ਸਾਡੇ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਫਿਰ ਵੀ ਸਮੇਂ-ਸਮੇਂ ’ਤੇ ਜਾਤੀ ਦੇ ਨਾਂ ’ਤੇ ਦਲਿਤ ਭਾਈਚਾਰੇ ਦੇ ਮੈਂਬਰਾਂ ’ਤੇ ਤਸ਼ੱਦਦ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਪੀੜ ਹੋਣੀ ਸੁਭਾਵਿਕ ਹੀ ਹੈ।
ਦਲਿਤ ਤਸ਼ੱਦਦ ਦੀ ਇਕ ਉਦਾਹਰਣ 24 ਅਕਤੂਬਰ ਨੂੰ ਸਾਹਮਣੇ ਆਈ ਜਦੋਂ ਗ੍ਰੇਟਰ ਨੋਇਡਾ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ 15 ਅਕਤੂਬਰ ਨੂੰ ਉੱਚੀ ਜਾਤੀ ਦੇ ਕੁਝ ਲੋਕਾਂ ਦੀ ਹਿੰਸਾ ਦਾ ਸ਼ਿਕਾਰ ਹੋਏ 17 ਸਾਲਾ ਦਲਿਤ ਨੌਜਵਾਨ ‘ਅਨਿਕੇਤ ਜਾਟਵ’ ਨੇ 9 ਦਿਨਾਂ ਤੱਕ ਜੀਵਨ ਅਤੇ ਮੌਤ ਨਾਲ ਜੂਝਦੇ ਰਹਿਣ ਤੋਂ ਬਾਅਦ ਹਸਪਤਾਲ ’ਚ ਦਮ ਤੋੜ ਦਿੱਤਾ।
ਉਸ ਦੀ ਮੌਤ ਤੋਂ ਬਾਅਦ ਵਾਤਾਵਰਣ ਅਤਿਅੰਤ ਤਣਾਅਪੂਰਨ ਹੋ ਗਿਆ ਅਤੇ ਨਿਆਂ ਦੀ ਮੰਗ ਕਰ ਰਹੇ ਅਨਿਕੇਤ ਦੇ ਪਰਿਵਾਰ ਨੂੰ ਉਸ ਦੇ ਅੰਤਿਮ ਸੰਸਕਾਰ ਲਈ ਰਾਜ਼ੀ ਕਰਨ ’ਚ ਅਧਿਕਾਰੀਆਂ ਨੂੰ ਕਾਫੀ ਸਮਾਂ ਲੱਗਾ। ਅਨਿਕੇਤ ਦੀ ਮਾਂ ਆਪਣੀ ਛਾਤੀ ਪਿਟਦੇ ਹੋਏ ‘ਅਰੇ ਅਨੂੰ, ਮੇਰੇ ਅਨੂੰ’ ਕਹਿ ਕੇ ਵਿਰਲਾਪ ਕਰ ਰਹੀ ਸੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਅਨਿਕੇਤ ਇਕ ਮਕੈਨਿਕ ਅਤੇ ਡਰਾਈਵਰ ਸੀ।
15 ਅਕਤੂਬਰ ਨੂੰ ਜਿਸ ਰਾਤ ਉਸ ਦਾ ਜਨਮ ਦਿਨ ਸੀ, ਉਸੇ ਰਾਤ ਉਸ ’ਤੇ ਕਥਿਤ ਉੱਚ ਜਾਤੀ ਦੇ ਲੋਕਾਂ ਨੇ ਹਮਲਾ ਕੀਤਾ ਸੀ। ਅਨਿਕੇਤ ਨੇ ਅਜੇ ਕੇਕ ਕੱਟਿਆ ਹੀ ਸੀ ਕਿ ਉਹ ਲੋਕ ਆ ਗਏ ਜੋ ਅਨਿਕੇਤ ਨੂੰ ਕਈ ਹਫਤਿਆਂ ਤੋਂ ਧਮਕਾਅ ਰਹੇ ਸਨ। ਇਸ ਹਮਲੇ ’ਚ ਅਨਿਕੇਤ ਦੇ ਚਾਚਾ ਸੁਮਿਤ ਵੀ ਜ਼ਖਮੀ ਹੋਏ।
ਅਸਲ ’ਚ ਇਹ ਵਿਵਾਦ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਇਕ ਧਾਰਮਿਕ ਸਮਾਰੋਹ ’ਚ ਕੁਝ ਸਵਰਣ ਨੌਜਵਾਨ ਅਨਿਕੇਤ ਦੇ ਇਕ ਦੋਸਤ ਨੂੰ ਗਾਲ੍ਹਾਂ ਕੱਢ ਰਹੇ ਸਨ ਜਿਸ ਦਾ ਅਨਿਕੇਤ ਨੇ ਵਿਚ-ਬਚਾਅ ਕੀਤਾ ਸੀ ਅਤੇ ਉਸ ਦਿਨ ਦੇ ਬਾਅਦ ਤੋਂ ਹੀ ਅਨਿਕੇਤ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦਾ ਨਤੀਜਾ ਆਖਿਰ 15 ਅਕਤੂਬਰ ਨੂੰ ਅਨਿਕੇਤ ’ਤੇ ਹਮਲੇ ਅਤੇ 24 ਅਕਤੂਬਰ ਨੂੰ ਉਸ ਦੀ ਦੁਖਦਾਈ ਮੌਤ ਦੇ ਰੂਪ ’ਚ ਨਿਕਲਿਆ।
ਆਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ ਸਾਡੇ ਸੰਵਿਧਾਨ ਦੀ ਧਾਰਾ 15 ਜੋ ਜਾਤੀ ਦੇ ਆਧਾਰ ’ਤੇ ਭੇਦਭਾਵ ਨੂੰ ਰੋਕਦੀ ਹੈ, ਧਾਰਾ 17 ਜੋ ਛੂਆ-ਛਾਤ ਦਾ ਖਾਤਮਾ ਕਰਦੀ ਹੈ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਣ) ਕਾਨੂੰਨ, 1989 ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਹੋਣ ਨਾਲ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਕਦੋਂ ਤੱਕ ਅਸੀਂ ਲੋਕ ਉੱਚੀ ਜਾਤੀ ਅਤੇ ਛੋਟੀ ਜਾਤੀ ਵਰਗੇ ਫਜ਼ੂਲ ਵਿਵਾਦਾਂ ’ਚ ਉਲਝੇ ਰਹਾਂਗੇ? ਆਖਿਰ ਅਸੀਂ ਇਨਸਾਨ ਨੂੰ ਇਨਸਾਨ ਕਦੋਂ ਸਮਝਾਂਗੇ?
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਜੰਗਬੰਦੀ ਕਿੰਨੀ ਦੇਰ ਟਿਕੇਗੀ
NEXT STORY