ਅੱਜ ਦੇਸ਼ ’ਚ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਨਾਲ ਜੁੜੇ ਵੱਖ-ਵੱਖ ਮਾਫੀਆ ਅਤੇ ਗੈਂਗਸਟਰਾਂ ਵਲੋਂ ਦੇਸ਼ ’ਚ ਹਿੰਸਾ ਅਤੇ ਖੂਨ ਵਹਾਉਣਾ ਲਗਾਤਾਰ ਜਾਰੀ ਹੈ।
ਇਨ੍ਹਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਅੜਿੱਕਾ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਜਾਂ ਉਸ ਨੂੰ ਹਾਨੀ ਪਹੁੰਚਾਉਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ। ਵੱਖ-ਵੱਖ ਮਾਫੀਆ ਅਤੇ ਗੈਂਗਸਟਰਾਂ ਵਲੋਂ ਮਚਾਏ ਹੁੜਦੰਗ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 25 ਨਵੰਬਰ, 2023 ਨੂੰ ਮੱਧ ਪ੍ਰਦੇਸ਼ ’ਚ ਸ਼ਹਿਡੋਲ ਜ਼ਿਲ੍ਹੇ ਦੇ ਗੋਪਾਲਪੁਰ ਪਿੰਡ ਦੇ ਰੇਤ ਮਾਫੀਆ ਨੇ ਨਾਜਾਇਜ਼ ਮਾਈਨਿੰਗ ਰੋਕਣ ਲਈ ਗਸ਼ਤ ਕਰ ਰਹੇ ‘ਬਿਓਹਰੀ’ ਰੈਵੇਨਿਊ ਡਵੀਜ਼ਨ ’ਚ ਤਾਇਨਾਤ ਪ੍ਰਸ਼ਾਨ ਸਿੰਘ ਨਾਂ ਦੇ ਪਟਵਾਰੀ ਨੂੰ ਨਾਜਾਇਜ਼ ਮਾਈਨਿੰਗ ਕੀਤੀ ਗਈ ਰੇਤ ਨਾਲ ਲੱਦੀ ਟ੍ਰੈਕਟਰ ਟ੍ਰਾਲੀ ਹੇਠ ਦਰੜ ਕੇ ਮਾਰ ਦਿੱਤਾ।
* 20 ਦਸੰਬਰ, 2023 ਨੂੰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ’ਚ ਸ਼ਰਾਬ ਸਮੱਗਲਰਾਂ ਨੇ ਪੁਲਸ ਵਲੋਂ ਤਲਾਸ਼ੀ ਲਈ ਉਨ੍ਹਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ’ਤੇ ਇਕ ਦਰੋਗਾ ਨੂੰ ਦਰੜ ਦਿੱਤਾ ਜਦ ਕਿ ਹੋਮਗਾਰਡ ਦਾ ਇਕ ਜਵਾਨ ਜ਼ਖਮੀ ਹੋ ਗਿਆ।
* 31 ਜਨਵਰੀ, 2024 ਨੂੰ ਭਿੰਡ ( ਮੱਧ ਪ੍ਰਦੇਸ਼) ਦੇ ‘ਹਿਲਗਵਾਂ ਘਾਟ’ ’ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਰੋਕਣ ਗਏ ਪੁਲਸ ਅਧਿਕਾਰੀਆਂ ਦੀ ਗੱਡੀ ਨੂੰ ਘੇਰ ਕੇ ਰੇਤ ਮਾਫੀਆ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਡਾਂਗ ਮਾਰ ਕੇ ਇਕ ਪੁਲਸ ਮੁਲਾਜ਼ਮ ਦਾ ਸਿਰ ਪਾੜ ਦਿੱਤਾ।
* 23 ਮਾਰਚ, 2024 ਨੂੰ ਓਡਿਸ਼ਾ ’ਚ ਕਟਕ ਜ਼ਿਲ੍ਹੇ ਦੇ ‘ਦਲੂਆ’ ਪਿੰਡ ’ਚ ਨਾਜਾਇਜ਼ ਸ਼ਰਾਬ ਅਤੇ ਕੱਚਾ ਮਾਲ ਰੱਖਣ ਦੇ ਦੋਸ਼ੀ ‘ਰਵਿੰਦਰ ਸਵੈਨ’ ਦੇ ਘਰ ਛਾਪਾ ਮਾਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ’ਤੇ ‘ਰਵਿੰਦਰ ਸਵੈਨ’ ਅਤੇ ਉਸ ਦੇ ਘਰ ਵਾਲਿਆਂ ਨੇ ਹਮਲਾ ਕਰ ਕੇ ਨਾ ਸਿਰਫ ਉਨ੍ਹਾਂ ਦੀ ਗੱਡੀ ਭੰਨ੍ਹ ਸੁੱਟੀ ਸਗੋਂ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ।
* 5 ਮਈ, 2024 ਨੂੰ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਦੇ ‘ਬਿਓਹਾਰੀ’ ਥਾਣਾ ਖੇਤਰ ’ਚ ਰੇਤ ਦੀ ਨਾਜਾਇਜ਼ ਢੋਆ-ਢੁਆਈ ’ਚ ਲੱਗੇ ਟ੍ਰੈਕਟਰ-ਟ੍ਰਾਲੀ ਚਾਲਕ ਨੇ ਇਕ ਸਹਾਇਕ ਪੁਲਸ ਸਬ-ਇੰਸਪੈਕਟਰ ‘ਮਹਿੰਦਰ ਬਾਗੜੀ’ ਨੂੰ ਦਰੜ ਕੇ ਮਾਰ ਦਿੱਤਾ। ਨਾਜਾਇਜ਼ ਮਾਈਨਿੰਗ ਲਈ ਬਦਨਾਮ ਇਸ ਇਲਾਕੇ ’ਚ ਅਕਸਰ ਪੁਲਸ ਅਤੇ ਮਾਫੀਆ ਦੇ ਮੈਂਬਰਾਂ ਦੇ ਦਰਮਿਆਨ ਝੜਪਾਂ ਹੁੰਦੀਆਂ ਰਹਿੰਦੀਆਂ ਹਨ।
ਦੱਸਿਆ ਜਾਂਦਾ ਹੈ ਕਿ ਮਹਿੰਦਰ ਬਾਗੜੀ ਇਕ ਫਰਾਰ ਦੋਸ਼ੀ ਨੂੰ ਫੜਨ ਦੇ ਸਿਲਸਿਲੇ ’ਚ ਜਾ ਰਹੇ ਸਨ। ਰਾਹ ’ਚ ਉਨ੍ਹਾਂ ਨੂੰ ਟ੍ਰੈਕਟਰ ਟ੍ਰਾਲੀ-ਦਿਖਾਈ ਦਿੱਤੀ ਜਿਸ ’ਤੇ ਰੇਤ ਲੱਦੀ ਹੋਈ ਸੀ। ਉਨ੍ਹਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਚਾਲਕ ਨੇ ਟ੍ਰੈਕਟਰ ਸਮੇਤ ਭੱਜਣ ਦਾ ਯਤਨ ਕਰਦੇ ਹੋਏ ਉਨ੍ਹਾਂ ਨੂੰ ਦਰੜ ਦਿੱਤਾ।
* 5 ਮਈ, 2024 ਨੂੰ ਹੀ ਦਿੱਲੀ ਪੁਲਸ ਨੇ ਬੀਤੀ 22 ਅਪ੍ਰੈਲ ਨੂੰ ਹੋਏ ਅਲੀਪੁਰ ਗੋਲੀ ਕਾਂਡ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਦੇ ਸਿਲਸਿਲੇ ’ਚ ਟਿੱਲੂ ਗੈਂਗ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਨੇ ਇਹ ਗੋਲੀਬਾਰੀ ਅਮਿਤ ਦਬੰਗ ਨਾਂ ਦੇ ਇਕ ਗੈਂਗਸਟਰ ਦੇ ਕਹਿਣ ’ਤੇ ਕੀਤੀ ਸੀ, ਜੋ ਇਸ ਸਮੇਂ ਮੰਡੋਲੀ ਜੇਲ ’ਚ ਬੰਦ ਹੈ। ਉਹੀ ਹਾਲ ਦੀ ਘੜੀ ਟਿੱਲੂ ਗੈਂਗ ਨੂੰ ਚਲਾ ਰਿਹਾ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵੱਖ-ਵੱਖ ਸਮਾਜ ਵਿਰੋਧੀ ਮਾਫੀਆ ਅਤੇ ਗੈਂਗਸਟਰਾਂ ਦੀਆਂ ਸਰਗਰਮੀਆਂ ਇਸ ਹੱਦ ਤੱਕ ਵਧ ਚੁੱਕੀਆਂ ਹਨ ਕਿ ਆਮ ਆਦਮੀ ਹੀ ਨਹੀਂ, ਸਗੋਂ ਪ੍ਰਸ਼ਾਸਨ ਵੀ ਮਾਫੀਆ ਦੇ ਹੱਥੋਂ ਬੰਧੂਆ ਬਣ ਕੇ ਰਹਿ ਗਿਆ ਹੈ।
ਇਸ ਦਾ ਸੰਕੇਤ 29 ਅਪ੍ਰੈਲ, 2022 ਨੂੰ ਭੰਡਾਰਾ (ਮਹਾਰਾਸ਼ਟਰ) ’ਚ ਇਕ ਵਾਇਰਲ ਵੀਡੀਓ ਤੋਂ ਵੀ ਮਿਲਿਆ ਸੀ ਜਦ ਉਥੋਂ ਦੇ ਕੁਝ ਪੁਲਸ ਮੁਲਾਜ਼ਮ ਰੇਤ ਮਾਫੀਆ ਦੇ ਮੈਂਬਰਾਂ ਨਾਲ ਪਾਰਟੀ ਕਰਦੇ ਫੜੇ ਗਏ ਜਿਨ੍ਹਾਂ ਨੂੰ ਬਾਅਦ ’ਚ ਮੁਅੱਤਲ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਦੀ ਸਥਿਤੀ ’ਤੇ ਟਿੱਪਣੀ ਕਰਦੇ ਹੋਏ 6 ਜੁਲਾਈ, 2022 ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਕਿਹਾ ਕਿ ‘‘ ਸਿਆਸੀ ਆਗੂਆਂ, ਅਪਰਾਧੀਆਂ ਅਤੇ ਨੌਕਰਸ਼ਾਹਾਂ ਦਰਮਿਆਨ ਅਪਵਿੱਤਰ ਗੱਠਜੋੜ ਮਿਟਾ ਦੇਣਾ ਚਾਹੀਦਾ ਹੈ।’’
ਇਸ ਲਈ ਇਸ ਸਬੰਧ ’ਚ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਅਤੇ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।
-ਵਿਜੇ ਕੁਮਾਰ
ਪੰਜਾਬ : ਕਰਜ਼ਿਆਂ ਦਾ ਬੋਝ ਅਤੇ ਕਿਸਾਨਾਂ ਦੀਆਂ ਵਧਦੀਆਂ ਖੁਦਕੁਸ਼ੀਆਂ
NEXT STORY