ਆਂਧਰਾ ਪ੍ਰਦੇਸ਼ ’ਚ ਕਾਸ਼ੀਬੁੱਗਾ ਸ਼ਹਿਰ ਦੇ ਵਾਂਕਟੇਸ਼ਵਰ ਮੰਦਰ ’ਚ ਭਾਜੜ ਨਾਲ 10 ਲੋਕਾਂ ਦੀ ਮੌਤ ਹੋ ਗਈ। ਮੰਦਰ ਇਕ ਨਿੱਜੀ ਤੀਰਥ ਸਥਾਨ ਸੀ। ਜੋ ਧਾਰਮਿਕ ਦਾਨ ਵਿਭਾਗ ਦੇ ਤਹਿਤ ਰਜਿਸਟਰਡ ਨਹੀਂ ਸੀ। ਪ੍ਰੋਗਰਾਮ ਆਯੋਜਕਾਂ ਨੇ ਇੰਨੀ ਵੱਡੀ ਭੀੜ ਦੇ ਲਈ ਕੋਈ ਇਜਾਜ਼ਤ ਨਹੀਂ ਲਈ ਸੀ। ਸੂਬਾ ਸਰਕਾਰ ਨੂੰ ਇਸ ਪ੍ਰੋਗਰਾਮ ਬਾਰੇ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਿਗਆ ਸੀ। ਦੇਸ਼ ’ਚ ਹੋਣ ਵਾਲੇ ਧਾਰਮਿਕ ਆਯੋਜਨਾਂ ’ਚ ਲਾਪ੍ਰਵਾਹੀ ਅਤੇ ਕਾਨੂੰਨ ਦੀ ਉਲੰਘਣਾ ਦੀ ਸੱਤਾਧਾਰੀ ਦਲ ਅਤੇ ਨੇਤਾ ਅਣਦੇਖੀ ਕਰਦੇ ਰਹੇ ਹਨ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਕਿਤੇ ਉਨ੍ਹਾਂ ਦਾ ਵੋਟ ਬੈਂਕ ਹੱਥੋਂ ਨਾ ਖਿਸਕ ਜਾਵੇ। ਇਸ ਲਈ ਉਹ ਕਾਨੂੰਨ ਉਲੰਘਣਾ ਨਾਲ ਹੋਣ ਵਾਲੇ ਸੰਭਾਵਿਤ ਹਾਦਸਿਆਂ ਦੀ ਅਣਡਿੱਠਤਾ ਕਰਦੇ ਹਨ। ਨਹੀਂ ਤਾਂ ਇਹ ਸੰਭਵ ਨਹੀਂ ਹੈ ਕਿ ਧਾਰਮਿਕ ਸਥਾਨਾਂ ’ਤੇ ਕਿਸੇ ਹਾਦਸੇ ਤੋਂ ਬਾਅਦ ਅਜਿਹੇ ਹਾਦਸਿਆਂ ਦਾ ਦੇਸ਼ ’ਚ ਮੁੜ ਦੁਹਰਾਅ ਹੁੰਦਾ ਰਹੇ। ਵੈਂਕਟੇਸ਼ਵਰ ਮੰਦਰ ’ਚ ਹੋਇਆ ਹਾਦਸਾ ਇਸ ਦਾ ਨਵਾਂ ਪ੍ਰਮਾਣ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਮੰਦਰ ’ਚ ਅਜਿਹਾ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਹਜ਼ਾਰਾਂ ਲੋਕਾਂ ਦੀ ਅਜਿਹੀਆਂ ਘਟਨਾਵਾਂ ’ਚ ਦਰਦਨਾਕ ਮੌਤ ਹੋ ਚੁੱਕੀ ਹੈ। ਸਾਲ 2005 ’ਚ ਮਹਾਰਾਸ਼ਟਰ ਦੇ 17 ਜ਼ਿਲਿਆਂ ’ਚ ਮੰਧਾਰਦੇਵੀ ਮੰਦਰ ’ਚ 350 ਤੋਂ ਵੱਧ ਭਗਤਾਂ ਦੀ ਕੁਚਲ ਕੇ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ’ਚ ਸਾਲ 2008 ’ਚ ਨੈਨਾ ਦੇਣੀ ਮੰਦਰ ’ਚ ਮੱਚੀ ਭਾਜੜ ’ਚ 162 ਦੀ ਜਾਨ ਗਈ ਸੀ। 30 ਸਤੰਬਰ 2008 ਨੂੰ ਰਾਜਸਥਾਨ ਦੇ ਜੋਧਪੁਰ ਸ਼ਹਿਰ ’ਚ ਚਾਮੁੰਡਾ ਦੇਵੀ ਮੰਦਰ ’ਚ ਬੰਬ ਅਫਵਾਹ ਨਾਲ ਮੱਚੀ ਭਾਜੜ ’ਚ 250 ਸ਼ਰਧਾਲੂ ਮਾਰੇ ਗਏ।
27 ਅਗਸਤ 2003 ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ’ਚ ਕੁੰਭ ਦੇ ਮੇਲੇ ’ਚ ਪਵਿੱਤਰ ਇਸ਼ਨਾਨ ਦੌਰਾਨ ਭਾਜੜ ਨਾਲ 39 ਲੋਕ ਮਾਰੇ ਗਏ। 13 ਅਕਤੂਬਰ 2013 ਨੂੰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ’ਚ ਰਤਨਗੜ੍ਹ ਮੰਦਰ ਦੇ ਕੋਲ ਨਵਰਾਤਰੀ ਉਤਸਵ ਦੌਰਾਨ ਮੱਚੀ ਭਾਜੜ ’ਚ 115 ਲੋਕ ਮਾਰੇ ਗਏ।
31 ਮਾਰਚ 2023 ਨੂੰ ਇੰਦੌਰ ਸ਼ਹਿਰ ਦੇ ਇਕ ਮੰਦਰ ’ਚ ਹਵਨ ਪ੍ਰੋਗਰਾਮ ਦੌਰਾਨ ਇਕ ਪ੍ਰਾਚੀਨ ਖੂਹ ਦੇ ਉਪਰ ਬਣੀ ਸਲੈਬ ਦੇ ਢਹਿ ਜਾਣ ਨਾਲ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ। 3 ਅਕਤੂਬਰ 2014 ਨੂੰ ਦੁਸਹਿਰਾ ਸਮਾਰੋਹ ’ਚ ਪਟਨਾ ਦੇ ਗਾਂਧੀ ਮੈਦਾਨ ’ਚ ਭਾਜੜ ਨਾਲ 32 ਲੋਕਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 19 ਨਵੰਬਰ 2012 ਨੂੰ ਪਟਨਾ ’ਚ ਗੰਗਾ ਨਦੀ ਦੇ ਕੰਢੇ ’ਤੇ ਛੱਠ ਪੂਜਾ ਦੌਰਾਨ ਇਕ ਅਸਥਾਈ ਪੁਲ ਟੁੱਟਣ ਨਾਲ ਲਗਭਗ 20 ਲੋਕ ਮਾਰੇ ਗਏ। ਇਕ ਜਨਵਰੀ 2022 ਨੂੰ ਜੰਮੂ-ਕਸ਼ਮੀਰ ’ਚ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਭਾਜੜ ਨਾਲ 12 ਲੋਕਾਂ ਦੀ ਮੌਤ ਹੋ ਗਈ।
14 ਜੁਲਾਈ 2015 ਨੂੰ ਆਂਧਰਾ ਪ੍ਰਦੇਸ਼ ਦੇ ਰਾਜਮੁੰਦਰੀ ’ਚ ‘ਕੁਸ਼ਕਰਮ’ ਤਿਉਹਾਰ ਦੇ ਉਦਘਾਟਨ ਵਾਲੇ ਦਿਨ ਗੋਦਾਵਰੀ ਨਦੀ ਦੇ ਕੰਢੇ ’ਤੇ ਇਕ ਪ੍ਰਮੁੱਖ ਇਸ਼ਨਾਨ ਸਥਾਨ ’ਤੇ ਲੋਕਾਂ ਦੀ ਭਾਜੜ ਨਾਲ 27 ਤੀਰਥ ਯਾਤਰੀਆਂ ਦੀ ਮੌਤ ਹੋ ਗਈ। 8 ਨਵੰਬਰ 2011 ਨੂੰ ਹਰਿਦੁਆਰ ’ਚ ਗੰਗਾ ਨਦੀ ਦੇ ਕੰਢੇ ’ਤੇ ਹਰ-ਕੀ ਪੌੜੀ ਘਾਟ ’ਤੇ ਭਾਜੜ ’ਚ ਘੱਟੋ-ਘੱਟ 20 ਲੋਕ ਮਾਰੇ ਗਏ ਸਨ। 4 ਮਾਰਚ 2010 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ’ਚ ਕਿਰਪਾਲੂ ਮਹਾਰਾਜ ਦੇ ਰਾਮ ਜਾਨਕੀ ਮੰਦਰ ’ਚ ਭਾਜੜ ਨਾਲ ਲਗਭਗ 63 ਲੋਕਾਂ ਦੀ ਮੌਤ ਹੋ ਗਈ ਸੀ।
ਹਰਿਦੁਆਰਾ ਮਨਸਾ ਦੇਵੀ ਮੰਦਰ ’ਚ 27 ਜੁਲਾਈ 2025 ਨੂੰ ਕਰੰਟ ਫੈਲਣ ਦੀ ਅਫਵਾਹ ਦੇ ਬਾਅਦ ਭਾਜੜ ਮੱਚੀ, ਜਿਸ ’ਚ 6 ਲੋਕਾਂ ਦੀ ਮੌਤ ਹੋਈ ਸੀ। ਤਿੰਨ ਮਈ 2025 ਨੂੰ ਗੋਆ ਦੇ ਸ਼ਿਰਗਾਂਵ ਪਿੰਡ ’ਚ ਸ਼੍ਰੀ ਲਾਈਰਾਈ ਦੇਵੀ ਮੰਦਰ ’ਚ ਸਾਲਾਨਾ ਉਤਸਵ ਦੌਰਾਨ ਅਚਾਨਕ ਭਾਜੜ ਨਾਲ 6 ਸ਼ਰਧਾਲੂਆਂ ਦੀ ਮੌਤ ਹੋ ਗਈ। 29 ਜਨਵਰੀ 2025 ਨੂੰ ਪ੍ਰਯਾਗਰਾਜ ’ਚ ਆਯੋਜਿਤ ਮਹਾਕੁੰਭ ਦੌਰਾਨ ਭਾਜੜ ਨਾਲ 30 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਬਾਕੀ ਰਿਪੋਰਟਾਂ ’ਚ ਅੰਕੜੇ ਕਾਫੀ ਜ਼ਿਆਦਾ ਦੱਸੇ ਗਏ। ਇਨ੍ਹਾਂ ਹਾਦਸਿਆਂ ’ਚ ਜ਼ਖਮੀਆਂ ਦੀ ਗਿਣਤੀ ਵੀ ਹਜ਼ਾਰਾਂ ’ਚ ਰਹੀ।
ਇਨ੍ਹਾਂ ਸਾਰੇ ਹਾਦਸਿਆਂ ’ਚ ਇਕ ਗੱਲ ਬਰਾਬਰ ਹੈ ਕਿ ਭੀੜ ਜਮ੍ਹਾ ਹੋਈ ਸੀ ਅਤੇ ਲੋਕਾਂ ਨੇ ਆਪਣੀ ਜਾਨ ਗੁਆਈ। ਪਰ ਅਜਿਹੀਆਂ ਘਟਨਾਵਾਂ ਵਾਰ-ਵਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਪੁਰਾਣੇ ਹਾਦਸਿਆਂ ਦੇ ਜ਼ਖਮ ਹਰੇ ਕਰ ਦਿੰਦੀਆਂ ਹਨ। ਵੱਡਾ ਆਯੋਜਨ, ਵੱਡੀ ਭੀੜ ਅਤੇ ਵੱਡੇ ਹਾਦਸੇ ਪਰ ਸਵਾਲ ਇਹ ਹੈ ਕਿ ਆਖਿਰ ਧਾਰਮਿਕ ਆਯੋਜਨਾਂ ’ਚ ਕਿਉਂ ਮਚਦੀ ਹੈ ਭਾਜੜ ਅਤੇ ਕਿਵੇਂ ਮਰਦੇ ਹਨ ਲੋਕ? ਅਕਸਰ ਜਦੋਂ ਹਾਦਸੇ ਹੁੰਦੇ ਹਨ, ਜਾਂਚ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨਿਕ ਗਲਤੀ ਸਾਹਮਣੇ ਆਉਂਦੀ ਹੈ। ਆਸਥਾ, ਨਾਕਾਫੀ ਇੰਤਜ਼ਾਮ, ਘੱਟ ਜਗ੍ਹਾ ’ਚ ਜ਼ਿਆਦਾ ਸ਼ਰਧਾਲੂ ਅਤੇ ਮੌਸਮ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਕਈ ਹਾਦਸਿਆਂ ਦੀ ਜਾਂਚ ਰਿਪੋਰਟ ’ਚ ਕਿਹਾ ਗਿਆ ਕਿ ਜਦੋਂ ਭਾਜੜ ਮੱਚੀ ਤਾਂ ਲੋਕ ਇਕ ਦੂਜੇ ’ਤੇ ਡਿੱਗਣ ਲੱਗੇ, ਲੋਕ ਇਕ ਦੂਜੇ ਨੂੰ ਕੁਚਲਦੇ ਹੋਏ ਅੱਗੇ ਵਧਦੇ ਗਏ, ਰਿਪੋਰਟ ’ਚ ਕਈ ਵਾਰ ਤਾਂ ਕਿਹਾ ਗਿਆ ਕਿ ਹਫੜਾ-ਦਫੜੀ ਦੇ ਵਿਚਾਲੇ ਲੋਕਾਂ ਦੀ ਮੌਤ ਸਾਹ ਘੁੱਟਣ ਨੂੰ ਲੈ ਕੇ ਹੋਈ।
ਇਕ ਰਿਪੋਰਟ ਮੁਤਾਬਕ ਸਾਲ 2000 ਤੋਂ ਲੈ ਕੇ 2019 ਦੇ ਵਿਚਾਲੇ ਦੇਸ਼-ਦੁਨੀਆ ’ਚ ਭਾਜੜ ਦੀਆਂ ਵੱਡੀਆਂ ਘਟਨਾਵਾਂ ਹੋਈਆਂ। ਉਨ੍ਹਾਂ ’ਚ ਕਰੀਬ 79 ਫੀਸਦੀ ਮਾਮਲੇ ਧਾਰਮਿਕ ਆਯੋਜਨ ਦੇ ਦੌਰਾਨ ਹੋਏ ਸਨ। ਰਿਪੋਰਟ ਦੇ ਅਧਿਐਨ ਅਨੁਸਾਰ ਭਾਰਤ ’ਚ ਧਾਰਮਿਕ ਆਯੋਜਨਾਂ ’ਚ ਭਾਜੜ ਦੇ ਪ੍ਰਮੁੱਖ ਕਾਰਨਾਂ ’ਚ ਭੂਗੋਲਿਕ ਸਥਾਨ ਦਾ ਵਿਸ਼ੇਸ਼ ਮਹੱਤਵ ਹੈ। ਭਾਜੜ ਦਾ ਕਾਰਨ ਪਹਾੜੀ ਖੇਤਰਾਂ ਜਿਵੇਂ ਢਲਾਨ, ਦਲਦਲੀ ਇਲਾਕਾ, ਚਿੱਕੜ ਵਾਲੇ ਮੈਦਾਨ, ਖੜ੍ਹੀ ਢਲਾਨ ਅਤੇ ਮੀਂਹ ਤੋਂ ਬਚਾਅ ਦੇ ਇੰਤਜ਼ਾਮ ਨਾ ਹੋਣਾ ਹੁੰਦਾ ਹੈ। ਜਦਕਿ ਵਿਦੇਸ਼ਾਂ ’ਚ ਮਿਊਜ਼ਿਕ ਕੰਸਰਟ ਸਟੇਡੀਅਮ ਅਤੇ ਨਾਈਟ ਕਲੱਬਾਂ ’ਚ ਭਾਜੜ ਹੁੰਦੀ ਹੈ। ਆਯੋਜਨ ਸਥਾਨ ’ਤੇ ਭੀੜ ਕਿੰਨੀ ਆਵੇਗੀ, ਸਥਾਨ ਵਿਸ਼ੇਸ਼ ’ਤੇ ਕਿੰਨੇ ਲੋਕਾਂ ਦਾ ਦਬਾਅ ਹੋਵੇਗਾ, ਇਸ ਦੀ ਪੂਰੀ ਜਾਣਕਾਰੀ ਅਤੇ ਬਿਹਤਰ ਇੰਤਜ਼ਾਮ ਹੋਣ ਤਾਂ ਹਾਦਸੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਈ ਤਰੀਕੇ ਹਨ ਜਿਨ੍ਹਾਂ ਨਾਲ ਅਪਣਾ ਕੇ ਭੀੜ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ, ਜੇਕਰ ਕਰਾਊਡ ਮੈਨੇਜਮੈਂਟ ਇਸ ਨੂੰ ਕੰਟਰੋਲ ਕਰ ਲਵੇ। ਭੀੜ ਦੇ ਦਬਾਅ ਨੂੰ ਲਾਈਨ ’ਚ ਲਗਾ ਕੇ ਘੱਟ ਕਰ ਲਈਏ। ਭਾਜੜ ਦੀ ਸਥਿਤੀ ’ਚ ਬਦਲਵੇਂ ਰਾਹ ਦਾ ਇੰਤਜ਼ਾਮ ਰੱਖੀਏ ਅਤੇ ਵੀ. ਵੀ. ਆਈ. ਪੀ. ਮਹਿਮਾਨਾਂ ਦੇ ਲਈ ਸਹੀ ਤਰੀਕੇ ਨਾਲ ਆਗਮਨ ਦਾ ਇੰਤਜ਼ਾਮ ਰੱਖੀਏ। ਬੈਰੀਕੇਡ ਲਗਾ ਕੇ, ਸਨੇਕਲਾਈਨ ਅਪਰੋਚ ਬਣਾ ਕੇ ਭੀੜ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਹ ਉਹ ਤਰੀਕੇ ਹਨ ਜਿਨ੍ਹਾਂ ਨੂੰ ਅਪਣਾ ਕੇ ਭਾਜੜ ਨੂੰ ਦੇ ਪ੍ਰਭਾਵ ਨੂੰ ਬੇਅਸਰ ਕੀਤਾ ਜਾ ਸਕਦਾ ਹੈ। ਅਜਿਹਾ ਨਹੀਂ ਹੈ ਕਿ ਘਟਨਾ ਵਾਲੇ ਸਥਾਨ ਤੋਂ ਜ਼ਿਲੇ ਦਾ ਪ੍ਰਸ਼ਾਸਨ ਵਾਕਿਫ ਨਾ ਹੋਵੇ, ਜਾਂ ਇਨ੍ਹਾਂ ਉਪਾਵਾਂ ਤੋਂ ਜਾਣੂ ਨਾ ਹੋਵੇ ਪਰ ਲਾਪਰਵਾਹੀ ਅਤੇ ਧਾਰਮਿਕ ਆਯੋਜਨਾਂ ’ਚ ਦਖਲਅੰਦਾਜ਼ੀ ਨਾਲ ਨੇਤਾਵਾਂ ਦੇ ਵੋਟਬੈਂਕ ’ਤੇ ਪ੍ਰਭਾਵ ਪੈਂਦਾ ਹੈ। ਜਦ ਤੱਕ ਇਹ ਸੌੜੀ ਸੋਚ ਬਣੀ ਰਹੇਗੀ ਉਦੋਂ ਤੱਕ ਅਜਿਹੇ ਹਾਦਸਿਆਂ ਦਾ ਮੁੜ ਦੁਹਰਾਓ ਹੁੰਦਾ ਰਹੇਗਾ।
ਯੋਗੇਂਦਰ ਯੋਗੀ
 
ਪ੍ਰਦੂਸ਼ਣ ਨਾਲ ਭਾਰਤ ’ਚ ਲੱਖਾਂ ਮੌਤਾਂ ਦਾ ਖੁਲਾਸਾ ਚਿੰਤਾਜਨਕ!
NEXT STORY