ਜੀਵਨ ’ਚ ਮਾਤਾ-ਪਿਤਾ ਤੋਂ ਬਾਅਦ ‘ਗੁਰੂਆਂ’ ਭਾਵ ਅਧਿਆਪਕ-ਅਧਿਆਪਕਾਵਾਂ ਦਾ ਹੀ ਸਰਵਉੱਚ ਸਥਾਨ ਮੰਨਿਆ ਗਿਆ ਹੈ। ਉਹ ਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਗਿਆਨਵਾਨ ਬਣਾਉਂਦੇ ਹਨ ਪਰ ਅੱਜ ਕੁਝ ਅਧਿਆਪਕ-ਅਧਿਆਪਕਾਵਾਂ ਆਪਣੀ ਮਰਿਆਦਾ ਨੂੰ ਭੁੱਲ ਕੇ ਵਿਦਿਆਰਥੀ-ਵਿਦਿਆਰਥਣਾਂ ’ਤੇ ਗੈਰ-ਮਨੁੱਖੀ ਅੱਤਿਆਚਾਰ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਤੱਕ ਕਰ ਰਹੇ ਹਨ, ਜੋ ਪਿਛਲੇ ਲਗਭਗ ਸਾਢੇ ਤਿੰਨ ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
*14 ਮਈ ਨੂੰ ‘ਚਰਾਏਦੇਵ’ (ਅਸਾਮ) ਦੇ ‘ਮਥੁਰਾਪੁਰ ਬਗੀਚਾ’ ਸਥਿਤ ਇਕ ਸਕੂਲ ’ਚ ‘ਆਰਿਫ਼ੁਲ ਇਸਲਾਮ’ ਨਾਮ ਦੇ ਅਧਿਆਪਕ ਨੂੰ ਕਈ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਇਕ ਬੱਚੇ ਨੂੰ ਚੁੱਕ ਕੇ ਖਿੜਕੀ ਤੋਂ ਬਾਹਰ ਸੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
*30 ਜੂਨ ਨੂੰ ‘ਅਹਿਮਦਾਬਾਦ’ (ਗੁਜਰਾਤ) ਦੇ ਇਕ ਸਕੂਲ ’ਚ ਪੀ.ਟੀ. ਦੌਰਾਨ ‘ਲਕਸ਼ਮਣ’ ਨਾਂ ਦੇ ਅਧਿਆਪਕ ਨੇ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ ਅਤੇ ਖ਼ੂਨ ਵਹਿਣ ਲੱਗਾ।
*31 ਜੁਲਾਈ ਨੂੰ ‘ਫ਼ਿਰੋਜ਼ਾਬਾਦ’ (ਉੱਤਰ ਪ੍ਰਦੇਸ਼) ’ਚ ਇਕ ਸਕੂਲ ਦੀ ਅਧਿਆਪਿਕਾ ਨੇ ਗੁੱਸੇ ’ਚ ਆ ਕੇ ਪਹਿਲਾਂ 4 ਸਾਲਾ ਛੋਟੇ ਬੱਚੇ ਦੀ ਅੱਖ ’ਚ ਪੈਨਸਿਲ ਖੋਭ ਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ ਅਤੇ ਫਿਰ ਉਸ ਦੇ ਵੱਡੇ ਭਰਾ ਨੂੰ ਕਿਸੇ ਗੱਲ ’ਤੇ ਗੁੱਸੇ ’ਚ ਆ ਕੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ ’ਚੋਂ ਖ਼ੂਨ ਵਗਣ ਲੱਗਾ, ਜਿਸ ’ਤੇ ਪੁਲਸ ਨੇ ਅਧਿਆਪਿਕਾ ਵਿਰੁੱਧ ਕੇਸ ਦਰਜ ਕੀਤਾ।
* 31 ਜੁਲਾਈ ਨੂੰ ਹੀ ‘ਕੁਸ਼ੀਨਗਰ’ (ਉੱਤਰ ਪ੍ਰਦੇਸ਼) ’ਚ ਇਕ ਕੋਚਿੰਗ ਸੈਂਟਰ ਦੇ ਅਧਿਆਪਕ ਵੱਲੋਂ ਇਕ ਨਾਬਾਲਗ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਅਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ। ਜਦੋਂ ਵਿਦਿਆਰਥਣ ਨੇ ਇਹ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ, ਤਾਂ ਪਰਿਵਾਰਕ ਮੈਂਬਰਾਂ ਨੇ ਕੋਚਿੰਗ ਸੈਂਟਰ ਪਹੁੰਚ ਕੇ ਦੋਸ਼ੀ ਅਧਿਆਪਕ ਨੂੰ ਚੱਪਲਾਂ ਨਾਲ ਕੁੱਟਿਆ ਅਤੇ ਮੁਆਫ਼ੀ ਮੰਗਵਾਉਣ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ।
* 18 ਅਗਸਤ ਨੂੰ ‘ਜਾਫ਼ਰਾਬਾਦ’ (ਦਿੱਲੀ) ’ਚ ਇਕ ਪਲੇਅ-ਵੇ ਸਕੂਲ ’ਚ ਇਕ ਛੋਟੇ ਬੱਚੇ ਨੂੰ ਕੁਰਸੀ ਨਾਲ ਬੰਨ੍ਹ ਕੇ ਥੱਪੜ ਮਾਰਨ ਅਤੇ ਕੰਨ ਖਿੱਚਣ ਦਾ ਮਾਮਲਾ ਸਾਹਮਣੇ ਆਇਆ। ਦਿੱਲੀ ਪੁਲਸ ਨੇ ਇਸ ਮਾਮਲੇ ’ਚ ‘ਪੋਕਸੋ’ ਅਤੇ ‘ਜੁਵੇਨਾਇਲ ਜਸਟਿਸ ਐਕਟ’ ਦੇ ਅਧੀਨ ਐੱਫ.ਆਈ.ਆਰ. ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
* 21 ਅਗਸਤ ਨੂੰ ‘ਵਿਸ਼ਾਖਾਪਟਨਮ’ (ਆਂਧਰਾ ਪ੍ਰਦੇਸ਼) ਦੇ ਇਕ ਸਕੂਲ ’ਚ ਇਕ 6 ਸਾਲਾ ਵਿਦਿਆਰਥਣ ‘ਤਮੰਨਾ’ ਨੂੰ ਹੋਮਵਰਕ ਪੂਰਾ ਨਾ ਕਰਨ ’ਤੇ ਉਸ ਦੀ ਅਧਿਆਪਿਕਾ ਨੇ ਇੰਨੀ ਬੇਰਹਿਮੀ ਨਾਲ ਥੱਪੜ ਮਾਰਿਆ ਕਿ ਉਹ ਬੇਹੋਸ਼ ਹੋ ਕੇ ਡਿੱਗ ਪਈ ਅਤੇ ਹਸਪਤਾਲ ਲੈ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
* 27 ਅਗਸਤ ਨੂੰ ‘ਪੂਰਬੀ ਵਿਨੋਦ ਨਗਰ’ (ਦਿੱਲੀ) ਦੇ ਇਕ ਸਕੂਲ ’ਚ ਕਿਤਾਬ ਨਾ ਲਿਆਉਣ ’ਤੇ ਇਰ ਅਧਿਆਪਿਕਾ ਵੱਲੋਂ ਕੁੱਟਣ ਅਤੇ ਧੁੱਪ ’ਚ ਖੜ੍ਹੀ ਕਰਨ ਤੋਂ ਬਾਅਦ 7ਵੀਂ ਜਮਾਤ ਦੀ 10 ਸਾਲਾ ਵਿਦਿਆਰਥਣ ‘ਅਵਨੀ’ ਦੀ ਤਬੀਅਤ ਵਿਗੜ ਜਾਣ ਨਾਲ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
* 29 ਅਗਸਤ ਨੂੰ ‘ਹਸਤੀਨਾਪੁਰ’ (ਮੇਰਠ, ਉੱਤਰ ਪ੍ਰਦੇਸ਼) ਦੇ ਇਕ ਸਕੂਲ ’ਚ ਇਕ ਅਧਿਆਪਕ ਵੱਲੋਂ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਮਹਿਜ਼ 40 ਸੈਕਿੰਡ ਦੇ ਅੰਦਰ 17 ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ।
* 29 ਅਗਸਤ ਨੂੰ ਹੀ ‘ਆਦਿਲਾਬਾਦ’ (ਤੇਲੰਗਾਨਾ) ਦੇ ‘ਬੋਥ’ ਕਸਬੇ ਦੇ ‘ਵੇਦਮ ਸਕੂਲ’ ’ਚ ਪੁਲਸ ਨੇ ਨਰਸਰੀ ਦੇ ਇਕ 4 ਸਾਲਾ ਵਿਦਿਆਰਥੀ ਨੂੰ ਉਸ ਦੀ ਅਧਿਆਪਿਕਾ ਵੱਲੋਂ ਕਾਫ਼ੀ ਦੇਰ ਤੱਕ ਬੇਰਹਿਮੀ ਨਾਲ ਕੁੱਟਣ, ਥੱਪੜ ਮਾਰਨ ਅਤੇ ਸੋਟੀ ਨਾਲ ਕੁੱਟਣ ਲਈ ਅਧਿਆਪਿਕਾ ਅਤੇ ਸਕੂਲ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕੀਤਾ।
* 30 ਅਗਸਤ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ‘ਸਾਹੂਆਪੁਰ’ ਦੇ ਇਕ ਸਕੂਲ ’ਚ ਅੱਠਵੀਂ ਜਮਾਤ ਦੀ ਇਕ ਵਿਦਿਆਰਥਣ ਆਪਣੇ ਅਧਿਆਪਕ ਕੋਲ ਆਪਣੀ ਜਮਾਤਣ ਨਾਲ ਹੋਏ ਝਗੜੇ ਦੀ ਸ਼ਿਕਾਇਤ ਕਰਨ ਗਈ ਪਰ ਅਧਿਆਪਕ ‘ਰਾਜੇਂਦਰ ਕੁਮਾਰ ਗੰਗਵਾਰ’ ਨੇ ਉਲਟਾ ਉਸ ਦੇ ਹੀ ਦੋਵੇਂ ਹੱਥ ਮਰੋੜ ਦਿੱਤੇ ਅਤੇ ਕੁੱਟਮਾਰ ਕੀਤੀ। ਗੰਭੀਰ ਸੱਟਾਂ ਕਾਰਨ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਤੋਂ ਬਾਅਦ ਅਧਿਆਪਕ ਨੂੰ ਮੁਅੱਤਲ ਕਰ ਕੇ ਉਸ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
* ਅਤੇ ਹੁਣ 4 ਸਤੰਬਰ ਨੂੰ ‘ਬਕਸਰ’ (ਬਿਹਾਰ) ਦੇ ਪਿੰਡ ‘ਨਥਨੀ ਅਹੀਰ ਕੇ ਡੇਰਾ’ ਦੇ ਸਰਕਾਰੀ ਸਕੂਲ ਦੇ 2 ਅਧਿਆਪਕਾਂ ਨੂੰ ਸਕੂਲ ਦੀਆਂ ਨਾਬਾਲਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਮੁਅੱਤਲ ਅਤੇ ਮਾਮਲਾ ਲੁਕਾਉਣ ਦੇ ਦੋਸ਼ ’ਚ ਸਕੂਲ ਦੇ ਹੈੱਡਮਾਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਨੂੰਨੀ ਤੌਰ ’ਤੇ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ’ਤੇ ਮਨਾਹੀ ਦੇ ਬਾਵਜੂਦ ਅਧਿਆਪਕਾਂ-ਅਧਿਆਪਕਾਵਾਂ ਦੇ ਇਕ ਵਰਗ ਵੱਲੋਂ ਮਾਸੂਮ ਬੱਚੇ-ਬੱਚੀਆਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਅਤਿਅੰਤ ਜ਼ਰੂਰੀ ਹੈ ਕਿ ਅਜਿਹੇ ਅਧਿਆਪਕਾਂ-ਅਧਿਆਪਕਾਵਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੇ ਤਸ਼ੱਦਤ ਦਾ ਇਹ ਭੈੜਾ ਚੱਕਰ ਰੁਕੇ ਅਤੇ ਅਧਿਆਪਕ ਵਰਗ ਵੀ ਬਦਨਾਮ ਨਾ ਹੋਵੇ।
-ਵਿਜੇ ਕੁਮਾਰ
ਅਧਿਆਪਨ ਵੀ ਇਕ ਕਲਾ ਹੈ
NEXT STORY