕ ਮਲਟੀਪਲ ਯੂਨਿਟ) ਟ੍ਰੇਨ ਮਥੁਰਾ ਜੰਕਸ਼ਨ ਰੇਲਵੇ ਸਟੇਸ਼ਨ ’ਤੇ ਆਉਂਦੇ ਹੀ ਲੀਹ ਤੋਂ ਉਤਰ ਕੇ ਪਲੇਟਫਾਰਮ ’ਤੇ ਚੜ੍ਹ ਗਈ, ਜਿਸ ਕਾਰਨ ਇੱਟ ਉਛਲ ਕੇ ਲੱਗਣ ਨਾਲ ਇਕ ਮੁਸਾਫਰ ਜ਼ਖਮੀ ਹੋ ਗਿਆ।
* 23 ਸਤੰਬਰ ਨੂੰ ਗੁਜਰਾਤ ਦੇ ‘ਵਲਸਾਡ’ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਕੁਝ ਹੀ ਦੇਰ ਬਾਅਦ ‘ਤਿਰੂਚਿਰਾਪੱਲੀ -ਸ਼੍ਰੀ ਗੰਗਾਨਗਰ ਹਮਸਫਰ ਐਕਸਪ੍ਰੈੱਸ’ ਦੀ ਜੈਨਰੇਟਰ ਵੈਨ ’ਚ ਅੱਗ ਲੱਗ ਗਈ, ਜੋ ਨਾਲ ਵਾਲੇ ਮੁਸਾਫਰ ਡੱਬੇ ’ਚ ਵੀ ਫੈਲ ਗਈ। ਸਮੇਂ ਸਿਰ ਟ੍ਰੇਨ ਨੂੰ ਰੋਕ ਕੇ ਮੁਸਾਫਰਾਂ ਨੂੰ ਉਤਾਰ ਦੇਣ ਕਾਰਨ ਵੱਡੀ ਦੁਰਘਟਨਾ ਟਲ ਗਈ।
* 20 ਸਤੰਬਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ 120 ਟਨ ਭਾਰਾ ਰੇਲ ਇੰਜਣ ਲੀਹੋਂ ਲੱਥ ਗਿਆ।
* 18 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਕਾਨਪੁਰ-ਝਾਂਸੀ ਰੇਲਵੇ ਰੂਟ ’ਤੇ ‘ਪੁਖਰਾਇਆ’ ਸਟੇਸ਼ਨ ਦੇ ਨੇੜੇ ਕਪਲਿੰਗ ਟੁੱਟਣ ਨਾਲ ਕੁਸ਼ੀਨਗਰ ਐਕਸਪ੍ਰੈੱਸ 2 ਹਿੱਸਿਆਂ ’ਚ ਵੰਡੀ ਗਈ। ਅੱਧੀ ਟ੍ਰੇਨ ਇੰਜਣ ਨਾਲ ਅੱਗੇ ਵਧ ਗਈ ਅਤੇ ਅੱਧੀ ਪਿੱਛੇ ਰਹਿ ਗਈ।
* 17 ਸਤੰਬਰ ਨੂੰ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਟ੍ਰੇਨ ਦੇ ਇਕ ਕੋਚ ’ਚ ਬਾਥਰੂਮ ਦੇ ਨੇੜੇ ਲੱਗਾ ਸਟੀਲ ਦਾ ਪੈਨਲ ਡਿੱਗ ਜਾਣ ਨਾਲ 2 ਮੁਸਾਫਰ ਜ਼ਖਮੀ ਹੋ ਗਏ।
* 17 ਸਤੰਬਰ ਨੂੰ ਹੀ ਝਾਰਖੰਡ ਦੀ ਰਾਂਚੀ ਰੇਲ ਡਵੀਜ਼ਨ ’ਚ ਵੱਡੀ ਲਾਪ੍ਰਵਾਹੀ ਉਸ ਸਮੇਂ ਸਾਹਮਣੇ ਆਈ ਜਦੋਂ ਗੌਤਮ ਧਾਰਾ ਰੇਲਵੇ ਸਟੇਸ਼ਨ ਦੇ ਨੇੜੇ ਇੰਜੀਨੀਅਰਿੰਗ ਵਿਭਾਗ ਦੇ ਮੁਲਾਜ਼ਮਾਂ ਨੇ ਕੰਮ ਕਰਨ ਪਿੱਛੋਂ ਦੋ ਰੇਲ ਪਟੜੀਆਂ ਨੂੰ ਜੋੜਨ ਵਾਲੀਆਂ ਫਿਸ਼ ਪਲੇਟਾਂ ਨੂੰ ਖੁੱਲ੍ਹਾ ਹੀ ਛੱਡ ਿਦੱਤਾ।
6 ਦਿਨਾਂ ਤਕ ਸੈਮੀ ਹਾਈ ਸਪੀਡ ਟ੍ਰੇਨ ‘ਵੰਦੇ ਭਾਰਤ’ ਅਤੇ ‘ਰਾਜਧਾਨੀ ਐਕਸਪ੍ਰੈੱਸ’ ਸਮੇਤ ਸਭ ਟ੍ਰੇਨਾਂ ਖੁੱਲ੍ਹੀਆਂ ਫਿਸ਼ ਪਲੇਟਾਂ ਵਾਲੀ ਪਟੜੀ ਤੋਂ ਲੰਘਦੀਆਂ ਰਹੀਆਂ ਪਰ ਚੰਗੇ ਭਾਗੀਂ ਇੱਥੇ ਟ੍ਰੇਨਾਂ ਦੀ ਸਪੀਡ ਪ੍ਰਤੀਘੰਟਾ 30 ਕਿਲੋਮੀਟਰ ਹੋਣ ਕਾਰਨ ਕੋਈ ਹਾਦਸਾ ਨਹੀਂ ਵਾਪਰਿਆ। ਜੇ ਪੂਰੀ ਰਫਤਾਰ ਨਾਲ ਟ੍ਰੇਨਾਂ ਦੌੜ ਰਹੀਆਂ ਹੁੰਦੀਆਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
* 16 ਸਤੰਬਰ ਨੂੰ ਹਜ਼ਰਤ ਨਿਜਾਮੂਦੀਨ ਰੇਲਵੇ ਸਟੇਸ਼ਨ ਤੋਂ ਮਹਾਰਾਸ਼ਟਰ ਦੇ ‘ਮਿਰਾਜ’ ਜੰਕਸ਼ਨ ਜਾ ਰਹੀ ‘ਦਰਸ਼ਨ ਐਕਸਪ੍ਰੈੱਸ’ ਦਾ ਇੰਜਣ ਅਤੇ ਪਾਵਰ ਕੋਚ ਰਤਲਾਮ-ਦਾਹੋਦ ਰੇਲ ਸੈਕਸ਼ਨ ਦਰਮਿਆਨ ਲੀਹੋਂ ਲੱਥ ਗਏ।
* 15 ਸਤੰਬਰ ਨੂੰ ਰਤਲਾਮ (ਮੱਧ ਪ੍ਰਦੇਸ਼) ਦੇ ਦਾਹੋਦ ਤੋਂ ਆਨੰਦ ਦਰਮਿਆਨ ਚੱਲਣ ਵਾਲੀ ਮੇਮੂ ਸਪੈਸ਼ਲ ਟ੍ਰੇਨ ’ਚ ‘ਜੈਕੋਟ’ ਸਟੇਸ਼ਨ ’ਤੇ ਅਚਾਨਕ ਅੱਗ ਲੱਗ ਗਈ।
* 3 ਸਤੰਬਰ ਨੂੰ ਪਲਵਲ ਤੋਂ ਨਵੀਂ ਦਿੱਲੀ ਜਾ ਰਹੀ ਇਕ ਲੋਕਲ ਟ੍ਰੇਨ ਪ੍ਰਗਤੀ ਮੈਦਾਨ ਨੇੜੇ ਲੀਹੋਂ ਲੱਥ ਗਈ।
ਜਿੱਥੇ ਰੇਲ ਮੁਲਾਜ਼ਮਾਂ ਦੀ ਲਾਪ੍ਰਵਾਹੀ ਅਤੇ ਸੇਵਾ-ਸੰਭਾਲ ’ਚ ਕਮੀ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉੱਥੇ ਕੁਝ ਜਾਗਰੂਕ ਲੋਕ ਅਜਿਹੀਆਂ ਘਟਨਾਵਾਂ ਨੂੰ ਰੋਕਣ ’ਚ ਜਿੱਥੋਂ ਤੱਕ ਸੰਭਵ ਹੋ ਸਕੇ ਆਪਣਾ ਯੋਗਦਾਨ ਵੀ ਪਾ ਰਹੇ ਹਨ।
ਅਜਿਹੀ ਹੀ ਇਕ ਉਦਾਹਰਣ 25 ਸਤੰਬਰ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ’ਚ ‘ਭਾਲੁਕਾ ਰੋਡ ਯਾਰਡ’ ਨੇੜੇ ਦੇਖਣ ਨੂੰ ਮਿਲੀ ਜਿੱਥੇ ‘ਮੁਰਸਲੀਮ ਸ਼ੇਖ’ ਨਾਮੀ 12 ਸਾਲ ਦੇ ਇਕ ਮੁੰਡੇ ਨੇ ਰੇਲ ਪਟੜੀ ’ਚ ਤਰੇੜ ਦੇਖ ਕੇ ਆ ਰਹੀ ਟ੍ਰੇਨ ਨੂੰ ਰੁਕਵਾਉਣ ਲਈ ਆਪਣੀ ਲਾਲ ਕਮੀਜ਼ ਉਤਾਰ ਕੇ ਲਹਿਰਾਉਣੀ ਸ਼ੁਰੂ ਕਰ ਦਿੱਤੀ।
ਲੋਕੋ ਪਾਇਲਟ ਨੇ ਇਸ਼ਾਰਾ ਸਮਝ ਕੇ ਸਹੀ ਸਮੇਂ ’ਤੇ ਐਮਰਜੈਂਸੀ ਬ੍ਰੇਕ ਲਾ ਕੇ ਟ੍ਰੇਨ ਰੋਕ ਿਦੱਤੀ ਜਿਸ ਕਾਰਨ ਸੰਭਾਵਤ ਦੁਰਘਟਨਾ ਟਲ ਗਈ।
ਹਾਲਾਂਕਿ ਉੱਤਰ-ਪੂਰਬ ਸਰਹੱਦੀ ਰੇਲਵੇ ਦੇ ਅਧਿਕਾਰੀਆਂ ਨੇ 26 ਸਤੰਬਰ ਨੂੰ ਇਸ ਮੁੰਡੇ ਨੂੰ ਉਸ ਦੀ ਹਿੰਮਤ, ਫਰਜ਼ ਨਿਭਾਉਣ ਅਤੇ ਹਾਜ਼ਰ ਿਦਮਾਗੀ ਲਈ ਸਰਟੀਫਿਕੇਟ ਅਤੇ ਨਕਦ ਪੁਰਸਕਾਰ ਿਦੱਤਾ ਪਰ ਇੰਨਾ ਹੀ ਕਾਫੀ ਨਹੀਂ।
ਸੰਭਾਵਤ ਰੇਲ ਹਾਦਸਾ ਟਾਲ ਕੇ ਕਈ ਲੋਕਾਂ ਦੀ ਕੀਮਤੀ ਜਾਨ ਅਤੇ ਰੇਲਵੇ ਦੀ ਜਾਇਦਾਦ ਨੂੰ ਨਸ਼ਟ ਹੋਣ ਤੋਂ ਬਚਾਉਣ ਵਾਲੇ ਇਸ ਮੁੰਡੇ ਨੂੰ ਸੂਬਾ ਸਰਕਾਰ ਨੂੰ ਵੀ ਢੁੱਕਵੀਂ ਆਰਥਿਕ ਮਦਦ ਅਤੇ ਵਜ਼ੀਫਾ ਆਦਿ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਦੂਜੇ ਲੋਕਾਂ ਨੂੰ ਵੀ ਪ੍ਰੇਰਣਾ ਮਿਲੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 31 ਮਾਰਚ ਨੂੰ ਏਟਾ ਤੋਂ ਆਗਰਾ ਜਾ ਰਹੀ ਮੁਸਾਫਰ ਰੇਲ ਗੱਡੀ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਉਸ ਸਮੇਂ ਬਚ ਗਈ ਜਦੋਂ ਆਵਾਗੜ੍ਹ ਇਲਾਕੇ ’ਚ ਟੁੱਟੀ ਹੋਈ ਰੇਲ ਪੱਟੜੀ ਵੇਖ ਕੇ ਉਸ ’ਤੇ ਆ ਰਹੀ ਰੇਲ ਗੱਡੀ ਨੂੰ ਖਤਰੇ ਦਾ ਸੰਕੇਤ ਦੇਣ ਲਈ ਉੱਥੋਂ ਲੰਘ ਰਹੀ ਇਕ ਬਜ਼ੁਰਗ ਔਰਤ ਨੇ ਆਪਣੀ ਲਾਲ ਰੰਗ ਦੀ ਸਾੜ੍ਹੀ ਉਤਾਰ ਕੇ ਰੇਲ ਪਟੜੀ ਦੇ ਦਰਮਿਆਨ ਲਹਿਰਾ ਕੇ ਰੇਲ ਰੁਕਵਾਈ।
ਜਿੱਥੇ ਰੇਲ ਹਾਦਸੇ ਰੋਕਣ ’ਚ ਯੋਗਦਾਨ ਦੇਣ ਵਾਲੇ ਸ਼ਲਾਘਾ ਦੇ ਪਾਤਰ ਹਨ ਉੱਥੇ ਸਵਾਲੀਆ ਨਿਸ਼ਾਨ ਲਾਉਂਦੀਆਂ ਰੇਲ ਦੁਰਘਟਨਾਵਾਂ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲ ਕਿਸ ਹੱਦ ਤੱਕ ਵੱਡੀਆਂ ਦੁਰਘਟਨਾਵਾਂ ਦੇ ਕੰਢੇ ’ਤੇ ਹੈ। ਅਜਿਹੀ ਮਾੜੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲ ਦੇ ਕੰਮ ਕਰਨ ਦੇ ਢੰਗ ’ਚ ਤੁਰੰਤ ਸੁਧਾਰ ਿਲਆਉਣ ਅਤੇ ਲਾਪ੍ਰਵਾਹ ਮੁਲਾ਼ਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
--ਵਿਜੇ ਕੁਮਾਰ
ਹਿਮਾਚਲ ਦੇ ਚਾਰੇ-ਪਾਸੇ ਫੈਲਦਾ ਜਾ ਰਿਹਾ ‘ਨਸ਼ੇ ਦਾ ਜਾਲ’
NEXT STORY