ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਪੂਰਨ ਵਿਕਸਿਤ ਅਰਥਵਿਵਸਥਾ ਬਣਨ ਲਈ 3 ਮੂਲ ਲੱਛਣਾਂ ਦੀ ਲੋੜ ਹੁੰਦੀ ਹੈ। ਮਜ਼ਬੂਤ ਅਤੇ ਈਮਾਨਦਾਰ ਲੀਡਰਸ਼ਿਪ, ਮਜ਼ਬੂਤ ਆਰਥਿਕ ਨੀਤੀਆਂ ਅਤੇ ਸਥਾਈ ਸਰਕਾਰ। ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਰਤ ’ਚ ਪਿਛਲੇ 10 ਸਾਲਾਂ ਤੋਂ ਇਕ ਸਥਾਈ ਸਰਕਾਰ ਚੱਲ ਰਹੀ ਹੈ, ਮਜ਼ਬੂਤ ਆਰਥਿਕ ਨੀਤੀਆਂ ਲਾਗੂ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਆਪਣੀ ਲੀਡਰਸ਼ਿਪ ਭਾਰਤ ’ਚ ਹੀ ਨਹੀਂ ਸਗੋਂ ਸਾਰੀ ਦੁਨੀਆ ’ਚ ਇਕ ਸਮਰੱਥ ਅਤੇ ਈਮਾਨਦਾਰ ਅਕਸ ਦਾ ਨਿਰਮਾਣ ਕਰ ਚੱੁਕੀ ਹੈ। ਇਸ ਲਈ ਹੁਣ ਭਾਰਤ ਨੂੰ ਵਿਕਸਿਤ ਰਾਸ਼ਟਰ ਵਜੋਂ ਕੋਈ ਰੋਕ ਨਹੀਂ ਸਕਦਾ।
ਸਾਲ 2014 ਤੋਂ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਸਾਡਾ ਦੇਸ਼ ਚੌਮੁਖੀ ਤਰੱਕੀ ਵੱਲ ਵਧ ਰਿਹਾ ਹੈ। ਭਾਰਤ ਦੁਨੀਆ ’ਚ ਇਕ ਮਜ਼ਬੂਤ ਸ਼ਕਤੀ ਵਜੋਂ ਉਭਰ ਰਿਹਾ ਹੈ। ਜਿਸ ਤਰ੍ਹਾਂ ਜੀ-20 ਦੇਸ਼ਾਂ ਦੇ ਸਮੂਹ ਰਾਹੀਂ ਭਾਰਤ ਦੀ ਅਗਵਾਈ ’ਚ ਅਨੇਕਾਂ ਵਿਸ਼ਵ ਪੱਧਰੀ ਸਮੂਹਿਕ ਮਤੇ ਪਾਸ ਕੀਤੇ ਗਏ, ਉਸ ਨਾਲ ਭਾਰਤ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਦੁਨੀਆ ਨੂੰ ਅਗਵਾਈ ਦੇਣ ਦੇ ਪੱਧਰ ਤਕ ਪਹੁੰਚ ਚੁੱਕਾ ਹੈ।
ਜੀ-20 ਦੇਸ਼ਾਂ ਦੀਆਂ ਕਈ ਬੈਠਕਾਂ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਆਯੋਜਿਤ ਕਰ ਕੇ ਦੁਨੀਆ ਨੂੰ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਜੀ-20 ਦੇਸ਼ਾਂ ਦੀ ਅਗਵਾਈ ਕਰਨ ਦਾ ਮੌਕਾ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਰਤ ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਹੈ।
500 ਸਾਲਾਂ ਤੋਂ ਪੈਂਡਿੰਗ ਰਾਮ ਮੰਦਰ ਦੇ ਿਵਵਾਦ ਨੂੰ ਖਤਮ ਕਰ ਕੇ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਕਰਨ ਦੇ ਨਾਲ ਜਿਸ ਤਰ੍ਹਾਂ ਸਮੁੱਚੀ ਦੁਨੀਆ ਭਾਰਤ ਦੀ ਰਾਮ-ਕ੍ਰਿਸ਼ਨ ਸੰਸਕ੍ਰਿਤੀ ਨੂੰ ਪੂਰੇ ਉਤਸ਼ਾਹ ਅਤੇ ਆਸ ਦੀ ਨਜ਼ਰ ਨਾਲ ਦੇਖ ਰਿਹਾ ਸੀ, ਉਸ ਤੋਂ ਲੱਗਦਾ ਹੈ ਕਿ ਭਾਰਤ ਦੁਨੀਆ ਦੇ ਲਈ ਸਿਰਫ ਸਿਆਸੀ ਅਗਵਾਈ ਹੀ ਨਹੀਂ, ਸਗੋਂ ਅਧਿਆਤਮਕ ਅਗਵਾਈ ਦੇਣ ’ਚ ਵੀ ਸਮਰੱਥ ਹੈ। ਇਸ ਇਤਿਹਾਸਕ ਕਾਰਜ ਪਿੱਛੋਂ ਹੁਣ ਭਾਰਤ ’ਚ ਸੱਚੇ ਰਾਮ ਰਾਜ ਦੀ ਕਲਪਨਾ ਦਾ ਮਾਰਗ ਵੀ ਪੱਧਰਾ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਭਾਰਤ ਦੇ ਕਦਮ ਵਿਸ਼ਵ ਗੁਰੂ ਦੇ ਰੂਪ ’ਚ ਸਥਾਪਤ ਹੁੰਦੇ ਦਿਖਾਈ ਦੇ ਰਹੇ ਹਨ।
ਦੁਨੀਆ ਪੱਧਰ ’ਤੇ ਮੁਹੱਈਆ ਅੰਕੜਿਆਂ ਅਨੁਸਾਰ ਭਾਰਤ 2047 ਤਕ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਸਾਲ 2047 ’ਚ ਸਾਡਾ ਦੇਸ਼ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਏਗਾ। ਇਸ ਟੀਚੇ ਤਕ ਪਹੁੰਚਣ ਤੋਂ ਪਹਿਲਾਂ ਭਾਰਤ ਦੇ ਇਕ-ਇਕ ਨਾਗਰਿਕ ਨੂੰ ਜਿੰਨਾ ਹੋ ਸਕੇ ਆਪਣੇ-ਆਪਣੇ ਪੱਧਰ ’ਤੇ ਇਸ ਵਿਕਾਸ ਦੀ ਯਾਤਰਾ ਨੂੰ ਸੰਪੰਨ ਕਰਨ ’ਚ ਯੋਗਦਾਨ ਦੇਣਾ ਹੀ ਚਾਹੀਦਾ ਹੈ, ਤਦ ਹੀ ਨਰਿੰਦਰ ਮੋਦੀ ਜੀ ਦੀ ਸਿਆਸਤ ਦਾ ਮੂਲ ਮੰਤਰ ‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਪ੍ਰਯਾਸ ਔਰ ਸਬ ਕਾ ਵਿਸ਼ਵਾਸ’ ਸਾਰਥਕ ਹੋ ਸਕੇਗਾ ਅਤੇ ਤਦ ਹੀ ਭਾਰਤ ਆਪਣੇ ਸਾਰੇ ਨਾਗਰਿਕਾਂ ਨੂੰ ਨਾਲ ਲੈ ਕੇ ਇਕ ਵਿਕਸਿਤ ਰਾਸ਼ਟਰ ਬਣ ਸਕੇਗਾ।
ਅਰਥ ਸ਼ਾਸਤਰੀਆਂ ਦੀ ਨਜ਼ਰ ’ਚ ਕਈ ਤਰ੍ਹਾਂ ਦੇ ਅੰਕੜੇ ਵਿਕਾਸ ਨੂੰ ਪਰਿਭਾਸ਼ਿਤ ਕਰਦੇ ਹਨ ਪਰ ਅਸਲ ’ਚ ਧਰਾਤਲ ’ਤੇ ਇਕ-ਇਕ ਨਾਗਰਿਕ ਦੀ ਨਿੱਜੀ ਅਤੇ ਆਰਥਿਕ ਵਿਵਸਥਾ ਇਹ ਸਿੱਧ ਕਰਦੀ ਹੈ ਕਿ ਭਾਰਤ ਦੇ ਵਿਕਾਸ ਦੀ ਰਫਤਾਰ ਕੀ ਹੈ। ਬੇਰੋਜ਼ਗਾਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਹੁਤ ਰੌਲਾ ਪਾਉਂਦੀਆਂ ਹਨ ਪਰ ਬੇਰੋਜ਼ਗਾਰੀ ਦੂਰ ਕਰਨ ਲਈ ਸਭ ਤੋਂ ਵੱਧ ਲੋੜ ਉਦਯੋਗਿਕ ਖੁਸ਼ਹਾਲੀ ਦੀ ਹੁੰਦੀ ਹੈ। ਇਸ ਲਈ ਭਾਰਤ ’ਚ ਰੇਲਾਂ ਅਤੇ ਸੜਕਾਂ ਰਾਹੀਂ ਅਤੇ ਕਈ ਨਵੇਂ ਵਿਸ਼ਵ ਪੱਧਰੀ ਹਵਾਈ ਅੱਡੇ ਤਿਆਰ ਕਰ ਕੇ ਟਰਾਂਸਪੋਰਟ ਵਿਵਸਥਾ ’ਤੇ ਕੇਂਦਰ ਸਰਕਾਰ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਵੀ ਅਨੇਕਾਂ ਮੁੱਢਲੀਆਂ ਸਹੂਲਤਾਂ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ।
ਨਰਿੰਦਰ ਮੋਦੀ ਦੀ ਸਰਕਾਰ ਨੇ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤਕ ਨਵੀਆਂ-ਨਵੀਆਂ ਪਹੁੰਚਯੋਗ ਪ੍ਰੰਪਰਾਵਾਂ ਨਾਲ ਸਿੱਖਿਆ ਨੂੰ ਵੀ ਪਹੁੰਚਯੋਗ ਬਣਾਉਣ ਦਾ ਯਤਨ ਕੀਤਾ ਹੈ। ਵਿਕਾਸ ਦੀ ਦੌੜ ’ਚ ਸਿੱਖਿਆ ਪਿੱਛੋਂ ਦੂਜਾ ਅਹਿਮ ਕਾਰਕ ਨਾਗਰਿਕਾਂ ਦੀ ਸਿਹਤ ਹੁੰਦੀ ਹੈ। ਸਿਹਤ ਦੇ ਨਜ਼ਰੀਏ ਤੋਂ ਸਾਡੇ ਦੇਸ਼ ’ਚ ਕੁਪੋਸ਼ਣ ਬਹੁਤ ਵੱਡੀ ਸਮੱਸਿਆ ਹੈ।
ਭਾਰਤ ਦੇ ਨਾਗਰਿਕਾਂ ਨੂੰ ਦਾਲਾਂ ਅਤੇ ਦੇਸੀ ਅਨਾਜ ਤੋਂ ਪ੍ਰੋਟੀਨ ਦੀ ਪੂਰਤੀ ਵੱਧ ਕਰਨੀ ਚਾਹੀਦੀ ਹੈ। ਫਲਾਂ ਅਤੇ ਸਬਜ਼ੀਆਂ ਤੋਂ ਵਿਟਾਮਿਨ ਅਤੇ ਧਾਤੂਆਂ ਦੀ ਪੂਰਤੀ ਹੋ ਸਕਦੀ ਹੈ, ਅਜਿਹੇ ਯਤਨਾਂ ਨਾਲ ਭਾਰਤ ਦੇ ਘਰ-ਘਰ ’ਚ ਸਿਹਤਮੰਦ ਜੀਵਨ ਖੜ੍ਹੇ ਹੋਣਗੇ ਤਾਂ ਹਸਪਤਾਲਾਂ ਤੇ ਦਵਾਈਆਂ ’ਤੇ ਹੋਣ ਵਾਲਾ ਬਹੁਤ ਵੱਡਾ ਖਰਚ ਬਚਾਇਆ ਜਾ ਸਕਦਾ ਹੈ। ਭਾਰਤ ’ਚ ਅਜੇ ਵੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਰੋਗ ਘੱਟ ਹਨ।
ਕੇਂਦਰ ਸਰਕਾਰ ਨੇ ਭਾਰਤ ਦੀ 80 ਕਰੋੜ ਜਨਤਾ ਨੂੰ ਅਨਾਜ ਅਤੇ ਦਾਲਾਂ ਰਾਸ਼ਨ ਵਿਵਸਥਾ ਨਾਲ ਪਹੁੰਚਾਉਣ ਦਾ ਮਹਾਨ ਕਾਰਜ ਕੀਤਾ ਹੈ। ਭਾਰਤ ਦੇ ਕਈ ਸੂਬਿਆਂ ’ਚ ਏਮਜ਼ ਵਰਗੇ ਵੱਡੇ-ਵੱਡੇ ਕੇਂਦਰੀ ਹਸਪਤਾਲ ਖੋਲ੍ਹ ਕੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਰਾਹੀਂ ਦਵਾਈਆਂ ਅਤੇ ਅਨੇਕਾਂ ਮੈਡੀਕਲ ਯੰਤਰਾਂ ਨੂੰ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਵੀਆਂ-ਨਵੀਆਂ ਔਸ਼ਧੀਆਂ ਦੇ ਖੋਜ ਕਾਰਜ ਤੇਜ਼ ਗਤੀ ਨਾਲ ਚੱਲ ਰਹੇ ਹਨ। ਦੇਸ਼ ’ਚ 2 ਵੱਡੇ ਡਰੱਗ ਪਾਰਕ ਭਾਰਤ ਦੇ ਵਿਕਾਸ ਦੀ ਰਫਤਾਰ ਨੂੰ ਹੋਰ ਜ਼ਿਆਦਾ ਵਧਾਉਣਗੇ।
ਵਿਕਾਸ ’ਚ ਵਧਦੀ ਹੋਈ ਆਬਾਦੀ ਵੀ ਇਕ ਵੱਡਾ ਅੜਿੱਕਾ ਹੈ। ਇਸ ਨਾਲ ਵਿਕਾਸ ਦਾ ਹਿੱਸਾ ਵਧੀ ਹੋਈ ਆਬਾਦੀ ਕਾਰਨ ਛੋਟਾ ਹੀ ਦਿਖਾਈ ਦੇਣ ਲੱਗ ਗਿਆ ਹੈ। ਕੇਂਦਰ ਸਰਕਾਰ ਜੇ ਆਬਾਦੀ ਕੰਟ੍ਰੋਲ ਕਰਨ ਦਾ ਯਤਨ ਕਰ ਰਹੀ ਹੈ ਤਾਂ ਉਸ ਦਾ ਮੂਲ ਆਦੇਸ਼ ਵੀ ਵਿਕਾਸ ਦੀ ਗਤੀ ਨੂੰ ਵੱਧ ਸਥਾਈ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਵਿਕਸਿਤ ਭਾਰਤ ਦੇ ਟੀਚੇ ਤਕ ਪਹੁੰਚਣ ’ਚ ਇਸਤਰੀ-ਮਰਦ ਨਾ ਬਰਾਬਰੀ ਵੀ ਇਕ ਬਹੁਤ ਵੱਡਾ ਅੜਿੱਕਾ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਰਫ ਨਾਅਰਾ ਹੀ ਨਹੀਂ ਹੈ, ਸਗੋਂ ਇਸ ਪਿੱਛੇ ਵੀ ਆਰਥਿਕ ਤਰੱਕੀ ਹੀ ਮੁੱਖ ਕਾਰਕ ਹੈ। ਅਰਥਵਿਵਸਥਾ ’ਚ ਇਸਤਰੀਆਂ ਦੀ ਹਿੱਸੇਦਾਰੀ ਬਿਨਾਂ ਭਾਰਤ ਦੇ ਵਿਕਾਸ ਨੂੰ ਚੌਮੁਖੀ ਵਿਕਾਸ ਨਹੀਂ ਕਿਹਾ ਜਾ ਸਕਦਾ। ਭਾਰਤ ਦੀ ਸੰਸਦ ਵਲੋਂ ਹਾਲ ਹੀ ’ਚ ਪਾਸ ਮਹਿਲਾ ਰਾਖਵਾਂਕਰਨ ਕਾਨੂੰਨ ਸਿਰਫ ਸਿਆਸੀ ਹਿੱਸੇ ਦਾ ਹੀ ਨਹੀਂ ਸਗੋਂ ਭਾਰਤ ਦੀ ਹਰ ਔਰਤ ਲਈ ਇਕ ਬਹੁਤ ਵੱਡੇ ਸਮਾਜਿਕ ਉਭਾਰ ਦਾ ਜ਼ਰੀਆ ਬਣੇਗਾ।
ਨਰਿੰਦਰ ਮੋਦੀ ਸਰਕਾਰ ਨੇ ਖੇਤੀਬਾੜੀ ਦੇ ਖੇਤਰ ’ਚ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੀ ਟੀਚੇ ਨਾਲ ਕਈ ਸਹੂਲਤਾਂ ਪਿੰਡ-ਪਿੰਡ ਤਕ ਪਹੁੰਚਾਈਆਂ ਹਨ। ਹੁਣ ‘ਡਰੋਨ ਦੀਦੀ’ ਯੋਜਨਾ ਦੇ ਤਹਿਤ ਖੇਤੀਬਾੜੀ ਕਰਨ ਵਾਲੀਆਂ ਔਰਤਾਂ ਨੂੰ ਕਈ ਨਵੇਂ ਉਤਪਾਦ ਤਿਆਰ ਕਰਨ ਲਈ ਪ੍ਰੇਰਣਾਵਾਂ ਦੇ ਨਾਲ-ਨਾਲ ਕਰਜ਼ੇ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਚੰਦਰਯਾਨ ਅਤੇ ਆਦਿੱਤਿਆ ਰਾਹੀਂ ਭਾਰਤ ਨੇ ਜਿਸ ਤਰ੍ਹਾਂ ਪੁਲਾੜ ਸ਼ਕਤੀਆਂ ਦਾ ਵੀ ਸਹਿਯੋਗ ਪ੍ਰਾਪਤ ਕਰਨਾ ਸ਼ੁਰੂ ਕਰ ਿਦੱਤਾ ਹੈ ਉਸ ਨਾਲ ਹੁਣ ਸਾਰੀ ਦੁਨੀਆ ਦੇ ਵਿਗਿਆਨੀ ਭਾਰਤ ਵੱਲ ਦੇਖਣ ਲੱਗੇ ਹਨ। ਇਹ ਸਾਰੀ ਵਿਗਿਆਨਕ ਤਰੱਕੀ ਪ੍ਰਧਾਨ ਮੰਤਰੀ ਦੀ ਖੁੱਲ੍ਹੀ ਕਾਰਜਪ੍ਰਣਾਲੀ ਦਾ ਸਬੂਤ ਹੈ ਜਿਸ ਰਾਹੀਂ ਉਹ ਭਾਰਤ ਦੇ ਹਰ ਕਲਾ-ਕੌਸ਼ਲ ਨੂੰ ਆਸਮਾਨ ਤਕ ਪਹੁੰਚਾਉਣ ’ਚ ਖੁੱਲ੍ਹ ਦਿਲੇ ਦਿਖਾਈ ਦਿੰਦੇ ਹਨ। ਭਾਰਤ ਦੇ ਤਕਨੀਕੀ ਗਿਆਨ ਨੂੰ ਭਾਰਤ ’ਚ ਹੀ ਵਰਤਣ ਲਈ ਉਦਯੋਗਿਕ ਰਫਤਾਰ ਦੇ ਨਾਲ-ਨਾਲ ਭਾਰਤ ’ਚ ਇਕ ਚੰਗਾ ਸਮਾਜਿਕ ਮਾਹੌਲ ਵੀ ਬਣਨਾ ਚਾਹੀਦਾ ਹੈ।
ਦੇਸ਼ ਦਾ ਨੌਜਵਾਨ, ਦੇਸ਼ ਦਾ ਕਿਸਾਨ, ਔਰਤਾਂ, ਮਜ਼ਦੂਰ ਅਤੇ ਕਾਰੀਗਰ ਆਦਿ ਸਾਰੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਂਦੇ ਹੋਏ ਬਿਨਾਂ ਸ਼ੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ’ਚ ਸਹਿਯੋਗੀ ਹੋਣਗੇ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਜਦ ਭਾਰਤ ਦਾ ਹਰ ਨਾਗਰਿਕ ਆਪਣੇ-ਆਪਣੇ ਪੱਧਰ ’ਤੇ ਅਪਣਾਉਣ ਲੱਗੇਗਾ ਤਾਂ ਬਿਨਾਂ ਸ਼ੱਕ ਸਾਲ 2047 ’ਚ ਭਾਰਤ ਸਿਰਫ ਇਕ ਵਿਕਸਿਤ ਦੇਸ਼ ਹੀ ਨਹੀਂ, ਸਗੋਂ ਚੌਮੁਖੀ ਅਗਵਾਈ ਕਰਨ ਵਾਲੀ ਸ਼ਕਤੀ ਦੇ ਰੂਪ ’ਚ ਦਿਖਾਈ ਦੇਵੇਗਾ।
ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ
ਭਾਰਤ ’ਚ ਲਗਭਗ 50 ਫੀਸਦੀ ਗਰਭਵਤੀ ਔਰਤਾਂ ਵੱਧ ਖਤਰੇ ’ਚ
NEXT STORY