ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਉੱਥੇ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਨਾਲ ਜੁੜੇ ਵੱਖ-ਵੱਖ ਖਨਨ ਮਾਫੀਆਵਾਂ ਵੱਲੋਂ ਦੇਸ਼ ’ਚ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ।
ਇਨ੍ਹਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ’ਚ ਸੰਕੋਚ ਨਹੀਂ ਕਰਦੇ। ਨਵੇਂ ਸਾਲ ’ਚ ਇਨ੍ਹਾਂ ਦੀ ਧੱਕੇਸ਼ਾਹੀ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਰਜ ਹਨ :
* 10 ਜਨਵਰੀ ਨੂੰ ਪੁਲਵਾਮਾ (ਜੰਮੂ-ਕਸ਼ਮੀਰ) ’ਚ ਨਾਜਾਇਜ਼ ਖਨਨ ਕਰਦੀਆਂ ਹੋਈਆਂ 3 ਜੇ. ਸੀ. ਬੀ. ਮਸ਼ੀਨਾਂ ਅਤੇ 10 ਹੋਰ ਵਾਹਨ ਜ਼ਬਤ ਕੀਤੇ ਗਏ।
* 17 ਜਨਵਰੀ ਨੂੰ ਸਤਨਾ (ਮੱਧ ਪ੍ਰਦੇਸ਼) ’ਚ ਚਿੱਤਰਕੂਟ ਨਗਰ ਕੌਂਸਲ ਦੀ ਮੁਖੀ ‘ਸਾਧਨਾ ਪਟੇਲ’ ਅਤੇ ਉਸ ਦੇ ਹਮਾਇਤੀਆਂ ਵੱਲੋਂ ਜੇ. ਸੀ. ਬੀ. ਮਸ਼ੀਨ ਨਾਲ ਕਰਵਾਈ ਜਾ ਰਹੀ ਨਾਜਾਇਜ਼ ਰੇਤ ਖਨਨ ਨੂੰ ਰੋਕਣ ਲਈ ਚਿੱਤਰਕੂਟ ਦੇ ਨਾਇਬ ਤਹਿਸੀਲਦਾਰ ‘ਸੁਮਿਤ ਗੁੱਜਰ’ ਪੁਲਸ ਨੂੰ ਨਾਲ ਲੈ ਕੇ ਗਏ ਤਾਂ ‘ਸਾਧਨਾ ਪਟੇਲ’ ਭੜਕ ਉੱਠੀ ਅਤੇ ਉਸ ਨੇ ਇਕ ਪੁਲਸ ਮੁਲਾਜ਼ਮ ਨੂੰ ਚੱਪਲ ਤੱਕ ਮਾਰ ਦਿੱਤੀ।
ਇਹੀ ਨਹੀਂ ‘ਸਾਧਨਾ ਪਟੇਲ’ ਦੇ ਹਮਾਇਤੀਆਂ ਨੇ ਨਾਇਬ ਤਹਿਸੀਲਦਾਰ ’ਤੇ ਵੀ ਲਾਠੀ-ਡੰਡਿਆਂ ਨਾਲ ਹਮਲਾ ਕਰਨ ਦੇ ਯਤਨ ਤੋਂ ਇਲਾਵਾ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕੀਤਾ।
* 30 ਜਨਵਰੀ ਨੂੰ ਮੁਜ਼ੱਫਰਪੁਰ (ਬਿਹਾਰ) ਵਿਖੇ ਰੇਤ ਮਾਫੀਆ ਦੇ ਮੈਂਬਰਾਂ ਨੇ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਛਾਪਾ ਮਾਰਨ ਗਈ ਖਨਨ ਵਿਭਾਗ ਦੀ ਟੀਮ ’ਤੇ ਧਾਰਦਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨੇ ਟੀਮ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਸਭ ਮੁਲਜ਼ਮਾਂ ਨੂੰ ਛੁਡਾ ਕੇ ਲੈ ਗਏ।
* 3 ਫਰਵਰੀ ਨੂੰ ਖਨਨ ਮਾਫੀਆ ਦੇ ਮੈਂਬਰਾਂ ਨੇ ਕਰਨਾਲ (ਹਰਿਆਣਾ) ਦੇ ਘਰੌਂਡਾ ਵਿਖੇ ਨਾਜਾਇਜ਼ ਖਨਨ ’ਤੇ ਰੇਡ ਕਰਨ ਗਏ ਡੀ. ਐੱਸ. ਪੀ. ਮਨੋਜ ਕੁਮਾਰ ਨੂੰ ਉਸ ਸਮੇਂ ਕੁਚਲਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਰੇਤ ਨਾਲ ਲੱਦਿਆ ਡੰਪਰ ਰੋਕਣ ਲਈ ਕਿਹਾ।
* 6 ਫਰਵਰੀ ਨੂੰ ਰਾਂਚੀ (ਝਾਰਖੰਡ) ਦੇ ‘ਸੋਨਾਹਾਤੂ’ ਥਾਣਾ ਖੇਤਰ ’ਚ ਨਾਜਾਇਜ਼ ਢੰਗ ਨਾਲ ਖਨਨ ਕੀਤੀ ਗਈ ਰੇਤ ਦਾ ਟਰੱਕ ਫੜਨ ਪਹੁੰਚੇ ਅਧਿਕਾਰੀਆਂ ਨੂੰ ਮਾਫੀਆ ਨਾਲ ਜੁੜੇ ਲੋਕਾਂ ਨੇ ਆਪਣੇ ਟਰੱਕ ਹੇਠ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ।
* 17 ਫਰਵਰੀ ਨੂੰ ਭਰਤਪੁਰ (ਰਾਜਸਥਾਨ) ਜ਼ਿਲੇ ਦੇ ਰੂਪਵਾਸ ਥਾਣਾ ਖੇਤਰ ’ਚ ਬੱਜਰੀ ਮਾਫੀਆ ਨੂੰ ਫੜਨ ਗਈ ਪੁਲਸ ਦੀ ਟੀਮ ’ਤੇ ਮਾਫੀਆ ਦੇ ਮੈਂਬਰਾਂ ਨੇ ਪਥਰਾਅ ਅਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ ਰੂਪਵਾਸ ਦੇ ਥਾਣਾ ਇੰਚਾਰਜ ਭੋਜਾਰਾਮ ਜ਼ਖਮੀ ਹੋ ਗਏ ਅਤੇ ਮੁਲਜ਼ਮ ਆਪਣੇ ਸਾਥੀਆਂ ਨੂੰ ਛੁਡਾ ਕੇ ਫਰਾਰ ਹੋ ਗਏ।
* 17 ਫਰਵਰੀ ਨੂੰ ਹੀ ਲਾਲੜੂ (ਪੰਜਾਬ) ਦੇ ਪਿੰਡ ‘ਹੰਡੇਸਰਾ’ ਦੇ ਨੇੜੇ ਸ਼ਾਮਲਾਟ ਜ਼ਮੀਨ ’ਚੋਂ ਸਵੇਰੇ-ਸਵੇਰੇ ਨਾਜਾਇਜ਼ ਖਨਨ ਕਰ ਰਹੇ ਲੋਕਾਂ ਨੂੰ ਰੋਕਣ ਗਏ ਇਕ ਕਿਸਾਨ ਆਗੂ ਗੁਰਚਰਨ ਸਿੰਘ ਨੂੰ ਖਨਨ ਮਾਫੀਆ ਨੇ ਟ੍ਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ।
* 18 ਫਰਵਰੀ ਨੂੰ ਦੁਮਕਾ (ਝਾਰਖੰਡ) ਦੇ ‘ਸ਼ਿਕਾਰੀਪਾੜਾ’ ਵਿਖੇ ਨਾਜਾਇਜ਼ ਢੰਗ ਨਾਲ ਚੱਲ ਰਹੀ ਕੋਲਾ ਖਨਨ ਨੂੰ ਬੰਦ ਕਰਵਾਉਣ ਗਈ ਜ਼ਿਲਾ ਖਨਨ ਟਾਸਕ ਫੋਰਸ ਦੀ ਟੀਮ ਨੂੰ ਆਉਂਦਿਆਂ ਦੇਖ ਕੇ ਨਾਜਾਇਜ਼ ਖਨਨ ਨਾਲ ਜੁੜੇ ਲੋਕਾਂ ਨੇ ਢੋਲ-ਨਗਾੜੇ ਵਜਾਉਣੇ ਸ਼ੁਰੂ ਕਰ ਦਿੱਤੇ।
ਇਸ ਕਾਰਨ ਨਾਜਾਇਜ਼ ਖਨਨ ’ਚ ਲੱਗੇ ਲੋਕਾਂ ਨੂੰ ਜ਼ਿਲਾ ਖਨਨ ਟਾਸਕ ਫੋਰਸ ਦੇ ਆਉਣ ਦੀ ਸੂਚਨਾ ਮਿਲ ਗਈ ਅਤੇ ਉਨ੍ਹਾਂ ਨੇ ਇਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਕੇ ਇਨ੍ਹਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਕਾਰਨ ਅਧਿਕਾਰੀਆਂ ਦੇ ਵਾਹਨ ਨੁਕਸਾਨੇ ਗਏ ਅਤੇ ਉਨ੍ਹਾਂ ਨੂੰ ਜਾਨ ਬਚਾ ਕੇ ਉੱਥੋਂ ਭੱਜਣਾ ਪਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਖਨਨ ਮਾਫੀਆਵਾਂ ਦੀਆਂ ਸਰਗਰਮੀਆਂ ਕਿਸ ਹੱਦ ਤੱਕ ਵਧ ਚੁੱਕੀਆਂ ਹਨ ਅਤੇ ਪ੍ਰਸ਼ਾਸਨ ਵੀ ਮਾਫੀਆ ਦੇ ਸਾਹਮਣੇ ਬੇਵੱਸ ਹੈ।
ਇਸ ਲਈ ਇਸ ਬੁਰਾਈ ਨੂੰ ਖਤਮ ਕਰਨ ਲਈ ਖਨਨ ਮਾਫੀਆਵਾਂ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਰਨ ਦੇਣ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ ਜਿਸ ਤੋਂ ਬਿਨਾਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।
-ਵਿਜੇ ਕੁਮਾਰ
‘ਖੁਸ਼ੀ ’ਚ ਫਾਇਰਿੰਗ’ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ- ‘ਖੁਸ਼ੀ ਨੂੰ ਮਾਤਮ ’ਚ’
NEXT STORY