ਵਿੱਤ ਮੰਤਰਾਲੇ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸਾਲ 2020-21 ’ਚ ਦੇਸ਼ ਦੇ ਹਵਾਈ ਅੱਡਿਆਂ ’ਤੇ ਗੈਰ-ਕਾਨੂੰਨੀ ਤੌਰ ’ਤੇ ਲਿਆਂਦਾ ਜਾਣ ਵਾਲਾ 1000 ਕਿਲੋ ਸੋਨਾ ਫੜਿਆ ਗਿਆ ਸੀ, ਜੋ 2024-25 ’ਚ ਵਧ ਕੇ 1813 ਕਿਲੋ ਤੱਕ ਜਾ ਪਹੁੰਚਿਆ।
ਇਸੇ ਤਰ੍ਹਾਂ 2023 ’ਚ ਦੇਸ਼ ’ਚ ਵਿਦੇਸ਼ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ 1.09 ਲੱਖ ਮਾਮਲੇ ਸਾਹਮਣੇ ਆਏ ਸਨ, ਜੋ 2025 ’ਚ ਵਧ ਕੇ 1.48 ਲੱਖ ਹੋ ਗਏ। ਇਹ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਇਨ੍ਹਾਂ ਮਾਮਲਿਆਂ ’ਚ ਹਵਾਈ ਅੱਡਿਆਂ ਦਾ ਸਟਾਫ਼ ਅਤੇ ਏਅਰਲਾਈਨਜ਼ ਦੇ ਕਰਮਚਾਰੀ ਵੀ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਸਿਰਫ ਪਿਛਲੇ ਲੱਗਭਗ ਡੇਢ ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 2 ਅਗਸਤ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ‘ਫੂਕੇਤ’ (ਥਾਈਲੈਂਡ) ਤੋਂ ‘ਏਅਰ ਇੰਡੀਆ’ ਦੇ ਜਹਾਜ਼ ਤੋਂ ਆਏ ਇਕ ਯਾਤਰੀ ਤੋਂ ਵੈਕਿਊਮ-ਸੀਲਡ ਪੈਕੇਟਾਂ ’ਚ ਬੰਦ 2.7 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਹਾਈ ਕੁਆਲਿਟੀ ਦਾ ਗਾਂਜਾ) ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
* 2 ਤੋਂ 6 ਅਗਸਤ ਵਿਚਾਲੇ ਅਧਿਕਾਰੀਆਂ ਨੇ ‘ਕੇਰਲ’ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਸੋਨੇ ਦੀ ਸਮੱਗਲਿੰਗ ਵਿਰੁੱਧ ਚਲਾਈਆਂ ਗਈਆਂ 14 ਮੁਹਿੰਮਾਂ ਦੌਰਾਨ 11 ਕਰੋੜ ਰੁਪਏ ਤੋਂ ਵੱਧ ਕੀਮਤ ਦਾ 8 ਕਿਲੋ ਸੋਨਾ ਜ਼ਬਤ ਕਰਕੇ 9 ਸਮੱਗਲਰ ਗ੍ਰਿਫ਼ਤਾਰ ਕੀਤੇ।
* 7 ਅਗਸਤ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ‘ਏਅਰ ਇੰਟੈਲੀਜੈਂਸ ਯੂਨਿਟ’ ਦੇ ਅਧਿਕਾਰੀਆਂ ਨੇ ‘ਜੇੱਦਾ’ ਤੋਂ ਆਏ ਇਕ ਯਾਤਰੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਸਾਮਾਨ ਦੀ ਸਕ੍ਰੀਨਿੰਗ ਦੌਰਾਨ ਇਕ ਸਕੂਟਰ ਦੇ ਟਾਇਰ ’ਚ ਲੁਕਾ ਕੇ ਰੱਖਿਆ 24 ਕੈਰੇਟ ਸ਼ੁੱਧਤਾ ਵਾਲਾ 869.5 ਗ੍ਰਾਮ ਸੋਨਾ ਬਰਾਮਦ ਕੀਤਾ।
* 15 ਅਗਸਤ ਨੂੰ ‘ਚੇਨਈ’ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ‘ਬੈਂਕਾਕ’ ਤੋਂ ਆਏ ‘ਮਿਆਂਮਾਰ’ ਦੇ 2 ਨਾਗਰਿਕਾਂ ਤੋਂ 2.65 ਕਰੋੜ ਰੁਪਏ ਦੀਆਂ 24 ਕੈਰੇਟ ਸੋਨੇ ਦੀਆਂ 1.967 ਕਿਲੋ ਛੜਾਂ ਬਰਾਮਦ ਕਰਨ ਤੋਂ ਬਾਅਦ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ।
* 22 ਅਗਸਤ ਨੂੰ ‘ਹੈਦਰਾਬਾਦ’ (ਤੇਲੰਗਾਨਾ) ਸਥਿਤ ‘ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ਲੱਗਭਗ 91 ਲੱਖ ਰੁਪਏ ਕੀਮਤ ਦਾ ਸੋਨੇ ਦਾ ਪੇਸਟ (ਗੋਲਡ ਪੇਸਟ) ਲੈ ਜਾ ਰਹੇ ਇਕ ਸਮੱਗਲਰ ਨੂੰ ਫੜਿਆ।
* 30 ਅਗਸਤ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਇਕ ਵੱਡੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਜਿਸ ’ਚ ਹਵਾਈ ਅੱਡੇ ਦੇ ਗ੍ਰਾਊਂਡ ਸਟਾਫ਼ ਅਤੇ ਦੁਬਈ, ਬੈਂਕਾਕ ਤੇ ਮਾਲੇ ਤੋਂ ਆਉਣ ਵਾਲੇ ਸਮੱਗਲਰਾਂ ਦੀ ਮਿਲੀਭੁਗਤ ਸੀ। ਅਧਿਕਾਰੀਆਂ ਨੇ ਇਸ ਮਾਮਲੇ ’ਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 10.75 ਕਰੋੜ ਰੁਪਏ ਕੀਮਤ ਦਾ 24 ਕੈਰੇਟ ਸ਼ੁੱਧਤਾ ਵਾਲਾ 6.859 ਕਿਲੋ ਸੋਨਾ ਜ਼ਬਤ ਕੀਤਾ।
* 9 ਸਤੰਬਰ ਨੂੰ ‘ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ‘ਸਿੰਗਾਪੁਰ’ ਤੋਂ ਆਏ 2 ਸਮੱਗਲਰਾਂ ਤੋਂ 2 ਕਰੋੜ ਰੁਪਏ ਕੀਮਤ ਦਾ 5.8 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਹਾਈ ਕੁਆਲਿਟੀ ਦਾ ਗਾਂਜਾ) ਬਰਾਮਦ ਕੀਤਾ।
* 11 ਸਤੰਬਰ ਨੂੰ ਕਸਟਮ ਅਧਿਕਾਰੀਆਂ ਨੇ ‘ਦਿੱਲੀ’ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ‘ਬੈਂਕਾਕ’ ਤੋਂ ਆਈ ‘ਮਿਆਂਮਾਰ’ ਦੀ ਇਕ ਔਰਤ ਯਾਤਰੀ ਤੋਂ 1.93 ਕਰੋੜ ਰੁਪਏ ਕੀਮਤ ਦਾ 5.5 ਕਿਲੋ ਗਾਂਜਾ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
* 12 ਸਤੰਬਰ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਏਅਰਲਾਈਨ ਸਟਾਫ਼ ਦੀ ਮਦਦ ਨਾਲ ਚਲਾਏ ਜਾ ਰਹੇ ਸੋਨਾ ਸਮੱਗਲਿੰਗ ਦੇ ਇਕ ਸਕੈਂਡਲ ਦਾ ਪਰਦਾਫਾਸ਼ ਕੀਤਾ।
ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲੇ ਇਕ ਏਅਰਲਾਈਨ ਕਰਮਚਾਰੀ ਦਾ 50 ਕਿਲੋਮੀਟਰ ਦੂਰ ਤੱਕ ਪਿੱਛਾ ਕਰ ਕੇ ਉਸ ਤੋਂ 5.47 ਕਰੋੜ ਰੁਪਏ ਕੀਮਤ ਦਾ 3.47 ਕਿਲੋ ਸੋਨਾ ਬਰਾਮਦ ਕੀਤਾ। ਇਸ ਸਿਲਸਿਲੇ ’ਚ ਇਕ ਏਅਰਲਾਈਨ ਦੀ ਮਹਿਲਾ ਕਰਮਚਾਰੀ ਅਤੇ 2 ਯਾਤਰੀਆਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 13 ਸਤੰਬਰ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ‘ਜੇੱਦਾ’ ਤੋਂ ‘ਢਾਕਾ’ (ਵਾਇਆ ਦਿੱਲੀ) ਜਾ ਰਹੇ ਇਕ ਯਾਤਰੀ ਨੂੰ ਰੋਕ ਕੇ ਜਾਂਚ ਕਰਨ ’ਤੇ ਉਸ ਦੇ ਅੰਡਰਗਾਰਮੈਂਟਸ ’ਚ ਲੁਕਾ ਕੇ ਰੱਖੇ 3 ਕੈਪਸੂਲਾਂ ’ਚ ਲੱਗਭਗ 2.4 ਕਰੋੜ ਰੁਪਏ ਕੀਮਤ ਦਾ ਸੋਨਾ ਬਰਾਮਦ ਕੀਤਾ।
ਉਕਤ ਮਾਮਲੇ ਦਰਸਾਉਂਦੇ ਹਨ ਕਿ ਸਮੱਗਲਰ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਅਪਣਾ ਕੇ ਸੋਨੇ ਅਤੇ ਨਸ਼ਿਆਂ ਦੀ ਸਮੱਗਲਿੰਗ ਕਰ ਰਹੇ ਹਨ। ਇਸ ਲਈ ਇਸ ’ਤੇ ਰੋਕ ਲਗਾਉਣ ਲਈ ਸੁਰੱਖਿਆ ਏਜੰਸੀਆਂ ਨੂੰ ਵੱਧ ਚੁਸਤ ਹੋਣ ਦੇ ਨਾਲ-ਨਾਲ ਏਅਰਲਾਈਨਜ਼ ਦੇ ਕਰਮਚਾਰੀਆਂ ਅਤੇ ਹਵਾਈ ਅੱਡਿਆਂ ਦੇ ਗ੍ਰਾਊਂਡ ਸਟਾਫ਼ ’ਤੇ ਵੀ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ।
ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ’ਚ ਡੱਕਿਆ ਜਾਵੇ ਅਤੇ ਨੌਕਰੀ ਤੋਂ ਕੱਢਿਆ ਜਾਵੇ ਤਾਂ ਜੋ ਉਨ੍ਹਾਂ ਦਾ ਹਸ਼ਰ ਦੇਖ ਕੇ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੀਆਂ ਰਾਸ਼ਟਰ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਬਾਰੇ ਸੋਚਣ ਤੱਕ ਨਹੀਂ।
—ਵਿਜੇ ਕੁਮਾਰ
ਜੀ.ਐੱਮ. ਫ਼ਸਲਾਂ ਤੋਂ ਕੀ ਖ਼ਤਰੇ ਵਿਚ ਹੈ ਕਿਸਾਨੀ?
NEXT STORY