ਹਾਲ ਹੀ ’ਚ ਅਮਰੀਕਾ ਦੀ ਵੱਕਾਰੀ ਆਟੋਮੋਬਾਈਲ ਕੰਪਨੀ ‘ਫੋਰਡ’ ਨੇ ਏ. ਆਈ. ਨੂੰ ਅਪਣਾ ਕੇ ਆਪਣੇ ਕੁਝ ਕਰਮਚਾਰੀਆਂ ਨੂੰ ਹਟਾ ਦਿੱਤਾ ਸੀ ਪਰ ਜਲਦੀ ਹੀ ਉਸ ਨੂੰ ਏ. ਆਈ. ਦੀਆਂ ਹੱਦਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਬਾਰਾ ਕੰਮ ’ਤੇ ਰੱਖਣਾ ਪਿਆ। ਇਸੇ ਤਰ੍ਹਾਂ ਗਾਹਕ ਸੇਵਾ ਖੇਤਰ ਦੀ ਇਕ ਨਾਮੀ ਫਿਨਟੈਕ ਕੰਪਨੀ ‘ਕਲਾਰਨਾ’ ਨੂੰ ਵੀ ਇਹ ਸਵੀਕਾਰ ਕਰਨਾ ਪਿਆ ਕਿ ਸਿਰਫ ਏ. ਆਈ. ਆਧਾਰਿਤ ਗੱਲਬਾਤ ਗਾਹਕਾਂ ਦੀ ਸੰਤੁਸ਼ਟੀ ਦਾ ਬਦਲ ਨਹੀਂ ਬਣ ਸਕਦੀ, ਇਸ ਲਈ ਉਸ ਨੂੰ ਵੀ ਆਪਣੇ ਅਦਾਰੇ ’ਚ ਕਰਮਚਾਰੀਆਂ ਦੀ ਗਿਣਤੀ ਫਿਰ ਤੋਂ ਵਧਾਉਣੀ ਪਈ। ਅਜਿਹੀ ਹੀ ਇਕ ਹੋਰ ਪ੍ਰਮੁੱਖ ਅਮਰੀਕੀ ਆਈ. ਟੀ. ਕੰਪਨੀ ਆਈ. ਬੀ. ਐੱਮ. ਨੇ ਵੀ ਏ. ਆਈ. ਦੇ ਨਾਲ ਤਜਰਬਾ ਅਤੇ ਮੁਹਾਰਤ ਵਾਲੇ ਕਰਮਚਾਰੀਆਂ ਦੀ ਲੋੜ ਨੂੰ ਦੁਬਾਰਾ ਰੇਖਾਂਕਿਤ ਕੀਤਾ ਹੈ।
ਇਹ ਸਾਰੀਆਂ ਕੰਪਨੀਆਂ ਬਦਲਦੇ ਸਮੇਂ ਨਾਲ ਤਾਲਮੇਲ ਬਿਠਾ ਕੇ ਆਪਣੇ ਸਿਸਟਮ ਨੂੰ ਏ. ਆਈ. ਆਧਾਰਿਤ ਬਣਾਉਣ ਵੱਲ ਵਧ ਰਹੀਆਂ ਸਨ, ਪਰ ਇਨ੍ਹਾਂ ਨੂੰ ਜਲਦੀ ਹੀ ਆਪਣੇ ਕਰਮਚਾਰੀ ਵਾਪਸ ਬੁਲਾਉਣੇ ਪਏ। ਇਹ ਉਹ ਘਟਨਾਵਾਂ ਹਨ, ਜੋ ਸਾਨੂੰ ਏ. ਆਈ. ’ਤੇ ਸਾਡੀ ਵਧਦੀ ਨਿਰਭਰਤਾ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਰਹੀਆਂ ਹਨ। ਇਹ ਘਟਨਾਵਾਂ ਏ. ਆਈ. ਦੀ ਅਸਫਲਤਾ ਦਾ ਸੰਕੇਤ ਨਹੀਂ ਹਨ, ਪਰ ਹਾਂ, ਇਸ ਭਰਮ ਦੇ ਟੁੱਟਣ ਦਾ ਸੰਕੇਤ ਜ਼ਰੂਰ ਹਨ ਕਿ ਏ. ਆਈ. ਮਨੁੱਖ ਦੀ ਜਗ੍ਹਾ ਲੈ ਸਕਦੀ ਹੈ।
ਅਸੀਂ ਮਨੁੱਖਾਂ ਨੇ ਸਦੀਆਂ ਤੱਕ ਮਸ਼ੀਨਾਂ ਇਸ ਲਈ ਬਣਾਈਆਂ ਤਾਂ ਜੋ ਉਹ ਸਾਡੀ ਸਰੀਰਕ ਮਿਹਨਤ ਨੂੰ ਘਟਾ ਸਕਣ ਪਰ ਇਤਿਹਾਸ ’ਚ ਪਹਿਲੀ ਵਾਰ ਅੱਜ ਮਸ਼ੀਨਾਂ ਬੌਧਿਕ ਕੰਮ ਵੀ ਕਰ ਰਹੀਆਂ ਹਨ। ਨਕਲੀ ਬੁੱਧੀਮਤਾ (ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ.) ਦੇ ਇਸ ਦੌਰ ਨੇ ਸਾਡੇ ਸਾਰਿਆਂ ਸਾਹਮਣੇ ਇਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਮਸ਼ੀਨਾਂ ਸਿਰਫ਼ ਸਾਡਾ ਕੰਮ ਆਸਾਨ ਕਰਨਗੀਆਂ, ਜਾਂ ਇਕ ਦਿਨ ਸਾਡੇ ਤਜਰਬੇ, ਫੈਸਲੇ ਅਤੇ ਸੂਝ-ਬੂਝ ਦੀ ਜਗ੍ਹਾ ਵੀ ਲੈ ਲੈਣਗੀਆਂ?
ਦਰਅਸਲ, ਪਿਛਲੇ ਕੁਝ ਸਾਲਾਂ ’ਚ ਏ. ਆਈ. ਨੂੰ ਲੈ ਕੇ ਜਿੰਨਾ ਉਤਸ਼ਾਹ ਦਿਖਾਈ ਦਿੱਤਾ, ਓਨੀਆਂ ਹੀ ਸ਼ੰਕਾਵਾਂ ਵੀ ਪੈਦਾ ਹੋਈਆਂ। ਇਕ ਪਾਸੇ ਇਸ ਨੂੰ ਵਿਗਿਆਨ ਦੇ ਚਮਤਕਾਰ ਵਜੋਂ ਦੇਖਿਆ ਜਾ ਰਿਹਾ ਸੀ, ਤਾਂ ਦੂਜੇ ਪਾਸੇ ਕਰੋੜਾਂ ਨੌਕਰੀਆਂ ਦੇ ਖ਼ਤਮ ਹੋਣ ਦੀ ਸ਼ੁਰੂਆਤ ਵਜੋਂ ਪਰ ਦ੍ਰਿਸ਼ ਲਗਾਤਾਰ ਬਦਲਦਾ ਜਾ ਰਿਹਾ ਹੈ।
ਸਮੇਂ ਦੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਏ. ਆਈ. ਦੀਆਂ ਵੀ ਹੱਦਾਂ ਹਨ। ਭਾਵੇਂ ਉਹ ਕੁਝ ਹੀ ਪਲਾਂ ’ਚ ਕਰੋੜਾਂ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਪੈਟਰਨ ਪਛਾਣ ਸਕਦੀ ਹੈ, ਸੰਭਾਵਨਾਵਾਂ ਦਾ ਅੰਦਾਜ਼ਾ ਲਗਾ ਸਕਦੀ ਹੈ ਅਤੇ ਮਨੁੱਖ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਜਵਾਬ ਦੇ ਸਕਦੀ ਹੈ, ਪਰ ਬੁਨਿਆਦੀ ਤੱਥ ਇਹ ਹੈ ਕਿ ਏ. ਆਈ. ਸੋਚ ਨਹੀਂ ਸਕਦੀ। ਹਾਂ, ਉਹ ਗਣਨਾ ਕਰ ਸਕਦੀ ਹੈ ਪਰ ਉਸਦਾ ਹਰ ਜਵਾਬ ਉਸੇ ਡੇਟਾ ’ਤੇ ਆਧਾਰਿਤ ਹੁੰਦਾ ਹੈ, ਜਿਸ ਨਾਲ ਉਸ ਨੂੰ ਸਿਖਲਾਈ ਦਿੱਤੀ ਗਈ ਹੈ। ਜੇਕਰ ਡੇਟਾ ਅਧੂਰਾ, ਪੱਖਪਾਤੀ ਜਾਂ ਨੁਕਸਦਾਰ ਹੈ, ਤਾਂ ਉਹ ਨਤੀਜਾ ਵੀ ਅਜਿਹਾ ਹੀ ਦੇਵੇਗੀ।
ਇੱਥੋਂ ਹੀ ਤਜਰਬਾ ਤੇ ਡੇਟਾ ਅਤੇ ਤਾਰਕਿਕ ਬੁੱਧੀ ਤੇ ਤੱਥਾਂ ਦੇ ਵਿਸ਼ਲੇਸ਼ਣ ’ਚ ਤਾਲਮੇਲ ਦੀ ਮਹੱਤਤਾ ਉਜਾਗਰ ਹੁੰਦੀ ਹੈ।
ਇਕ ਤਜਰਬੇਕਾਰ ਇੰਜੀਨੀਅਰ ਮਸ਼ੀਨ ਦੀ ਹਲਕੀ ਜਿਹੀ ਅਸਾਧਾਰਨ ਆਵਾਜ਼ ਸੁਣ ਕੇ ਆਉਣ ਵਾਲੀ ਵੱਡੀ ਖ਼ਰਾਬੀ ਦਾ ਅੰਦਾਜ਼ਾ ਲਗਾ ਸਕਦਾ ਹੈ। ਇਕ ਸੀਨੀਅਰ ਡਾਕਟਰ ਟੈਸਟ ਰਿਪੋਰਟਾਂ ਆਮ ਹੋਣ ਦੇ ਬਾਵਜੂਦ ਮਰੀਜ਼ ਦੇ ਸਰੀਰਕ ਲੱਛਣਾਂ ਅਤੇ ਵਿਵਹਾਰ ਤੋਂ ਲੁਕੀ ਹੋਈ ਬੀਮਾਰੀ ਨੂੰ ਉਸ ਦੇ ਸ਼ੁਰੂਆਤੀ ਪੜਾਅ ’ਚ ਹੀ ਪਛਾਣ ਸਕਦਾ ਹੈ। ਇਕ ਸੰਵੇਦਨਸ਼ੀਲ ਅਧਿਆਪਕ ਇਹ ਸਮਝ ਲੈਂਦਾ ਹੈ ਕਿ ਕਿਸੇ ਵਿਦਿਆਰਥੀ ਦੀ ਚੁੱਪ ਉਸ ਦੀ ਕਮਜ਼ੋਰੀ ਨਹੀਂ, ਉਸਦੇ ਮਾਨਸਿਕ ਸੰਘਰਸ਼ ਦਾ ਸੰਕੇਤ ਹੈ। ਇਕ ਕੁਸ਼ਲ ਪਲੰਬਰ, ਇਲੈਕਟ੍ਰੀਸ਼ੀਅਨ ਜਾਂ ਤਰਖਾਣ ਸਾਲਾਂ ਦੇ ਆਪਣੇ ਤਜਰਬੇ ਨਾਲ ਅਜਿਹੀਆਂ ਬਾਰੀਕੀਆਂ ਫੜ ਲੈਂਦਾ ਹੈ, ਜਿਨ੍ਹਾਂ ਨੂੰ ਕੋਈ ਮਸ਼ੀਨ ਤੁਰੰਤ ਨਹੀਂ ਪਛਾਣ ਸਕਦੀ।
ਅਤੇ ਇੱਥੇ ਹੀ ਏ. ਆਈ. ਮਨੁੱਖ ਤੋਂ ਪਿੱਛੇ ਰਹਿ ਜਾਂਦੀ ਹੈ ਕਿਉਂਕਿ ਤਜਰਬਾ ਉਹ ਜਾਇਦਾਦ ਹੈ ਜਿਸ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗਿਆਨ ਆਪਣੇ ਆਪ ’ਚ ਉਦੋਂ ਤੱਕ ਅਧੂਰਾ ਹੈ ਜਦੋਂ ਤੱਕ ਉਸ ਨੂੰ ਵਿਵਹਾਰ ’ਚ ਨਾ ਲਿਆਂਦਾ ਜਾਵੇ। ਸਿਰਫ਼ ਯੂ-ਟਿਊਬ ’ਤੇ ਵੀਡੀਓ ਦੇਖ ਕੇ ਤੁਸੀਂ ਵਧੀਆ ਆਟਾ ਗੁੰਨ੍ਹਣਾ ਜਾਂ ਰੋਟੀ ਵੇਲਣੀ ਜਾਂ ਪੇਂਟਿੰਗ ਕਰਨਾ ਨਹੀਂ ਸਿੱਖ ਸਕਦੇ, ਜਦੋਂ ਤੱਕ ਤੁਹਾਡੇ ਕੋਲ ਅਭਿਆਸ ਦਾ ਤਜਰਬਾ ਨਾ ਹੋਵੇ।
ਏ. ਆਈ. ਅਤੇ ਮਨੁੱਖ ਦੇ ਵਿਚਾਲੇ ਸਭ ਤੋਂ ਵੱਡਾ ਫਰਕ ਵੀ ਇਹੀ ਹੈ। ਏ. ਆਈ. ਡੇਟਾ ਦੇਖਦੀ ਹੈ, ਮਨੁੱਖ ਸੰਦਰਭ ਸਮਝਦਾ ਹੈ। ਏ. ਆਈ. ਪੈਟਰਨ ਪਛਾਣਦੀ ਹੈ, ਮਨੁੱਖ ਅਪਵਾਦ ਪਛਾਣਦਾ ਹੈ। ਏ. ਆਈ. ਸੰਭਾਵਨਾ ਦੱਸਦੀ ਹੈ, ਮਨੁੱਖ ਜੋਖਮ ਦਾ ਮੁਲਾਂਕਣ ਕਰਦਾ ਹੈ। ਏ. ਆਈ. ਜਵਾਬ ਦਿੰਦੀ ਹੈ, ਮਨੁੱਖ ਫੈਸਲਾ ਲੈਂਦਾ ਹੈ ਅਤੇ ਸਭ ਤੋਂ ਮਹੱਤਵਪੂਰਨ, ਏ. ਆਈ. ਆਪਣੇ ਫੈਸਲੇ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਲੈਂਦੀ, ਮਨੁੱਖ ਲੈਂਦਾ ਹੈ।
ਇਹੀ ਕਾਰਨ ਹੈ ਕਿ ਹਮਦਰਦੀ, ਸਹਿਣਸ਼ੀਲਤਾ, ਅੰਦਰੂਨੀ ਗਿਆਨ, ਨੈਤਿਕ ਸੂਝ ਅਤੇ ਜ਼ਿੰਮੇਵਾਰੀ ਅੱਜ ਵੀ ਕਿਸੇ ਐਲਗੋਰਿਦਮ ’ਚ ਨਹੀਂ ਪਾਈ ਜਾ ਸਕੀ ਹੈ। ਏ. ਆਈ. ਕਦੇ ਵੀ ਦੋਸ਼ੀ ਮਹਿਸੂਸ ਨਹੀਂ ਕਰਦੀ, ਉਹ ਕਦੇ ਵੀ ਦੁਬਿਧਾ ’ਚ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਫੈਸਲੇ ਦੇ ਨੈਤਿਕ ਨਤੀਜਿਆਂ ਦਾ ਬੋਝ ਚੁੱਕਦੀ ਹੈ। ਉਹ ਉਹੀ ਸਿੱਖਦੀ ਹੈ ਜੋ ਮਨੁੱਖ ਉਸ ਨੂੰ ਸਿਖਾਉਂਦਾ ਹੈ। ਇਸ ਲਈ ਏ. ਆਈ. ਦੀ ਗੁਣਵੱਤਾ ਆਖਿਰਕਾਰ ਮਨੁੱਖ ਦੀ ਗੁਣਵੱਤਾ ’ਤੇ ਹੀ ਨਿਰਭਰ ਕਰਦੀ ਹੈ। ਇਸ ਲਈ ਭਵਿੱਖ ’ਚ ਸਭ ਤੋਂ ਵੱਧ ਮੁੱਲ ਉਨ੍ਹਾਂ ਲੋਕਾਂ ਦਾ ਹੋਵੇਗਾ, ਜਿਨ੍ਹਾਂ ਕੋਲ ਡੂੰਘੀ ਮੁਹਾਰਤ, ਵਿਵਹਾਰਕ ਤਜਰਬਾ ਅਤੇ ਫੈਸਲਾ ਲੈਣ ਦੀ ਸਮਰੱਥਾ ਹੋਵੇਗੀ, ਤਾਂ ਜੋ ਉਹ ਏ. ਆਈ. ਦੀ ਮਦਦ ਨਾਲ ਕੰਮ ਦੀ ਗੁਣਵੱਤਾ ਨੂੰ ਸੁਧਾਰ ਸਕਣ।
ਇਤਿਹਾਸ ਗਵਾਹ ਹੈ ਕਿ ਹਰ ਤਕਨੀਕੀ ਕ੍ਰਾਂਤੀ ਨੇ ਮਨੁੱਖ ਦੀ ਸਮਰੱਥਾ ਨੂੰ ਵਧਾਇਆ ਹੈ, ਉਸਦੀ ਮਹੱਤਤਾ ਨੂੰ ਘੱਟ ਨਹੀਂ ਕੀਤਾ। ਭਾਫ਼ ਦੇ ਇੰਜਣ ਨੇ ਮਿਹਨਤ ਨੂੰ ਬਦਲਿਆ, ਕੰਪਿਊਟਰ ਨੇ ਗਣਨਾ ਨੂੰ ਬਦਲਿਆ, ਇੰਟਰਨੈੱਟ ਨੇ ਸੰਚਾਰ ਨੂੰ ਬਦਲਿਆ। ਏ. ਆਈ. ਵੀ ਕੰਮ ਕਰਨ ਦੇ ਤਰੀਕੇ ਬਦਲੇਗੀ, ਪਰ ਉਹ ਅਨੁਭਵ, ਸੂਝ-ਬੂਝ ਅਤੇ ਮਨੁੱਖੀ ਸੰਵੇਦਨਸ਼ੀਲਤਾ ਦਾ ਬਦਲ ਨਹੀਂ ਬਣ ਸਕਦੀ।
ਕਿਉਂਕਿ ਜਿੱਥੇ ਐਲਗੋਰਿਦਮ ਰੁਕ ਜਾਂਦਾ ਹੈ, ਉੱਥੋਂ ਹੀ ਤਜਰਬਾ ਆਪਣਾ ਰਸਤਾ ਬਣਾਉਣਾ ਸ਼ੁਰੂ ਕਰਦਾ ਹੈ।
—ਡਾ. ਨੀਲਮ ਮਹੇਂਦਰ
‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਅਪਰਾਧ!
NEXT STORY