ਅਜੇ ਕਰਨਾਟਕ ਦੇ ਜਦ (ਐੱਸ.) ਸੰਸਦ ਮੈਂਬਰ ਪ੍ਰਾਜਵਲ ਰੇਵੰਨਾ ’ਤੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੇ ਘੇਰੇ ’ਚ ਆ ਗਏ ਹਨ।
ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ 2 ਮਈ ਨੂੰ ਦਾਅਵਾ ਕੀਤਾ ਕਿ, ‘‘ਨੌਕਰੀ ਦੇਣ ਦੇ ਝੂਠੇ ਬਹਾਨੇ ਬਣਾ ਕੇ ਰਾਜਪਾਲ ਆਨੰਦ ਬੋਸ ਨੇ ਰਾਜਭਵਨ ਵਿਚ 2019 ਤੋਂ ਠੇਕਾ ਆਧਾਰ ’ਤੇ ਕੰਮ ਕਰਨ ਵਾਲੀ ਇਕ ਔਰਤ ਨਾਲ ਛੇੜਛਾੜ ਕੀਤੀ।’’
ਸਾਗਰਿਕਾ ਘੋਸ਼ ਦੇ ਅਨੁਸਾਰ ਔਰਤ ਨੇ ਦੋਸ਼ ਲਾਇਆ ਹੈ ਕਿ (ਪਹਿਲੀ ਵਾਰ) ਜਦੋਂ ਉਸ ਦਾ ਸੈਕਸ ਸ਼ੋਸ਼ਣ ਹੋਇਆ ਤਾਂ ਉਸ ਨੂੰ 24 ਅਪ੍ਰੈਲ ਨੂੰ ਰਾਜਪਾਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ 2 ਮਈ ਨੂੰ ਉਸ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਬਾਅਦ ਉਸ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਪੀੜਤਾ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਹੇਅਰ ਸਟ੍ਰੀਟ ਪੁਲਸ ਸਟੇਸ਼ਨ ਲਿਜਾਇਆ ਗਿਆ।
ਰਾਜਪਾਲ ਆਨੰਦ ਬੋਸ ਨੇ ਇਸ ਦੋਸ਼ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ, ‘‘ਇਹ ਨਿਰਾਦਰਯੋਗ ਨੈਰੇਟਿਵ ਦੋ ਅਸੰਤੁਸ਼ਟ ਮੁਲਾਜ਼ਮਾਂ ਵੱਲੋਂ ਸਿਆਸੀ ਪਾਰਟੀਆਂ ਦੇ ਏਜੰਟਾਂ ਦੇ ਰੂਪ ’ਚ ਮੈਨੂੰ ਬਦਨਾਮ ਕਰ ਕੇ ਚੋਣਾਂ ਵਿਚ ਫਾਇਦਾ ਚੁੱਕਣ ਦੀ ਸਾਜ਼ਿਸ਼ ਦੇ ਅਧੀਨ ਪ੍ਰਸਾਰਿਤ ਕੀਤੇ ਗਏ ਹਨ। ਜੇਕਰ ਕੋਈ ਮੈਨੂੰ ਬਦਨਾਮ ਕਰ ਕੇ ਕਿਸੇ ਤਰ੍ਹਾਂ ਦਾ ਚੋਣਾਂ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ ਤਾਂ ਭਗਵਾਨ ਉਸ ਦਾ ਭਲਾ ਕਰੇ।’’
ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਦੇ ਬਿਆਨ ’ਤੇ ਸਖਤ ਇਤਰਾਜ਼ ਪ੍ਰਗਟਾਉਂਦੇ ਹੋਏ ਰਾਜਪਾਲ ਨੇ ਐਲਾਨ ਕੀਤਾ ਕਿ ਕੋਲਕਾਤਾ, ਦਾਰਜੀਲਿੰਗ ਤੇ ਬੈਰਕਪੁਰ ਦੇ ਰਾਜਭਵਨ ਕੰਪਲੈਕਸ ’ਚ ਉਨ੍ਹਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ’ਤੇ ਤ੍ਰਿਣਮੂਲ ਕਾਂਗਰਸ ਨੇ ‘ਐਕਸ’ ’ਤੇ ਪੋਸਟ ਕੀਤਾ ਹੈ ਕਿ ‘‘ਰਾਜਭਵਨ ਸਰਕਾਰ ਦਾ ਹੈ ਅਤੇ ਰਾਜਪਾਲ ਨੂੰ ਉਸ ਵਿਚ ਕਿਸੇ ਵਿਅਕਤੀ ਦਾ ਦਾਖਲਾ ਰੋਕਣ ਦਾ ਅਧਿਕਾਰ ਨਹੀਂ ਹੈ ਅਤੇ ਇਸ ਘਟਨਾ ਨਾਲ ਰਾਜਭਵਨ ਦੀ ਸ਼ਾਨ ਨੂੰ ਧੱਕਾ ਲੱਗਾ ਹੈ।’’
ਰਾਜਪਾਲਾਂ ਅਤੇ ਸੂਬਾ ਸਰਕਾਰਾਂ ਦੇ ਦਰਮਿਆਨ ਕੁਝ ਸਾਲ ਪਹਿਲਾਂ ਤੱਕ ਕੋਈ ਵਿਵਾਦ ਪੈਦਾ ਨਹੀਂ ਹੁੰਦਾ ਸੀ ਅਤੇ ਦੋਵੇਂ ਹੀ ਧਿਰਾਂ ਆਪਸੀ ਸਹਿਮਤੀ ਨਾਲ ਕੰਮ ਕਰਦੀਆਂ ਸਨ ਪਰ ਇਨ੍ਹਾਂ ਦਿਨਾਂ ’ਚ ਜੋ ਕੁਝ ਦੇਖਣ ’ਚ ਆ ਰਿਹਾ ਹੈ ਉਸ ਨੂੰ ਕਿਸੇ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ।
ਫਿਲਹਾਲ ਮੌਜੂਦਾ ਮਾਮਲੇ ’ਚ ਸੂਬਾ ਸਰਕਾਰ ਅਤੇ ਰਾਜਪਾਲ ਦੇ ਦਰਮਿਆਨ ਟਕਰਾਅ ਦਾ ਕਾਰਨ ਪਹਿਲੇ ਕਾਰਨਾਂ ਤੋਂ ਬਿਲਕੁਲ ਵੱਖਰਾ ਹੈ। ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਵੀ ਦੇਣੀ ਜ਼ਰੂਰੀ ਹੈ ਤਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲੱਗੇਗੀ।
-ਵਿਜੇ ਕੁਮਾਰ
ਪ੍ਰੋਗਰਾਮ ’ਚ ਨੱਚਣ ’ਤੇ ਦਲਿਤ ਨੌਜਵਾਨ ਦੀ ਕੁੱਟ-ਕੁੱਟ ਦੇ ਹੱਤਿਆ
NEXT STORY