‘ਕੈਂਸਰ’ ਸ਼ਬਦ ਮਿੰਟਾਂ ’ਚ ਹੀ ਕਿਸੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੰਦਾ ਹੈ। ਇਸ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ, ਆਰਥਿਕ ਮਾਮਲਿਆਂ ਅਤੇ ਭਵਿੱਖ ਨਾਲ ਜੁੜੇ ਕਈ ਮੁਸ਼ਕਲ ਫੈਸਲੇ ਲੈਣੇ ਪੈਂਦੇ ਹਨ। ਕਈ ਪਰਿਵਾਰਾਂ ਲਈ ਤਾਂ ਦਵਾਈਆਂ ਦਾ ਖਰਚ ਅਜਿਹੇ ਸਮੇਂ ’ਚ ਇਕ ਵਾਧੂ ਬੋਝ ਬਣ ਜਾਂਦਾ ਹੈ, ਜਦੋਂ ਸਾਰੇ ਸਰੋਤ ਮਰੀਜ਼ ਨੂੰ ਸਿਹਤਮੰਦ ਕਰਨ ’ਚ ਲਗਾਏ ਜਾਣੇ ਚਾਹੀਦੇ ਹਨ। ਇਕ ਹਮਦਰਦੀ ਭਰਪੂਰ ਸਿਹਤ ਸੰਭਾਲ ਪ੍ਰਣਾਲੀ ਨੂੰ ਨਾ ਸਿਰਫ਼ ਬਿਮਾਰੀ, ਸਗੋਂ ਉਸ ਤੋਂ ਪੈਦਾ ਹੋਣ ਵਾਲੀਆਂ ਵਿੱਤੀ ਮੁਸ਼ਕਲਾਂ ਦਾ ਵੀ ਹੱਲ ਕੱਢਣਾ ਚਾਹੀਦਾ ਹੈ।
ਇਸੇ ਪਹਿਲੂ ਨੂੰ ਧਿਆਨ ’ਚ ਰੱਖਦੇ ਹੋਏ, ਭਾਰਤ ਸਰਕਾਰ ਨੇ ਕੈਂਸਰ ਦੇ ਇਲਾਜ ਨੂੰ ਹੋਰ ਜ਼ਿਆਦਾ ਕਿਫਾਇਤੀ ਬਣਾਉਣ ਦੀ ਦਿਸ਼ਾ ਵੱਲ ਇਕ ਅਹਿਮ ਕਦਮ ਚੁੱਕ ਕੇ 137 ਪਛਾਣੇ ਗਏ ਗੈਰ-ਅਨੁਸੂਚਿਤ ਕੈਂਸਰ-ਵਿਰੋਧੀ ਦਵਾਈਆਂ ਦੇ ‘ਟ੍ਰੇਡ ਮਾਰਜਿਨ’ ਨੂੰ ਤਰਕਸੰਗਤ ਬਣਾ ਦਿੱਤਾ ਹੈ। ਇਸ ਉਪਰਾਲੇ ਦੇ ਤਹਿਤ, ਰਾਸ਼ਟਰੀ ਫਾਰਮਾਸਿਊਟੀਕਲ ਪ੍ਰਾਈਸ ਅਥਾਰਿਟੀ (ਐੱਨ. ਪੀ. ਪੀ. ਏ) ਨੇ ‘ਟ੍ਰੇਡ ਮਾਰਜਿਨ’ ਨੂੰ ਵੱਧ ਤੋਂ ਵੱਧ ਰਿਟੇਲ ਪ੍ਰਾਈਸ (ਐੱਮ. ਆਰ. ਪੀ.) ਦੇ ਵੱਧ ਤੋਂ ਵੱਧ 30 ਪ੍ਰਤੀਸ਼ਤ ਤੱਕ ਸੀਮਤ ਕਰ ਦਿੱਤਾ ਹੈ ਅਤੇ ਇਹ ਸੋਧੀਆਂ ਹੋਈਆਂ ਕੀਮਤਾਂ 9 ਨਵੰਬਰ, 2026 ਤੋਂ ਲਾਗੂ ਹੋ ਗਈਆਂ ਹਨ।
ਇਸ ਕਦਮ ਦੇ ਨਤੀਜੇ ਦਵਾਈ ਦੀਆਂ ਦੁਕਾਨਾਂ ’ਤੇ ਸਾਫ ਦਿਖਾਈ ਦੇਣ ਲੱਗੇ ਹਨ। ਕੁੱਲ 80 ਤੋਂ ਵੱਧ ਦਵਾਈ ਕੰਪਨੀਆਂ ਨੇ 137 ’ਚੋਂ 121 ਦਵਾਈਆਂ ਨਾਲ ਜੁੜੇ 1366 ਉਤਪਾਦਾਂ ਲਈ ਸੋਧੀ ਹੋਈ ਐੱਮ. ਆਰ. ਪੀ. ਦੀ ਸੂਚਨਾ ਦਿੱਤੀ ਹੈ। ਇਨ੍ਹਾਂ ’ਚੋਂ ਹਰੇਕ 5 ’ਚੋਂ 4 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ। ਇਨ੍ਹਾਂ ਦਵਾਈਆਂ ’ਚੋਂ ਲਗਭਗ ਅੱਧ ਦੀਆਂ ਕੀਮਤਾਂ ’ਚ 50 ਪ੍ਰਤੀਸ਼ਤ ਤੋਂ ਵੱਧ ਦੀ ਕਮੀ ਆਈ ਹੈ ਅਤੇ ਕੁਝ ਦਵਾਈਆਂ ਤਾਂ ਹੁਣ ਪਹਿਲਾਂ ਦੇ ਮੁਕਾਬਲੇ 96 ਪ੍ਰਤੀਸ਼ਤ ਤੋਂ ਵੀ ਘੱਟ ਕੀਮਤ ’ਤੇ ਮਿਲ ਰਹੀਆਂ ਹਨ। ਕੀਮੋਥੈਰੇਪੀ ਦੇ ਕਈ ਦੌਰ ਦਾ ਖਰਚ ਚੁੱਕਣ ਵਾਲੇ ਪਰਿਵਾਰ ਲਈ, ਇਸ ਕਦਮ ਨਾਲ ਇਲਾਜ ਦੇ ਮਹੀਨਾਵਾਰ ਬਿੱਲਾਂ ’ਚ ਕਾਫੀ ਫਰਕ ਆ ਜਾਂਦਾ ਹੈ। ਪਿਛਲੇ ਸਾਲ ਦੀ ਖਪਤ ਦੇ ਆਧਾਰ ’ਤੇ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸਾਲ ਲਗਭਗ 3500 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ। ਇਹ ਉਹ ਰਾਸ਼ੀ ਹੈ ਜੋ ਬਹੁਤ ਜ਼ਿਆਦਾ ‘ਟ੍ਰੇਡ ਮਾਰਜਿਨ’ ਵਿਚ ਲੱਗ ਜਾਣ ਦੀ ਥਾਂ ਉਨ੍ਹਾਂ ਦੇ ਘਰੇਲੂ ਬਜਟ ’ਚ ਹੀ ਬਣੀ ਰਹੇਗੀ।
ਇਹ ਫੈਸਲਾ ਪਿਛਲੇ ਤਜਰਬਿਆਂ ਦੇ ਆਧਾਰ ’ਤੇ ਕੀਤਾ ਗਿਆ ਹੈ। ਸਾਲ 2019 ’ਚ, ਐੱਨ. ਪੀ. ਪੀ. ਏ. ਨੇ ‘ਟ੍ਰੇਡ ਮਾਰਜਿਨ ਦੇ ਤਰਕਸੰਗਤੀ ਕਰਨ’ (ਟੀ. ਐੱਮ. ਆਰ.) ਦੀ ਕਵਾਇਦ ਦੇ ਤਹਿਤ ਇਕ ਪ੍ਰਯੋਗਾਤਮਕ ਪ੍ਰੋਗਰਾਮ ਚਲਾਇਆ ਸੀ ਜਿਸ ’ਚ ਕੈਂਸਰ ਦੀ ਗੈਰ-ਅਨੁਸੂਚਿਤ ਸ਼੍ਰੇਣੀ ਦੀਆਂ 42 ਦਵਾਈਆਂ ਸ਼ਾਮਲ ਸਨ। ਇਸ ਨਾਲ 526 ਬ੍ਰਾਂਡਾਂ ਦੀ ਐੱਮ. ਆਰ. ਪੀ. ’ਚ 90 ਪ੍ਰਤੀਸ਼ਤ ਤੱਕ ਦੀ ਕਮੀ ਆਈ ਸੀ। ਹੁਣ ਇਸੇ ਪ੍ਰਕਿਰਿਆ ਨੂੰ 137 ਦਵਾਈਆਂ ਦੀ ਇਕ ਸੂਚੀ ਤੱਕ ਵਧਾਇਆ ਜਾ ਰਿਹਾ ਹੈ। ਇਨ੍ਹਾਂ ਦਵਾਈਆਂ ਦੀ ਪਛਾਣ ਇਕ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਸੂਚੀ ਸਮੇਂ-ਸਮੇਂ ’ਤੇ ਅਪਡੇਟ ਕੀਤੀ ਜਾਵੇਗੀ।
ਬਾਜ਼ਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਕੁਝ ਗੈਰ-ਅਨੁਸੂਚਿਤ ਦਵਾਈਆਂ ਦੇ ਮਾਮਲੇ ’ਚ ਫੈਕਟਰੀ ਤੋਂ ਨਿਕਲਣ ਵਾਲੀ ਕੀਮਤ ਅਤੇ ਗਾਹਕ ਦੁਆਰਾ ਖਰੀਦੀ ਗਈ ਕੀਮਤ ਦੇ ਦਰਮਿਆਨ ਫਰਕ ਬਹੁਤ ਜ਼ਿਆਦਾ ਸੀ। ਇਨ੍ਹਾਂ ’ਚ ਕੈਂਸਰ ਦੀਆਂ ਓਹੋ ਜਿਹੀਆਂ ਦਵਾਈਆਂ ਵੀ ਸ਼ਾਮਲ ਸਨ, ਜਿਨ੍ਹਾਂ ਦੀਆਂ ਖੁਰਾਕਾਂ ਇਲਾਜ ਦੌਰਾਨ ਅਕਸਰ ਕਈ ਵਾਰ ਅਤੇ ਵਾਰ-ਵਾਰ ਲੈਣ ਦੀ ਲੋੜ ਪੈਂਦੀ ਹੈ। ਟ੍ਰੇਡ ਚੈਨਲ ’ਚ ਬਹੁਤ ਜ਼ਿਆਦਾ ਮਾਰਜਿਨ ਅਤੇ ਇਲਾਜ ਦੇ ਮੋਟੇ ਖਰਚ ਨੂੰ ਦੇਖਦੇ ਹੋਏ, ਸਰਕਾਰ ਨੇ ਇਸ ਅੰਤਰ ਨੂੰ ਦੂਰ ਕਰਨ ਲਈ ਕਦਮ ਚੁੱਕੇ ਹਨ ਅਤੇ ਮਾਰਜਿਨ ਨੂੰ ਐੱਮ. ਆਰ. ਪੀ. ਦੇ 30 ਪ੍ਰਤੀਸ਼ਤ ਤੱਕ ਸੀਮਤ ਕਰ ਦਿੱਤਾ ਹੈ।
ਨਿਰਮਾਤਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੋਧੀਆਂ ਹੋਈਆਂ ਕੀਮਤਾਂ ਹਰ ਫਾਰਮੇਸੀ ਅਤੇ ਹਸਪਤਾਲ ਤੱਕ ਪਹੁੰਚਣ। ਨਾਲ ਹੀ, ਸਾਰੀਆਂ ਫਾਰਮੇਸੀਆਂ ਅਤੇ ਹਸਪਤਾਲਾਂ ਨੂੰ ਇਨ੍ਹਾਂ ਕੀਮਤਾਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਦਰਸ਼ਿਤ ਕਰਨਾ ਹੋਵੇਗਾ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਮਰੀਜ਼ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕ ਐੱਨ. ਪੀ. ਪੀ. ਏ. ਦੀ ਵੈੱਬਸਾਈਟ ਅਤੇ ‘ਫਾਰਮਾ ਸਹੀ ਦਾਮ’ ਐਪ ਰਾਹੀਂ ਇਨ੍ਹਾਂ ਸੋਧੀਆਂ ਹੋਈਆਂ ਕੀਮਤਾਂ ਨੂੰ ਦੇਖ ਸਕਦੇ ਹਨ।
ਟੀ. ਐੱਮ. ਆਰ. ਦੀ ਪ੍ਰਕਿਰਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਪਿਛਲੇ 12 ਵਰ੍ਹਿਆਂ ਤੋਂ ਚੱਲ ਰਹੇ ਸਿਹਤ ਖੇਤਰ ਦੇ ਵਿਆਪਕ ਬਦਲਾਅ ਦਾ ਇਕ ਹਿੱਸਾ ਹੈ। ਇਸ ਸਰਕਾਰ ਨੇ ਸਿਹਤ ਨੂੰ ਸਿਰਫ਼ ਕੁਝ ਚੁਣੇ ਹੋਏ ਲੋਕਾਂ ਦੇ ਵਿਸ਼ੇਸ਼ ਅਧਿਕਾਰ ਵਜੋਂ ਨਹੀਂ, ਸਗੋਂ ਮਾਣ, ਉਤਪਾਦਕਤਾ ਅਤੇ ਸਮਾਜਿਕ ਨਿਆਂ ਦੀ ਨੀਂਹ ਦੇ ਰੂਪ ’ਚ ਦੇਖਿਆ ਹੈ। ਖਾਸ ਕਰਕੇ, ਸਮਾਜ ਦੇ ਸਭ ਤੋਂ ਗ਼ਰੀਬ ਵਰਗ ਲਈ। ‘ਆਯੁਸ਼ਮਾਨ ਭਾਰਤ’ ਨੇ ਕਮਜ਼ੋਰ ਪਰਿਵਾਰਾਂ ਲਈ ਹਸਪਤਾਲ ਦੀਆਂ ਸਹੂਲਤਾਂ ਦੀ ਪਹੁੰਚਯੋਗਤਾ ਨੂੰ
ਆਸਾਨ ਬਣਾ ਦਿੱਤਾ ਹੈ।
ਸਰਕਾਰ ਨੇ ਕੈਂਸਰ ਦੀ ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਸਮੇਂ ਸਿਰ ਇਲਾਜ ਲਈ ਇਕ ਬਹੁ-ਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਹੈ। ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਅਧੀਨ ‘ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਰਾਸ਼ਟਰੀ ਪ੍ਰੋਗਰਾਮ’ (ਐੱਨ. ਪੀ.-ਐੱਨ. ਸੀ. ਡੀ.) ਦੇ ਤਹਿਤ, 500 ਤੋਂ ਵੱਧ ‘ਡੇਅ ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ, ਤਾਂ ਜੋ ਕੀਮੋਥੈਰੇਪੀ ਅਤੇ ਕੈਂਸਰ ਸਬੰਧੀ ਹੋਰ ਡੇਅ-ਕੇਅਰ ਸੇਵਾਵਾਂ ਸਮੇਂ ਸਿਰ ਮਿਲ ਸਕਣ। ‘ਆਯੁਸ਼ਮਾਨ ਆਰੋਗਯ ਮੰਦਿਰ’ 30 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਕੈਂਸਰ ਦੀਆਂ ਆਮ ਬਿਮਾਰੀਆਂ ਦੀ ਮੁਫ਼ਤ ਜਾਂਚ ਦੀ ਸਹੂਲਤ ਪ੍ਰਦਾਨ ਕਰਦੇ ਹਨ, ਜਿਸ ਨਾਲ ਕੈਂਸਰ ਦਾ ਸ਼ੁਰੂਆਤੀ ਪੜਾਅ ’ਚ ਹੀ ਪਤਾ ਲੱਗ ਜਾਂਦਾ ਹੈ।
ਤੀਜੇ ਦਰਜੇ ਦੀ ਦੇਖਭਾਲ ਨੂੰ ਮਜ਼ਬੂਤ ਕਰਨ ਲਈ, ਟਾਟਾ ਮੈਮੋਰੀਅਲ ਸੈਂਟਰ ਨੇ ਕੈਂਸਰ ਦੀ ਵਿਆਪਕ ਦੇਖਭਾਲ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਵਾਰਾਣਸੀ, ਵਿਸ਼ਾਖਾਪਟਨਮ, ਨਿਊ ਚੰਡੀਗੜ੍ਹ, ਗੁਹਾਟੀ, ਸੰਗਰੂਰ ਅਤੇ ਮੁਜ਼ੱਫਰਪੁਰ ’ਚ ਛੇ ਹਸਪਤਾਲ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ, ਸਾਰੇ 22 ਨਵੇਂ ਏਮਸ ’ਚ ਵੀ ਜਾਂਚ, ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਸਮੇਤ ਕੈਂਸਰ ਦੇ ਇਲਾਜ ਸਬੰਧੀ ਸੇਵਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ।
ਇਲਾਜ ਦੇ ਖਰਚੇ ਨੂੰ ਘਟਾਉਣ ਦੇ ਇਰਾਦੇ ਨਾਲ ਕੈਂਸਰ, ਦੁਰਲਭ ਬਿਮਾਰੀਆਂ ਅਤੇ ਪੁਰਾਣੀਆਂ ਬਿਮਾਰੀਆਂ ਨਾਲ ਜੁੜੀਆਂ 36 ਜੀਵਨ ਰੱਖਿਅਕ ਦਵਾਈਆਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਨਾਲ ਛੋਟ ਦਿੱਤੀ ਗਈ ਹੈ। ਓਨੀ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਟੀ. ਐੱਮ. ਆਰ. ਦੀ ਪ੍ਰਕਿਰਿਆ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਦਵਾਈਆਂ ਦਾ ਕਿਫਾਇਤੀ ਹੋਣਾ ਅਤੇ ਫਾਰਮਾਸਿਊਟੀਕਲ ਇੰਡਸਟਰੀ ਦਾ ਸਿਹਤਮੰਦ ਰੂਪ ਨਾਲ ਅੱਗੇ ਵਧਣਾ, ਦੋਵੇਂ ਹੀ ਨਾਲ-ਨਾਲ ਚੱਲਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਅਸੀਂ ਇਕ ਅਜਿਹੀ ਸਿਹਤ ਪ੍ਰਣਾਲੀ ਬਣਾਉਣ ਦੀ ਦਿਸ਼ਾ ਵੱਲ ਕੰਮ ਕਰਨਾ ਜਾਰੀ ਰੱਖਾਂਗੇ ਜੋ ਮਰੀਜ਼ਾਂ ਦੀ ਸੁਰੱਖਿਆ ਕਰੇ, ਨਵੀਨਤਾ ਦਾ ਸਨਮਾਨ ਕਰੇ, ਜ਼ਿੰਮੇਵਾਰ ਉਦਯੋਗ ਨੂੰ ਸਮਰਥਨ ਦੇਵੇ ਅਤੇ ਮਨੁੱਖੀ ਮਾਣ-ਸਨਮਾਨ ਨੂੰ ਕੇਂਦਰ ’ਚ ਰੱਖੋ। ਸਿਹਤ ਸੰਭਾਲ ਦੇ ਕਈ ਪਹਿਲੂ ਹੁੰਦੇ ਹਨ ਪਰ ਇਸ ਦੇ ਕੇਂਦਰ ’ਚ ਹਰ ਨਾਗਰਿਕ ਲਈ ਕਿਫਾਇਤੀ, ਗੁਣਵੱਤਾਪੂਰਨ ਅਤੇ ਪਹੁੰਚਯੋਗ ਸਿਹਤ ਸੰਭਾਲ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ।
-ਜਗਤ ਪ੍ਰਕਾਸ਼ ਨੱਡਾ
ਰਾਕਾਂਪਾ ਧੜਿਆਂ ਦੇ ਰਲੇਵੇਂ ਨੂੰ ਲੈ ਕੇ ਅਟਕਲਾਂ
NEXT STORY