ਜਲੰਧਰ (ਵਿਸ਼ੇਸ਼) - ਦੁਨੀਆ ਭਰ ਵਿਚ ਹਰ ਸਾਲ ਵਾਤਾਵਰਣ ’ਤੇ ਮੰਡਰਾ ਰਹੇ ਖ਼ਤਰੇ ਨੇ ਮਨੁੱਖੀ ਜੀਵਨ ਨੂੰ ਮੌਤ ਦੇ ਕੰਢੇ ਪਹੁੰਚਾ ਦਿੱਤਾ ਹੈ। ਦੁਨੀਆ ਦੇ ਕਈ ਹਿੱਸਿਆਂ ਦੀ ਹਾਲਤ ਅਜਿਹੀ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਲੋਕਾਂ ਨੂੰ ਕੁਝ ਥਾਵਾਂ ’ਤੇ ਹੱਡੀਆਂ ਜਮਾਉਣ ਵਾਲੀ ਠੰਢ ਅਤੇ ਕੁਝ ਥਾਵਾਂ ’ਤੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਵਿਚਾਲੇ ਦੁਨੀਆ ਦੇ ਕਈ ਦੇਸ਼ਾਂ ਵਿਚ ਚੱਲ ਰਹੇ ਯੁੱਧ ਅਤੇ ਹਥਿਆਰਬੰਦ ਟਕਰਾਅ ਨੇ ਵਾਤਾਵਰਣ ਦੇ ਖਤਰਿਆਂ ਬਾਰੇ ਇਕ ਨਵੀਂ ਬਹਿਸ ਵੀ ਛੇੜ ਦਿੱਤੀ ਹੈ। ‘ਕਨਫਲਿਕਟ ਐਂਡ ਇਨਵਾਇਰਮੈਂਟ ਆਬਜ਼ਰਵੇਟਰੀ’ (ਸੀ. ਈ. ਓ. ਬੀ. ਐੱਸ.) ਦੇ ਅਨੁਸਾਰ ਦੁਨੀਆ ਦੀਆਂ ਫੌਜਾਂ ਵਲੋਂ ਕੀਤਾ ਜਾ ਰਿਹਾ ਕਾਰਬਨ ਨਿਕਾਸ ਕਈ ਦੇਸ਼ਾਂ ਦੇ ਕੁੱਲ ਕਾਰਬਨ ਨਿਕਾਸ ਨਾਲੋਂ ਵੱਧ ਹੈ। ਸੰਗਠਨ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ’ਤੇ ਸਾਰੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ 5.5 ਫੀਸਦੀ ਲਈ ਫੌਜਾਂ ਜ਼ਿੰਮੇਵਾਰ ਹਨ।
ਫੌਜ ਤੋਂ ਕਿਵੇਂ ਸ਼ੁਰੂ ਹੁੰਦੀਆਂ ਹਨ ਵਾਤਾਵਰਣ ਵਿਰੋਧੀ ਗਤੀਵਿਧੀਆਂ
ਸੀ. ਈ. ਓ. ਬੀ. ਐੱਸ. ਅਨੁਸਾਰ ਜੰਗਾਂ ਕਾਰਨ ਹੋਣ ਵਾਲਾ ਵਾਤਾਵਰਣਿਕ ਨੁਕਸਾਨ ਦੇਸ਼ ਭਰ ਵਿਚ ਫੌਜਾਂ ਦੇ ਗਠਨ ਨਾਲ ਸ਼ੁਰੂ ਹੁੰਦਾ ਹੈ, ਜਿਸ ਦਾ ਪ੍ਰਭਾਵ ਯੁੱਧ ਦੇ ਅੰਤ ਤੋਂ ਬਾਅਦ ਵੀ ਕਈ ਸਾਲਾਂ ਤਕ ਦਿਖਾਈ ਦਿੰਦਾ ਹੈ। ਫੌਜੀ ਬਲਾਂ ਦੇ ਗਠਨ ਅਤੇ ਰੱਖ-ਰਖਾਅ ਲਈ ਬਹੁਤ ਸਾਰੇ ਸਰੋਤਾਂ ਦੀ ਲੋੜ ਹੁੰਦੀ ਹੈ। ਫੌਜੀ ਸਰੋਤਾਂ ਵਿਚ ਆਮ ਧਾਤਾਂ, ਧਰਤੀ ਦੇ ਦੁਰਲੱਭ ਤੱਤ ਅਤੇ ਮਹੱਤਵਪੂਰਨ ਖਣਿਜ, ਪਾਣੀ ਜਾਂ ਹਾਈਡ੍ਰੋਕਾਰਬਨ ਸ਼ਾਮਲ ਹੋ ਸਕਦੇ ਹਨ।
ਫੌਜ ਦੇ ਨਜ਼ਰੀਏ ਨਾਲ ਮਹੱਤਵਪੂਰਨ ਖਣਿਜਾਂ ’ਤੇ ਕੰਟਰੋਲ ਫੌਜਾਂ ਲਈ ਇਕ ਮਹੱਤਵਪੂਰਨ ਰਣਨੀਤਕ ਵਿਚਾਰ ਬਣਦਾ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੌਜੀ ਤਿਆਰੀ ਬਣਾਈ ਰੱਖਣ ਲਈ ਟੈਸਟਿੰਗ ਅਤੇ ਸਿਖਲਾਈ ਲਈ ਸਰੋਤਾਂ ਦੀ ਲੋੜ ਹੁੰਦੀ ਹੈ।
ਫੌਜੀ ਵਾਹਨ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਸਾਰਿਆਂ ਨੂੰ ਊਰਜਾ ਦੀ ਲੋੜ ਹੁੰਦੀ ਹੈ। ਇਹ ਊਰਜਾ ਜ਼ਿਆਦਾਤਰ ਤੇਲ ’ਤੇ ਨਿਰਭਰ ਕਰਦੀ ਹੈ, ਜੋ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਇਕ ਵੱਡਾ ਕਾਰਨ ਹੈ।
ਜ਼ਮੀਨ, ਸਮੁੰਦਰ ਅਤੇ ਆਸਮਾਨ ਪ੍ਰਭਾਵਿਤ
ਫੌਜਾਂ ਨੂੰ ਜ਼ਮੀਨ ਅਤੇ ਸਮੁੰਦਰ ਦੇ ਵੱਡੇ ਖੇਤਰਾਂ ਦੀ ਵੀ ਲੋੜ ਹੁੰਦੀ ਹੈ, ਭਾਵੇਂ ਉਹ ਟਿਕਾਣਿਆਂ ਅਤੇ ਸਹੂਲਤਾਂ ਲਈ ਹੋਣ ਜਾਂ ਟੈਸਟਿੰਗ ਅਤੇ ਸਿਖਲਾਈ ਲਈ। ਮੰਨਿਆ ਜਾਂਦਾ ਹੈ ਕਿ ਫੌਜੀ ਜ਼ਮੀਨ ਵਿਸ਼ਵ ਪੱਧਰੀ ਜ਼ਮੀਨ ਦੇ 1 ਤੋਂ 6 ਫੀਸਦੀ ਦੇ ਵਿਚਕਾਰ ਹੈ। ਬਹੁਤ ਸਾਰੇ ਮਾਮਲਿਆਂ ਵਿਚ ਇਹ ਵਾਤਾਵਰਣ ਪੱਖੋਂ ਮਹੱਤਵਪੂਰਨ ਖੇਤਰ ਹਨ। ਇਨ੍ਹਾਂ ਖੇਤਰਾਂ ਵਿਚੋਂ ਜਨਤਕ ਵਿਕਾਸ ਨੂੰ ਬਾਹਰ ਕੱਢਣ ਨਾਲ ਜੈਵ ਵਿਭਿੰਨਤਾ ਨੂੰ ਲਾਭ ਹੋ ਸਕਦਾ ਹੈ ਪਰ ਇਹ ਸਵਾਲ ਕਿ ਕੀ ਇਨ੍ਹਾਂ ’ਚ ਸਿਵਲ ਸੁਰੱਖਿਅਤ ਖੇਤਰਾਂ ਵਜੋਂ ਬਿਹਤਰ ਢੰਗ ਨਾਲ ਪ੍ਰਬੰਧ ਕੀਤੇ ਜਾ ਸਕਦੇ, ਬਾਰੇ ਬਹੁਤ ਘੱਟ ਚਰਚਾ ਕੀਤੀ ਜਾਂਦੀ ਹੈ। ਸੀ. ਈ. ਓ. ਬੀ. ਐੱਸ. ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਕਾਸ ਫੌਜੀ ਸਿਖਲਾਈ ਕਾਰਨ ਹੁੰਦਾ ਹੈ। ਹਥਿਆਰਾਂ, ਹਵਾਈ ਜਹਾਜ਼ਾਂ ਅਤੇ ਵਾਹਨਾਂ ਦੀ ਵਰਤੋਂ ਰਸਾਇਣਕ ਅਤੇ ਸ਼ੋਰ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।
ਫੌਜੀ ਸਾਜ਼ੋ-ਸਾਮਾਨ ਅਤੇ ਸਮੱਗਰੀ ਵਾਤਾਵਰਣ ਲਈ ਨੁਕਸਾਨਦੇਹ
ਫੌਜੀ ਸਾਜ਼ੋ-ਸਾਮਾਨ ਅਤੇ ਸਮੱਗਰੀ ਦੀ ਦੇਖਭਾਲ ਅਤੇ ਅਪਡੇਟ ਕਰਨ ਦਾ ਸਿੱਧਾ ਮਤਲਬ ਵਾਤਾਵਰਣ ਨਾਲ ਛੇੜਛਾੜ ਕਰਨਾ ਹੈ। ਇਹ ਸਿਰਫ਼ ਸਭ ਤੋਂ ਖਤਰਨਾਕ ਪ੍ਰਮਾਣੂ ਅਤੇ ਰਸਾਇਣਕ ਹਥਿਆਰ ਹੀ ਨਹੀਂ ਬਲਕਿ ਆਪਣੇ ਪੂਰੇ ਜੀਵਨ ਚੱਕਰ ਦੌਰਾਨ ਵਾਤਾਵਰਣ ਸਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ। ਇਹੀ ਗੱਲ ਰਵਾਇਤੀ ਹਥਿਆਰਾਂ ਲਈ ਵੀ ਸੱਚ ਹੈ, ਖਾਸ ਕਰ ਕੇ ਜਿੱਥੇ ਉਨ੍ਹਾਂ ਨੂੰ ਖੁੱਲ੍ਹੇ ’ਚ ਸਾੜ ਕੇ ਜਾਂ ਧਮਾਕਿਆਂ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। ਇਤਿਹਾਸਕ ਤੌਰ ’ਤੇ ਵੱਡੀ ਮਾਤਰਾ ਵਿਚ ਵਾਧੂ ਗੋਲਾ-ਬਾਰੂਦ ਸਮੁੰਦਰ ਵਿਚ ਸੁੱਟਿਆ ਜਾਂਦਾ ਸੀ, ਇਹ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਇਕ ਪਹਿਲੂ ਰਿਹਾ ਹੈ।
13 ਜੂਨ 2025 ਨੂੰ ਇਜ਼ਰਾਈਲ ਨੇ ਕਈ ਈਰਾਨੀ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ। ਇਹ ਹਮਲੇ ਨਤਾਨਜ਼ ਅਤੇ ਫੋਰਡੋ ’ਤੇ ਹੋਏ, ਜਿੱਥੇ ਯੂਰੇਨੀਅਮ ਪਲਾਂਟ ਹਨ। ਹਾਲਾਂਕਿ ਅਜੇ ਤਕ ਕਿਸੇ ਵੱਡੇ ਪ੍ਰਮਾਣੂ ਪ੍ਰਦੂਸ਼ਣ ਬਾਰੇ ਰਿਪੋਰਟ ਨਹੀਂ ਹੈ। ਇਹ ਘਟਨਾ ਖਾੜੀ ਦੇਸ਼ਾਂ ਲਈ ਵੀ ਇਕ ਵੱਡੀ ਚੁਣੌਤੀ ਪੈਦਾ ਕਰ ਸਕਦੀ ਹੈ, ਕਿਉਂਕਿ ਇਹ ਪੀਣ ਵਾਲੇ ਪਾਣੀ ਦੇ ਸਰੋਤਾਂ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਲਈ ਪ੍ਰਦੂਸ਼ਣ ਦਾ ਖ਼ਤਰਾ ਪੈਦਾ ਕਰ ਸਕਦੀ ਹੈ। ਮਿਜ਼ਾਈਲਾਂ ਹਾਨੀਕਾਰਕ ਪਦਾਰਥ ਵੀ ਛੱਡਦੀਆਂ ਹਨ, ਜਿਵੇਂ ਕਿ ਐਲੂਮੀਨੀਅਮ ਆਕਸਾਈਡ, ਬਲੈਕ ਕਾਰਬਨ ਅਤੇ ਪ੍ਰਤੀਕਿਰਿਆਸ਼ੀਲ ਨਾਈਟ੍ਰੋਜਨ ਅਤੇ ਕਲੋਰੀਨ ਗੈਸਾਂ। ਇਨ੍ਹਾਂ ਵਿਚੋਂ ਕੁਝ ਓਜ਼ੋਨ ਪਰਤ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਗਾਜ਼ਾ ’ਚ ਲੱਗਭਗ 1.9 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦਾ ਹੋਇਆ ਨਿਕਾਸ
‘ਵਾਰ ਆਨ ਕਲਾਈਮੇਟ’ ਨਾਂ ਦੀ ਰਿਪੋਰਟ ਅਨੁਸਾਰ ਗਾਜ਼ਾ ਵਿਚ 15 ਮਹੀਨੇ ਚੱਲੇ ਸੰਘਰਸ਼ ਦੌਰਾਨ ਸਿਰਫ਼ ਫੌਜੀ ਗਤੀਵਿਧੀਆਂ ਕਾਰਨ ਲਗਭਗ 19 ਲੱਖ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਨਿਕਾਸ ਹੋਇਆ। ਇਹ 36 ਦੇਸ਼ਾਂ ਦੇ ਸਾਲਾਨਾ ਨਿਕਾਸ ਤੋਂ ਵੱਧ ਹੈ। ਜੇਕਰ ਯੁੱਧ ਅਤੇ ਯੁੱਧ ਤੋਂ ਬਾਅਦ ਦੇ ਪੁਨਰ-ਨਿਰਮਾਣ ਦੀਆਂ ਤਿਆਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਅੰਕੜਾ 32.2 ਮਿਲੀਅਨ ਟਨ ਤੋਂ ਵੱਧ ਹੈ, ਜੋ ਕਿ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੇ ਸਾਲਾਨਾ ਨਿਕਾਸ ਤੋਂ ਵੱਧ ਹੈ।
2022 ਵਿਚ ਰੂਸ-ਯੂਕ੍ਰੇਨ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ 2025 ਦੀ ਸ਼ੁਰੂਆਤ ਤਕ ਕੁੱਲ 230 ਮਿਲੀਅਨ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਹੋਇਆ ਹੈ, ਜਿਸ ਵਿਚੋਂ ਸਿਰਫ਼ 2024 ਵਿਚ 55 ਮਿਲੀਅਨ ਮੀਟ੍ਰਿਕ ਟਨ ਦਾ ਨਿਕਾਸ ਹੋਇਆ। ਇਹ ਮਾਤਰਾ ਆਸਟਰੀਆ, ਹੰਗਰੀ, ਚੈੱਕ ਗਣਰਾਜ ਅਤੇ ਸਲੋਵਾਕੀਆ ਦੇ ਸੰਯੁਕਤ ਸਾਲਾਨਾ ਨਿਕਾਸ ਜਾਂ 120 ਮਿਲੀਅਨ ਜੈਵਿਕ ਬਾਲਣ ਵਾਲੇ ਵਾਹਨਾਂ ਦੇ ਸਾਲਾਨਾ ਨਿਕਾਸ ਦੇ ਬਰਾਬਰ ਹੈ। ਵਾਤਾਵਰਣ ’ਤੇ ਯੁੱਧ ਦਾ ਪ੍ਰਭਾਵ ਬਹੁਤ ਵੱਡਾ ਅਤੇ ਬਹੁਪੱਖੀ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਟਕਰਾਅ ਨੂੰ ਰੋਕਣ, ਸ਼ਾਂਤੀ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਵਿਕਾਸ ਵਿਚ ਨਿਵੇਸ਼ ਕਰਨ ਲਈ ਇਕ ਵਿਸ਼ਵਵਿਆਪੀ ਯਤਨ ਦੀ ਲੋੜ ਹੈ।
ਟਰੰਪ ਦਾ ਟੈਰਿਫ ਬੰਬ ਜਾਰੀ, ਜਾਪਾਨ-ਦੱਖਣੀ ਕੋਰੀਆ ਤੋਂ ਬਾਅਦ ਹੁਣ ਇਨ੍ਹਾਂ 5 ਦੇਸ਼ਾਂ 'ਤੇ ਲਾਇਆ ਭਾਰੀ ਟੈਕਸ
NEXT STORY