ਇਕ ਪਾਸੇ ਦੇਸ਼ 'ਚ ਆਰਥਿਕ ਤੰਗੀ ਕਾਰਨ ਕਿਸਾਨ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਦੂਜੇ ਪਾਸੇ ਵੱਖ-ਵੱਖ ਕਾਰਨਾਂ ਕਰ ਕੇ ਵਿਰੋਧ ਕਰਨ ਦੇ ਇਕ ਤਰੀਕੇ ਵਜੋਂ ਲੋਕਾਂ ਵਿਚ ਖੁਦਕੁਸ਼ੀਆਂ ਕਰਨ ਦਾ ਮਾੜਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਕਈ ਪਰਿਵਾਰ ਉੱਜੜ ਰਹੇ ਹਨ। ਇਥੇ ਪੇਸ਼ ਹਨ ਅਜਿਹੀਆਂ ਹੀ ਕੁਝ ਦਿਲ-ਕੰਬਾਊ ਘਟਨਾਵਾਂ :
* 09 ਫਰਵਰੀ ਨੂੰ ਨੋਇਡਾ ਦੇ ਬਰੌਲਾ ਪਿੰਡ 'ਚ ਮਾਂ ਵਲੋਂ ਝਿੜਕਣ 'ਤੇ 14 ਸਾਲਾ ਬੱਚੇ ਨੇ ਨਾਰਾਜ਼ ਹੋ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
* 15 ਫਰਵਰੀ ਨੂੰ ਪਾਟਨ 'ਚ ਸਥਿਤ ਕਲੈਕਟਰ ਦੇ ਦਫਤਰ 'ਚ ਇਕ ਵਿਅਕਤੀ ਨੇ ਸਰਕਾਰ ਨਾਲ ਆਪਣਾ ਜ਼ਮੀਨੀ ਝਗੜਾ ਨਾ ਸੁਲਝਣ ਕਾਰਨ ਆਤਮਦਾਹ ਕਰ ਲਿਆ।
* 16 ਫਰਵਰੀ ਨੂੰ ਬੀਮਾਰੀ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਮੁੰਬਈ ਦੇ ਕੇ. ਈ. ਐੱਮ. ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
* 17 ਫਰਵਰੀ ਨੂੰ ਬਠਿੰਡਾ ਦੇ ਪਿੰਡ ਪਥਰਾਲਾ 'ਚ ਇਕ ਨੌਜਵਾਨ ਨੇ ਦੁਕਾਨ 'ਚ ਘਾਟਾ ਪੈਣ 'ਤੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਇਸੇ ਦਿਨ ਬਠਿੰਡਾ ਵਿਚ ਆਪਣੀ ਭੈਣ ਦੇ ਅੰਤਰਜਾਤੀ ਵਿਆਹ ਤੋਂ ਪ੍ਰੇਸ਼ਾਨ ਨੌਜਵਾਨ ਨੇ ਘਰ 'ਚ ਫਾਹਾ ਲਾ ਲਿਆ। ਇਕ ਹੋਰ ਨੌਜਵਾਨ ਨੇ ਔਲਾਦ ਨਾ ਹੋਣ ਕਾਰਨ ਪੱਖੇ ਨਾਲ ਲਟਕ ਕੇ ਅਤੇ ਮਲੂਕਾ ਨਿਵਾਸੀ ਇਕ ਮਜ਼ਦੂਰ ਨੇ ਘਰੇਲੂ ਪਰੇਸ਼ਾਨੀ ਕਾਰਨ ਜਾਨ ਗੁਆਈ।
* 17 ਫਰਵਰੀ ਨੂੰ ਹੀ ਪੁਣੇ ਵਿਚ ਇਕ 38 ਸਾਲਾ ਵਿਅਕਤੀ ਨੇ ਆਰਥਿਕ ਸੰਕਟ ਕਾਰਨ ਪਤਨੀ ਤੇ ਦੋ ਧੀਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਫਾਹਾ ਲਾ ਲਿਆ।
* 17 ਫਰਵਰੀ ਨੂੰ ਹੀ ਅਬੋਹਰ ਦੇ ਪੰਨੀਵਾਲਾ ਮਹਿਲਾ ਪਿੰਡ 'ਚ ਇਕ ਖੇਤ ਮਜ਼ਦੂਰ ਨੇ ਆਪਣੀ ਪਤਨੀ, 3 ਧੀਆਂ, ਇਕ ਪੁੱਤਰ ਅਤੇ ਮਾਂ-ਪਿਓ ਦਾ ਪਾਲਣ-ਪੋਸ਼ਣ ਕਰਨ 'ਚ ਅਸਮਰੱਥ ਰਹਿਣ ਕਾਰਨ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
* 19 ਫਰਵਰੀ ਨੂੰ ਬੁਢਲਾਡਾ ਦੇ ਪਿੰਡ ਕੁਲਹੈਰੀ ਵਿਚ ਇਕ ਔਰਤ ਨੇ ਆਰਥਿਕ ਤੰਗੀ ਕਾਰਨ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
* 19 ਫਰਵਰੀ ਨੂੰ ਹੀ ਹੁਸ਼ਿਆਰਪੁਰ ਦੇ ਪਿੰਡ ਬਬਾਕ ਵਿਚ ਇਕ ਵਿਅਕਤੀ ਨੇ ਰਿਟਾਇਰਮੈਂਟ ਤੋਂ ਬਾਅਦ ਬਕਾਇਆ ਰਕਮ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਲਈ।
* 20 ਫਰਵਰੀ ਨੂੰ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ 'ਚ ਕਰਿਆਨਾ ਦੁਕਾਨਦਾਰ ਨੇ ਕਾਰੋਬਾਰ ਨਾ ਚੱਲਣ ਕਾਰਨ ਜਾਨ ਦੇ ਦਿੱਤੀ।
* 20 ਫਰਵਰੀ ਨੂੰ ਹੀ ਛੱਤੀਸਗੜ੍ਹ ਵਿਚ ਰਾਏਪੁਰ ਦੇ ਉਰਲਾ ਖੇਤਰ ਦੇ ਸਕੂਲ 'ਚ ਦੂਜੀ ਜਮਾਤ ਦੇ ਵਿਦਿਆਰਥੀ ਨੂੰ ਕਲਾਸ ਲੈ ਰਹੇ ਹੈੱਡ ਮਾਸਟਰ ਨੇ ਟਾਇਲਟ ਲਈ ਕਲਾਸ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ 'ਤੇ ਬੱਚੇ ਨੇ ਘਰ ਆ ਕੇ ਆਤਮਦਾਹ ਕਰ ਲਿਆ।
* 20 ਫਰਵਰੀ ਨੂੰ ਹੀ ਸੂਰਤਗੜ੍ਹ ਵਿਚ ਇਕ ਵਿਅਕਤੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਜ਼ਮੀਨੀ ਝਗੜੇ ਕਾਰਨ ਆਤਮਦਾਹ ਕਰ ਕੇ ਜੀਵਨ ਲੀਲਾ ਖਤਮ ਕਰ ਲਈ।
* 21 ਫਰਵਰੀ ਨੂੰ ਲੁਧਿਆਣਾ 'ਚ ਪਤੀ ਦੇ ਰਵੱਈਏ ਤੋਂ ਤੰਗ ਔਰਤ ਨੇ ਨਹਿਰ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ।
* 22 ਫਰਵਰੀ ਨੂੰ ਕਮੇਟੀਆਂ ਦੇ ਪੈਸੇ ਦੇ ਲੈਣ-ਦੇਣ ਦੇ ਚੱਕਰ ਵਿਚ ਲੁਧਿਆਣਾ 'ਚ ਰਹਿਣ ਵਾਲੀ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ।
* 22 ਫਰਵਰੀ ਨੂੰ ਹੀ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ 'ਚ ਧਾਰਮਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਸਹੁਰੇ ਘਰ ਪਹੁੰਚੇ ਇਕ ਫੌਜੀ ਨੇ ਸ਼ਰਾਬ ਨਾ ਮਿਲਣ 'ਤੇ ਆਪਣੀ ਪਤਨੀ ਨੂੰ ਕੁੱਟ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜਾਨ ਦੇ ਦਿੱਤੀ।
* 22 ਫਰਵਰੀ ਨੂੰ ਹੀ ਕੁਰੂਕਸ਼ੇਤਰ ਰੋਡਵੇਜ਼ ਵਰਕਸ਼ਾਪ ਵਿਚ ਰੋਡਵੇਜ਼ ਦੇ ਇਕ ਮੁਲਾਜ਼ਮ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।
* 22 ਫਰਵਰੀ ਨੂੰ ਹੀ ਤੇਲੰਗਾਨਾ ਵਿਚ ਮੇਡਕ ਦੇ ਬ੍ਰਹਮਪੱਲੀ ਰੇਲਵੇ ਸਟੇਸ਼ਨ 'ਤੇ ਇਕ ਜੋੜੇ ਨੇ ਆਪਣੀ 2 ਵਰ੍ਹਿਆਂ ਦੀ ਧੀ ਨੂੰ ਪਲੇਟਫਾਰਮ 'ਤੇ ਛੱਡਿਆ ਤੇ ਖੁਦ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਨ੍ਹਾਂ ਨੇ ਖੁਦਕੁਸ਼ੀ ਨੋਟ 'ਚ ਲਿਖਿਆ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰ ਦੋਹਾਂ ਦੇ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਅੱਡ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਉਹ ਜਾਨ ਦੇ ਰਹੇ ਹਨ।
* 23 ਫਰਵਰੀ ਨੂੰ ਗੁਰੂਹਰਸਹਾਏ ਦੇ ਪਿੰਡ ਭੂਰਾਨ ਭੱਟੀ 'ਚ ਝਗੜਾ ਕਰ ਕੇ ਪੇਕੇ ਗਈ ਪਤਨੀ ਨੂੰ ਮਨਾਉਣ ਗਏ ਨੌਜਵਾਨ ਨੇ ਘਰ ਪਰਤ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਜਿਥੇ ਮਾਂ-ਪਿਓ ਦੇ ਝਿੜਕਣ 'ਤੇ ਬੱਚੇ ਇਹ ਭਿਆਨਕ ਕਦਮ ਚੁੱਕ ਰਹੇ ਹਨ, ਉਥੇ ਹੀ ਪਰਿਵਾਰਕ ਮੈਂਬਰਾਂ ਵਿਚ ਨਸ਼ੇ ਦੀ ਲਤ, ਵਿਆਹੁਤਾ ਝਗੜੇ, ਆਰਥਿਕ ਤੰਗੀ, ਸਰਕਾਰ ਵਲੋਂ ਵੱਖ-ਵੱਖ ਮਾਮਲਿਆਂ 'ਚ ਵਰਤੀ ਜਾਣ ਵਾਲੀ ਉਦਾਸੀਨਤਾ ਅਤੇ ਸਿਰ ਚੜ੍ਹਿਆ ਕਰਜ਼ਾ ਆਦਿ ਖੁਦਕੁਸ਼ੀ ਦਾ ਕਾਰਨ ਬਣ ਰਹੇ ਹਨ।
ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ 'ਚ ਨਿਰਾਸ਼ਾ ਕਿਸ ਹੱਦ ਤਕ ਵਧ ਰਹੀ ਹੈ, ਜਿਸ 'ਤੇ ਰੋਕ ਲਾਉਣ ਲਈ ਉਨ੍ਹਾਂ 'ਚ ਸੰਜਮ, ਸਹਿਣਸ਼ੀਲਤਾ ਅਤੇ ਜੁਝਾਰੂ ਭਾਵਨਾ ਵਧਾਉਣ ਦੀ ਲੋੜ ਹੈ। -ਵਿਜੇ ਕੁਮਾਰ
'ਮੇਘਾਲਿਆ' ਅਤੇ 'ਨਾਗਾਲੈਂਡ' ਦੀਆਂ ਦਿਲਚਸਪ ਚੋਣ 'ਝਲਕੀਆਂ'
NEXT STORY