‘ਕੌਮਾਂਤਰੀ ਪੁਲਸ ਸੰਗਠਨ’ ਇੰਟਰਪੋਲ ਦੇ ਜਨਰਲ ਸਕੱਤਰ ਜੁਰਗਨ ਸਟਾਕ ਦਾ ਕਹਿਣਾ ਹੈ ਕਿ ਫਰਵਰੀ, 2022 ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਭੇਜੇ ਗਏ ਹਥਿਆਰ ਅਖੀਰ ਅਪਰਾਧੀਆਂ ਦੇ ਹੱਥਾਂ ’ਚ ਪਹੁੰਚ ਜਾਣਗੇ। ਜੁਰਗਨ ਸਟਾਕ ਦੇ ਅਨੁਸਾਰ ਇਹ ਜੰਗ ਖਤਮ ਹੋਣ ਦੇ ਬਾਅਦ ਕੌਮਾਂਤਰੀ ਬਾਜ਼ਾਰ ’ਚ ਬੰਦੂਕਾਂ ਅਤੇ ਭਾਰੀ ਹਥਿਆਰਾਂ ਦਾ ਹੜ੍ਹ ਆ ਜਾਵੇਗਾ ਇਸ ਲਈ ਉਨ੍ਹਾਂ ਨੇ ਇੰਟਰਪੋਲ ਦੇ ਮੈਂਬਰ ਦੇਸ਼ਾਂ, ਖਾਸ ਕਰਕੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੇਸ਼ਾਂ ਤੋਂ ਇਨ੍ਹਾਂ ਦਾ ਪਤਾ ਲਗਾਉਣ ’ਚ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ। ਜੁਰਗਨ ਸਟਾਕ ਦਾ ਕਹਿਣਾ ਹੈ ਕਿ ‘‘ਜਦੋਂ ਬੰਦੂਕਾਂ ਸ਼ਾਂਤ ਹੋ ਜਾਣਗੀਆਂ (ਯੂਕ੍ਰੇਨ ’ਚ) ਤਾਂ ਅਮਰੀਕਾ ਵਲੋਂ ਯੂਕ੍ਰੇਨ ਨੂੰ ਦਿੱਤੇ ਗਏ ਇਹ ਹਥਿਆਰ ‘ਨਾਜਾਇਜ਼ ਹਥਿਆਰ’ ਬਣ ਜਾਣਗੇ। ਅਸੀਂ ਕਈ ਅਜਿਹੇ ਸੰਘਰਸ਼ਾਂ ਦੀਆਂ ਪਹਿਲੀਆਂ ਉਦਾਹਰਣਾਂ ਤੋਂ ਇਸ ਦੇ ਬਾਰੇ ’ਚ ਜਾਣਦੇ ਹਾਂ। ਅਪਰਾਧੀ ਤਾਂ ਜੰਗ ਦੀ ਸਮਾਪਤੀ ਦੇ ਬਾਅਦ ਇਨ੍ਹਾਂ ਹਥਿਆਰਾਂ ਨੂੰ ਹਾਸਲ ਕਰਨ ’ਤੇ ਆਪਣਾ ਧਿਆਨ ਕੇਂਦਰਿਤ ਵੀ ਕਰ ਚੁੱਕੇ ਹੋਣਗੇ।’’
‘‘ਅਪਰਾਧੀ ਗਿਰੋਹ ਇਨ੍ਹਾਂ ਅਰਾਜਕ ਸਥਿਤੀਆਂ ਅਤੇ ਹਥਿਆਰਾਂ ਦੀ ਉਪਲੱਬਧਤਾ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ’ਚ ਫੌਜ ਵਲੋਂ ਵਰਤੇ ਜਾਣ ਵਾਲੇ ਭਾਰੀ ਹਥਿਆਰ ਤਕ ਸ਼ਾਮਲ ਹੁੰਦੇ ਹਨ। ਇਹ ਹਥਿਆਰ ਕਾਲਾ ਬਾਜ਼ਾਰ ’ਚ ਪਹੁੰਚ ਕੇ ਸਮੱਸਿਆ ਪੈਦਾ ਕਰਨਗੇ। ਕੋਈ ਵੀ ਦੇਸ਼ ਜਾਂ ਖੇਤਰ ਅਲੱਗ-ਥਲੱਗ ਹੋ ਕੇ ਇਸ ਸਮੱਸਿਆ ਨਾਲ ਨਹੀਂ ਨਜਿੱਠ ਸਕਦਾ ਕਿਉਂਕਿ ਇਹ ਗਿਰੋਹ ਸਾਰੀ ਦੁਨੀਆ ’ਚ ਫੈਲੇ ਹੋਏ ਹਨ।’’ ‘‘ਅਸੀਂ ਅਮਰੀਕਾ ਵਲੋਂ ਯੂਕ੍ਰੇਨ ਨੂੰ ਦਿੱਤੇ ਹੋਏ ਅਤੇ ਬਚੇ-ਖੁਚੇ ਹਥਿਆਰਾਂ ਦੇ ਯੂਰਪ ਅਤੇ ਉਸ ਦੇ ਬਾਹਰ ਵੀ ਪਹੁੰਚ ਜਾਣ ਦੀ ਆਸ ਕਰ ਸਕਦੇ ਹਾਂ। ਇਸ ਸੰਬੰਧ ’ਚ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਅਤੇ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਸਮੱਗਲਿੰਗ ਨਾ ਸਿਰਫ ਗੁਆਂਢੀ ਦੇਸ਼ਾਂ ਸਗੋਂ ਹੋਰ ਟਾਪੂਆਂ ’ਚ ਵੀ ਕੀਤੀ ਜਾਵੇਗੀ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਟਰਪੋਲ ਨੇ ਮੈਂਬਰ ਦੇਸ਼ਾਂ ਤੋਂ ਹਥਿਆਰਾਂ ਨੂੰ ‘ਟ੍ਰੈਕ ਐਂਡ ਟ੍ਰੇਸ’ ਕਰਨ ’ਚ ਮਦਦ ਕਰਨ ਦੇ ਲਈ ਆਪਣੇ ਡਾਟਾਬੇਸ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ, ‘‘ਅਪਰਾਧੀ ਹਰ ਤਰ੍ਹਾਂ ਦੇ ਹਥਿਆਰਾਂ ’ਚ ਰੁਚੀ ਰੱਖਦੇ ਹਨ... ਕੋਈ ਵੀ ਅਜਿਹਾ ਹਥਿਆਰ ਜਿਸ ਨੂੰ ਹੱਥਾਂ ’ਚ ਲੈ ਕੇ ਵਰਤੋਂ ਕੀਤੀ ਜਾ ਸਕਦੀ ਹੋਵੇ, ਉਸ ਦੀ ਅਪਰਾਧਿਕ ਮਕਸਦਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ।’’
ਵਰਨਣਯੋਗ ਹੈ ਕਿ ਰੂਸ ਵਲੋਂ ਯੂਕ੍ਰੇਨ ’ਤੇ ਜੰਗ ਛੇੜੇ ਜਾਣ ਤੋਂ ਬਾਅਦ ਤੋਂ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਨੇ ਉਸ ਨੂੰ ਅਤਿਆਧੁਨਿਕ ਫੌਜੀ ਹਥਿਆਰਾਂ ਦੀਆਂ ਕਈ ਖੇਪਾਂ ਭੇਜੀਆਂ ਹਨ। ਅਜੇ ਹਾਲ ਹੀ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਸੀ ਕਿ ਉਹ ਯੂਕ੍ਰੇਨ ਨੂੰ ਉੱਨਤ ਮਿਜ਼ਾਈਲ ਸਿਸਟਮ ਅਤੇ ਜੰਗ ਸਮੱਗਰੀ ਦੀ ਸਪਲਾਈ ਕਰਨਗੇ। 20 ਸਾਲ ਲੰਬੇ ਸੰਘਰਸ਼ ਤੋਂ ਬਾਅਦ ਸਾਲ 2021 ’ਚ ਅਫਗਾਨਿਸਤਾਨ ਤੋਂ ਅਮਰੀਕਾ ਦੇ ਬਾਹਰ ਨਿਕਲਣ ਤੋਂ ਬਾਅਦ ਭਾਰੀ ਮਾਤਰਾ ’ਚ ਪਿੱਛੇ ਛੱਡੇ ਗਏ ਅਤਿਆਧੁਨਿਕ ਫੌਜੀ ਉਪਕਰਨ ਅਤੇ ਹਥਿਆਰ ਤਾਲਿਬਾਨ ਦੇ ਹੱਥ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ ਇਰਾਕ ਅਤੇ ਸੀਰੀਆ ਤੋਂ ਵੀ ਜਦੋਂ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਦੀਆਂ ਫੌਜਾਂ ਨਿਕਲੀਆਂ ਸਨ ਤਾਂ ਉਦੋਂ ਵੀ ਅਜਿਹਾ ਹੀ ਹੋਇਆ ਸੀ। ਜੁਰਗਨ ਸਟਾਕ ਦੇ ਅਨੁਸਾਰ ਰੂਸ-ਯੂਕ੍ਰੇਨ ਜੰਗ ਦੇ ਕਾਰਨ ਵੱਡੇ ਪੈਮਾਨੇ ’ਤੇ ਖਾਦਾਂ ਅਤੇ ਈਂਧਨ ਚੋਰੀ ਤੋਂ ਲੈ ਕੇ ਨਕਲੀ ਐਗਰੋਕੈਮੀਕਲਸ ਦੇ ਕਾਰੋਬਾਰ ’ਚ ਵੀ ਭਾਰੀ ਵਾਧਾ ਹੋਇਆ ਹੈ। ਇਹ ਉਤਪਾਦ ਪਹਿਲਾਂ ਤੋਂ ਕਿਤੇ ਵੱਧ ਮੁੱਲਵਾਨ ਬਣ ਗਏ ਹਨ। ਇਹ ਮੰਨਿਆ ਜਾਂਦਾ ਹੈ ਕਿ ਇੰਟਰਪੋਲ ਨਾ ਤਾਂ ਇਨ੍ਹਾਂ ਮਾਮਲਿਆਂ ਅਤੇ ਨਾ ਹੀ ਕਥਿਤ ਜੰਗੀ ਅਪਰਾਧਾਂ ਦੀ ਜਾਂਚ-ਪੜਤਾਲ ਕਰ ਰਿਹਾ ਹੈ ਕਿਉਂਕਿ ਸੰਗਠਨ ਦਾ ਸੰਵਿਧਾਨ ਇਸ ਨੂੰ ਸਿਆਸੀ ਸਰਗਰਮੀਆਂ ’ਚ ਦਖਲਅੰਦਾਜ਼ੀ ਕਰਨ ਤੋਂ ਰੋਕਦਾ ਹੈ ਅਤੇ ਉਸ ਨੂੰ ਨਿਰਪੱਖ ਰਹਿਣਾ ਹੁੰਦਾ ਹੈ।
ਰੂਸ-ਯੂਕ੍ਰੇਨ ਜੰਗ ਦੀ ਸਮਾਪਤੀ ਤੋਂ ਬਾਅਦ ਉਥੇ ਅਮਰੀਕਾ ਵਲੋਂ ਛੱਡੇ ਗਏ ਬਚੇ-ਖੁਚੇ ਹਥਿਆਰਾਂ ਦੇ ‘ਗਲਤ ਹੱਥਾਂ ’ਚ ਪਹੁੰਚਣ’ ਤੋਂ ਪੈਦਾ ਹੋਏ ਖਤਰਿਆਂ ਦੇ ਸੰਬੰਧ ’ਚ ਇੰਟਰਪੋਲ ਦੇ ਜਨਰਲ ਸਕੱਤਰ ਜੁਰਗਨ ਸਟਾਕ ਵਲੋਂ ਪ੍ਰਗਟਾਏ ਖਦਸ਼ੇ ਨੂੰ ਨਿਰਾਧਾਰ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਅਤੀਤ ’ਚ ਜਿਥੇ ਅਫਗਾਨਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ, ਉਥੇ ਹੀ ਤੁਰਕੀ, ਇਰਾਕ ਅਤੇ ਮੱਧ ਪੂਰਬ ਦੇ ਦੇਸ਼ਾਂ ਦੇ ਨਾਲ-ਨਾਲ ਯੂਰਪ ਦੇ ਦੇਸ਼ਾਂ ’ਚ ਵੀ ਇਨ੍ਹਾਂ ਦੇ ਪਹੁੰਚਣ ਨਾਲ ਨਵੀਂ ਸਮੱਸਿਆ ਖੜ੍ਹੀ ਹੋ ਸਕਦੀ ਹੈ। ਦੂਜੀ ਵਿਸ਼ਵ ਜੰਗ ਦੇ ਬਾਅਦ ਤੋਂ ਹੁਣ ਤਕ ਦੇ ਲੰਬੇ ਵਕਫੇ ਤੋਂ ਪਹਿਲਾਂ ਕਿਤੇ ਵੱਧ ਖਤਰਨਾਕ ਹਥਿਆਰ ਆ ਚੁੱਕੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਅਮਰੀਕਾ ਰੂਸ-ਯੂਕ੍ਰੇਨ ਜੰਗ ਦੇ ਬਾਅਦ ਆਪਣੇ ਬਚੇ-ਖੁਚੇ ਹਥਿਆਰ ਵਾਪਸ ਲੈ ਜਾਵੇਗਾ ਜਾਂ ਉਥੇ ਛੱਡ ਜਾਵੇਗਾ।
ਕੀ ਭਾਰਤ ਦੇ ਅਫਗਾਨਿਸਤਾਨ ’ਚ ਕੂਟਨੀਤਕ ਹਿੱਤ ਹਨ
NEXT STORY