ਦੇਸ਼ ਦੀ ‘ਗ੍ਰੈਂਡ ਓਲਡ ਪਾਰਟੀ’ ਕਾਂਗਰਸ ’ਚ ਲਗਾਤਾਰ ਲੱਗ ਰਹੇ ਖੋਰੇ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਈ ਸੀਨੀਅਰ ਨੇਤਾ ਜਯੋਤਿਰਾਦਿਤਿਆ ਸਿੰਧੀਆ, ਜਿਤਿਨ ਪ੍ਰਸਾਦ, ਅਸ਼ਵਨੀ ਕੁਮਾਰ, ਆਰ. ਪੀ. ਸਿੰਘ ਅਤੇ ਕਪਿਲ ਸਿੱਬਲ ਆਦਿ ਪਾਰਟੀ ਛੱਡ ਚੁੱਕੇ ਹਨ। ਇਸੇ ਮਹੀਨੇ ਹਿਮਾਚਲ ਦੇ ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਦੇ ਆਪਣੇ ਗ੍ਰਹਿ ਸੂਬੇ ’ਚ ਪਾਰਟੀ ਅਹੁਦਾ ਛੱਡਣ ਦੇ ਬਾਅਦ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਵੀ ਪਾਰਟੀ ’ਚ ਚਮਚਿਆਂ ਦੇ ਬੋਲਬਾਲੇ ਦਾ ਦੋਸ਼ ਲਾ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਅਗਲੇ ਹੀ ਦਿਨ 50 ਸਾਲਾਂ ਤੋਂ ਕਾਂਗਰਸ ਦੇ ਨਾਲ ਜੁੜੇ ਗੁਲਾਮ ਨਬੀ ਆਜ਼ਾਦ ਨੇ ਵੀ 26 ਅਗਸਤ ਨੂੰ ਪਾਰਟੀ ਦੀ ਮੈਂਬਰੀ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਕੇ ਧਮਾਕਾ ਕਰ ਦਿੱਤਾ ਅਤੇ ਉਨ੍ਹਾਂ ਦੇ ਸਮਰਥਨ ’ਚ ਇਕ ਸਾਬਕਾ ਮੰਤਰੀ ਸਮੇਤ ਜੰਮੂ-ਕਸ਼ਮੀਰ ਦੇ 18 ਕਾਂਗਰਸੀ ਨੇਤਾਵਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਗੁਲਾਮ ਨਬੀ ਆਜ਼ਾਦ ਨੇ 1973 ’ਚ ਭਲਸਵਾ ਤੋਂ ਕਾਂਗਰਸ ਪਾਰਟੀ ਦੇ ਸਕੱਤਰ ਦੇ ਤੌਰ ’ਤੇ ਸਿਆਸੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ’ਚ ਯੂਥ ਕਾਂਗਰਸ ਦੇ ਪ੍ਰਧਾਨ, ਕੇਂਦਰੀ ਮੰਤਰੀ, ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੂਬੇ ਦੇ ਮੁੱਖ ਮੰਤਰੀ ਸਮੇਤ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ। ਇਸੇ ਮਹੀਨੇ 16 ਅਗਸਤ ਨੂੰ ਕਾਂਗਰਸ ਲੀਡਰਸ਼ਿਪ ਨੇ ਇਨ੍ਹਾਂ ਨੂੰ ਜੰਮੂ-ਕਸ਼ਮੀਰ ਪ੍ਰਦੇਸ਼ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਪਰ ਉਨ੍ਹਾਂ ਨੇ ਇਸ ਦੇ 2 ਘੰਟੇ ਬਾਅਦ ਹੀ ਇਸ ਨੂੰ ਆਪਣੀ ਅਹੁਦਾ ਘਟਾਈ (ਡਿਮੋਸ਼ਨ) ਦੱਸਦੇ ਹੋਏ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲਗਭਗ ਇਕ ਦਹਾਕੇ ਤੋਂ ਸਮੇਂ-ਸਮੇਂ ’ਤੇ ਕਾਂਗਰਸੀ ਲੀਡਰਸ਼ਿਪ ਦੇ ਨਾਲ ਇਨ੍ਹਾਂ ਦੇ ਮਤਭੇਦ ਸਾਹਮਣੇ ਆਉਂਦੇ ਰਹੇ ਹਨ। ਨਵੇਂ ਘਟਨਾਕ੍ਰਮ ’ਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਗੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਨੂੰ ਲਿਖੇ 5 ਸਫਿਆਂ ਦੇ ਪੱਤਰ ’ਚ ਬੇਹੱਦ ਗੰਭੀਰ ਦੋਸ਼ ਲਾਏ ਹਨ ਅਤੇ 2014 ਦੀਅਾਂ ਚੋਣਾਂ ’ਚ ਪਾਰਟੀ ਦੀ ਹਾਰ ਦਾ ਠੀਕਰਾ ਰਾਹੁਲ ਗਾਂਧੀ ਦੇ ਸਿਰ ’ਤੇ ਭੰਨਿਆ ਹੈ।ਗੁਲਾਮ ਨਬੀ ਆਜ਼ਾਦ ਅਨੁਸਾਰ ਜਨਵਰੀ, 2013 ’ਚ ਰਾਹੁਲ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾਉਣ ਦੇ ਬਾਅਦ ਵਧੇਰੇ ਸੀਨੀਅਰ ਅਤੇ ਤਜਰਬੇਕਾਰ ਨੇਤਾਵਾਂ ਦੇ ਫੈਸਲਿਆਂ ਨੂੰ ਤਰਜੀਹ ਦੇਣ ਦੀ ਪ੍ਰੰਪਰਾ ਖਤਮ ਕਰ ਕੇ ਉਨ੍ਹਾਂ ਦੀ ਅਣਦੇਖੀ ਕੀਤੀ ਜਾਣ ਲੱਗੀ ਅਤੇ ਕੁਝ ਨੇਤਾਵਾਂ ਦੀ ਨਵੀਂ ਮੰਡਲੀ ਤਿਆਆਰ ਹੋ ਗਈ। ਰਾਹੁਲ ਨੇ ਕਈ ਮੌਕਿਆਂ ’ਤੇ ਬਚਕਾਨੀਆਂ ਹਰਕਤਾਂ ਕੀਤੀਆਂ।
ਗੁਲਾਮ ਨਬੀ ਆਜ਼ਾਦ ਦੇ ਅਨੁਸਾਰ ਮਈ ਮਹੀਨੇ ’ਚ ਪਾਰਟੀ ਦੇ ਜੈਪੁਰ ਚਿੰਤਨ ਕੈਂਪ ਸਮੇਤ 3-3 ਮੌਕਿਆਂ ’ਤੇ ਕਾਂਗਰਸ ਦੇ ਮੰਥਨ ਕੈਂਪਾਂ ’ਚ ਸ਼ਾਮਲ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਸਿਫਾਰਿਸ਼ਾਂ ਅਤੇ ਸੁਝਾਆਂ ਨੂੰ ਕਦੀ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਹ ਸ਼ਿਕਾਇਤ ਵੀ ਕੀਤੀ ਹੈ ਕਿ ਕਾਂਗਰਸ ’ਚ ਸੰਗਠਨਾਤਮਕ ਸੁਧਾਰਾਂ ਦੀ ਮੰਗ ਕਰਨ ਵਾਲੇ ਜੀ-23 ਸਮੂਹ ਦੇ ਮੈਂਬਰਾਂ ਦੀ ਅਣਦੇਖੀ ਤੇ ਨਿਰਾਦਰ ਕੀਤਾ ਗਿਆ। ਇੱਥੇ ਬਸ ਨਹੀਂ, ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਦੀ ਤਜਵੀਜ਼ਤ ‘ਭਾਰਤ ਜੋੜੋ ਯਾਤਰਾ’ ਦਾ ਵੀ ਵਰਨਣ ਕਰਦੇ ਹੋਏ ਲਿਖਿਆ ਹੈ ਕਿ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਪੂਰੇ ਭਾਰਤ ’ਚ ‘ਕਾਂਗਰਸ ਜੋੜੋ ਯਾਤਰਾ’ ਦੀ ਲੋੜ ਹੈ। ਵਰਨਣਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫੀ ਨੇੜੇ ਸਮਝਿਆ ਜਾਂਦਾ ਹੈ ਅਤੇ ਇਸੇ ਸਾਲ ਉਨ੍ਹਾਂ ਨੂੰ ਪਦਮਭੂਸ਼ਨ ਨਾਲ ਵੀ ਨਿਵਾਜਿਆ ਗਿਆ। ਹਾਲਾਂਕਿ ਉਨ੍ਹਾਂ ਦੇ ਵੱਲੋਂ ਖੁਦ ਦੀ ਪਾਰਟੀ ਬਣਾਉਣ ਦੀ ਚਰਚਾ ਵੀ ਗਰਮ ਹੈ।
ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ’ਚ ਪੂਰੇ ਸਮੇਂ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇ ਜਿਸ ਦੀ ਗੈਰ-ਹਾਜ਼ਰੀ ’ਚ ਪਾਰਟੀ ਦੇ ਸਹੀ ਢੰਗ ਨਾਲ ਕੰਮ ਕਰਨ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ ਪਰ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਹਾਲਾਤ ਦੀ ਗੰਭੀਰਤਾ ਨੂੰ ਮਹਿਸੂਸ ਕਰ ਕੇ ਹਰਕਤ ’ਚ ਨਹੀਂ ਆ ਰਹੀ। 2014 ਤੋਂ ਕਾਂਗਰਸ ਕੇਂਦਰ ’ਚ ਵਿਰੋਧ ਧਿਰ ’ਚ ਹੈ। ਇਸ ਲਈ ਅਜਿਹੇ ਹਾਲਾਤ ’ਚ ਜੇਕਰ ਇਹ ਇਕ ਵਾਰ ਫਿਰ ਦੇਸ਼ ਦੀ ਸਿਆਸਤ ’ਚ ਸਰਗਰਮ ਵਾਪਸੀ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਖੁਦ ਨੂੰ ਤੇਜ਼ ਅਤੇ ਸਰਗਰਮ ਅਗਵਾਈ ਮੁਹੱਈਆ ਕਰਨੀ ਹੋਵੇਗੀ ਅਤੇ ਅਜਿਹਾ ਨੇਤਾ ਸਾਹਮਣੇ ਲਿਆਉਣਾ ਹੋਵੇਗਾ ਜੋ ਅੱਗੇ ਰਹਿ ਕੇ ਪਾਰਟੀ ਦੀ ਅਗਵਾਈ ਅਤੇ ਮਾਰਗਦਰਸ਼ਨ ਮੁਹੱਈਆ ਕਰੇ। ਇਸ ਨਾਲ ਕਾਂਗਰਸ ’ਚ ਪਤਝੜ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਇਕ ਦੇ ਬਾਅਦ ਇਕ ਨੇਤਾ ਇਸ ਨੂੰ ਛੱਡਦੇ ਜਾ ਰਹੇ ਹਨ ਜਿਸ ਨੂੰ ਰੋਕਣ ਅਤੇ ਪਾਰਟੀ ’ਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ ਚੋਟੀ ਦੀ ਲੀਡਰਸ਼ਿਪ ਕੁਝ ਵੀ ਨਹੀਂ ਕਰ ਰਹੀ। ਕਿਸੇ ਵੀ ਪਾਰਟੀ ਲਈ ਇਸ ਤਰ੍ਹਾਂ ਦਾ ਨਜ਼ਰੀਆ ਹਾਨੀਕਾਰਕ ਹੀ ਸਿੱਧ ਹੋ ਸਕਦਾ ਹੈ।
ਅਸਲ ’ਚ ਪਾਰਟੀ ਨੂੰ ਸੱਤਾ ਤੋਂ ਵਾਂਝੇ ਹੋਏ ਇਕ ਦਹਾਕਾ ਹੋਣ ਨੂੰ ਆਇਆ ਹੈ ਪਰ ਅਜੇ ਤੱਕ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ’ਚ ਕੁਝ ਨਵਾਂ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਜਾਂ ਪੂਰੇ ਸਮੇਂ ਦਾ ਪ੍ਰਧਾਨ ਨਿਯੁਕਤ ਕਰਨ ਦਾ ਕੋਈ ਸੰਕੇਤ ਨਹੀਂ ਦਿਖਾਈ ਦੇ ਰਿਹਾ ਹੈ। ਕਾਂਗਰਸ ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮੁਕਾਬਲੇ ਇਕ ਅਜਿਹਾ ਨੇਤਾ ਹੈ ਜੋ ਸੱਤੇ ਦਿਨ ਆਪਣੀ ਪਾਰਟੀ ਲਈ ਕੰਮ ਕਰ ਰਿਹਾ ਹੈ ਅਤੇ ਇਹ ਗੈਰ-ਸਰਗਰਮ ਬੈਠੇ ਹਨ। ਕਾਂਗਰਸ ਦੇ ਨਵੇਂ ਅਤੇ ਪੁਰਾਣੇ ਨੇਤਾਵਾਂ ਦੀ ਨਾਰਾਜ਼ਗੀ ਦੇ ਕਈ ਕਾਰਨਾਂ ’ਚੋਂ ਇਕ ਇਹ ਵੀ ਹੈ ਜਿਸ ਨਾਲ ਪਾਰਟੀ ’ਚ ਸੁਧਾਰ ਨਹੀਂ ਹੋ ਰਿਹਾ। ਕਿਸੇ ਪਾਸਿਓਂ ਨਾ ਕੋਈ ਯਤਨ ਹੋ ਰਿਹਾ ਹੈ ਤੇ ਨਾ ਹੀ ਕੋਈ ਬਦਲਾਅ ਆ ਰਿਹਾ ਹੈ। ਸਿਰਫ ਗੱਲਾਂ ਹੀ ਹੋ ਰਹੀਆਂ ਹਨ। ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ 28 ਦਸੰਬਰ, 1885 ਨੂੰ ਸਥਾਪਿਤ ਕਾਂਗਰਸ ਪਾਰਟੀ ਅੱਜ 137 ਸਾਲ ਦੀ ਹੋ ਗਈ ਹੈ ਪਰ ਇਸ ਅਰਸੇ ’ਚ ਅੱਗੇ ਵਧਣ ਦੀ ਬਜਾਏ ਹਾਸ਼ੀਏ ’ਤੇ ਹੀ ਪਹੁੰਚ ਗਈ ਹੈ!
ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ
NEXT STORY