ਲਗਾਤਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਖਾਸ ਕਰ ਕੇ ਬੰਗਾਲ ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਆਸਵੰਦ ਹੈ ਅਤੇ ਇਸ ਆਸ ਨੂੰ ਪੂਰਾ ਕਰਨ ਲਈ ਇਕ ਵੱਡੀ ਵਿਉਂਤਬੰਦੀ ਕਰਦੀ ਨਜ਼ਰ ਆ ਰਹੀ ਹੈ। ਇਸ ਦੀ ਝਲਕ ਭਾਜਪਾ ਦੇ ਵੱਡੇ ਲੀਡਰਾਂ ਦੇ ਦੌਰਿਆਂ ਤੋਂ ਦਿਸ ਰਹੀ ਹੈ।
ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ, ਜਿਸ ਵਿਚ ਅਮਿਤ ਸ਼ਾਹ ਨੇ ਪੰਜਾਬ ’ਚ ਅਗਲੀ ਸਰਕਾਰ ਬਣਾਉਣ ’ਤੇ ਪੰਜਾਬ ਲਈ ਭਾਜਪਾ ਦੇ ਰੋਡਮੈਪ ਬਾਰੇ ਦੱਸ ਕੇ ਪੰਜਾਬੀਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਤਿੰਨ ਦਿਨਾ ਦੌਰੇ ਦੌਰਾਨ ਭਾਜਪਾ ਦੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤਾਂ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਜਿੱਤਣ ਲਈ ਤਿਆਰੀ ਕਰਨ ਦਾ ਸੱਦਾ ਦਿੱਤਾ।
ਅਤੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੇ ਭਾਜਪਾ ਦੇ ਪੰਜਾਬ ਪ੍ਰਤੀ ਏਜੰਡੇ ਨੂੰ ਸਾਫ ਕਰ ਦਿੱਤਾ ਹੈ। ਮੋਦੀ ਵੱਲੋਂ ਜਲੰਧਰ ਰੈਲੀ ’ਚ ਦਿੱਤੇ ਭਾਸ਼ਣ ’ਚ ਇਹ ਕਹਿਣਾ ਕਿ ਪੰਜਾਬ ਨੂੰ ਭਾਜਪਾ ਹੀ ਵਿਕਸਿਤ ਕਰ ਸਕਦੀ ਹੈ, ਪੰਜਾਬ ਨੂੰ ਆਤਮਨਿਰਭਰ ਵੀ ਭਾਜਪਾ ਹੀ ਕਰ ਸਕਦੀ ਹੈ, ਨਿਵੇਸ਼ ਵੀ ਭਾਜਪਾ ਹੀ ਕਰਵਾ ਸਕਦੀ ਹੈ ਅਤੇ ਰੋਜ਼ਗਾਰ ਤੋਂ ਇਲਾਵਾ ਪੰਜਾਬੀਆਂ ਦੇ ਬਣਾਏ ਉਤਪਾਦ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚਾਉਣ ਅਤੇ ਉਨ੍ਹਾਂ ਦੀ ਵਿਕਰੀ ਦਾ ਪ੍ਰਬੰਧ ਵੀ ਭਾਜਪਾ ਹੀ ਕਰ ਸਕਦੀ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਅਮਿਤ ਸ਼ਾਹ ਦੀ ਮੋਗਾ ਰੈਲੀ ਅਤੇ ਨਿਤਿਨ ਨਬੀਨ ਵੱਲੋਂ ਪੰਜਾਬ ਵਾਸਤੇ ਕੀਤੇ ਵਾਅਦਿਆਂ ਨੂੰ ਵਿਸਥਾਰ ਦੇ ਕੇ ਅਾਪਣੀ ਗਾਰੰਟੀ ਵਜੋਂ ਪੇਸ਼ ਕੀਤਾ।
ਪ੍ਰਧਾਨ ਮੰਤਰੀ ਵੱਲੋਂ ਅਪਣੇ ਭਾਸ਼ਣ ’ਚ ਪੰਜ ਨੁਕਤਿਆਂ ’ਤੇ ਖਾਸ ਜ਼ੋਰ ਦਿੱਤਾ ਗਿਆ ਅਤੇ ਅਸੀਂ ਓਨਾ ਪੰਜ ਨੁਕਤਿਆਂ ਬਾਰੇ ਪਾਠਕਾਂ ਨਾਲ ਸਾਂਝ ਪਾਉਂਦੇ ਹਾਂ।
1. ਸਿਆਸੀ ਏਜੰਡਾ
ਪ੍ਰਧਾਨ ਮੰਤਰੀ ਨੇ ਜਲੰਧਰ ਦੀ ਵਿਕਾਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ’ਤੇ ਕੁਰਸੀ ਲਈ ਲੜਾਈ ਲੜਨ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਦੇ ‘ਕਾਂਗਰਸ ਮੁਕਤ ਭਾਰਤ’ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਅਕਾਲੀ ਦਲ ’ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਹੈ, ਉਹ ਵੀ ਕਾਂਗਰਸ ਤੇ ‘ਆਪ’ ਤੋਂ ਵੱਖਰੇ ਨਹੀਂ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਭਾਜਪਾ ਦੇ ਪੰਜਾਬ ’ਚ ਇਕੱਲੇ ਚੋਣ ਲੜਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਇਸੇ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ‘ਕੱਟੜ ਬੇਈਮਾਨ ਪਾਰਟੀ’ ਕਰਾਰ ਦਿੰਦਿਆਂ ਸਪੱਸ਼ਟ ਸੰਕੇਤ ਦਿੱਤਾ ਕਿ ਭਾਜਪਾ ਦੀ ਚੋਣ ਮੁਹਿੰਮ ਦਾ ਕੇਂਦਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਥਿਤ ਈਮਾਨਦਾਰੀ ਦੇ ਨਕਾਬ ਨੂੰ ਬੇਨਕਾਬ ਕਰਨਾ ਹੋਵੇਗਾ। ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਤੋਂ ਲੈ ਕੇ ਵਿਧਾਇਕਾਂ ਤਕ ਦੇ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕੀਤਾ।
2. ਸਮਾਜਿਕ ਸਮੀਕਰਨ
ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਦੂਜਾ ਮੁੱਖ ਨੁਕਤਾ ਸਮਾਜਿਕ ਸਮੀਕਰਨਾਂ ਨਾਲ ਜੁੜਿਆ ਸੀ। ਉਨ੍ਹਾਂ ਸ਼ਹੀਦ ਤੇਜਾ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਦੇ ਕੇ ਪੰਜਾਬ ਦੇ ਸਾਹਮਣੇ ਭਾਜਪਾ ਦੀ ਪੰਥਕ ਸੋਚ ਨੂੰ ਵੀ ਉਭਾਰਿਆ।
ਇਸ ਤੋਂ ਇਲਾਵਾ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਅੰਮ੍ਰਿਤਸਰ ਤੋਂ ਵਾਰਾਣਸੀ ਤੱਕ ਨਵੀਂ ਰੇਲ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਸੱਚਖੰਡ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨਾਲ ਰੇਲ ਯਾਤਰਾ ਦੌਰਾਨ ਸੰਖੇਪ ਮੁਲਾਕਾਤ ਵੀ ਕੀਤੀ। ਇਸ ਨੂੰ ਦਲਿਤ ਭਾਈਚਾਰੇ ਲਈ ਸਪੱਸ਼ਟ ਸੰਦੇਸ਼ ਵਜੋਂ ਦੇਖਿਆ ਗਿਆ ਕਿ ਭਾਜਪਾ ਹੁਣ ਸਿਰਫ਼ ਕਥਿਤ ਉੱਚੀਆਂ ਜਾਤੀਆਂ ਦੀ ਪਾਰਟੀ ਨਹੀਂ ਰਹੀ, ਸਗੋਂ ਦਲਿਤ ਅਤੇ ਵਾਂਝੇ ਵਰਗਾਂ ਨੂੰ ਵੀ ਆਪਣੇ ਨਾਲ ਜੋੜ ਰਹੀ ਹੈ। ਪਿਛਲੇ ਦੋ ਮਹੀਨਿਆਂ ਵਿਚ ਸੰਤ ਨਿਰੰਜਣ ਦਾਸ ਨਾਲ ਪ੍ਰਧਾਨ ਮੰਤਰੀ ਦੀ ਇਹ ਦੂਜੀ ਮੁਲਾਕਾਤ ਸੀ, ਜਿਸ ਨੂੰ ਪੰਜਾਬ ਵਿਚ ਭਾਜਪਾ ਦੀ ਸਮਾਜਿਕ ਇੰਜੀਨੀਅਰਿੰਗ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
3. ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਸਾਨਾਂ, ਮਨਰੇਗਾ ਕਰਮਚਾਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੀ ਉਠਾਇਆ।
ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 24 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਸਾਨਾਂ ਪ੍ਰਤੀ ਭਾਜਪਾ ਦੀ ਵਚਨਬੱਧਤਾ ਦੁਹਰਾਈ। ਨਾਲ ਹੀ ਮਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ, ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਬਕਾਇਆ ਮਹਿੰਗਾਈ ਭੱਤੇ ਅਤੇ ਹੋਰ ਪੈਂਡਿੰਗ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਪ੍ਰਭਾਵਸ਼ਾਲੀ ਹੱਲ ਸਿਰਫ਼ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਕਰ ਸਕਦੀ ਹੈ।
ਉਨ੍ਹਾਂ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਦੀ ਉਦਾਹਰਣ ਦਿੰਦਿਆਂ ਦੋਸ਼ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕਰ ਰਹੀ ਅਤੇ ਇਸ ਨਾਲ ਸੂਬੇ ਦੇ ਵਿਕਾਸ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਤੇਜ਼ ਅਤੇ ਪ੍ਰਭਾਵਸ਼ਾਲੀ ਹੱਲ ਦੇ ਸਕਦੀ ਹੈ।
4. ਮਹਿਲਾ ਸਸ਼ਕਤੀਕਰਨ
ਚੌਥਾ ਨੁਕਤਾ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਔਰਤਾਂ ਨੂੰ 1000–1500 ਰੁਪਏ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ।
ਸਿਆਸੀ ਹਲਕਿਆਂ ਵਿਚ ਇਸ ਨੂੰ ਇਸ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦੀਆਂ ਮਹਿਲਾਵਾਂ ਲਈ ਕੋਈ ਵੱਡੀ ਭਲਾਈ ਯੋਜਨਾ ਜਾਂ ਵਿਸ਼ੇਸ਼ ਐਲਾਨ ਕਰ ਸਕਦੀ ਹੈ। ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿਚ ਮਹਿਲਾ ਵੋਟ ਬੈਂਕ ਵਿਚ ਭਾਜਪਾ ਦੀ ਮਜ਼ਬੂਤ ਪਕੜ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
5. ਆਰਥਿਕਤਾ, ਕਾਨੂੰਨ-ਵਿਵਸਥਾ ਅਤੇ ਵਿਕਾਸ
ਪੰਜਵਾਂ ਨੁਕਤਾ ਪੰਜਾਬ ਦੀ ਆਰਥਿਕ ਸਥਿਤੀ ਅਤੇ ਸ਼ਾਸਨ ਪ੍ਰਬੰਧ ਨਾਲ ਜੁੜਿਆ ਸੀ। ਪ੍ਰਧਾਨ ਮੰਤਰੀ ਨੇ ਸੂਬੇ ਦੀ ਕਮਜ਼ੋਰ ਆਰਥਿਕਤਾ, ਵਧਦੇ ਕਰਜ਼ੇ, ਵਿਕਾਸ ਵਿਚ ਪਿੱਛੜਨ, ਗੈਂਗਸਟਰਵਾਦ ਅਤੇ ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨਾਕਾਮ ਰਹੀਆਂ ਹਨ ਅਤੇ ਹੁਣ ਪੰਜਾਬ ਦੇ ਸਾਹਮਣੇ ਭਾਜਪਾ ਹੀ ਇਕ ਭਰੋਸੇਯੋਗ ਬਦਲ ਹੈ।
ਉਨ੍ਹਾਂ ਕਿਹਾ ਕਿ ਜੇਕਰ 2027 ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ‘ਸਰਕਾਰ-ਏ-ਖ਼ਾਲਸਾ’ ਤੋਂ ਪ੍ਰੇਰਣਾ ਲੈ ਕੇ ਸ਼ਾਸਨ ਕਰੇਗੀ, ਜਿੱਥੇ ਖੁਸ਼ਹਾਲੀ, ਸੁਰੱਖਿਆ ਅਤੇ ਸਮਾਜਿਕ ਸਦਭਾਵ ਨੂੰ ਯਕੀਨੀ ਬਣਾਇਆ ਜਾਵੇਗਾ। ਪੰਜਾਬ ਨੂੰ ਸਰਵੋਤਮ ਸੁਵਿਧਾਵਾਂ ਦੇਣ ’ਚ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮੁੜ ਮਜ਼ਬੂਤ ਕਰਨਾ ਹੋਵੇਗਾ, ਕੇਂਦਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ, ਸੂਬੇ ਨੂੰ ਕਰਜ਼ੇ ਦੇ ਬੋਝ ਤੋਂ ਬਾਹਰ ਕੱਢਣਾ ਹੋਵੇਗਾ ਅਤੇ ਨਿਵੇਸ਼ ਲਈ ਅਨੁਕੂਲ ਮਾਹੌਲ ਤਿਆਰ ਕਰਨਾ ਹੋਵੇਗਾ। ਲੁਧਿਆਣਾ ਨੂੰ ਸਾਈਕਲ ਅਤੇ ਹੌਜ਼ਰੀ ਉਦਯੋਗ ਦਾ ਕੇਂਦਰ, ਜਲੰਧਰ ਨੂੰ ਖੇਡ ਸਾਮਾਨ ਉਦਯੋਗ ਦਾ ਹੱਬ ਅਤੇ ਮੁਹਾਲੀ ਨੂੰ ਆਈ. ਟੀ. ਹੱਬ ਵਜੋਂ ਵਿਕਸਤ ਕਰਕੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਪੰਜਾਬ ਵਿਚ ਬਣੇ ਉਤਪਾਦ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਣਗੇ ਅਤੇ ਸੂਬਾ ਮੁੜ ਆਰਥਿਕ ਤੌਰ ’ਤੇ ਮਜ਼ਬੂਤੀ ਨਾਲ ਖੜ੍ਹਾ ਹੋਵੇਗਾ। ਇਹ ਪੰਜ ਨੁਕਾਤੀ ਏਜੰਡਾ ਭਾਜਪਾ ਲਈ ਕਿੰਨਾ ਲਾਹੇਵੰਦ ਹੋਵੇਗਾ, ਇਹ ਤਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ।
–ਇਕਬਾਲ ਸਿੰਘ ਚੰਨੀ
ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
NEXT STORY