ਇਕ ਚਾਰਜ 'ਚ ਤਹਿ ਕਰੇਗਾ 300 ਕਿਲੋਮੀਟਰ ਦਾ ਸਫਰ
ਜਲੰਧਰ- ਸ਼ਹਿਰੀ ਇਲਾਕਿਆਂ 'ਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਕੁਝ ਹੱਦ ਤਕ ਕਾਬੂ ਪਾਉਣ ਲਈ Volvo ਨੇ ਪਹਿਲਾ ਇਲੈਕਟ੍ਰਿਕ ਟਰੱਕ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਇਹ FL Electric ਨਾਂ ਦਾ ਟਰੱਕ ਸਾਰੇ ਮਾਮਲਿਆਂ 'ਚ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਦੀ ਬਰਾਬਰੀ ਕਰਦਾ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 300 ਕਿਲੋਮੀਟਰ ਤਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਸ਼ਹਿਰਾਂ ਦੇ ਕੁਝ ਇਲਾਕਿਆਂ 'ਚ ਡੀਜ਼ਲ ਟਰੱਕਾਂ ਦੇ ਦਾਖਲੇ ਦੀ ਮਨਾਹੀ ਹੁੰਦੀ ਹੈ, ਅਜਿਹੀ ਹਾਲਤ 'ਚ ਇਸ ਟਰੱਕ ਰਾਹੀਂ ਬਿਨਾਂ ਪ੍ਰਦੂਸ਼ਣ ਦੀ ਚਿੰਤਾ ਕੀਤਿਆਂ ਅਜਿਹੇ ਇਲਾਕਿਆਂ 'ਚ ਵੀ ਸਾਮਾਨ ਪਹੁੰਚਾਉਣ 'ਚ ਮਦਦ ਮਿਲੇਗੀ।
ਬੈਟਰੀ ਆਪਸ਼ਨਜ਼
ਵਾਲਵੋ ਟਰੱਕਸ ਦੇ ਹੈੱਡ (ਪ੍ਰੋਡਕਟ ਸਟ੍ਰੈਟੇਜੀ) ਜੋਂਸ ਓਡਰਮਾਲਮ ਨੇ ਕਿਹਾ ਹੈ ਕਿ ਇਸ ਟਰੱਕ ਨੂੰ ਜ਼ਿਆਦਾ ਲੋਡ ਸਮਰੱਥਾ, ਜ਼ਿਆਦਾ ਰੇਂਜ ਅਤੇ ਬਿਹਤਰੀਨ ਚਾਰਜਿੰਗ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਟਰੱਕ ਨੂੰ ਵੱਖ-ਵੱਖ ਬੈਟਰੀ ਸਮਰੱਥਾਵਾਂ (100 ਤੋਂ 300 kWh ) ਦੇ ਬਦਲ ਵਜੋਂ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਵੀ ਇਸੇ 'ਤੇ ਨਿਰਭਰ ਕਰੇਗੀ।
ਪਾਵਰਫੁੱਲ ਮੋਟਰ
ਪੂਰੀ ਤਰ੍ਹਾਂ ਬਿਜਲੀ ਨਾਲ ਕੰਮ ਕਰਨ ਵਾਲੇ ਇਸ ਟਰੱਕ 'ਚ ਕੰਪਨੀ ਨੇ ਵੱਡੇ ਆਕਾਰ ਦੀ ਮੋਟਰ ਲਾਈ ਹੈ, ਜੋ ਉਂਝ ਤਾਂ 130 kW ਦੀ ਕੰਟੀਨਿਊਜ਼ ਪਾਵਰ ਪੈਦਾ ਕਰਦੀ ਹੈ ਪਰ ਲੋੜ ਪੈਣ 'ਤੇ ਇਹ ਮੋਟਰ 185 kW ਦੀ ਵੱਧ ਤੋਂ ਵੱਧ ਪਾਵਰ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਮੋਟਰ 425 Nm ਦਾ ਪੀਕ ਟਾਰਕ ਪੈਦਾ ਕਰਦੀ ਹੈ।
2 ਘੰਟਿਆਂ 'ਚ ਹੋਵੇਗਾ ਫੁੱਲ ਚਾਰਜ
ਟਰੱਕ ਵਿਚ ਲੱਗੀ 300 kWh ਦੀ ਬੈਟਰੀ ਨੂੰ ਹਾਈ ਸਪੀਡ DC ਚਾਰਜਿੰਗ ਨਾਲ 2 ਘੰਟਿਆਂ ਵਿਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ, ਉਥੇ ਹੀ ਸਟੈਂਡਰਡ 13 ਚਾਰਜਿੰਗ ਨਾਲ 10 ਘੰਟਿਆਂ 'ਚ ਇਹ ਫੁੱਲ ਚਾਰਜ ਹੋ ਜਾਵੇਗੀ। ਵਰਣਨਯੋਗ ਹੈ ਕਿ ਵਾਲਵੋ ਨੇ ਸਾਲ 2010 ਵਿਚ 4 ਹਜ਼ਾਰ ਇਲੈਕਟ੍ਰਿਕ ਬੱਸਾਂ ਦੀ ਵਿਕਰੀ ਕੀਤੀ ਸੀ ਅਤੇ ਹੁਣ ਇਸ Volvo FL Electric ਟਰੱਕ ਨੂੰ ਅਗਲੇ ਸਾਲ ਤਕ ਯੂਰਪ 'ਚ ਵਿਕਰੀ ਲਈ ਮੁਹੱਈਆ ਕਰਵਾਉਣ ਦੀ ਕੰਪਨੀ ਦੀ ਯੋਜਨਾ ਹੈ।
ਜਲਦ ਹੀ ਸੁਜ਼ੂਕੀ ਉਤਾਰੇਗੀ ਆਪਣੀ ਨਵੀਂ Intruder 250 ਬਾਈਕ
NEXT STORY