ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦਾ ਹੜ੍ਹ ਆਇਆ ਹੋਇਆ ਹੈ ਜਿਸ ’ਚ ਆਮ ਲੋਕਾਂ ਦੇ ਨਾਲ-ਨਾਲ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਲ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਦੀ ਇਕ ਨਵੀਂ ਘਟਨਾ ’ਚ ਹੈਦਰਾਬਾਦ (ਤੇਲੰਗਾਨਾ) ’ਚ ਇਕ ਨਾਬਾਲਿਗ ਲੜਕੀ ਨਾਲ 5 ਵਿਦਿਆਰਥੀਆਂ ਵੱਲੋਂ ਕੁੱਟਮਾਰ ਅਤੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰ ’ਚ ਇਹ ਅਪਰਾਧ ਹੋਇਆ, ਉਹ ਤੇਲੰਗਾਨਾ ਦੀ ਸੱਤਾਧਾਰੀ ਪਾਰਟੀ ‘ਤੇਲੰਗਾਨਾ ਰਾਸ਼ਟਰ ਸਮਿਤੀ’ (ਟੀ. ਆਰ. ਐੱਸ.) ਦੇ ਇਕ ਨੇਤਾ ਦੀ ਦੱਸੀ ਜਾਂਦੀ ਹੈ। ਪੁਲਸ ਦੇ ਅਨੁਸਾਰ 28 ਮਈ ਦੀ ਰਾਤ ਨੂੰ ਲੜਕੀ ਕੁਝ ਦੋਸਤਾਂ ਦੁਆਰਾ ਜੁਬਲੀ ਹਿੱਲਸ ਸਥਿਤ ਇਕ ਪਬ ’ਚ ਦਿੱਤੀ ਗਈ ਪਾਰਟੀ ’ਚ ਸ਼ਾਮਲ ਹੋਈ ਸੀ। ਲੜਕੀ ਨਾਲ ਉਸ ਦੀ ਇਕ ਸਹੇਲੀ ਵੀ ਸੀ ਜੋ ਪਹਿਲਾਂ ਹੀ ਆਪਣੇ ਘਰ ਚਲੀ ਗਈ ਸੀ। ਸ਼ਾਮ ਲਗਭਗ 5-ਸਾਢੇ 5 ਵਜੇ ਪੀੜਤ ਲੜਕੀ ਅਤੇ ਦੋਸ਼ੀ ਲੜਕੇ ਪਬ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਲੜਕੀ ਨੂੰ ਉਸ ਦੇ ਘਰ ਤੱਕ ਛੱਡਣ ਦਾ ਆਫਰ ਦਿੱਤਾ ਪਰ ਉਸ ਨੂੰ ਘਰ ਛੱਡਣ ਦੀ ਬਜਾਏ ਦੋਸ਼ੀ ਲੜਕਿਆਂ ਨੇ ਲੜਕੀ ਨੂੰ ਇਕ ਸੁੰਨਸਾਨ ਥਾਂ ਲਿਜਾ ਕੇ ਕਾਰ ’ਚ ਉਸ ਦੇ ਨਾਲ ਵਾਰੀ-ਵਾਰੀ ਗੈਂਗਰੇਪ ਕੀਤਾ ਜਦਕਿ ਇਸ ਦੌਰਾਨ ਉਨ੍ਹਾਂ ਦੇ ਹੋਰ ਸਾਥੀ ਕਾਰ ਦੇ ਬਾਹਰ ਪਹਿਰਾ ਦਿੰਦੇ ਰਹੇ। ਘਰ ਪਹੁੰਚਣ ’ਤੇ ਜਦੋਂ ਲੜਕੀ ਦੇ ਪਿਤਾ ਨੇ ਉਸ ਦੀ ਧੌਣ ’ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਉਸ ਕੋਲੋਂ ਇਸ ਬਾਰੇ ਪੁੱਛਿਆ ਤਾਂ ਉਸ ਸਮੇਂ ਸਦਮੇ ’ਚ ਹੋਣ ਕਾਰਨ ਲੜਕੀ ਆਪਣੇ ਪਿਤਾ ਨੂੰ ਜ਼ਿਆਦਾ ਕੁਝ ਨਾ ਦੱਸ ਸਕੀ।
ਪੀੜਤ ਲੜਕੀ ਦੇ ਪਿਤਾ ਨੇ 31 ਮਈ ਦੀ ਰਾਤ ਨੂੰ ਜੁਬਲੀ ਹਿੱਲਸ ਪੁਲਸ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਕਿ ਉਸ ਦੀ ਧੀ ਨਾਲ ਛੇੜਛਾੜ ਅਤੇ ਕੁੱਟਮਾਰ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਸਦਮੇ ’ਚ ਹੋਣ ਕਾਰਨ ਇਸ ਸਥਿਤੀ ’ਚ ਨਹੀਂ ਹੈ ਕਿ ਇਸ ਘਟਨਾ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇ ਸਕੇ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 354, 323 ਅਤੇ ਪੋਕਸੋ ਕਾਨੂੰਨ ਦੀਆਂ ਧਾਰਾਵਾਂ 9, 10 ਦੇ ਤਹਿਤ ਐੱਫ. ਆਈ. ਆਰ. ਦਰਜ ਕਰ ਲਈ। ਪਰ ਬਾਅਦ ’ਚ ਪੁਲਸ ਨੇ ਅੱਗੇ ਦੀ ਕਾਰਵਾਈ ਕਰਦੇ ਹੋਏ ਜਦੋਂ ਪੀੜਤਾ ਨੂੰ ‘ਭਰੋਸਾ’ ਨਾਂ ਦੇ ਕਾਊਂਸਲਿੰਗ ਸੈਂਟਰ ’ਚ ਭੇਜਿਆ, ਉੱਥੇ ਪੀੜਤਾ ਨੇ ਆਪਣੇ ਨਾਲ ਹੋਈ ਦਰਿੰਦਗੀ ਦੇ ਬਾਰੇ ’ਚ ਵਿਸਥਾਰ ਨਾਲ ਦੱਸਿਆ ਤਾਂ ਉਸ ਦੇ ਬਿਆਨ ਦੇ ਆਧਾਰ ’ਤੇ ਐੱਫ. ਆਈ. ਆਰ. ’ਚ ਤਬਦੀਲੀ ਕਰ ਕੇ ਇਸ ’ਚ ਸਮੂਹਿਕ ਜਬਰ-ਜ਼ਨਾਹ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸ ’ਚ ਆਈ. ਪੀ. ਸੀ. ਦੀ ਧਾਰਾ 376ਡੀ ਵੀ ਜੋੜ ਦਿੱਤੀ ਗਈ। ਲੜਕੀ ਤੋਂ ਮਿਲੀ ਜਾਣਕਾਰੀ ਅਤੇ ਕਾਲ ਡਾਟਾ, ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਦੇ ਬਾਅਦ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਕੇ ਇਨ੍ਹਾਂ ’ਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰਨਾਂ ਦੀ ਭਾਲ ਜਾਰੀ ਹੈ।
ਦੋਸ਼ੀਆਂ ’ਚੋਂ ਇਕ ਅਸਦੁਦੀਨ ਓਵੈਸੀ ਦੀ ਪਾਰਟੀ ‘ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ’ (ਏ. ਆਈ. ਐੱਮ. ਆਈ. ਐੱਮ.) ਦੇ ਵਿਧਾਇਕ ਦਾ ਪੁੱਤਰ, ਦੂਜਾ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਦੇ ਨੇਤਾ ਦਾ ਪੁੱਤਰ ਅਤੇ ਤੀਸਰਾ ਸੂਬੇ ਦੇ ਘੱਟਗਿਣਤੀ ਬੋਰਡ ਦੇ ਚੇਅਰਮੈਨ ਦਾ ਪੁੱਤਰ ਦੱਸਿਆ ਜਾਂਦਾ ਹੈ। ਅਸਦੁਦੀਨ ਓਵੈਸੀ ਦੀ ਪਾਰਟੀ ਅਤੇ ਸੱਤਾਧਾਰੀ ਟੀ. ਆਰ. ਐੱਸ. ਦਰਮਿਆਨ ਚੰਗੇ ਸਬੰਧ ਹਨ। ਇਕ ਦੋਸ਼ੀ ਦੀ ਸ਼ਨਾਖਤ ਸਾਦੁਦੀਨ ਮਲਿਕ ਦੇ ਰੂਪ ’ਚ ਹੋਈ ਹੈ। ਤੇਲੰਗਾਨਾ ਭਾਜਪਾ ਦੇ ਬੁਲਾਰੇ ਕੇ. ਕ੍ਰਿਸ਼ਨਸਾਗਰ ਰਾਓ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਨੂੰ ਦਬਾਉਣ ਲਈ ਪੁਲਸ ’ਤੇ ਏ. ਆਈ. ਐੱਮ. ਆਈ. ਐੱਮ. ਅਤੇ ਟੀ. ਆਰ. ਐੱਸ. ਵੱਲੋਂ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ! ਜਿਸ ਕਾਰ ’ਚ ਅਪਰਾਧ ਹੋਇਆ ਉਸ ਨੂੰ ਜ਼ਬਤ ਕੀਤੇ ਜਾਣ ਦੇ ਬਾਵਜੂਦ ਆਖਿਰ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਭਾਜਪਾ ਨੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਜੁਬਲੀ ਹਿੱਲਸ ਥਾਣੇ ਦੇ ਸਾਹਮਣੇ ਧਰਨਾ ਵੀ ਦਿੱਤਾ। ਪ੍ਰਭਾਵਸ਼ਾਲੀ ਲੋਕਾਂ ਦੇ ਨਾਤੇ, ਰਿਸ਼ਤੇਦਾਰਾਂ ਵੱਲੋਂ ਸੈਕਸ ਅਪਰਾਧ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਇਸੇ ਸਾਲ 20 ਅਪ੍ਰੈਲ ਨੂੰ ਤੇਲੰਗਾਨਾ ਦੀ ਸੱਤਾਧਾਰੀ ‘ਤੇਲੰਗਾਨਾ ਰਾਸ਼ਟਰ ਸਮਿਤੀ’ ਦੇ ਹੀ ਇਕ ਨੇਤਾ ਦੇ ਪੁੱਤਰ ਨੂੰ ਇਕ 20 ਸਾਲਾ ਔਰਤ ਦੇ ਸਮੂਹਿਕ ਜਬਰ-ਜ਼ਨਾਹ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਉਸ ਤੋਂ ਪਹਿਲਾਂ 10 ਅਪ੍ਰੈਲ ਨੂੰ ਬੰਗਾਲ ਦੇ ਨਾਦਿਆ ਜ਼ਿਲੇ ਦੇ ਹੰਸਖਾਲੀ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਪ੍ਰਭਾਵਸ਼ਾਲੀ ਨੇਤਾ ਦੇ ਬੇਟੇ ਨੂੰ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਰਾਜਸਥਾਨ ਦੇ ਇਕ ਮੰਤਰੀ ਦਾ ਪੁੱਤਰ ਵੀ ਬੀਤੇ ਸਾਲ ਜੈਪੁਰ ਅਤੇ ਦਿੱਲੀ ’ਚ ਇਕ 23 ਸਾਲਾ ਔਰਤ ਦੇ ਨਾਲ ਕਥਿਤ ਜਬਰ-ਜ਼ਨਾਹ ਦੇ ਦੋਸ਼ਾਂ ਦੇ ਘੇਰੇ ’ਚ ਹੈ। ਸਿਆਸਤਦਾਨਾਂ ਦੇ ਲਗਜ਼ਰੀ ਕਾਰਾਂ ’ਚ ਘੁੰਮਣ ਵਾਲੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਤਰ੍ਹਾਂ ਦਾ ਆਚਰਣ ਯਕੀਨਨ ਹੀ ਦੁਖਦਾਈ ਹੈ। ਸ਼ਾਇਦ ਉਹ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦੇ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਜਿਹੇ ਮਾਮਲਿਆਂ ’ਚ ਪੀੜਤਾਂ ਨੂੰ ਜਲਦੀ ਨਿਆਂ ਵੀ ਨਹੀਂ ਮਿਲਦਾ। ਵਿਰੋਧੀ ਪਾਰਟੀਆਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਉਠਾਉਂਦੀਆਂ ਜ਼ਰੂਰ ਹਨ ਪਰ ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਵੀ ਵਧੇਰੇ ਤੌਰ ’ਤੇ ਸਿਆਸੀ ਲਾਭ ਉਠਾਉਣਾ ਹੀ ਹੁੰਦਾ ਹੈ। ਆਸ ਕਰਨੀ ਚਾਹੀਦੀ ਹੈ ਕਿ ਤੇਲੰਗਾਨਾ ਸਰਕਾਰ ਇਸ ਮਾਮਲੇ ’ਚ ਤੇਜ਼ੀ ਨਾਲ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਵੇਗੀ।
ਵਿਜੇ ਕੁਮਾਰ
ਭਾਰਤੀ ਵਫਦ ਦੀ ਅਫਗਾਨਿਸਤਾਨ ਯਾਤਰਾ ਆਗਾਜ਼ ਤਾਂ ਚੰਗਾ ਹੈ...
NEXT STORY