ਦੁਨੀਆ ਹੁਣ ਸਿਹਤਮੰਦ ਹੋਣ ਦੇ ਮਾਅਨੇ ’ਤੇ ਨਵੇਂ ਸਿਰੇ ਤੋਂ ਸੋਚ ਰਹੀ ਹੈ। ਅੱਜ ਸਿਹਤ-ਦੇਖਭਾਲ ਦਾ ਮਤਲਬ ਸਿਰਫ਼ ਬੀਮਾਰੀ ਦਾ ਇਲਾਜ ਕਰਨਾ ਨਹੀਂ, ਸਗੋਂ ਇਸ ਦਾ ਮਕਸਦ ਬੀਮਾਰੀਆਂ ਨੂੰ ਰੋਕਣਾ, ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਅਜਿਹੀ ਸਿਹਤ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ, ਜੋ ਬਦਲਦੀ ਜੀਵਨ ਸ਼ੈਲੀ, ਵਾਤਾਵਰਣ ਦੇ ਦਬਾਅ ਅਤੇ ਨਵੀਆਂ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਇਸ ਬਦਲਦੇ ਦ੍ਰਿਸ਼ ਵਿਚ, ਆਯੁਰਵੇਦ ਭਵਿੱਖ ਲਈ ਇਕ ਮਹੱਤਵਪੂਰਨ ਦ੍ਰਿਸ਼ਟੀ ਦੀ ਪੇਸ਼ਕਸ਼ ਕਰਦਾ ਹੈ।
11ਵੇਂ ਆਯੁਰਵੇਦ ਦਿਵਸ ਦਾ ਥੀਮ, ‘ਸਿਹਤਮੰਦ ਭਵਿੱਖ ਲਈ ਆਯੁਰਵੇਦ’ ਅਤੇ ‘ਇਕ ਸਿਹਤ, ਇਕ ਭਵਿੱਖ’ ਦਾ ਵਿਜ਼ਨ ਇਸ ਵਿਚਾਰ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਸਿਹਤ ਦਾ ਕੋਈ ਵੱਖਰਾ ਵਜੂਦ ਨਹੀਂ ਹੁੰਦਾ। ਲੋਕਾਂ, ਭਾਈਚਾਰਿਆਂ, ਪਸ਼ੂਆਂ ਅਤੇ ਵਾਤਾਵਰਣ ਦੀ ਸਿਹਤ ਆਪਸ ’ਚ ਡੂੰਘਾਈ ਨਾਲ ਜੁੜੀ ਹੁੰਦੀ ਹੈ।
ਆਯੁਰਵੇਦ ਨੇ ਹਮੇਸ਼ਾ ਬੀਮਾਰੀ ਤੋਂ ਬਚਾਅ, ਸੰਤੁਲਿਤ ਜੀਵਨ, ਸਹੀ ਖਾਣ-ਪੀਣ, ਰੋਜ਼ਾਨਾ ਦੇ ਕੰਮਕਾਜ ਅਤੇ ਕੁਦਰਤ ਨਾਲ ਤਾਲਮੇਲ ਬਿਠਾਉਣ ’ਤੇ ਬਹੁਤ ਜ਼ੋਰ ਦਿੱਤਾ ਹੈ। ਅਜਿਹੇ ਸਮੇਂ ’ਚ ਜਦੋਂ ਜੀਵਨ ਸ਼ੈਲੀ ਨਾਲ ਜੁੜੀਆਂ ਬੀਮਾਰੀਆਂ, ਮੈਟਾਬੋਲਿਕ ਵਿਕਾਰ, ਤਣਾਅ ਅਤੇ ਦੂਜੀਆਂ ਗੈਰ-ਸੰਚਾਰੀ ਬੀਮਾਰੀਆਂ ਸਮਾਜ ’ਤੇ ਬੋਝ ਵਧਾ ਰਹੀਆਂ ਹਨ, ਇਹ ਸਿਧਾਂਤ ਹੋਰ ਵੀ ਜ਼ਿਆਦਾ ਪ੍ਰਾਸੰਗਿਕ ਹੋ ਗਏ ਹਨ।
ਪਰ ਆਯੁਰਵੇਦ ਨੂੰ ਅੱਗੇ ਲੈ ਕੇ ਜਾਣ ਦਾ ਮਤਲਬ ਸਿਰਫ਼ ਪਿੱਛੇ ਮੁੜ ਕੇ ਦੇਖਣਾ ਨਹੀਂ ਹੋ ਸਕਦਾ। ਇਸ ਦੇ ਭਵਿੱਖ ਨੂੰ ਖੋਜ, ਸਬੂਤਾਂ, ਨਵੀਨਤਾ ਅਤੇ ਗੁਣਵੱਤਾ ਰਾਹੀਂ ਆਕਾਰ ਦਿੱਤਾ ਜਾਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਆਯੁਰਵੇਦ ਨਾਲ ਜੁੜੇ ਗਿਆਨ ਦਾ ਅਧਿਐਨ ਆਧੁਨਿਕ ਵਿਗਿਆਨਿਕ ਤਰੀਕਿਆਂ ਨਾਲ ਹੋਵੇ ਅਤੇ ਉਸ ਨੂੰ ਅਜਿਹੇ ਹੱਲਾਂ ’ਚ ਬਦਲਿਆ ਜਾਵੇ, ਜੋ ਅੱਜ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਦੇ ਹੋਣ।
ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਇਸ ਯਾਤਰਾ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ। 2014 ’ਚ ਆਯੁਸ਼ ਮੰਤਰਾਲੇ ਦੀ ਸਥਾਪਨਾ ਆਯੁਰਵੇਦ ਅਤੇ ਹੋਰ ਆਯੁਸ਼ ਪ੍ਰਣਾਲੀਆਂ ਨੂੰ ਇਕ ਮਜ਼ਬੂਤ ਸੰਸਥਾਗਤ ਆਧਾਰ ਦੇਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਉਪਲਬਧੀ ਹੈ।
ਸਿਹਤ ਦੇਖਭਾਲ ਨੂੰ ਅਸਲ ’ਚ ਮਰੀਜ਼ ਦੀਆਂ ਲੋੜਾਂ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਜਿੱਥੇ ਇਲਾਜ ਢੁੱਕਵਾਂ ਅਤੇ ਸਬੂਤ-ਸਮਰਥਿਤ ਹੋਵੇ, ਉੱਥੇ ਵੱਖ-ਵੱਖ ਸਿਹਤ ਪ੍ਰਣਾਲੀਆਂ ਇਕ-ਦੂਜੇ ਦੀਆਂ ਪੂਰਕ ਬਣ ਸਕਦੀਆਂ ਹਨ ਅਤੇ ਸਿਹਤ ਪ੍ਰਤੀ ਵਿਆਪਕ ਦ੍ਰਿਸ਼ਟੀਕੋਣ ’ਚ ਯੋਗਦਾਨ ਪਾ ਸਕਦੀਆਂ ਹਨ। ਜਨ ਸਿਹਤ ਸੰਭਾਲ ਪ੍ਰਣਾਲੀ ’ਚ ਆਯੁਸ਼ ਸੇਵਾਵਾਂ ਦਾ ਏਕੀਕਰਨ ਅਤੇ ਆਯੁਸ਼ਮਾਨ ਆਰੋਗਿਆ ਮੰਦਰਾਂ ਦਾ ਵਿਸਥਾਰ, ਰੋਕਥਾਮ ਅਤੇ ਸਮੁੱਚੀ ਸਿਹਤ ਸੰਭਾਲ ਨੂੰ ਜ਼ਿਆਦਾ ਸੁਲਭ ਬਣਾਉਣ ਦੇ ਸਾਡੇ ਸੰਕਲਪ ਨੂੰ ਪ੍ਰਗਟਾਉਂਦੇ ਹਨ।
ਭਾਰਤ ਆਯੁਰਵੇਦ ਨੂੰ ਦੁਨੀਆ ਤੱਕ ਵੀ ਪਹੁੰਚਾ ਰਿਹਾ ਹੈ। ਆਯੁਰਵੇਦ ਦਿਵਸ ਦੇ ਪਿਛਲੇ ਆਯੋਜਨਾਂ ਨੇ ਦਿਖਾਇਆ ਹੈ ਕਿ ਸਿਹਤ ਅਤੇ ਕਲਿਆਣ ਪ੍ਰਤੀ ਭਾਰਤ ਦੇ ਨਜ਼ਰੀਏ ਨੂੰ ਦੁਨੀਆ ਭਰ ’ਚ ਕਿਹੋ ਜਿਹਾ ਸਮਰਥਨ ਮਿਲ ਸਕਦਾ ਹੈ। ਆਯੁਰਵੇਦ ਤੇਜ਼ੀ ਨਾਲ ਕਲਿਆਣ, ਰੋਕਥਾਮ ਅਤੇ ਸਥਾਈ ਸਿਹਤ ਸੰਭਾਲ ’ਚ ਹੋਣ ਵਾਲੀ ਅੰਤਰਰਾਸ਼ਟਰੀ ਗੱਲਬਾਤ ਦਾ ਹਿੱਸਾ ਬਣ ਰਿਹਾ ਹੈ।
ਇਸ ਵਧਦੀ ਵਿਸ਼ਵਵਿਆਪੀ ਰੁਚੀ ਦੇ ਨਾਲ ਇਕ ਓਨੀ ਹੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਆਉਂਦੀ ਹੈ। ਆਯੁਰਵੇਦ ਨੂੰ ਭਰੋਸੇਯੋਗ ਖੋਜ, ਕਲੀਨਿਕਲ ਸਬੂਤਾਂ, ਮਜ਼ਬੂਤ ਗੁਣਵੱਤਾ ਮਾਪਦੰਡਾਂ ਅਤੇ ਜ਼ਿੰਮੇਵਾਰ ਸੰਚਾਰ ਦਾ ਸਮਰਥਨ ਮਿਲਣਾ ਚਾਹੀਦਾ ਹੈ। ਅੰਤਰਰਾਸ਼ਟਰੀ ਸਹਿਯੋਗ, ਆਯੁਸ਼ ਵਿੱਦਿਅਕ ਵਿਭਾਗ, ਕਲੀਨਿਕਲ ਖੋਜ ਅਤੇ ਨਿਯਮਿਤ ਤਾਲਮੇਲ ਦੀ ਦਿਸ਼ਾ ’ਚ ਕੀਤੇ ਜਾ ਰਹੇ ਯਤਨ ਭਾਰਤ ਤੋਂ ਬਾਹਰ ਆਯੁਰਵੇਦ ਲਈ ਇਕ ਮਜ਼ਬੂਤ ਈਕੋਸਿਸਟਮ ਬਣਾਉਣ ’ਚ ਮਦਦ ਕਰ ਰਹੇ ਹਨ।
‘ਇਕ ਸਿਹਤ, ਇਕ ਭਵਿੱਖ’ ਦਾ ਵਿਜ਼ਨ ਸਾਨੂੰ ਹਸਪਤਾਲਾਂ ਅਤੇ ਦਵਾਈਆਂ ਤੋਂ ਅੱਗੇ ਲੈ ਜਾਂਦਾ ਹੈ। ਇਕ ਸਿਹਤਮੰਦ ਭਵਿੱਖ ਸਾਡੇ ਵਾਤਾਵਰਣ, ਸਾਡੇ ਖਾਣ-ਪੀਣ ਅਤੇ ਉਨ੍ਹਾਂ ਕੁਦਰਤੀ ਸਰੋਤਾਂ ਦੀ ਸਿਹਤ ’ਤੇ ਨਿਰਭਰ ਕਰਦਾ ਹੈ, ਜਿਨ੍ਹਾਂ ’ਤੇ ਸਿਹਤ ਦੇਖਭਾਲ ਪ੍ਰਣਾਲੀਆਂ ਨਿਰਭਰ ਕਰਦੀਆਂ ਹਨ। ਉਦਾਹਰਣ ਲਈ, ਔਸ਼ਧੀ ਪੌਦੇ ਸਿਹਤ ਸੰਭਾਲ ਨੂੰ ਖੇਤੀਬਾੜੀ, ਆਜੀਵਿਕਾ ਅਤੇ ਜੈਵ-ਵੰਨ-ਸੁਵੰਨਤਾ ਨਾਲ ਜੋੜਦੇ ਹਨ। ਉਨ੍ਹਾਂ ਦੀ ਸਥਾਈ ਖੇਤੀ ਨਾਲ ਕਿਸਾਨਾਂ ਲਈ ਆਰਥਿਕ ਮੌਕੇ ਪੈਦਾ ਹੋ ਸਕਦੇ ਹਨ ਅਤੇ ਨਾਲ ਹੀ ਕੀਮਤੀ ਕੁਦਰਤੀ ਸਰੋਤਾਂ ਦੀ ਸੰਭਾਲ ’ਚ ਵੀ ਯੋਗਦਾਨ ਪੈ ਸਕਦਾ ਹੈ।
ਆਯੁਰਵੇਦ ਦਿਵਸ ਨੂੰ ਸਿਰਫ ਸਾਲ ’ਚ ਇਕ ਵਾਰ ਮਨਾਇਆ ਜਾਣ ਵਾਲਾ ਆਯੋਜਨ ਬਣ ਕੇ ਨਹੀਂ ਰਹਿਣਾ ਚਾਹੀਦਾ। ਇਸ ਨੂੰ ਸਾਡੇ ਘਰਾਂ, ਸਕੂਲਾਂ, ਕੰਮਕਾਜ ਵਾਲੀਆਂ ਥਾਵਾਂ ਅਤੇ ਭਾਈਚਾਰਿਆਂ ’ਚ ਸਿਹਤਮੰਦ ਜੀਵਨ ਸ਼ੈਲੀ ਆਧਾਰਿਤ ਇਕ ਵਿਆਪਕ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਸੀਂ ਕੀ ਖਾਂਦੇ ਹਾਂ, ਅਸੀਂ ਕਿੰਨੇ ਸਰਗਰਮ ਰਹਿੰਦੇ ਹਾਂ, ਅਸੀਂ ਤਣਾਅ ਦਾ ਪ੍ਰਬੰਧਨ ਕਿਵੇਂ ਕਰਦੇ ਹਾਂ ਅਤੇ ਅਸੀਂ ਆਪਣੇ ਵਾਤਾਵਰਣ ਨਾਲ ਕਿੰਨੀ ਜ਼ਿੰਮੇਵਾਰੀ ਨਾਲ ਵਿਵਹਾਰ ਕਰਦੇ ਹਾਂ, ਇਹ ਸਾਰੇ ਸਾਡੇ ਸਮਾਜ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।
‘ਸਿਹਤਮੰਦ ਭਵਿੱਖ ਲਈ ਆਯੁਰਵੇਦ’ ਸਿਰਫ਼ ਇਕ ਥੀਮ ਨਹੀਂ, ਇਹ ਸਿਹਤ ਦੀ ਸੰਸਕ੍ਰਿਤੀ ਬਣਾਉਣ ਦਾ ਇਕ ਸੱਦਾ ਹੈ—ਅਜਿਹੀ ਸੰਸਕ੍ਰਿਤੀ, ਜੋ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੋਵੇ, ਭਾਈਚਾਰਿਆਂ ਨੂੰ ਮਜ਼ਬੂਤ ਕਰਦੀ ਹੋਵੇ ਅਤੇ ਉਸ ਵਾਤਾਵਰਣ ਦਾ ਸਤਿਕਾਰ ਕਰਦੀ ਹੋਵੇ, ਜਿਸ ਨੂੰ ਅਸੀਂ ਸਾਰੇ ਸਾਂਝਾ ਕਰਦੇ ਹਾਂ।
ਜਦੋਂ ਅਸੀਂ 11ਵਾਂ ਆਯੁਰਵੇਦ ਦਿਵਸ ਮਨਾ ਰਹੇ ਹਾਂ, ਤਾਂ ਆਓ ਇਕ ਸਿਹਤ, ਇਕ ਭਵਿੱਖ ਦੇ ਵਿਜ਼ਨ ਨੂੰ ਅੱਗੇ ਵਧਾਈਏ ਅਤੇ ਇਕ ਸਿਹਤਮੰਦ ਭਾਰਤ ਅਤੇ ਸਿਹਤਮੰਦ ਦੁਨੀਆ ਦੀ ਦਿਸ਼ਾ ’ਚ ਮਿਲ ਕੇ ਕੰਮ ਕਰੀਏ।
ਇਕ ਸਿਹਤ, ਇਕ ਭਵਿੱਖ। ਸਭ ਲਈ ਸਿਹਤਮੰਦ ਭਵਿੱਖ।
—ਪ੍ਰਤਾਪਰਾਓ ਜਾਧਵ
(ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ)
...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
NEXT STORY