ਅੱਜਕੱਲ ਲੋਕ ਕਾਰੋਬਾਰ ਅਤੇ ਸੈਰ-ਸਪਾਟੇ ਆਦਿ ਦੇ ਦੌਰਾਨ ਸਮਾਂ ਬਚਾਉਣ ਲਈ ਬੱਸਾਂ ਅਤੇ ਰੇਲਗੱਡੀਆਂ ਦੀ ਬਜਾਏ ਜਹਾਜ਼ ਯਾਤਰਾਵਾਂ ਨੂੰ ਪਹਿਲ ਦੇਣ ਲੱਗੇ ਹਨ। ਇਸੇ ਕਾਰਨ ਜਹਾਜ਼ ਯਾਤਰੀਆਂ ਦੇ ਵਾਧੇ ਨੂੰ ਦੇਖਦੇ ਹੋਏ ਜਹਾਜ਼ ਸੇਵਾਵਾਂ ’ਚ ਵਿਸਥਾਰ ਤੋਂ ਇਲਾਵਾ ਨਵੇਂ-ਨਵੇਂ ਹਵਾਈ ਅੱਡੇ ਵੀ ਬਣਨ ਲੱਗੇ ਹਨ।
ਇਸ ਦੇ ਨਾਲ ਹੀ ਜਹਾਜ਼ਾਂ ਦੇ ਰੱਖ-ਰਖਾਅ ’ਚ ਕਮੀਆਂ ਅਤੇ ਤਕਨੀਕੀ ਖਾਮੀਆਂ ਦੇ ਕਾਰਨ ਜਹਾਜ਼ ਯਾਤਰਾ ਦੀ ਸਹੂਲਤ ਜਾਨ ਲਈ ਖਤਰਾ ਵੀ ਬਣਨ ਲੱਗੀ ਹੈ ਅਤੇ ਇਨ੍ਹਾਂ ’ਚ ਸੁਰੱਖਿਆ ’ਤੇ ਸਵਾਲ ਵੀ ਉੱਠਣ ਲੱਗੇ ਹਨ, ਜਿਨ੍ਹਾਂ ਦੀਆਂ ਪਿਛਲੇ 3 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 21 ਜੁਲਾਈ ਨੂੰ ‘ਤਿਰੂਪਤੀ’ (ਅਾਂਧਰਾ ਪ੍ਰਦੇਸ਼) ਤੋਂ ‘ਹੈਦਰਾਬਾਦ’ (ਤੇਲੰਗਾਨਾ) ਜਾਣ ਵਾਲੀ ‘ਇੰਡੀਗੋ’ ਦੀ ਫਲਾਈਟ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਜਹਾਜ਼ ‘ਤਿਰੂਪਤੀ’ ਤੋਂ ਉਡਾਣ ਭਰਨ ਤੋਂ ਬਾਅਦ 40 ਿਮੰਟ ਤੱਕ ਆਕਾਸ਼ ’ਚ ਹੀ ਮੰਡਰਾਉਂਦਾ ਰਿਹਾ ਜਿਸ ਤੋਂ ਬਾਅਦ ਜਹਾਜ਼ ਦੀ ਤਿਰੂਪਤੀ ’ਚ ਹੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
* 12 ਸਤੰਬਰ ਨੂੰ ‘ਕਾਂਡਲਾ’ (ਗੁਜਰਾਤ) ਹਵਾਈ ਅੱਡੇ ਤੋਂ ‘ਮੁੰਬਈ’ ਲਈ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ‘ਸਪਾਈਸਜੈੱਟ’ ਦੇ ਜਹਾਜ਼ ਦਾ ਇਕ ਪਹੀਆ ਨਿਕਲ ਕੇ ਰਨਵੇਅ ’ਤੇ ਡਿੱਗ ਗਿਆ ਜਿਸ ਦੇ ਸਿੱਟੇ ਵਜੋਂ ਜਹਾਜ਼ ਨੂੰ ਹੰਗਾਮੀ ਸਥਿਤੀ ’ਚ ਮੁੰਬਈ ਹਵਾਈ ਅੱਡੇ ’ਤੇ ਉਤਾਰਨਾ ਪਿਆ ਅਤੇ ਇਕ ਵੱਡਾ ਹਾਦਸਾ ਟਲ ਗਿਆ। ਇਸ ਜਹਾਜ਼ ’ਚ 75 ਯਾਤਰੀ ਸਵਾਰ ਸਨ।
* 9 ਅਕਤੂਬਰ ਨੂੰ ‘ਵਿਆਨਾ’ ਤੋਂ ‘ਦਿੱਲੀ’ ਆ ਰਹੇ ‘ਏਅਰ ਇੰਡੀਆ’ ਦੇ ਜਹਾਜ਼ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਉਸ ਨੂੰ ‘ਦੁਬਈ’ ਉਤਾਰਨਾ ਪਿਆ।
* 11 ਅਕਤੂਬਰ ਨੂੰ 76 ਯਾਤਰੀਆਂ ਨੂੰ ਲੈ ਕੇ ‘ਮਦੁਰੈ’ ਤੋਂ ‘ਚੇਨਈ’ ਆ ਰਹੇ ‘ਇੰਡੀਗੋ’ ਦੇ ਇਕ ਜਹਾਜ਼ ਦੇ ‘ਵਿੰਡਸ਼ੀਲਡ’ ’ਚ ਉਡਾਣ ਦੌਰਾਨ ਦਰਾਰ ਪੈਣ ਦਾ ਪਤਾ ਲੱਗਣ ’ਤੇ ਪਾਇਲਟ ਨੇ ਸਾਵਧਾਨੀ ਨਾਲ ਕੰਮ ਲੈਂਦੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ।
* 17 ਅਕਤੂਬਰ ਨੂੰ ‘ਮਿਲਾਨ’ (ਇਟਲੀ) ਤੋਂ ‘ਦਿੱਲੀ’ ਆ ਰਹੇ ‘ਏਅਰ ਇੰਡੀਆ’ ਦੇ ‘ਬੋਇੰਗ 787 ਡਰੀਮ ਲਾਈਨਰ’ ਜਹਾਜ਼ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਉਡਾਣ ਨੂੰ ਰੱਦ ਕਰਨਾ ਪਿਆ ਜਿਸ ਨਾਲ 256 ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ।
* 20 ਅਕਤੂਬਰ ਨੂੰ ‘ਗੁਹਾਟੀ’ ਦੇ ‘ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ’ ਤੋਂ ਡਿਬਰੂਗੜ੍ਹ ਲਈ ਉਡਾਣ ਭਰਨ ਵਾਲੇ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ‘ਬੋਇੰਗ 737 ਮੈਕਸ 8’ ਜਹਾਜ਼ ’ਚ ‘ਰਿੰਗਸ’ ਨਾਲ ਸੰਬੰਧਤ ਸਮੱਸਿਆ ਆ ਜਾਣ ਕਾਰਨ ਜਹਾਜ਼ ਨੂੰ ਵਾਪਸ ‘ਗੁਹਾਟੀ’ ’ਚ ਉਤਾਰਨਾ ਪਿਆ।
* 21 ਅਕਤੂਬਰ ਨੂੰ 166 ਯਾਤਰੀਆਂ ਨੂੰ ਲੈ ਕੇ ‘ਕੋਲਕਾਤਾ’ ਤੋਂ ਸ਼੍ਰੀਨਗਰ ਜਾ ਰਹੇ ‘ਇੰਡੀਗੋ’ ਦੇ ਜਹਾਜ਼ ਦਾ ਉਡਾਣ ਦੇ ਦੌਰਾਨ ਫਿਊਲ ਲੀਕ ਹੋਣ ਲੱਗਾ ਜਿਸ ਦਾ ਸੰਕੇਤ ਮਿਲਦੇ ਹੀ ਪਾਇਲਟ ਨੇ ਨੇੜਲੇ ‘ਏਅਰ ਟ੍ਰੈਫਿਕ ਕੰਟਰੋਲ’ (ਏ. ਟੀ. ਸੀ.) ਨੂੰ ‘ਮੇ-ਡੇ ਕਾਲ’ (ਅਤਿਅੰਤ ਗੰਭੀਰ ਸਥਿਤੀ ’ਚ ਭੇਜਿਆ ਜਾਣ ਵਾਲਾ ਹੰਗਾਮੀ ਸੰਦੇਸ਼) ਕੀਤਾ ਅਤੇ ਇਜਾਜ਼ਤ ਲੈ ਕੇ ਜਹਾਜ਼ ਨੂੰ ‘ਵਾਰਾਣਸੀ’ ਦੇ ‘ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ’ ’ਤੇ ਸੁਰੱਖਿਅਤ ਉਤਾਰ ਲਿਆ।
* 21 ਅਕਤੂਬਰ ਨੂੰ ਹੀ ‘ਏਅਰ ਇੰਡੀਆ’ ਦੇ ‘ਨੇਵਾਰਕ’ (ਅਮਰੀਕਾ) ਜਾਣ ਵਾਲੇ ‘ਬੋਇੰਗ 777’ ਜਹਾਜ਼ ਨੂੰ ਤਕਨੀਕੀ ਖਰਾਬੀ ਦੇ ਕਾਰਨ 3 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਹਵਾ ’ਚ ਰਹਿਣ ਤੋਂ ਬਾਅਦ ‘ਮੁੰਬਈ’ ਪਰਤਣਾ ਪਿਆ। ਉਸ ਸਮੇਂ ਜਹਾਜ਼ ‘ਓਮਾਨ’ ਦੇ ਨੇੜੇ ਪਹੁੰਚ ਚੁੱਕਾ ਸੀ।
* 22 ਅਕਤੂਬਰ ਨੂੰ ‘ਪਥਨਮਥਿੱਟਾ’ (ਕੇਰਲ) ’ਚ ਰਾਸ਼ਟਰਪਤੀ ‘ਦ੍ਰੌਪਦੀ ਮੁਰਮੂ’ ਨੂੰ ‘ਸਬਰੀਮਾਲਾ’ ਲੈ ਜਾ ਰਹੇ ਹੈਲੀਕਾਪਟਰ ਦੇ ਪਹੀਏ ‘ਪ੍ਰਦਮ’ ਸਥਿਤ ‘ਰਾਜੀਵ ਗਾਂਧੀ ਇਨਡੋਰ ਸਟੇਡੀਅਮ’ ’ਚ ਉਤਰਦੇ ਸਮੇਂ ਕੰਕਰੀਟ ਦੇ ਨਵੇਂ ਬਣੇ ਹੈਲੀਪੈਡ ’ਚ ਧੱਸ ਗਏ।
* ਅਤੇ ਹੁਣ 23 ਅਕਤੂਬਰ ਨੂੰ ‘ਦਿੱਲੀ’ ਤੋਂ ‘ਪਟਨਾ’ ਜਾ ਰਹੇ ‘ਸਪਾਈਸਜੈਟ’ ਦੇ ਜਹਾਜ਼ ਦੇ ਉਡਾਣ ਭਰਨ ਦੇ ਤੁਰੰਤ ਬਾਅਦ ਉਸ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਉਸ ਨੂੰ ਵਾਪਸ ਦਿੱਲੀ ਪਰਤਣਾ ਪਿਆ।
ਉਕਤ ਘਟਨਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਜਿਵੇਂ-ਜਿਵੇਂ ਵਿਸ਼ਵ ’ਚ ਜਹਾਜ਼ ਯਾਤਰੀਆਂ ਦੇ ਵਧਣ ਨਾਲ ਜਹਾਜ਼ ਕੰਪਨੀਆਂ ਵਲੋਂ ਉਡਾਣਾਂ ਵਧਾਈਆਂ ਜਾ ਰਹੀਆਂ ਹਨ, ਉਸੇ ਅਨੁਪਾਤ ’ਚ ਜਹਾਜ਼ਾਂ ’ਚ ਤਕਨੀਕੀ ਖਾਮੀਆਂ ਦੇ ਕਾਰਨ ਜਹਾਜ਼ ਯਾਤਰਾਵਾਂ ਅਸੁਰੱਖਿਅਤ ਹੋਣ ਲੱਗੀਆਂ ਹਨ।
ਇਸ ਲਈ ਹਵਾਬਾਜ਼ੀ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਦਾ ਨੋਟਿਸ ਲੈ ਕੇ ਜਹਾਜ਼ਾਂ ਦੀ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਦੀ ਲੋੜ ਹੈ, ਤਾਂ ਕਿ 12 ਜੂਨ, 2025 ਨੂੰ ਅਹਿਮਦਾਬਾਦ ਦੀ ‘ਏਅਰ ਇੰਡੀਆ’ ਜਹਾਜ਼ ਦੁਰਘਟਨਾ, ਜਿਸ ’ਚ ਕੁੱਲ 260 ਲੋਕ ਮਾਰੇ ਗਏ ਸਨ, ਵਰਗੀ ਘਟਨਾ ਦੁਬਾਰਾ ਨਾ ਵਾਪਰੇ।
–ਵਿਜੇ ਕੁਮਾਰ
ਕੀ ਫਿਰਕਾਪ੍ਰਸਤੀ ਜਾਂ ਭ੍ਰਿਸ਼ਟਾਚਾਰ ਤੋਂ ਵੀ ਬਦਤਰ ਹੈ ਜਾਤੀਵਾਦ
NEXT STORY