ਦੇਸ਼ ’ਚ ਵੱਖ-ਵੱਖ ਕਾਰਨਾਂ ਨਾਲ ਲੋਕਾਂ ’ਚ ਆਤਮਹੱਤਿਆ ਦੀ ਬੁਰਾਈ ਤੇਜ਼ੀ ਨਾਲ ਵਧ ਰਹੀ ਹੈ ਜਿਸ ਨਾਲ ਵੱਡੀ ਗਿਣਤੀ ’ਚ ਪਰਿਵਾਰ ਉੱਜੜ ਰਹੇ ਹਨ। ਸਿਰਫ 4 ਦਿਨਾਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ :
* 14 ਸਤੰਬਰ ਨੂੰ ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਗਰਲਫ੍ਰੈਂਡ ਨਾਲ ਰਹਿਣ ਵਾਲੇ ਵਿਅਕਤੀ ਨੇ ਗਰਲਫ੍ਰੈਂਡ ਦੀ ਫਜ਼ੂਲਖਰਚੀ ਤੋਂ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
* 14 ਸਤੰਬਰ ਨੂੰ ਹੀ ਜਗਰਾਓਂ ’ਚ ਪ੍ਰੇਮਿਕਾ ਤੋਂ ਪ੍ਰੇਸ਼ਾਨ ਵਿਆਹੁਤਾ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ, ਜਿਸ ਨਾਲ ਉਸ ਦੀ ਜਾਨ ਚਲੀ ਗਈ।
* 13 ਸਤੰਬਰ ਨੂੰ ਫਰੀਦਕੋਟ ’ਚ ਟ੍ਰੈਵਲ ਏਜੰਟ ਵੱਲੋਂ ਪੁਰਤਗਾਲ ਭੇਜਣ ਦੇ ਨਾਂ ’ਤੇ ਸਾਢੇ 3 ਲੱਖ ਰੁਪਏ ਦੀ ਠੱਗੀ ਕਰਨ ਅਤੇ ਬੈਂਕ ਅਧਿਕਾਰੀਆਂ ਵੱਲੋਂ ਨੌਕਰੀ ਤੋਂ ਕੱਢਣ ਤੋਂ ਪ੍ਰੇਸ਼ਾਨ ਇਕ 40 ਸਾਲਾ ਵਿਅਕਤੀ ਵੱਲੋਂ ਰੁੱਖ ਨਾਲ ਫਾਹਾ ਲੈ ਕੇ ਆਤਮਹੱਤਿਆ ਕਰਨ ਦੇ ਸਿਲਸਿਲੇ ’ਚ ਥਾਣਾ ਪੁਲਸ ਨੇ ਟ੍ਰੈਵਲ ਏਜੰਟ ਅਤੇ ਬੈਂਕ ਅਧਿਕਾਰੀਆਂ ਸਮੇਤ 6 ਲੋਕਾਂ ਵਿਰੁੱਧ ਕੇਸ ਦਰਜ ਕੀਤਾ।
* 13 ਸਤੰਬਰ ਨੂੰ ਹੀ ਡੇਰਾ ਬਾਬਾ ਨਾਨਕ ਦੀ ਇਕ ਬਾਕਸਰ ਲੜਕੀ ਨੇ ਪੰਜਾਬ ਪੁਲਸ ’ਚ ਕਾਂਸਟੇਬਲ ਆਪਣੇ ਮਰਦ ਦੋਸਤ ਵਲੋਂ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ।
* 13 ਸਤੰਬਰ ਨੂੰ ਨਵੀ ਮੁੰਬਈ ’ਚ ਇਕ 16 ਸਾਲਾ ਲੜਕੀ ਨੂੰ ਪ੍ਰੇਸ਼ਾਨ ਕਰ ਕੇ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਇਕ 20 ਸਾਲਾ ਲੜਕੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 13 ਸਤੰਬਰ ਨੂੰ ਭੋਪਾਲ ’ਚ ਆਤਮਹੱਤਿਆ ਕਰਨ ਵਾਲੀ ਇਕ ਔਰਤ ਨੇ ਸੁਸਾਈਡ ਨੋਟ ’ਚ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਦੇ ਚਰਿੱਤਰ ’ਤੇ ਸ਼ੱਕ ਕਰਨ ਕਾਰਨ ਉਸ ਨੂੰ ਟਾਰਚਰ ਕਰਦਾ ਸੀ, ਜਿਸ ਨਾਲ ਉਹ ਆਤਮਹੱਤਿਆ ਕਰਨ ਲਈ ਮਜਬੂਰ ਹੋਈ।
* 13 ਸਤੰਬਰ ਨੂੰ ਗੁਹਾਟੀ ’ਚ ਸਹੁਰਿਆਂ ਵੱਲੋਂ ਦਾਜ ਲਈ ਤੰਗ ਕੀਤੇ ਜਾਣ ਕਾਰਨ ਇਕ ਔਰਤ ਵੱਲੋਂ ਆਤਮਹੱਤਿਆ ਕਰਨ ਦੇ ਸਿਲਸਿਲੇ ’ਚ ਪੁਲਸ ਨੇ ਉਸ ਦੇ ਸਹੁਰਿਆਂ ਵਿਰੁੱਧ ਕੇਸ ਦਰਜ ਕੀਤਾ।
* 13 ਸਤੰਬਰ ਨੂੰ ਹੀ ਗੁਰੂਗ੍ਰਾਮ ’ਚ ਇਕ ਲੜਕੀ ਨਾਲ ਗੈਸਟ ਹਾਊਸ ’ਚ ਜਨਮ ਦਿਨ ਮਨਾਉਣ ਆਏ ਕਾਰੋਬਾਰੀ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਮਾਪਿਆਂ ਨੇ ਲੜਕੀ ’ਤੇ ਦੋਸ਼ ਲਾਇਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਬਲੈਕਮੇਲ ਕਰ ਰਹੀ ਸੀ।
* 12 ਸਤੰਬਰ ਨੂੰ ਪਟਿਆਲਾ ਦੇ ਥਾਣਾ ਘੱਗਾ ਇਲਾਕੇ ’ਚ ਸ਼ਰਾਬੀ ਪਤੀ ਤੋਂ ਪ੍ਰੇਸ਼ਾਨ ਹੋ ਕੇ ਇਕ ਔਰਤ ਨਹਿਰ ’ਚ ਕੁੱਦ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ।
* 12 ਸਤੰਬਰ ਨੂੰ ਹੀ ਅੰਮ੍ਰਿਤਸਰ ’ਚ ਆਪਣੇ ਸਹੁਰਿਆਂ ਤੋਂ ਪ੍ਰੇਸ਼ਾਨ ਇਕ ਮਹਿਲਾ ਵਕੀਲ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ।
* 12 ਸਤੰਬਰ ਰਾਤ ਨੂੰ ਕੋਟਾ ’ਚ ‘ਨੀਟ’ ਪ੍ਰੀਖਿਆ ਦੀ ਤਿਆਰੀ ਕਰ ਰਹੀ 16 ਸਾਲਾ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ।
* 11 ਸਤੰਬਰ ਨੂੰ ਖੰਨਾ ’ਚ ਆਪਣੇ ਮਾਤਾ-ਪਿਤਾ ਦੀ ਮੌਤ ਪਿੱਛੋਂ ਭੈਣ ਅਤੇ ਜੀਜੇ ਨਾਲ ਰਹਿਣ ਵਾਲੇ ਇਕ 12 ਸਾਲਾ ਬੱਚੇ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਜੀਜੇ ਅਨੁਸਾਰ ਹੋ ਸਕਦਾ ਹੈ ਕਿ ਟੀ. ਵੀ. ’ਚ ਕੋਈ ਦ੍ਰਿਸ਼ ਦੇਖਣ ਪਿੱਛੋਂ ਉਸ ਨੇ ਇਹ ਕਦਮ ਉਠਾਇਆ ਹੋਵੇ।
* 11 ਸਤੰਬਰ ਨੂੰ ਹੀ ਕਾਨਪੁਰ ’ਚ ਵਾਰ-ਵਾਰ ਜਬਰ-ਜ਼ਨਾਹ ਦੀ ਸ਼ਿਕਾਰ 17 ਸਾਲਾ ਇਕ ਲੜਕੀ ਵੱਲੋਂ ਜ਼ਹਿਰ ਖਾ ਕੇ ਆਤਮਹੱਤਿਆ ਕਰ ਲੈਣ ਦੇ ਸਿਲਸਿਲੇ ’ਚ ਉਸ ਦੇ ਰਿਸ਼ਤੇਦਾਰ ਵਿਰੁੱਧ ਕੇਸ ਦਰਜ ਕੀਤਾ ਿਗਆ।
ਕਰੀਅਰ ਨਾਲ ਸਬੰਧਤ ਸਮੱਸਿਆਵਾਂ, ਬੁਰਾ ਵਤੀਰਾ, ਹਿੰਸਾ, ਪਰਿਵਾਰਕ ਸਮੱਸਿਆਵਾਂ, ਸ਼ਰਾਬ ਦੀ ਆਦਤ, ਵਿੱਤੀ ਨੁਕਸਾਨ, ਵਿਆਹ ਨਾਲ ਜੁੜੀਅਾਂ ਸਮੱਸਿਆਵਾਂ, ਪ੍ਰੇਮ ਪ੍ਰਸੰਗ, ਕਰਜ਼ਾ, ਕਿਸੇ ਪਿਆਰੇ ਦੀ ਮੌਤ, ਜਾਇਦਾਦ ਸਬੰਧੀ ਝਗੜਾ, ਜਬਰ-ਜ਼ਨਾਹ, ਵੱਖ-ਵੱਖ ਕਾਰਨਾਂ ਨਾਲ ਬਦਨਾਮੀ, ਨਾਜਾਇਜ਼ ਸਬੰਧ ਆਦਿ ਆਤਮਹੱਤਿਆਵਾਂ ਦੇ ਕਾਰਨ ਬਣ ਰਹੇ ਹਨ।
ਲੋਕ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਆਤਮਹੱਤਿਆ ਵਰਗਾ ਵੱਡਾ ਕਦਮ ਉਠਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਨਾਲ-ਨਾਲ ਪਿੱਛੇ ਆਪਣੇ ਪਰਿਵਾਰਾਂ ਨੂੰ ਰੋਂਦੇ-ਵਿਲਕਦੇ ਛੱਡ ਜਾਂਦੇ ਹਨ।
ਸਿੱਟਾ ਇਹੀ ਹੈ ਕਿ ਕਈ ਵਾਰ ਜਦੋਂ ਵਿਅਕਤੀ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਦਾ ਅਤੇ ਉਸ ਨੂੰ ਕੋਈ ਰਸਤਾ ਦਿਖਾਉਣ ਵਾਲਾ ਨਹੀਂ ਮਿਲਦਾ ਤਾਂ ਉਹ ਆਤਮਹੱਤਿਆ ਦਾ ਰਸਤਾ ਅਪਣਾ ਲੈਂਦਾ ਹੈ।
ਇਸ ਦਾ ਇਕ ਮੁੱਖ ਕਾਰਨ ਸਾਂਝੇ ਪਰਿਵਾਰਾਂ ਦਾ ਨਾ ਹੋਣਾ ਵੀ ਹੈ ਕਿਉਂਕਿ ਪਰਿਵਾਰ ’ਚ ਕੋਈ ਵੱਡਾ-ਬਜ਼ੁਰਗ, ਮਾਤਾ-ਪਿਤਾ ਆਦਿ ਨਾ ਹੋਣ ਦੇ ਨਤੀਜੇ ਵਜੋਂ ਨਿਰਾਸ਼ਾ ਦੀ ਸਥਿਤੀ ’ਚ ਰਸਤਾ ਦਿਖਾਉਣ ਵਾਲਾ ਨਾ ਹੋਣ ਕਾਰਨ ਉਦਾਸ ਵਿਅਕਤੀ ਅਜਿਹਾ ਕਦਮ ਉਠਾਉਣ ਨੂੰ ਪ੍ਰੇਰਿਤ ਹੋ ਜਾਂਦਾ ਹੈ।
- ਵਿਜੇ ਕੁਮਾਰ
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਡੇਂਗੂ, ਜੀਕਾ ਅਤੇ ਨਿਪਾਹ ਵਾਇਰਸਾਂ ਦੀ ਦਸਤਕ
NEXT STORY