ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਮੁਖੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਲੰਡਨ ’ਚ ਆਪਣੀ ਲਗਭਗ 4 ਸਾਲ ਦੀ ਜਲਾਵਤਨੀ ਖਤਮ ਕਰ ਕੇ 21 ਅਕਤੂਬਰ ਨੂੰ ਵਿਸ਼ੇਸ਼ ਚਾਰਟਰਡ ਹਵਾਈ ਜਹਾਜ਼ ਰਾਹੀਂ ਘਰ ਵਾਪਸੀ ਪਿੱਛੋਂ ਸਭ ਦੀਆਂ ਨਜ਼ਰਾਂ ਉਨ੍ਹਾਂ ਦੇ ਅਗਲੇ ਕਦਮਾਂ ’ਤੇ ਟਿਕੀਆਂ ਹਨ।
ਲੰਬੇ ਸਿਆਸੀ ਕਰੀਅਰ ’ਚ ਨਵਾਜ਼ ਸ਼ਰੀਫ ਦਾ ਫੌਜ ਨਾਲ ‘36’ ਦਾ ਅੰਕੜਾ ਬਣਿਆ ਰਿਹਾ ਪਰ ਹੁਣ ਅਜਿਹਾ ਲੱਗਦਾ ਹੈ ਕਿ ਫੌਜ ਉਨ੍ਹਾਂ ਦੇ ‘ਸਵਾਗਤ’ ਲਈ ਤਿਆਰ ਹੈ, ਜਿਨ੍ਹਾਂ ਨੂੰ ਉਸ ਨੇ ਤਖਤਾ ਪਲਟ ’ਚ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ ਅਤੇ ਹੁਣ ਉਹ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ।
ਇਹ ਵੀ ਇਕ ਸੰਜੋਗ ਹੀ ਹੈ ਕਿ ਨਵਾਜ਼ ਸ਼ਰੀਫ ਦੇ ਸੱਤਾ ਤੋਂ ਬੇਦਖਲ ਹੋਣ ਪਿੱਛੋਂ ਉਨ੍ਹਾਂ ਦੀ ਥਾਂ ’ਤੇ ਫੌਜ ਦੀ ਹੀ ਮਦਦ ਨਾਲ ਪ੍ਰਧਾਨ ਮੰਤਰੀ ਬਣਨ ਵਾਲੇ ਇਮਰਾਨ ਖਾਨ ਫੌਜ ਨਾਲ ਆਪਣੇ ਮਤਭੇਦਾਂ ਦੇ ਸਿੱਟੇ ਵਜੋਂ ਇਸ ਸਮੇਂ ਜੇਲ ’ਚ ਹਨ।
ਨਵਾਜ਼ ਸ਼ਰੀਫ ਨੇ 2022 ’ਚ ਉਦੋਂ ਤੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ ਜਦੋਂ ਇਮਰਾਨ ਖਾਨ ਨੂੰ ਸੰਸਦ ’ਚ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪਿੱਛੋਂ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੇ ਪੀ. ਐੱਮ. ਐੱਲ. (ਐੱਨ.) ਅਤੇ ਪਾਕਿਸਤਾਨ ਸਰਕਾਰ ਦੀ ਵਾਗਡੋਰ ਸੰਭਾਲ ਲਈ। ਉਨ੍ਹਾਂ ਦੀ ਪਾਰਟੀ ਪੀ. ਐੱਮ. ਐੱਲ. (ਐੱਨ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਾਲ ਜਾਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਵਾਜ਼ ਸ਼ਰੀਫ ਹੀ ਹੋਣਗੇ।
ਹਾਲਾਂਕਿ ਨਵਾਜ਼ ਸ਼ਰੀਫ ਦੀ ਘਰ ਵਾਪਸੀ ਹੋ ਚੁੱਕੀ ਹੈ, ਅਜੇ ਵੀ ਕੁਝ ਮਾਮਲੇ ਪੈਂਡਿੰਗ ਹਨ। ਜ਼ਮਾਨਤ ਮਿਲ ਜਾਣ ਕਾਰਨ ਉਨ੍ਹਾਂ ਨੂੰ ਫਿਲਹਾਲ ਗ੍ਰਿਫਤਾਰੀ ਦਾ ਡਰ ਨਹੀਂ ਹੈ ਪਰ ਅਜੇ ਵੀ ਉਨ੍ਹਾਂ ਨੂੰ ਕਈ ਮੁੱਦਿਆਂ ਨਾਲ ਨਜਿੱਠਣਾ ਪਵੇਗਾ। ਦੇਸ਼ ਦੇ ਆਰਥਿਕ ਸੰਕਟ ਲਈ ਉਨ੍ਹਾਂ ਦੀ ਪਾਰਟੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਇਸੇ ਦੌਰਾਨ ਲੋਕਾਂ ’ਚ ਇਹ ਧਾਰਨਾ ਮਜ਼ਬੂਤ ਹੈ ਕਿ ਦੇਸ਼ ’ਚ ਵੋਟਿੰਗ ਨਿਰਪੱਖ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦਾ ਸਭ ਤੋਂ ਵੱਡਾ ਵਿਰੋਧੀ ਅਤੇ ‘ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ’ (ਪੀ. ਟੀ. ਆਈ.) ਦਾ ਮੁਖੀ ਇਮਰਾਨ ਖਾਨ ਜੇਲ ’ਚ ਬੰਦ ਹੈ। ਇਸ ਤੋਂ ਇਲਾਵਾ ਫੌਜ ਦਾ ਦੇਸ਼ ਦੀ ਸਿਆਸਤ ’ਚ ਵੱਡਾ ਦਖਲ ਹੈ ਅਤੇ ਵਿਦੇਸ਼ ’ਚ ਰਹਿੰਦੇ ਹੋਏ ਨਵਾਜ਼ ਸ਼ਰੀਫ ਫੌਜ ਦੀ ਕਾਫੀ ਆਲੋਚਨਾ ਕਰਦੇ ਰਹੇ ਹਨ।
ਇੱਥੋਂ ਤੱਕ ਕਿ ਪਾਕਿਸਤਾਨ ਦੀ ਸਿਆਸੀ ਅਸਥਿਰਤਾ ਲਈ ਉਹ ਦੇਸ਼ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਕ ਸਾਬਕਾ ਮੁਖੀ ਅਤੇ ਫੌਜ ਦੇ ਸਾਬਕਾ ਮੁਖੀ ਨੂੰ ਜ਼ਿੰਮੇਵਾਰ ਠਹਿਰਾਅ ਚੁੱਕੇ ਹਨ।
ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਉਹ ਫਰਜ਼ੀ ਦੋਸ਼ਾਂ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਨੇ ਦੇਸ਼ ਦੇ ਜੱਜਾਂ ’ਤੇ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਸ ਦੇ ਸਿੱਟੇ ਵਜੋਂ ਦੇਸ਼ ਦਾ ਲੋਕਰਾਜ ਅਪਾਹਜ ਹੋ ਗਿਆ ਹੈ ਅਤੇ ਇਹ ਫੌਜ ਹੀ ਹੈ ਜਿਸ ਨੇ ਪਾਕਿਸਤਾਨ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਆਪਣਾ ਸੰਵਿਧਾਨਕ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ। ਨਵਾਜ਼ ਸ਼ਰੀਫ ਦੇ ਸਿਆਸੀ ਵਿਰੋਧੀਆਂ ਦਾ ਮੰਨਣਾ ਹੈ ਕਿ ਇਹ ਯਕੀਨੀ ਨਹੀਂ ਹੈ ਕਿ ਨਵਾਜ਼ ਸ਼ਰੀਫ ਚੋਣ ਜਿੱਤ ਸਕਣਗੇ।
ਇਮਰਾਨ ਖਾਨ ਦੀ ਪਾਰਟੀ ਦੇ ਇਕ ਸੀਨੀਅਰ ਨੇਤਾ ਜ਼ੁਲਫੀ ਬੁਖਾਰੀ ਦਾ ਵੀ ਕਹਿਣਾ ਹੈ ਕਿ ‘‘ਨਵਾਜ਼ ਸ਼ਰੀਫ ਵਿਰੁੱਧ ਕਈ ਮੁਕੱਦਮੇ ਹੋਣ ਕਾਰਨ ਮੈਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਦਾ ਨਹੀਂ ਦੇਖ ਰਿਹਾ ਹਾਂ। ਉਹ ਅਦਾਲਤ ਦੇ ਹੁਕਮ ਮੁਤਾਬਕ ਪੂਰੀ ਜ਼ਿੰਦਗੀ ਲਈ ਸਿਆਸਤ ਤੋਂ ਅਯੋਗ ਹਨ ਅਤੇ ਜੇ ਦੇਸ਼ ’ਚ ਚੋਣਾਂ ਨਿਰਪੱਖ ਹੋਈਆਂ ਤਾਂ ਪਤਾ ਲੱਗ ਜਾਵੇਗਾ ਕਿ ਇਮਰਾਨ ਖਾਨ ਦਾ ਵੋਟ ਬੈਂਕ ਕਿੰਨਾ ਮਜ਼ਬੂਤ ਹੈ।’’
ਦੂਜੇ ਪਾਸੇ ਦੇਸ਼ ’ਚ ਇਕ ਵਰਗ ਅਜਿਹਾ ਵੀ ਹੈ ਜਿਸ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੇ ਹੱਕ ’ਚ ਸਥਿਤੀ ਵੱਖਰੀ ਤਰ੍ਹਾਂ ਨਾਲ ਸਾਹਮਣੇ ਆਵੇਗੀ। ਇਕ ਸਿਆਸੀ ਦਰਸ਼ਕ ਅਨੁਸਾਰ 2018 ਦੀਆਂ ਚੋਣਾਂ ’ਚ ਫੌਜ ਨੇ ਇਮਰਾਨ ਖਾਨ ਦੀ ਮਦਦ ਕੀਤੀ ਸੀ ਅਤੇ ਹੁਣ ਇਸ ਵਾਰ ਫੌਜ ਨਵਾਜ਼ ਸ਼ਰੀਫ ਲਈ ਚੋਣ ਕਰਵਾਉਣ ’ਚ ਰੁੱਝੀ ਹੋਈ ਹੈ। ਹਾਲਾਂਕਿ ਇਸ ਮਾਮਲੇ ’ਚ ਫੌਜ ਅਜੇ ਤੱਕ ਖਾਮੋਸ਼ ਹੈ।
ਇਕ ਸਾਬਕਾ ਐੱਮ. ਪੀ. ਨਦੀਮ ਅਫਜ਼ਲ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਨਵਾਜ਼ ਸ਼ਰੀਫ ਫੌਜ ਲਈ ‘ਜੀ ਹਜ਼ੂਰ’ ਆਦਮੀ ਨਹੀਂ ਬਣਨਗੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਹੱਦਾਂ ਹੋਣਗੀਆਂ ਅਤੇ ਇਹ ਸਮਾਂ ਹੀ ਦੱਸੇਗਾ ਕਿ ਉਹ ਆਪਣੇ ਰਾਹ ਦੀਆਂ ਅੜਚਣਾਂ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਨ।
ਨਵਾਜ਼ ਸ਼ਰੀਫ ਦਾ ਅੱਗੋਂ ਭਵਿੱਖ ਕੀ ਹੈ, ਕੁਝ ਕਿਹਾ ਨਹੀਂ ਜਾ ਸਕਦਾ। ਬੇਸ਼ੱਕ ਉਹ ਕੁਝ ਸੋਚ ਕੇ ਹੀ ਆਏ ਹੋਣਗੇ ਪਰ ਆਰਥਿਕ ਮੋਰਚੇ ’ਤੇ ਕੁਝ ਲੋਕ ਉਨ੍ਹਾਂ ਕੋਲੋਂ ਉਮੀਦ ਲਾਈ ਬੈਠੇ ਹਨ ਅਤੇ ਇਹ ਮੰਨ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ ਕਿ ਉਹੀ ਉਨ੍ਹਾਂ ਨੂੰ ਇਸ ਸੰਕਟ ’ਚੋਂ ਬਾਹਰ ਕੱਢ ਸਕਦੇ ਹਨ ਪਰ ਕੀ ਚੋਣਾਂ ਹੋਣਗੀਆਂ ਜਾਂ ਨਵਾਜ਼ ਸ਼ਰੀਫ ਨੂੰ ਕਿਸੇ ਕੇਸ ’ਚ ਫਸਾ ਕੇ ਜੇਲ ’ਚ ਸੁੱਟ ਦਿੱਤਾ ਜਾਵੇਗਾ?
ਜੇ ਉਹ ਚੋਣਾਂ ’ਚ ਜਿੱਤ ਜਾਂਦੇ ਹਨ ਤਾਂ ਉੱਥੇ ਸਿਆਸੀ ਦ੍ਰਿਸ਼ ਕੀ ਰੂਪ ਧਾਰਨ ਕਰੇਗਾ, ਕਿਉਂਕਿ ਪਾਕਿਸਤਾਨ ’ਚ ਤਾਂ ਸਿਆਸੀ ਕਤਲ ਵੀ ਕਾਫੀ ਹੁੰਦੇ ਹਨ, ਇਹ ਭਵਿੱਖ ਦੱਸੇਗਾ। ਬੇਸ਼ੱਕ ਨਵਾਜ਼ ਸ਼ਰੀਫ ਦੀ ਘਰ ਵਾਪਸੀ ਇਕ ਸੋਚੀ-ਸਮਝੀ ਰਣਨੀਤੀ ਮੁਤਾਬਕ ਹੀ ਹੋਈ ਹੈ ਪਰ ਪਾਕਿਸਤਾਨ ’ਚ ਹਮੇਸ਼ਾ ਹੀ ਵੱਖ-ਵੱਖ ਮੁੱਦਿਆਂ ’ਤੇ ਇੰਨੀ ਹਲਚਲ ਰਹਿੰਦੀ ਹੈ ਕਿ ਕੁਝ ਵੀ ਕਹਿਣਾ ਔਖਾ ਹੈ ਕਿ ਅਗਲੇ 2 ਮਹੀਨਿਆਂ ’ਚ ਕੀ ਹੋਵੇਗਾ।
ਪੈਂਡਿੰਗ ਮੁਕੱਦਮਿਆਂ ਅਤੇ ਸੈਕਸ ਸਬੰਧਾਂ ਨੂੰ ਲੈ ਕੇ ਨਿਆਪਾਲਿਕਾ ਦੇ ਮਹੱਤਵਪੂਰਨ ਸੁਝਾਅ
NEXT STORY