ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰਨ ਦੇ ਇੱਛੁਕ ਲੋਕਾਂ ਨੂੰ 1 ਨਵੰਬਰ ਨੂੰ ‘ਚਲੋ ਦਿੱਲੀ ਰਾਮਲੀਲਾ ਮਾਰਚ’ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਨੂੰ ਬਚਾਉਣ, ਵੋਟਾਂ ਦੀ ਚੋਰੀ ਰੋਕਣ ਅਤੇ ਸੰਵਿਧਾਨ ਦੀ ਰੱਖਿਆ ਕਰਨ ਦਾ ਇਕ ਅੰਦੋਲਨ ਦੱਸਿਆ। ‘ਐਕਸ’ ’ਤੇ ਇਕ ਵੀਡੀਓ ’ਚ, ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੇਸ਼ ਲਈ ਇਕ ਅਨੋਖਾ ਵਿਰੋਧ ਪ੍ਰਦਰਸ਼ਨ ਹੈ। ਰਾਹੁਲ ਨੇ ਕਿਹਾ, ‘‘ਚਲੋ ਦਿੱਲੀ’ ਰਾਮਲੀਲਾ ਮਾਰਚ ਲੋਕਤੰਤਰ ਨੂੰ ਬਚਾਉਣ, ਵੋਟਾਂ ਦੀ ਚੋਰੀ ’ਤੇ ਰੋਕ ਲਗਾਉਣ ਅਤੇ ਸੰਵਿਧਾਨ ਦੀ ਰੱਖਿਆ ਕਰਨ ਦਾ ਮਾਰਚ ਹੈ।’’
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਿਸੇ ਇਕ ਰਾਜਨੀਤਕ ਦਲ ਦਾ ਮਾਰਚ ਨਹੀਂ, ਇਹ ਭਾਰਤ ਦੀ ਮੂਲ ਆਤਮਾ ਲਈ ਇਕ ਮਾਰਚ ਹੈ। ਉਨ੍ਹਾਂ ਰਾਜਨੀਤਕ ਸਬੰਧਾਂ ਤੋਂ ਪਰ੍ਹੇ ਸਾਰੇ ਵਿਦਿਆਰਥੀ ਸਮੂਹਾਂ ਨੂੰ ਵੀ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇੰਡੀਆ ਗੱਠਜੋੜ ਦੇ ਦਲ 1 ਨਵੰਬਰ ਦੀ ਰੈਲੀ ਲਈ 1 ਲੱਖ ਤੋਂ ਵੱਧ ਲੋਕਾਂ ਨੂੰ ਇਕੱਠਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਗਿਆਨੇਸ਼ ਕੁਮਾਰ ਅਤੇ ਮੋਦੀ ਸਰਕਾਰ ’ਤੇ ਦਬਾਅ ਵਧਣ ਦੀ ਉਮੀਦ ਹੈ। ਇਸ ਪ੍ਰੋਗਰਾਮ ਨਾਲ ਵਿਰੋਧੀ ਧਿਰ ਦੇ ਅਗਲੇ ਕਦਮਾਂ ਦੀ ਦਿਸ਼ਾ ਤੈਅ ਹੋਣ ਦੀ ਵੀ ਉਮੀਦ ਹੈ। ਕਾਂਗਰਸ ਇਸੇ ਤਰਜ਼ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 4 ਹੋਰ ਰੈਲੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ, ਹਾਲਾਂਕਿ ਤਰੀਕਾਂ ਹਾਲੇ ਤੈਅ ਹੋਣੀਆਂ ਬਾਕੀ ਹਨ ਪਰ ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਰਾਮਲੀਲਾ ਮੈਦਾਨ ਦੀ ਰੈਲੀ ’ਚ ਕਿੰਨੀ ਭੀੜ ਜੁਟਦੀ ਹੈ।
ਸਪਾ ਦਾ ਚੋਣ ਪ੍ਰਬੰਧਨ : ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਚੋਣਾਂ ਦੇ ਹਾਲੀਆ ਨਤੀਜਿਆਂ ਨੇ ਸਮਾਜਵਾਦੀ ਪਾਰਟੀ ਦੀਆਂ ਜਥੇਬੰਦਕ ਤਿਆਰੀਆਂ ਅਤੇ ਚੋਣ ਮੈਨੇਜਮੈਂਟ ਨੂੰ ਉਜਾਗਰ ਕੀਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੀਆਂ 11 ਗ੍ਰੈਜੂਏਟ ਅਤੇ ਟੀਚਰ ਚੋਣ ਖੇਤਰ ਸੀਟਾਂ ਦੀਆਂ ਚੋਣਾਂ ’ਚ ਭਾਜਪਾ ਨੇ ਕੁੱਲ 6 ਸੀਟਾਂ ਜਿੱਤੀਆਂ, ਜਦੋਂ ਕਿ ਸਮਾਜਵਾਦੀ ਪਾਰਟੀ ਨੇ ਪੰਜ। ਭਾਜਪਾ ਨੂੰ ਵਾਰਾਣਸੀ, ਲਖਨਊ, ਝਾਂਸੀ ਅਤੇ ਆਗਰਾ ਖੇਤਰ ਦੇ ਆਪਣੇ ਗੜ੍ਹ ’ਚ ਝਟਕਾ ਲੱਗਾ। ਸਮਾਜਵਾਦੀ ਪਾਰਟੀ ਨੇ ਵਾਰਾਣਸੀ ਟੀਚਰ ਐੱਮ. ਐੱਲ. ਸੀ. ਸੀਟ ਅਤੇ ਵਾਰਾਣਸੀ ਗ੍ਰੈਜੂਏਟ ਕਾਂਸਟੀਚੁਐਂਸੀ ਦੋਵਾਂ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ। ਸਪਾ ਨੇ ਲਖਨਊ ਗ੍ਰੈਜੂਏਟ, ਇਲਾਹਾਬਾਦ-ਝਾਂਸੀ ਗ੍ਰੈਜੂਏਟ ਅਤੇ ਆਗਰਾ ਟੀਚਰ ਕਾਂਸਟੀਚੁਐਂਸੀ ਖੇਤਰ ਵੀ ਜਿੱਤੇ। ਇਸ ਵਿਚਾਲੇ, ਭਾਜਪਾ ਨੇ ਆਪਣੀਆਂ ਜ਼ਿਆਦਾਤਰ ਪ੍ਰਮੁੱਖ ਸੀਟਾਂ ਬਰਕਰਾਰ ਰੱਖੀਆਂ, ਉੱਥੇ ਸਪਾ ਨੇ ਆਪਣੀ ਗਿਣਤੀ 3 ਤੋਂ ਵਧਾ ਕੇ 5 ਕਰ ਲਈ, ਜਿਸ ਨਾਲ ਪਾਰਟੀ ਮੁਖੀ ਅਖਿਲੇਸ਼ ਯਾਦਵ ਨੂੰ ਇਨ੍ਹਾਂ ਨਤੀਜਿਆਂ ਨੂੰ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਲਈ ਪਾਰਟੀ ਦੀ ਵਧਦੀ ਚੁਣੌਤੀ ਦੇ ਸੰਕੇਤ ਵਜੋਂ ਉਜਾਗਰ ਕਰਨ ਦਾ ਮੌਕਾ ਮਿਲ ਗਿਆ।
ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੂੰ ਝਟਕਾ : ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ ਦੋ-ਸਾਲਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੂੰ ਝਟਕਾ ਲੱਗਾ ਹੈ ਅਤੇ ਉਸ ਨੇ 5 ’ਚੋਂ 2 ਸੀਟਾਂ ਜਿੱਤੀਆਂ, ਜਦੋਂ ਕਿ ਵਿਰੋਧੀ ਮਹਾ ਵਿਕਾਸ ਅਘਾੜੀ ਨੇ 3 ਸੀਟਾਂ ਹਾਸਲ ਕੀਤੀਆਂ। ਨਾਗਪੁਰ ’ਚ ਭਾਜਪਾ ਨੂੰ ਇਕ ਰਾਜਨੀਤਕ ਝਟਕਾ ਲੱਗਾ, ਜੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਗ੍ਰਹਿ ਨਗਰ ਅਤੇ ਆਰ. ਐੱਸ. ਐੱਸ. ਦਾ ਮੁੱਖ ਦਫ਼ਤਰ ਹੈ। ਉੱਥੇ ਕਾਂਗਰਸ ਦੇ ਅਭਿਜੀਤ ਵਣਜਾਰੀ ਨੇ ਸੁਧਾਕਰ ਕੋਹਲੇ ਨੂੰ 3,271 ਵੋਟਾਂ ਨਾਲ ਹਰਾਇਆ ਅਤੇ ਨਾਗਪੁਰ ਬਲਾਕ ਗ੍ਰੈਜੂਏਟ ਕਾਂਸਟੀਚੁਐਂਸੀ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ।
ਇਸ ਵਿਚਾਲੇ, ਕਾਂਗਰਸ ਨੇ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਕਰਨਾਟਕ ’ਚ ਐੱਮ. ਐੱਲ. ਸੀ. ਚੋਣਾਂ ’ਚ ਵਿਰੋਧੀ ਧਿਰ ਦੇ ਪ੍ਰਦਰਸ਼ਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅੰਦਾਜ਼ਾ ਲਗਾਓ ਕਿ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ’ ਵਾਲੇ ਤਾਅਨੇ ’ਤੇ ਪਲਟਵਾਰ ਕੀਤਾ। ਕਾਂਗਰਸ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਲਿਖਿਆ, ‘‘ਪ੍ਰਧਾਨ ਮੰਤਰੀ ਨੂੰ ਆਪਾ-ਪੜਚੋਲ ਕਰਨ ਦੀ ਲੋੜ ਹੈ ਪਰ ਇਸ ਦੀ ਬਜਾਏ ਉਹ ਦੂਜਿਆਂ ਨੂੰ ਉਪਦੇਸ਼ ਦੇ ਰਹੇ ਹਨ! ਕਾਂਗਰਸ ਦੀਆਂ ਸੀਟਾਂ ਗਿਣਨ ਤੋਂ ਪਹਿਲਾਂ, ਕਾਸ਼ ਉਹ ਇਸ ਗੱਲ ’ਤੇ ਵੀ ਵਿਚਾਰ ਕਰਦੇ ਕਿ ਭਾਜਪਾ ਨੇ ਆਪਣੇ ਹੀ ਸੰਸਦੀ ਚੋਣ ਖੇਤਰ ਵਾਰਾਣਸੀ ’ਚ ਦੋਵੇਂ ਸੀਟਾਂ ਕਿਉਂ ਗੁਆ ਦਿੱਤੀਆਂ ਅਤੇ ਕਾਂਗਰਸ ਆਰ. ਐੱਸ. ਐੱਸ. ਦੇ ਗੜ੍ਹ ਨਾਗਪੁਰ ’ਚ ਭਾਜਪਾ ਨੂੰ ਹਰਾਉਣ ’ਚ ਕਿਵੇਂ ਸਫ਼ਲ ਰਹੀ?’’
ਸੋਨੀਆ ਆਪਣੀ ਆਤਮਕਥਾ ਨੂੰ ਲੈ ਕੇ ਬੋਲੀ : ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਆਤਮਕਥਾ ‘ਬਿਲੌਂਗਿੰਗ’ ਨਾਲ ਜਨਤਕ ਹੰਗਾਮਾ ਮਚਣ ਦੀ ਸੰਭਾਵਨਾ ਹੈ, ਕਿਉਂਕਿ ਲੋਕਾਂ ਦੀ ਉਨ੍ਹਾਂ ਬਾਰੇ ਆਪਣੀ-ਆਪਣੀ ਰਾਏ ਹੈ। ਇੰਸਟਗ੍ਰਾਮ ’ਤੇ ਇਕ ਪੋਸਟ ’ਚ ਉਨ੍ਹਾਂ ਨੇ ਕਿਹਾ, ‘‘ਜਦੋਂ ਇਹ ਕਿਤਾਬ ਆਵੇਗੀ ਤਾਂ ਤਮਾਸ਼ਾ ਹੋਣਾ ਤੈਅ ਹੈ। ਆਖਿਰਕਾਰ, ਦੂਜਿਆਂ ਨੇ ਦਹਾਕਿਆਂ ਤੱਕ ਮੇਰੀ ‘ਕਹਾਣੀ’ ਦੱਸੀ ਹੈ, ਹੁਣ ਮੇਰੀ ਵਾਰੀ ਹੈ।’’ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਬਾਰੇ ਬਹੁਤ ਕੁਝ ਅਜਿਹਾ ਲਿਖਿਆ ਗਿਆ ਹੈ, ਜੋ ਜਾਂ ਤਾਂ ਘੜਿਆ ਹੋਇਆ ਸੀ ਜਾਂ ਵਧਾ-ਚੜ੍ਹਾ ਕੇ ਦੱਸਿਆ ਗਿਆ ਸੀ। ‘‘ਇਸ ਲਈ, ਇਸ ਨਾਲ ਮੈਨੂੰ ਇਹ ਮਹਿਸੂਸ ਹੋਇਆ ਕਿ ਹੁਣ ਮੈਂ ਆਪਣੀ ਕਹਾਣੀ ਲਿਖ ਸਕਦੀ ਹਾਂ ਅਤੇ ਤੱਥਾਂ ਅਤੇ ਚੀਜ਼ਾਂ ਨੂੰ ਉਂਝ ਹੀ ਬਿਆਨ ਕਰ ਸਕਦੀ ਹਾਂ, ਜਿਵੇਂ ਉਹ ਅਸਲ ’ਚ ਸਨ...।’’
ਆਜ਼ਮ ਖ਼ਾਨ ਨੂੰ ਲੈ ਕੇ ਤਕਰਾਰ : ਸਾਲ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੁਹਾਨੇ ’ਤੇ ਖੜ੍ਹੇ ਹੋਣ ਦੇ ਨਾਲ ਹੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਮਪੁਰ ਜ਼ਿਲਾ ਜੇਲ ’ਚ ਪਾਰਟੀ ਨੇਤਾ ਆਜ਼ਮ ਖ਼ਾਨ ਨਾਲ ਮੁਲਾਕਾਤ ਕੀਤੀ, ਜਿਸ ਨਾਲ ਭਾਜਪਾ ਨਾਲ ਰਾਜਨੀਤਕ ਟਕਰਾਅ ਸ਼ੁਰੂ ਹੋ ਗਿਆ। ਦੂਜੇ ਪਾਸੇ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਇਸ ਮੁਲਾਕਾਤ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦੋਸ਼ ਲਗਾਇਆ ਕਿ ਸਮਾਜਵਾਦੀ ਪਾਰਟੀ ਸੱਤਾ ’ਚ ਆਉਣ ’ਤੇ ਖ਼ਾਨ ਨੂੰ ਰਾਜ ਦਾ ਗ੍ਰਹਿ ਮੰਤਰੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਤਾਵੜੇ ਨੇ ਖ਼ਾਨ ’ਤੇ ਅਰਾਜਕਤਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਅਜਿਹੀ ਸਥਿਤੀ ਰਾਜ ਦੇ ਵਿਕਾਸ ਨੂੰ ਪਟੜੀ ਤੋਂ ਉਤਾਰ ਦੇਵੇਗੀ। ਉੱਥੇ ਹੀ, ਅਖਿਲੇਸ਼ ਨੇ ਭਾਜਪਾ ਸਰਕਾਰ ’ਤੇ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਿਰੁੱਧ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਗਏ ਹਨ।
—ਰਾਹਿਲ ਨੋਰਾ ਚੋਪੜਾ
ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ
NEXT STORY