ਮਾਨਸਾ (ਸੰਦੀਪ ਮਿੱਤਲ) : ਆਮ ਆਦਮੀ ਪਾਰਟੀ ਪੰਜਾਬ ਦੇ ਸਕੱਤਰ ਅਤੇ ਟਕਸਾਲੀ ਆਗੂ ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਸਭ ਤੋਂ ਪੁਰਾਣੇ ਅਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ, ਜਿਨ੍ਹਾਂ ਵੱਲੋਂ ਪਾਰਟੀ ਨੂੰ ਖੜ੍ਹਾ ਕਰਨ ਤੱਕ ਸਾਥ ਨਿਭਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ 'ਤੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਸੁਣਵਾਈ ਕਰਵਾਉਣ ਲਈ ਹਰ ਮਹੀਨੇ ਮੀਟਿੰਗ ਰੱਖੀ ਜਾਵੇ ਅਤੇ ਇਸ ਮੀਟਿੰਗ ਲਈ ਇੱਕ ਜ਼ਿਲ੍ਹਾ ਪੱਧਰੀ ਇੰਚਾਰਜ ਲਗਾਇਆ ਜਾਵੇ ਤਾਂ ਜੋ ਪਾਰਟੀ ਦੀ ਮਜ਼ਬੂਤੀ ਹੋ ਸਕੇ। ਪਰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਆਮ ਆਦਮੀ ਪਾਰਟੀ ਨੇ ਨਾ ਟਕਸਾਲੀ ਆਗੂਆਂ ਦੀ ਕੋਈ ਗੱਲ ਸੁਣੀ ਅਤੇ ਨਾ ਹੀ ਚੋਣਾਂ ਸਮੇਂ ਕੋਈ ਸਲਾਹ-ਮਸ਼ਵਰਾ ਜਾਂ ਉਨ੍ਹਾਂ ਦੀ ਰਾਇ ਲਈ।
ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਸਬੰਧੀ ਨਾ ਤਾਂ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਪੁੱਛਗਿੱਛ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਵੀ ਟਕਸਾਲੀ ਆਗੂ ਅਤੇ ਵਰਕਰ ਹਨ, ਜਿਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ। ਉਨ੍ਹਾਂ ਪਾਰਟੀ ਹਾਈ-ਕਮਾਂਡ ਤੋਂ ਮੰਗ ਕੀਤੀ ਕਿ ਇੱਕ ਜ਼ਿਲ੍ਹਾ ਪੱਧਰੀ ਇੰਚਾਰਜ ਲਗਾਇਆ ਜਾਵੇ ਜੋ ਪਾਰਟੀ ਟਕਸਾਲੀ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਾਈ-ਕਮਾਂਡ ਤੱਕ ਪਹੁੰਚਦੀਆਂ ਕਰੇ। ਉਨ੍ਹਾਂ ਅੱਗੇ ਕਿਹਾ ਕਿ ਉਹ ਖੁਦ ਬੱਛੋਆਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਣ ਦੇ ਚਾਹਵਾਨ ਸਨ। ਉਨ੍ਹਾਂ ਦੀ ਇੱਛਾ ਮਨ ਵਿੱਚ ਹੀ ਰਹਿ ਗਈ। ਪਾਰਟੀ ਨੇ ਹੋਰਾਂ ਨੂੰ ਟਿਕਟਾਂ ਦੇ ਦਿੱਤੀਆਂ ਅਤੇ ਉਨ੍ਹਾਂ ਦੀ ਅੱਜ ਤੱਕ ਰਾਇ-ਸਲਾਹ ਨਹੀਂ ਲਈ ਗਈ। ਇਹ ਸਭ ਮਹਿਸੂਸ ਕਰਨ ਤੇ ਮਨ ਉਦਾਸ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਅੱਜ-ਕੱਲ੍ਹ ਹੋਰਨਾਂ ਪਾਰਟੀਆਂ ਤੋਂ ਆਏ ਆਗੂਆਂ ਦੀ ਪੁੱਛ-ਗਿੱਛ ਜ਼ਿਆਦਾ ਹੋ ਰਹੀ ਹੈ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੋ ਰਹੇ ਹਨ। ਜਦਕਿ ਸਾਡੇ ਕੰਮਾਂ ਨੂੰ ਕੋਈ ਪੁੱਛਿਆ ਨਹੀਂ ਜਾਂਦਾ। ਹਰਵਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਨੁਸ਼ਾਸਨ, ਲੋਕ ਹਿੱਤ ਅਤੇ ਸੰਘਰਸ਼ਾਂ ਵਿੱਚੋਂ ਨਿਕਲੀ ਪਾਰਟੀ ਹੈ। “ਆਪ” ਸਰਕਾਰ ਨੇ ਪੰਜਾਬ ਦਾ ਮੁਹਾਂਦਰਾ ਬਦਲ ਦਿੱਤਾ ਹੈ। ਪਰ ਸਾਨੂੰ ਤਕਲੀਫ ਹੁੰਦੀ ਹੈ ਕਿ ਜਦੋਂ ਸਾਡੀ ਸਰਕਾਰ ਵਿੱਚ ਹੀ ਸਾਡੀ ਗੱਲ ਨਹੀਂ ਸੁਣੀ ਜਾਂਦੀ। ਉਨ੍ਹਾਂ ਕਿਹਾ ਕਿ ਅਨੇਕਾਂ ਵਰਕਰਾਂ ਦੀਆਂ ਪਾਰਟੀ ਪ੍ਰਤੀ ਅਨੇਕਾਂ ਭਾਵਨਾਵਾਂ ਹਨ ਪਰ ਜਦੋਂ ਟਕਸਾਲੀਆਂ ਨੂੰ ਹੀ ਇੰਨਾ ਅਣਦਿੱਖ ਕਰ ਕੇ ਹੋਰਾਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਮੋਹਰੀ ਬਣਾਇਆ ਜਾ ਰਿਹਾ ਹੈ ਤਾਂ ਨਿਰਾਸ਼ਾ ਹੋਣੀ ਸੁਭਾਵਿਕ ਹੈ।
ਉਨ੍ਹਾਂ ਪਾਰਟੀ ਹਾਈ-ਕਮਾਂਡ ਤੋਂ ਮੰਗ ਕੀਤੀ ਕਿ ਇਸ ਸਭ ਦਾ ਮੁਲਾਂਕਣ ਕੀਤਾ ਜਾਵੇ ਕਿ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਖੇਤਰ ਦੇ ਅਨੁਸਾਰ ਉਨ੍ਹਾ ਦੇ ਰਾਇ-ਮਸ਼ਵਰੇ ਅਤੇ ਉਨ੍ਹਾਂ ਦੇ ਸ਼ਿਕਵੇ ਆਦਿ ਸੁਣੇ ਜਾਣ। ਜਿਸ ਨਾਲ ਪਾਰਟੀ ਵਰਕਰਾਂ ਅੰਦਰ ਉਤਸ਼ਾਹ, ਹਿੰਮਤ ਅਤੇ ਖੁਸ਼ੀ ਦਾ ਅਨੁਭਵ ਹੋਵੇ। ਚੋਣਾਂ ਲੜਣ ਦੇ ਇਛੁੱਕ ਅਨੇਕਾਂ ਵਰਕਰ ਜੋ ਕਿਸੇ ਕਾਰਨ ਚੋਣਾਂ ਨਹੀਂ ਲੜ ਸਕੇ ਜਾਂ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਇਸ ਉੱਤੇ ਵਿਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਇਸ ਦਾ ਅਧਿਐਨ ਕਰੇਗੀ ਤਾਂ ਖੇਤਰ ਅਤੇ ਹਲਕਿਆਂ ਅਨੁਸਾਰ ਪਾਰਟੀ ਵਰਕਰਾਂ ਦੇ ਰਾਇ-ਮਸ਼ਵਰੇ ਜ਼ਮੀਨੀ ਤੌਰ 'ਤੇ ਲਏ ਜਾਣਗੇ ਤਾਂ ਪਾਰਟੀ ਹੋਰ ਮਜ਼ਬੂਤ ਅਤੇ ਵਰਕਰ ਹੋਰ ਹਿੰਮਤ ਤੇ ਦਲੇਰੀ ਨਾਲ ਕੰਮ ਕਰਨਗੇ। ਪਾਰਟੀ ਵਰਕਰਾਂ ਅੰਦਰ ਨਵੀਂ ਜਾਨ ਆਵੇਗੀ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਇਨ੍ਹਾਂ ਭਾਵਨਾਾਂ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਅਤੇ ਇਸ ਉੱਤੇ ਛੇਤੀ ਤੋਂ ਛੇਤੀ ਰਾਇ-ਮਸ਼ਵਰਾ ਕਰਕੇ ਵਿਚਾਰਾਂ ਕੀਤੀਆਂ ਜਾਣ।
ਚੋਰਾਂ ਨੇ ਘਰ ’ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਉਡਾਈ
NEXT STORY