ਅੱਜ ਦੇਸ਼ ਦੇ ਕਈ ਸੂਬਿਆਂ ’ਚ ਨਸ਼ੇ ਦੀ ਆਦਤ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ ਅਤੇ ਦੇਵਭੂਮੀ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਸ ਕਾਰਨ ਜਿੱਥੇ ਨੌਜਵਾਨਾਂ ਦੀ ਸਿਹਤ ਨਸ਼ਟ ਹੋ ਰਹੀ ਹੈ, ਉੱਥੇ ਪਰਿਵਾਰ ਵੀ ਉਜੜ ਰਹੇ ਹਨ।
ਹਾਲਤ ਇਹ ਹੋ ਗਈ ਹੈ ਕਿ ਨਸ਼ੇ ਦੀ ਸਮੱਗਲਿੰਗ ਲਈ ਡਰੱਗ ਮਾਫੀਆ ਮੁਟਿਆਰਾਂ ਅਤੇ ਨਾਬਾਲਿਗਾਂ ਤੱਕ ਦੀ ਵਰਤੋਂ ਕਰ ਰਿਹਾ ਹੈ, ਜਿਨ੍ਹਾਂ ’ਚ ਕਾਫੀ ਗਿਣਤੀ ’ਚ ਗੈਰ-ਹਿਮਾਚਲੀ ਲੋਕ ਵੀ ਸ਼ਾਮਲ ਹਨ। ਸੂਬਿਆਂ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਸਭ ਤੋਂ ਵੱਧ ਮਾਮਲੇ ਚਿੱਟੇ ਦੇ ਦਰਜ ਕੀਤੇ ਜਾ ਰਹੇ ਹਨ।
* 25 ਸਤੰਬਰ ਨੂੰ ਕੋਟਖਾਈ ਪੁਲਸ ਨੇ ਦੱਖਣੀ ਦਿੱਲੀ ਦੇ ਇਕ ਨੌਜਵਾਨ ਨੂੰ 10.70 ਗ੍ਰਾਮ ਚਿੱਟੇ ਨਾਲ ਫੜਿਆ।
* 24 ਸਤੰਬਰ ਨੂੰ ਠਿਓਗ ਪੁਲਸ ਨੇ ਗਸ਼ਤ ਦੇ ਦੌਰਾਨ ਨਵੀਂ ਦਿੱਲੀ ਦੀ ਇਕ ਨਾਬਾਲਿਗ ਕੁੜੀ ਕੋਲੋਂ 20.42 ਗ੍ਰਾਮ ਚਿੱਟਾ ਬਰਾਮਦ ਕੀਤਾ।
* 24 ਸਤੰਬਰ ਨੂੰ ਹੀ ਨਾਰਾਇਨਟੀ ਜੰਗਲ ’ਚ ਇਕ ਵਾਹਨ ਸਵਾਰ ਵਿਅਕਤੀ ਕੋਲੋਂ 21.54 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।
* 23 ਸਤੰਬਰ ਨੂੰ ਕੁੱਲੂ ਪੁਲਸ ਨੇ ਤਲੌਗੀ ’ਚ ਇਕ ਹੋਟਲ ਤੋਂ ਅੰਮ੍ਰਿਤਸਰ ਦੇ ਵਾਸੀ ਨੌਜਵਾਨ ਕੋਲੋਂ 16 ਗ੍ਰਾਮ ਚਿੱਟਾ ਬਰਾਮਦ ਕੀਤਾ।
* 20 ਸਤੰਬਰ ਨੂੰ ਰਾਮਪੁਰ ਪੁਲਸ ਨੇ ਕੁੱਲੂ ਜ਼ਿਲੇ ਦੇ 2 ਸਕੇ ਭਰਾਵਾਂ ਨੂੰ 28.6 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤਾ।
* 14 ਸਤੰਬਰ ਨੂੰ ਮਾਜਰਾ ਥਾਣਾ ਪੁਲਸ ਨੇ ਇਕ ਕਾਰ ’ਚੋਂ 54.4 ਕਿਲੋ ਚੂਰਾ-ਪੋਸਤ ਬਰਾਮਦ ਕਰ ਕੇ ਰਾਜਸਥਾਨ ਅਤੇ ਹਰਿਆਣਾ ਦੇ 3 ਮੁਲਜ਼ਮਾਂ ਨੂੰ ਫੜਿਆ।
* 14 ਸਤੰਬਰ ਨੂੰ ਹੀ ਬਿਲਾਸਪੁਰ ਜ਼ਿਲੇ ਦੇ ਭਰਾੜੀ ਥਾਣਾ ਦੀ ਪੁਲਸ ਨੇ ਇਕ ਕਾਰ ਸਵਾਰ ਨੂੰ 2.47 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤਾ।
* 7 ਸਤੰਬਰ ਨੂੰ ਮਨਾਲੀ ’ਚ ਇਕ ਪੁਲਸ ਜਵਾਨ ਸਮੇਤ 4 ਲੋਕਾਂ ਨੂੰ 5.12 ਗ੍ਰਾਮ ਚਿੱਟੇ ਨਾਲ ਅਤੇ 3 ਨੌਜਵਾਨਾਂ ਨੂੰ 16 ਗ੍ਰਾਮ ਚਿੱਟੇ ਨਾਲ ਫੜਿਆ ਗਿਆ।
ਸੂਬੇ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸੂਬੇ ’ਚ ਵਧ ਰਹੀ ਨਸ਼ੇ ਦੀ ਬੁਰਾਈ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਨਸ਼ਾ ਸਮੱਗਲਿੰਗ ’ਚ ਗ੍ਰਿਫਤਾਰ ਮੁਲਜ਼ਮਾਂ ਨਾਲ ਹਿਮਾਚਲ ਪ੍ਰਦੇਸ਼ ਦੀਆਂ ਜੇਲਾਂ ਭਰ ਗਈਆਂ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ 307 ਕਿਲੋਮੀਟਰ ਲੰਬੀ ਸਰਹੱਦ ਨੂੰ ਸੀਲ ਕਰਨਾ ਇਕ ਚੁਣੌਤੀ ਹੈ। ਸੂਬਾਈ ਵਿਧਾਨ ਸਭਾ ’ਚ ਉਨ੍ਹਾਂ ਮੰਨਿਆ ਕਿ ਜਨਜਾਤੀ ਖੇਤਰਾਂ ਸਮੇਤ ਸੂਬੇ ਦੇ ਚਾਰੇ ਪਾਸੇ ਨਸ਼ੇ ਨੇ ਪੈਰ ਟਿਕਾ ਲਏ ਹਨ, ਜਿਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਇਸ ਦੇ ਖਾਤਮੇ ਲਈ ਫੈਸਲਾਕੁੰਨ ਲੜਾਈ ਲੜੇਗੀ।
ਸ਼੍ਰੀ ਅਗਨੀਹੋਤਰੀ ਮੁਤਾਬਕ, ‘‘ਇਸ ਸਾਲ 1 ਜਨਵਰੀ ਤੋਂ 31 ਅਗਸਤ ਤਕ ਪੁਲਸ ਨੇ 11.50 ਕਿਲੋ ਚਿੱਟਾ ਫੜਿਆ ਹੈ ਜਦਕਿ ਬੀਤੇ ਸਾਲ 7.82 ਕਿਲੋ ਚਿੱਟਾ ਫੜਿਆ ਗਿਆ ਸੀ। ਜਨਵਰੀ 2022 ਤੋਂ 31 ਅਗਸਤ 2023 ਤਕ 4445 ਮੁਲਜ਼ਮਾਂ ਨੂੰ ਪੁਲਸ ਨੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ।’’
‘‘ਸਰਕਰ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥ ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਸਖਤ ਕਦਮ ਚੁੱਕੇ ਹਨ ਅਤੇ ਉਨ੍ਹਾਂ ਦੀਆਂ 14.33 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ।’’
‘‘ਸੂਬੇ ’ਚ ਚਿੱਟੇ ਦਾ ਕਾਰੋਬਾਰ ਵਿਦੇਸ਼ਾਂ ਤੋਂ ਸੰਚਾਲਿਤ ਹੋ ਰਿਹਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ’ਚ ਬੈਠੇ ਸਮੱਗਲਰ ਨਸ਼ੇ ਦੀ ਖੇਪ ਹਿਮਾਚਲ ਪ੍ਰਦੇਸ਼ ’ਚ ਪਹੁੰਚਾ ਰਹੇ ਹਨ। ਇਕ ਕਿੰਗਪਿਨ ਨਾਈਜੀਰੀਆਈ ਦਾ ਵੀ ਫੜਿਆ ਗਿਆ ਹੈ।’’
ਉਨ੍ਹਾਂ ਕਿਹਾ ਕਿ ਹਿਮਾਚਲ ਵਿਧਾਨ ਸਭਾ ’ਚ ਇਕ ਕਾਨੂੰਨ ਪਾਸ ਕਰ ਕੇ ਕੇਂਦਰ ਨੂੰ ਭੇਜਿਆ ਗਿਆ ਹੈ, ਜਿਸ ’ਚ 5 ਗ੍ਰਾਮ ਤੋਂ ਘੱਟ ਚਿੱਟਾ ਫੜੇ ਜਾਣ ’ਤੇ ਵੀ ਦੋਸ਼ੀਆਂ ਨੂੰ ਜ਼ਮਾਨਤ ਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਇਸ ਸਮੇਂ ਅਜਿਹੇ ਦੋਸ਼ੀਆਂ ਨੂੰ ਜ਼ਮਾਨਤ ਮਿਲ ਜਾਂਦੀ ਹੈ।
ਵਰਨਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕੇ ਪਹਿਲਾਂ ਹੀ ‘ਡਰੱਗ ਟੂਰਿਜ਼ਮ’ ਲਈ ਬਦਨਾਮ ਹਨ ਅਤੇ ਦੇਸ਼-ਵਿਦੇਸ਼ ਤੋਂ ਨਸ਼ੇ ਦੇ ਸ਼ੌਕੀਨ ਲੋਕ ਹਿਮਾਚਲ ਦੇ ਕੁਝ ਇਲਾਕਿਆਂ ’ਚ ਇਸ ਲਈ ਘੁੰਮਣ ਆਉਂਦੇ ਹਨ ਕਿਉਂਕਿ ਉੱਥੇ ਸਭ ਤਰ੍ਹਾਂ ਦਾ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ।
ਅਜਿਹੀ ਹਾਲਤ ’ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਸੂਬੇ ’ਚ ਨਸ਼ੇ ਨੂੰ ਲੈ ਕੇ ਚਿੰਤਾ ਸੁਭਾਵਿਕ ਹੈ। ਇਸ ਲਈ ਜੇ ਇਸ ਸਮੱਸਿਆ ’ਤੇ ਤੁਰੰਤ ਕੰਟ੍ਰੋਲ ਨਾ ਕੀਤਾ ਗਿਆ ਤਾਂ ਇਹ ਬੇਕਾਬੂ ਹੋ ਕੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗੀ। ਇਸ ਦੇ ਨਾਲ ਹੀ ਹਿਮਾਚਲ ਦੀ ਉਸ ਸਾਖ ਨੂੰ ਵੀ ਢਾਅ ਵੱਜੇਗੀ ਜੋ ਹਿਮਾਚਲ ਦੇ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕਾਂ ਨੇ ਸਾਲਾਂ ਦੀ ਮਿਹਨਤ ਨਾਲ ਬਣਾਈ ਹੈ।
- ਵਿਜੇ ਕੁਮਾਰ
ਜਾਨਲੇਵਾ ਦੁਰਘਟਨਾਵਾਂ ਰੋਕਣ ਲਈ ਜਰਜਰ ਪੁਲਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ
NEXT STORY