ਪਿਛਲੇ ਕੁਝ ਸਾਲਾਂ ਤੋਂ ਆਗੂਆਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਲੋਕਾਂ ਅਤੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਆਂਡੇ, ਜੁੱਤੀਆਂ-ਚੱਪਲਾਂ ਅਤੇ ਸਿਆਹੀ ਆਦਿ ਸੁੱਟਣਾ ਵਿਰੋਧ ਪ੍ਰਗਟ ਕਰਨ ਦਾ ਮਾਧਿਅਮ ਬਣ ਗਿਆ ਹੈ। ਇਸ ਦੀ ਸ਼ੁਰੂਆਤ 2008 ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਅਰਬ ਨਾਗਰਿਕ ‘ਮੁੰਤਜ਼ਰ ਅਲ ਜ਼ੈਦੀ’ ਵੱਲੋਂ ਜੁੱਤੀ ਸੁੱਟਣ ਦੀ ਘਟਨਾ ਨਾਲ ਹੋਈ ਸੀ।
2009 ’ਚ ਇੰਗਲੈਂਡ ਦੇ ਦੌਰੇ ’ਤੇ ਗਏ ਤਤਕਾਲੀਨ ਚੀਨੀ ਰਾਸ਼ਟਰਪਤੀ ‘ਵੇਨ ਜੀਆਬਾਓ’ ’ਤੇ ਕੈਂਬ੍ਰਿਜ ਯੂਨੀਵਰਸਿਟੀ ’ਚ ਇਕ ਜਰਮਨ ਵਿਦਿਆਰਥੀ ਨੇ ਜੁੱਤੀ ਸੁੱਟ ਦਿੱਤੀ ਸੀ। ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ, ਸਾਬਕਾ ਪ੍ਰਧਾਨ ਮੰਤਰੀ ਸਵ. ਮਨਮੋਹਨ ਸਿੰਘ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸੇ ਤਰ੍ਹਾਂ ਦੇ ਪ੍ਰੋਟੈਸਟ ਦਾ ਸ਼ਿਕਾਰ ਹੋਏ ਨੇਤਾਵਾਂ ਦੀਆਂ ਇਸੇ ਸਾਲ (2026) ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 17 ਜਨਵਰੀ ਨੂੰ ‘ਮਾਲਿਆ ਹਾਟੀਨਾ’ (ਗੁਜਰਾਤ) ’ਚ ‘ਆਮ ਆਦਮੀ ਪਾਰਟੀ’ (ਆਪ) ਦੇ ਵਿਧਾਇਕ ‘ਗੋਪਾਲ ਇਟਾਲਿਆ’ ’ਤੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਕ ਜਨਤਕ ਪ੍ਰੋਗਰਾਮ ਦੌਰਾਨ ਜੁੱਤੀ ਸੁੱਟੀ ਗਈ।
* 17 ਅਪ੍ਰੈਲ ਨੂੰ ‘ਵਾਸੂਦੇਵਨੱਲੂਰ’ (ਤਾਮਿਲਨਾਡੂ) ’ਚ ਅੰਨਾਦ੍ਰਮੁਕ ਨੇਤਾ ‘ਰਮੇਸ਼’ ਜਦੋਂ ਪਾਰਟੀ ਦੇ ਵਰਕਰਾਂ ਨਾਲ ਕਾਰ ’ਚ ਭਾਜਪਾ ਉਮੀਦਵਾਰ ‘ਅਯਿਆਸਾਮੀ’ ਦਾ ਪ੍ਰਚਾਰ ਕਰਨ ਪਹੁੰਚੇ, ਤਾਂ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਉਨ੍ਹਾਂ ਦੀ ਹੀ ਪਾਰਟੀ ਦੇ ਸਥਾਨਕ ਆਗੂਆਂ ਨੇ ਉਨ੍ਹਾਂ ਨੂੰ ਭਾਸ਼ਣ ਨਹੀਂ ਦੇਣ ਦਿੱਤਾ ਅਤੇ ਉਨ੍ਹਾਂ ਦੀ ਕਾਰ ’ਤੇ ਆਂਡੇ ਸੁੱਟੇ।
* 9 ਮਈ ਨੂੰ ‘ਪੁਣੇ’ (ਮਹਾਰਾਸ਼ਟਰ) ਦੇ ‘ਮੰਤੋਬਾਚੀ ਆਲੰਦੀ’ ਪਿੰਡ ’ਚ ਇਕ ਉਪਦੇਸ਼ਕ ਅਤੇ ਉਸ ਦੇ ਸਮਰਥਕਾਂ ਨੇ ਐੱਨ. ਸੀ. ਪੀ. (ਸ਼ਰਦ ਪਵਾਰ ਧੜਾ) ਦੇ ਬੁਲਾਰੇ ‘ਵਿਕਾਸ ਲਵਾਂਡੇ’ ’ਤੇ ਧਾਰਮਿਕ ਗੁਰੂਆਂ ’ਤੇ ਟਿੱਪਣੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ’ਤੇ ਕਾਲੀ ਸਿਆਹੀ ਸੁੱਟ ਕੇ ਨਾਰਾਜ਼ਗੀ ਜ਼ਾਹਿਰ ਕੀਤੀ।
* 11 ਮਈ ਨੂੰ ‘ਤਰਨਤਾਰਨ’ (ਪੰਜਾਬ) ’ਚ 15 ਤੋਂ 20 ਨੌਜਵਾਨਾਂ ਦੀ ਭੀੜ ਨੇ ਭਾਜਪਾ ਜ਼ਿਲਾ ਦਫ਼ਤਰ ’ਚ ਜ਼ਬਰਦਸਤੀ ਦਾਖਲ ਹੋ ਕੇ ਭਾਜਪਾ ਜ਼ਿਲਾ ਜਨਰਲ ਸਕੱਤਰ ‘ਸ਼ਿਵ ਕੁਮਾਰ ਸੋਨੀ’ ਅਤੇ ‘ਸੁਰਜੀਤ ਸਿੰਘ ਸਾਗਰ’ ’ਤੇ ਸਿਆਹੀ ਸੁੱਟੀ। ਭੀੜ ਨੇ ਉੱਥੇ ਭੰਨ-ਤੋੜ ਵੀ ਕੀਤੀ।
* 11 ਮਈ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਕੁਝ ਨਾਰਾਜ਼ ਲੋਕਾਂ ਨੇ ਸੀ.ਪੀ. ਦਫ਼ਤਰ ਦੇ ਬਾਹਰ ਵਿਰੋਧ ਵਿਖਾਵੇ ਦੌਰਾਨ ਕੁਝ ਭਾਜਪਾ ਆਗੂਆਂ ’ਤੇ ਕਾਲੀ ਸਿਆਹੀ ਸੁੱਟੀ।
* 28 ਮਈ ਨੂੰ ‘ਉੱਤਰ 24 ਪਰਗਨਾ’ (ਪੱਛਮੀ ਬੰਗਾਲ) ’ਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ‘ਸੌਗਤ ਰਾਏ’ ਜਦੋਂ ‘ਨਿਮਤਾ ਪੁਲਸ ਸਟੇਸ਼ਨ’ ਤੋਂ ਬਾਹਰ ਨਿਕਲ ਰਹੇ ਸਨ, ਉਦੋਂ ਹੀ ਗੁੱਸੇ ’ਚ ਆਈ ਭੀੜ ਨੇ ਉਨ੍ਹਾਂ ਨੂੰ ਘੇਰ ਕੇ ‘ਚੋਰ-ਚੋਰ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੀ ਕਾਰ ’ਤੇ ਆਂਡੇ ਸੁੱਟ ਕੇ ਆਪਣੀ ਨਾਰਾਜ਼ਗੀ ਪ੍ਰਗਟਾਈ।
* 30 ਮਈ ਨੂੰ ‘ਸੋਨਾਰਪੁਰ ਦੱਖਣ’ ’ਚ ਚੋਣਾਂ ਤੋਂ ਬਾਅਦ ਹਿੰਸਾ ’ਚ ਪੀੜਤਾਂ ਨੂੰ ਮਿਲਣ ਗਏ ‘ਮਮਤਾ ਬੈਨਰਜੀ’ ਦੇ ਭਤੀਜੇ ਅਤੇ ਟੀ. ਐੱਮ. ਸੀ. ਸੰਸਦ ਮੈਂਬਰ ‘ਅਭਿਸ਼ੇਕ ਬੈਨਰਜੀ’ ’ਤੇ ਭੀੜ ਨੇ ਆਂਡੇ ਤੇ ਜੁੱਤੀਆਂ ਸੁੱਟੀਆਂ ਅਤੇ ‘ਚੋਰ-ਚੋਰ’ ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਖਿੱਚੋਤਾਣ ’ਚ ‘ਅਭਿਸ਼ੇਕ ਬੈਨਰਜੀ’ ਦੀ ਕਮੀਜ਼ ਵੀ ਫਟ ਗਈ।
* 2 ਜੂਨ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਨਗਰਪਾਲਿਕਾ ਚੇਅਰਮੈਨ ‘ਮੋਹਨ ਸਾਹੂ’ ਨੂੰ ਚੱਪਲ ਨਾਲ ਕੁੱਟ ਦਿੱਤਾ। ਔਰਤ ਦਾ ਦੋਸ਼ ਹੈ ਕਿ ‘ਮੋਹਨ ਸਾਹੂ’ ਅਤੇ ਉਸ ਦੇ ਸਾਥੀਆਂ ਨੇ ਉਸ ਅਤੇ ਉਸ ਦੀ ਧੀ ਨਾਲ ਬਦਤਮੀਜ਼ੀ ਤੇ ਕੁੱਟਮਾਰ ਕੀਤੀ ਸੀ।
* 5 ਜੂਨ ਨੂੰ ‘ਸਾਲਟ ਲੇਕ’ (ਪੱਛਮੀ ਬੰਗਾਲ) ’ਚ ਟੀ. ਐੱਮ. ਸੀ. ਆਗੂ ‘ਜੈ ਪ੍ਰਕਾਸ਼ ਮਜੂਮਦਾਰ’ ਨੂੰ ਪੁਲਸ ਵੱਲੋਂ ਤਲਾਸ਼ੀ ਲਈ ‘ਸਾਲਟ ਲੇਕ’ ਸਥਿਤ ਉਨ੍ਹਾਂ ਦੇ ਦਫ਼ਤਰ ਲੈ ਕੇ ਜਾਣ ਦੌਰਾਨ ਗੁੱਸੇ ’ਚ ਆਈ ਭੀੜ ਨੇ ਉਨ੍ਹਾਂ ’ਤੇ ਆਂਡੇ ਸੁੱਟੇ।
* 7 ਜੂਨ ਨੂੰ ‘ਕਮਰਹਾਟੀ’ (ਪੱਛਮੀ ਬੰਗਾਲ) ’ਚ ਭ੍ਰਿਸ਼ਟਾਚਾਰ ਅਤੇ ‘ਕੱਟ ਮਨੀ’ (ਜਬਰੀ ਵਸੂਲੀ) ਦੇ ਦੋਸ਼ਾਂ ਦੇ ਵਿਚਾਲੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ‘ਮਦਨ ਮਿੱਤਰਾ’ ਦੀ ਗੱਡੀ ’ਤੇ ਸਥਾਨਕ ਲੋਕਾਂ ਵੱਲੋਂ ਆਂਡੇ ਅਤੇ ਇੱਟਾਂ ਸੁੱਟੀਆਂ ਗਈਆਂ। ਇਸੇ ਦਿਨ ਟੀ. ਐੱਮ. ਸੀ. ਕੌਂਸਲਰ ‘ਬਾਬਾ ਆਦਿਤਿਆ ਦਾਸਗੁਪਤਾ’ ’ਤੇ ਵੀ ਭੀੜ ਨੇ ਆਂਡੇ ਸੁੱਟੇ।
* 7 ਜੂਨ ਨੂੰ ਹੀ ‘ਪੂਰਬੀ ਮੇਦਿਨੀਪੁਰ’ (ਪੱਛਮੀ ਬੰਗਾਲ) ’ਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ 2 ਟੀ. ਐੱਮ. ਸੀ. ਆਗੂਆਂ ‘ਅਤੁਰੀ’ ਅਤੇ ‘ਦਿਲੀਪ ਖਾਨਦਾਰ’ ਨੂੰ ਪੁਲਸ ਵੱਲੋਂ ਅਦਾਲਤ ’ਚ ਲੈ ਕੇ ਜਾਣ ਦੌਰਾਨ ਉਨ੍ਹਾਂ ’ਤੇ ਵਿਖਾਵਾ ਕਰ ਰਹੀਆਂ ਔਰਤਾਂ ਨੇ ਆਂਡੇ ਸੁੱਟੇ।
* 7 ਜੂਨ ਨੂੰ ਹੀ ‘ਹਾਵੜਾ’ ’ਚ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ (ਕੱਟ ਮਨੀ) ਦੇ ਦੋਸ਼ ’ਚ ਪਿੰਡ ਵਾਸੀਆਂ ਨੇ ਇਕ ਸਥਾਨਕ ਟੀ. ਐੱਮ. ਸੀ. ਨੇਤਾ ‘ਸੰਨਾਸ਼ੀ ਮੰਨਾ’ ਦਾ ਸਿਰ ਮੁੰਨ ਕੇ ਅਤੇ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਪੂਰੇ ਪਿੰਡ ’ਚ ਘੁਮਾਇਆ।
ਉਕਤ ਘਟਨਾਵਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਹੜੇ ਕਾਰਨਾਂ ਕਰ ਕੇ ਲੋਕਾਂ ਨੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ।
— ਵਿਜੇ ਕੁਮਾਰ
ਅਧਿਆਪਕਾਂ ਨੂੰ ਕਿਉਂ ਅਪਨਾਉਣਾ ਚਾਹੀਦਾ ਹੈ ਅਨੁਭਵੀ ਅਧਿਆਪਨ ?
NEXT STORY