ਦੇਸ਼ ਵਿਚ ਕੁਝ ਸਮੇਂ ਤੋਂ ਵਿਰੋਧੀ ਪਾਰਟੀਆਂ ਦੀ ਏਕਤਾ ਦੇ ਯਤਨ ਹੋ ਰਹੇ ਹਨ। ਇਸੇ ਦਿਸ਼ਾ ’ਚ ਇਕ ਯਤਨ ਹਾਲ ਹੀ ’ਚ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਅਹੁਦਿਆਂ ਦੇ ਲਈ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਦੇ ਰੂਪ ’ਚ ਯਸ਼ਵੰਤ ਸਿਨ੍ਹਾ ਅਤੇ ਮਾਰਗ੍ਰੇਟ ਅਲਵਾ ਦੇ ਨਾਵਾਂ ’ਤੇ ਸਹਿਮਤੀ ਦੇ ਰੂਪ ’ਚ ਸਾਹਮਣੇ ਆਇਆ ਸੀ ਪਰ ਜਲਦੀ ਹੀ ਕੁਝ ਕੁ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਵਾਅਦੇ ਤੋਂ ਪਲਟ ਜਾਣ ਦੇ ਕਾਰਨ ਇਹ ਯਤਨ ਸਫਲ ਨਾ ਹੋ ਸਕਿਆ। ਅਜਿਹੇ ਮਾਹੌਲ ਦੇ ਦਰਮਿਆਨ ਨਾਟਕੀ ਘਟਨਾਕ੍ਰਮ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ 10 ਅਗਸਤ ਨੂੰ ਮਹਾਗਠਜੋੜ ਦੇ ਪੁਰਾਣੇ ਸਾਥੀਆਂ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਬਾਅਦ ਵਿਰੋਧੀ ਧਿਰ ਦੀ ਏਕਤਾ ਦੀ ਦਿਸ਼ਾ ’ਚ ਯਤਨ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਛਾ ਸਿਰਫ 2024 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਏਕਤਾ ਨੂੰ ਯਕੀਨੀ ਬਣਾਉਣਾ ਹੀ ਹੈ ਅਤੇ ਉਨ੍ਹਾਂ ਦਾ ਮਕਸਦ ਪ੍ਰਧਾਨ ਮੰਤਰੀ ਬਣਨਾ ਨਹੀਂ।
ਇਸੇ ਕੜੀ ’ਚ ਨਿਤੀਸ਼ 5 ਸਤੰਬਰ ਨੂੰ ਪਟਨਾ ’ਚ ਲਾਲੂ ਯਾਦਵ ਨਾਲ ਮੁਲਾਕਾਤ ਦੇ ਬਾਅਦ 3 ਦਿਨਾ ਦੌਰੇ ’ਤੇ ਦਿੱਲੀ ਪੁੱਜੇ ਜਿਸ ਦੌਰਾਨ ਉਹ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇਲਾਵਾ ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਭਾਕਪਾ ਦੇ ਜਨਰਲ ਸਕੱਤਰ ਡੀ. ਰਾਜਾ, ਭਾਕਪਾ (ਮਾਲੇ) ਦੇ ਨੇਤਾ ਦੀਪਾਂਕਰ ਭੱਟਾਚਾਰੀਅਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ‘ਇਨੈਲੋ’ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲੇ। ਇਨ੍ਹਾਂ ਦੇ ਇਲਾਵਾ ਦਿੱਲੀ ਪ੍ਰਵਾਸ ਦੇ ਦੌਰਾਨ ਨਿਤੀਸ਼ ਕੁਮਾਰ ਨੇ ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਇਕ ਹੋਣ ਦੀ ਅਪੀਲ ਕਰਦੇ ਹੋਏ ਜਦ (ਸ) ਸੁਪਰੀਮੋ ਐੱਚ. ਡੀ. ਕੁਮਾਰਸਵਾਮੀ, ਸਪਾ ਸੁਪਰੀਮੋ ਅਖਿਲੇਸ਼ ਯਾਦਵ ਅਤੇ ਰਾਕਾਂਪਾ ਸੁਪਰੀਮੋ ਸ਼ਰਦ ਯਾਦਵ ਨੂੰ ਵੀ ਮਿਲੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੇਤਾਵਾਂ ਦਰਮਿਆਨ ਬਿਹਾਰ ’ਚ ਗਠਜੋੜ ਦੀ ਮਜ਼ਬੂਤੀ ਦੇ ਨਾਲ ਰਾਜਗ-ਭਾਜਪਾ ਸਰਕਾਰ ਦੇ ਵਿਰੁੱਧ ਵਿਰੋਧੀ ਪਾਰਟੀਆਂ ਦੇ ਦਰਮਿਆਨ ਬਿਹਤਰ ਸਹਿਯੋਗ ਅਤੇ ਤਾਲਮੇਲ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਚੋਣਾਂ ਵਾਲੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਮਜ਼ਬੂਤ ਕਰਨ ਦੇ ਲਈ ਦੋਵਾਂ ਸੂਬਿਆਂ ਦਾ ਦੌਰਾ ਸ਼ੁਰੂ ਕੀਤਾ ਹੋਇਆ ਹੈ। ਪਹਿਲਾਂ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਕਈ ਵਾਰ ਇਨ੍ਹਾਂ ਦੋਵਾਂ ਸੂਬਿਆਂ ਦੇ ਦੌਰੇ ਉਤੇ ਆ ਚੁੱਕੇ ਹਨ। ਇਨ੍ਹਾਂ ਦੌਰਿਆਂ ’ਚ ਅਰਵਿੰਦ ਕੇਜਰੀਵਾਲ ਨੇ ਕਈ ਲੋਕ-ਭਰਮਾਉਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ’ਚ ਬਿਜਲੀ ਦੇ ਬਿੱਲ ਫ੍ਰੀ ਕਰਨ ਅਤੇ ਕਿਸਾਨਾਂ ਨੂੰ ਕਰਜ਼ ਮੁਆਫੀ ਆਦਿ ਕਈ ਰਿਆਇਤਾਂ ਦੇਣਾ ਵੀ ਸ਼ਾਮਲ ਹੈ। ਇਹੀ ਨਹੀਂ 7 ਸਤੰਬਰ ਨੂੰ ਉਹ 2 ਦਿਨ ਦੇ ਹਰਿਆਣਾ ਦੌਰੇ ’ਤੇ ਵੀ ਪਹੁੰਚੇ। ਉੱਥੇ ਉਹ ਕਈ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ। ਦੂਜੇ ਪਾਸੇ ਅੰਦਰੂਨੀ ਬਗਾਵਤ ਦੇ ਕਾਰਨ ਹਾਸ਼ੀਏ ’ਤੇ ਪਹੁੰਚੀ ਕਾਂਗਰਸ ਪਾਰਟੀ ਨੇ ਵੀ ਨਵਜੀਵਨ ਦੀਆਂ ਕੋਸ਼ਿਸ਼ਾਂ ਦੀ ਕੜੀ ’ਚ ਰਾਹੁਲ ਗਾਂਧੀ ਦੀ ਅਗਵਾਈ ’ਚ ਵੱਖ-ਵੱਖ ਮੁੱਦਿਆਂ ’ਤੇ ਜਨਤਾ ਨਾਲ ਸਿੱਧੀ ਗੱਲਬਾਤ ਕਰਨ ਦੇ ਮਕਸਦ ਨਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਆਪਣੀ 3,570 ਕਿ.ਮੀ. ਲੰਬੀ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਜਾਣ ਕੇ ਅਤੇ ਪਾਰਟੀ ’ਚ ਆ ਰਹੀ ਟੁੱਟ-ਭੱਜ ਰੋਕਣ ਦਾ ਮੌਕਾ ਮਿਲੇਗਾ ਜਿਸ ਨਾਲ ਪਾਰਟੀ ਨੂੰ ਲਾਭ ਪਹੁੰਚ ਸਕਦਾ ਹੈ।
‘ਯਾਤਰਾਵਾਂ’ ਦਾ ਭਾਰਤੀ ਸਿਆਸਤ ’ਚ ਬੜਾ ਮਹੱਤਵ ਰਿਹਾ ਹੈ। ਸੀਨੀਅਰ ਭਾਜਪਾ ਨੇਤਾ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ 1980 ਦੇ ਦਹਾਕੇ ’ਚ ‘ਰੱਥ ਯਾਤਰਾ’ ਕੱਢੀ ਸੀ ਜਿਸ ਨਾਲ ਦੇਸ਼ ’ਚ ‘ਰਾਮ ਮੰਦਿਰ ਅੰਦੋਲਨ’ ਨੂੰ ਮਜ਼ਬੂਤੀ ਮਿਲੀ ਸੀ।ਅਜਿਹੇ ਘਟਨਾਕ੍ਰਮ ਦੇ ਦਰਮਿਆਨ ਵਿਰੋਧੀ ਧਿਰ ਦੀ ਏਕਤਾ ਦਾ ਇਕ ਸਬੂਤ ਝਾਰਖੰਡ ’ਚ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਨੇ ਭਰੋਸੇ ਦੀ ਵੋਟ ਹਾਸਲ ਕਰ ਕੇ ਪੇਸ਼ ਕੀਤਾ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਲਾਭ ਦੇ ਅਹੁਦੇ ’ਤੇ ਹੋਣ ਦੇ ਕਾਰਨ ਅਯੋਗ ਐਲਾਨਣ ਦੀ ਸਿਫਾਰਿਸ਼ ਰਾਜਪਾਲ ਨੂੰ ਕੀਤੀ ਸੀ। ਸੀਨੀਅਰ ਭਾਜਪਾ ਨੇਤਾ ਨਿਤਿਨ ਗਡਕਰੀ ਨੇ 27 ਮਾਰਚ, 2021 ਨੂੰ ਕਾਂਗਰਸ ਦੇ ਮਜ਼ਬੂਤ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ ਸੀ, ‘‘ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਸ਼ੁੱਭ ਲੱਛਣ ਨਹੀਂ ਹੈ। ਲੋਕਤੰਤਰ ’ਚ ਵਿਰੋਧੀ ਪਾਰਟੀਆਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਮਜ਼ਬੂਤ ਲੋਕਤੰਤਰ ਦੇ ਲਈ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੈ।’’ ਵਿਰੋਧੀ ਪਾਰਟੀਆਂ ਦੀ ਸ਼ੁਰੂ ਹੋਈ ਏਕਤਾ ਦੀ ਕਵਾਇਦ ਦਾ ਨਤੀਜਾ ਜੋ ਵੀ ਨਿਕਲੇ, ਫਿਲਹਾਲ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ‘ਆਗਾਜ਼ ਤੋ ਅੱਛਾ ਹੈ’ ਅਤੇ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਆਪਸੀ ਹੰਕਾਰ ਅਤੇ ਨਿੱਜੀ ਸਵਾਰਥ ਦਾ ਤਿਆਗ ਕਰ ਕੇ ਅਤੇ ਆਪਣੇ ਮਤਭੇਦ ਭੁਲਾ ਕੇ ਨੇੜੇ ਆ ਸਕਣ ਤਾਂ ਜ਼ਰੂਰ ਹੀ ਉਹ ਕਿਸੇ ਹੱਦ ਤੱਕ ਦੇਸ਼ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਮੁਹੱਈਆ ਕਰਵਾ ਸਕਣਗੇ। ਸੰਘ ਮੁਖੀ ਮੋਹਨ ਭਾਗਵਤ ਨੇ ਵੀ 9 ਅਗਸਤ ਨੂੰ ਕਿਹਾ ਹੈ ਕਿ ‘‘ਇਕ ਨੇਤਾ ਇਕੱਲੇ ਦੇਸ਼ ਦੇ ਸਾਹਮਣੇ ਮੌਜੂਦ ਸਾਰੀਆਂ ਚੁਣੌਤੀਆਂ ਨਾਲ ਨਹੀਂ ਨਜਿੱਠ ਸਕਦਾ ਭਾਵੇਂ ਉਹ ਕਿੰਨਾ ਹੀ ਵੱਡਾ ਨੇਤਾ ਕਿਉਂ ਨਾ ਹੋਵੇ ਅਤੇ ਕੋਈ ਇਕ ਸੰਗਠਨ ਜਾਂ ਪਾਰਟੀ ਦੇਸ਼ ’ਚ ਬਦਲਾਅ ਨਹੀਂ ਲਿਆ ਸਕਦੀ। ਬਦਲਾਅ ਉਦੋਂ ਆਉਂਦਾ ਹੈ ਜਦੋਂ ਆਮ ਲੋਕ ਉਸ ਦੇ ਲਈ ਖੜ੍ਹੇ ਹੁੰਦੇ ਹਨ।’’ ਲਿਹਾਜ਼ਾ ਵਿਰੋਧੀ ਧਿਰ ਦੀ ਏਕਤਾ ਦਾ ਇਹ ਆਗਾਜ਼ ਤੋ ਅੱਛਾ ਹੈ, ਅੰਜਾਮ ਭਵਿੱਖ ਦੇ ਗਰਭ ’ਚ ਹੈ।
–ਵਿਜੇ ਕੁਮਾਰ
ਬੇਂਗਲੁਰੂ : ਪਹਿਲਾਂ ‘ਸਲੱਮ’ ਹੀ ਡੁੱਬਦੇ ਸਨ ਹੜ੍ਹ ’ਚ ਇਸ ਵਾਰ ਪਾਸ਼ ਇਲਾਕੇ ਵੀ ਡੁੱਬੇ!
NEXT STORY