ਨਵੰਬਰ 14 ਨੂੰ ਨਹਿਰੂ ਅਤੇ 19 ਨੂੰ ਇੰਦਰਾ ਗਾਂਧੀ ਦਾ ਜਨਮ ਅਤੇ ਹੁਣ 10 ਤਰੀਕ ਦਾ ਦਿਨ ਕਾਂਗਰਸ ਪਰਿਵਾਰ ਦੀ ਇਕ ਮੈਂਬਰ ਸੋਨੀਆ ਗਾਂਧੀ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦਿਨ ਉਨ੍ਹਾਂ ਦੀ ਲਿਖੀ ਸਵੈ-ਜੀਵਨੀ ਰਿਲੀਜ਼ ਹੋਈ ਅਤੇ ਉਹ ਪ੍ਰਾਯੋਜਿਤ ਤਰੀਕੇ ਨਾਲ ਚਰਚਾ ਦਾ ਵਿਸ਼ਾ ਬਣੀ। ਕਾਂਗਰਸੀ ਹਮੇਸ਼ਾ ਇਸ ਆਤਮ-ਮੁਗਧਤਾ ਜਾਂ ਗਲਤਫਹਿਮੀ ’ਚ ਰਹੇ ਹਨ ਕਿ ਇਸ ਦੇਸ਼ ਦਾ ਸ਼ਾਸਨ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਦਲ ਜਾਂ ਆਗੂ ਚਲਾ ਹੀ ਨਹੀਂ ਸਕਦਾ। ਅਸਲ ’ਚ ਇਹ ਮਾਨਸਿਕਤਾ ਰਾਜੇ-ਮਹਾਰਾਜਿਆਂ ਦੇ ਦੌਰ ਦੀ ਯਾਦ ਦਿਵਾਉਂਦੀ ਹੈ ਕਿ ਨਾਕਾਬਲ ਹੋਣ ’ਤੇ ਵੀ ਸ਼ਾਸਨ ਦੀ ਵਾਗਡੋਰ ਕਿਸੇ ਦੂਜੇ ਦੇ ਹੱਥ ’ਚ ਨਹੀਂ ਜਾ ਸਕਦੀ।
ਨਹਿਰੂ-ਇੰਦਰਾ ਸ਼ਾਸਨ ਅਤੇ ਸੋਨੀਆ ਗਾਂਧੀ ਦੇ ਸਿਆਸੀ ਉਭਾਰ ਨੂੰ ਦੇਖਿਆ ਅਤੇ ਜਾਣਿਆ ਹੈ। ਇਨ੍ਹਾਂ ਤਿੰਨਾਂ ਦੇ ਦੌਰ ’ਚ ਭਾਰਤ ਬਦਲਿਆ, ਸਿਆਸਤ ਬਦਲੀ ਅਤੇ ਸੱਤਾ ਦਾ ਸਰੂਪ ਵੀ। ਇਕ ਗੱਲ ਸਾਫ਼ ਹੈ ਕਿ ਆਜ਼ਾਦੀ ਅੰਦੋਲਨ ’ਚ ਪ੍ਰਮੁੱਖਤਾ ਨਾਲ ਆਪਣਾ ਯੋਗਦਾਨ ਪਾਉਣ ਅਤੇ ਤੁਰੰਤ ਉਸ ਦਾ ਫਲ ਪਾ ਲੈਣ ਦਾ ਮਤਲਬ ਇਹ ਨਹੀਂ ਕਿ ਉਸ ਪਰਿਵਾਰ ਨੂੰ ਦੇਸ਼ ਦੀ ਸਿਆਸਤ ’ਤੇ ਪੀੜ੍ਹੀ-ਦਰ-ਪੀੜ੍ਹੀ ਅਧਿਕਾਰ ਮਿਲਦਾ ਜਾਵੇ। ਸਰਦਾਰ ਪਟੇਲ ਦੀ ਮਿਸਾਲ ਦੇ ਕੇ ਇਹ ਗੱਲ ਸਿੱਧ ਕੀਤੀ ਜਾ ਸਕਦੀ ਹੈ ਕਿ ਜੇਕਰ ਉਨ੍ਹਾਂ ਦੀ ਨੀਤੀ ਸਫਲ ਨਾ ਹੁੰਦੀ ਤਾਂ ਅੱਜ ਦੇਸ਼ ਪਤਾ ਨਹੀਂ ਕਿੰਨੇ ਟੁਕੜਿਆਂ ’ਚ ਵੰਡਿਆ ਹੁੰਦਾ। ਸਵੈ-ਜੀਵਨੀ ’ਚ ਰਿਸ਼ਤਿਆਂ, ਸਿਆਸੀ ਘਟਨਾਵਾਂ ਅਤੇ ਸੱਤਾ ਦੇ ਗਲਿਆਰਿਆਂ ਦੇ ਤਜਰਬੇ ਇਤਿਹਾਸ ਨਹੀਂ ਹਨ। ਬਰਨਾਰਡ ਸ਼ਾਅ ਨੇ ਲਿਖਿਆ ਸੀ ਕਿ ਸਵੈ-ਜੀਵਨੀਆਂ ਸਮੇਂ ਅਤੇ ਸੱਚ ਦਾ ਸ਼ੀਸ਼ਾ ਨਹੀਂ ਹੁੰਦੀਆਂ।
ਨਹਿਰੂ-ਮਹਾਨ ਵਿਚਾਰਕ ਅਤੇ ਸਿਆਸੀ ਭੁੱਲਾਂ : ਨਹਿਰੂ ਨੇ ਆਜ਼ਾਦ ਭਾਰਤ ਨੂੰ ਆਧੁਨਿਕ, ਵਿਗਿਆਨਕ ਅਤੇ ਲੋਕਤੰਤਰੀ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਿਆ। ਸੰਸਦੀ ਵਿਵਸਥਾ, ਵਿਗਿਆਨਕ ਸੰਸਥਾਵਾਂ, ਜਨਤਕ ਖੇਤਰ ਅਤੇ ਗੁੱਟ-ਨਿਰਲੇਪ ਵਿਦੇਸ਼ ਨੀਤੀ ਨੂੰ ਦਿਸ਼ਾ ਦਿੱਤੀ। ਵਿਸ਼ਵ ਸਿਆਸਤ ’ਚ ਭਾਰਤ ਦੀ ਪਛਾਣ ਬਣਾਉਣ ’ਚ ਉਨ੍ਹਾਂ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਨਹਿਰੂ ਦਾ ਦੂਜਾ ਪੱਖ ਭਾਵ ਕੌਮਾਂਤਰੀ ਵੱਕਾਰ ਹਾਸਲ ਕਰਨ ਦੀ ਲਾਲਸਾ ਦੇਸ਼ ਦੀਆਂ ਘਰੇਲੂ ਪ੍ਰਸ਼ਾਸਨਿਕ ਸਮੱਸਿਆਵਾਂ ’ਤੇ ਭਾਰੂ ਪਈ। ਅੰਗਰੇਜ਼ਾਂ ਦੀ ਦੇਣ ਲਾਇਸੈਂਸ-ਪਰਮਿਟ ਵਿਵਸਥਾ ਅਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਘੱਟ ਹੋਣ ਦੀ ਬਜਾਏ ਵਧਣ ਲੱਗੀ। ਨੌਕਰਸ਼ਾਹੀ ’ਤੇ ਕੰਟਰੋਲ ਢਿੱਲਾ ਪੈਣ ਨਾਲ ਸਰਕਾਰੀ ਸਰਪ੍ਰਸਤੀ ਦਾ ਸੱਭਿਆਚਾਰ ਮਜ਼ਬੂਤ ਹੁੰਦਾ ਗਿਆ। ਇਹ ਸਥਿਤੀ ਸਿਰਫ਼ ਨਹਿਰੂ ਕਾਰਨ ਨਹੀਂ ਬਣੀ ਸੀ, ਹੋਰ ਵੀ ਤੱਤ ਇਸ ’ਚ ਸ਼ਾਮਲ ਸਨ ਪਰ ਸਰਪ੍ਰਸਤੀ ਅਤੇ ਰਾਖਵੇਂਕਰਨ ਨੂੰ ਮਜ਼ਬੂਤ ਆਧਾਰ ਮਿਲ ਗਿਆ। ਦੇਸ਼ਵਾਸੀਆਂ ਨੂੰ ਇਸ ਦਾ ਸਾਹਮਣਾ ਹੁਣ ਤੱਕ ਕਰਨਾ ਪੈ ਰਿਹਾ ਹੈ ਅਤੇ ਅੱਜ ਚਾਹੇ ਸਰਕਾਰ ਭਾਜਪਾ ਦੀ ਹੈ ਪਰ ਬਿਨਾਂ ਰਿਸ਼ਵਤ ਦਿੱਤੇ ਸਰਕਾਰੀ ਦਫ਼ਤਰਾਂ ’ਚ ਅੱਜ ਵੀ ਕੰਮ ਨਹੀਂ ਹੁੰਦਾ।
ਉਨ੍ਹਾਂ ਦੀ ਸਿਆਸੀ ਭੁੱਲ 1959 ’ਚ ਕੇਰਲ ਦੀ ਚੁਣੀ ਹੋਈ ਕਮਿਊਨਿਸਟ ਸਰਕਾਰ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਸੀ ਪਰ ਸੰਵਿਧਾਨਕ ਪ੍ਰਕਿਰਿਆ ਤਹਿਤ ਹੋਇਆ। ਨਹਿਰੂ ਨੇ ਖ਼ੁਦ ਸਵੀਕਾਰ ਕੀਤਾ ਕਿ ਇਹ ਚੰਗੀ ਮਿਸਾਲ ਨਹੀਂ ਸੀ। ਸਵਾਲ ਇਹ ਹੈ ਕਿ ਕੀ ਕੇਂਦਰ ਦੀ ਸਿਆਸੀ ਅਸਹਿਮਤੀ ਕਿਸੇ ਚੁਣੀ ਹੋਈ ਸੂਬਾ ਸਰਕਾਰ ਨੂੰ ਹਟਾਉਣ ਦਾ ਢੁੱਕਵਾਂ ਕਾਰਨ ਹੋ ਸਕਦੀ ਹੈ? ਬਦਕਿਸਮਤੀ ਨਾਲ ਇੰਦਰਾ ਸਰਕਾਰ ਨੇ ਇਸ ਦੀਆਂ ਕਈ ਮਿਸਾਲਾਂ ਪੇਸ਼ ਕੀਤੀਆਂ ਅਤੇ ਮੌਜੂਦਾ ਸਰਕਾਰ ਵੀ ਇਸ ਪਿਰਤ ’ਤੇ ਚੱਲਣ ’ਚ ਪਿੱਛੇ ਨਹੀਂ ਹੈ। ਵਿਦੇਸ਼ ਨੀਤੀ ’ਚ ਚੀਨ ਨਾਲ ਦੋਸਤੀ ਨੂੰ ਆਂਕਣ ’ਚ ਹੋਈ ਉਕਾਈ ਨੇ 1962 ਦੀ ਹਾਰ ਦਿੱਤੀ ਅਤੇ ਦੇਸ਼ ਨੂੰ ਡੂੰਘਾ ਸਦਮਾ ਪਹੁੰਚਿਆ। ਕਸ਼ਮੀਰ ਦੇ ਸਵਾਲ ’ਤੇ ਸੰਯੁਕਤ ਰਾਸ਼ਟਰ ਅਤੇ ਰਾਏਸ਼ੁਮਾਰੀ ਨਾਲ ਜੁੜੀਆਂ ਉਨ੍ਹਾਂ ਦੀਆਂ ਨੀਤੀਆਂ ਅਤੇ ਬਾਅਦ ਦੇ ਫ਼ੈਸਲਿਆਂ ਨੇ ਅਜਿਹਾ ਰੇੜਕਾ ਪੈਦਾ ਕੀਤਾ ਕਿ ਅੱਜ ਵੀ ਭੁਗਤਣਾ ਪੈ ਰਿਹਾ ਹੈ।
ਇੰਦਰਾ ਗਾਂਧੀ-ਫ਼ੈਸਲਾਕੁੰਨ ਲੀਡਰਸ਼ਿਪ ਪਰ ਲੋਕਤੰਤਰ ’ਤੇ ਵਾਰ : ਇੰਦਰਾ ਗਾਂਧੀ ਨੇ ਆਪਣੇ ਪਿਤਾ ਤੋਂ ਵੱਖਰੀ ਸਿਆਸੀ ਸ਼ੈਲੀ ਅਪਣਾਈ। ਉਨ੍ਹਾਂ ’ਚ ਫ਼ੈਸਲੇ ਲੈਣ ਦੀ ਸਮਰੱਥਾ ਸੀ। ਬੈਂਕਾਂ ਦਾ ਕੌਮੀਕਰਨ, ਪ੍ਰਿਵੀ ਪਰਸ ਦੀ ਸਮਾਪਤੀ ਅਤੇ 1971 ਦੀ ਜੰਗ ’ਚ ਜਿੱਤ ਉਨ੍ਹਾਂ ਦੇ ਸ਼ਾਸਨ ਦੀਆਂ ਅਹਿਮ ਘਟਨਾਵਾਂ ਹਨ ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਦੂਜਾ ਪੱਖ ਸੱਤਾ ਦਾ ਅਸਾਧਾਰਨ ਕੇਂਦਰੀਕਰਨ ਸੀ। ਕਾਂਗਰਸ ਜਥੇਬੰਦੀ ਹੌਲੀ-ਹੌਲੀ ਕਮਜ਼ੋਰ ਹੋਈ। ਪਾਰਟੀ ਦੇ ਅੰਦਰ ਸੁਤੰਤਰ ਲੀਡਰਸ਼ਿਪ ਅਤੇ ਵਿਚਾਰ-ਵਟਾਂਦਰੇ ਦੀ ਥਾਂ ਸਿਖਰਲੀ ਲੀਡਰਸ਼ਿਪ ਪ੍ਰਤੀ ਵਫ਼ਾਦਾਰੀ ਵਧੇਰੇ ਮਹੱਤਵਪੂਰਨ ਹੁੰਦੀ ਗਈ। ਸੱਤਾ ਇਕ ਵਿਅਕਤੀ ਅਤੇ ਉਸ ਦੇ ਨੇੜਲੇ ਲੋਕਾਂ ਦੇ ਆਲੇ-ਦੁਆਲੇ ਸਿਮਟਣ ਲੱਗੀ। 1975 ਦੀ ਐਮਰਜੈਂਸੀ ਹਮੇਸ਼ਾ ਲਈ ਕੌੜੀ ਯਾਦ ਬਣ ਗਈ। ਸੰਜੇ ਗਾਂਧੀ ਦਾ ਸਰਕਾਰੀ ਤੰਤਰ ’ਤੇ ਅਸਰ ਭੁਲਾਇਆਂ ਨਹੀਂ ਭੁੱਲਦਾ। ਜਬਰੀ ਨਸਬੰਦੀ ਮੁਹਿੰਮ, ਗ਼ਰੀਬ ਬਸਤੀਆਂ ਨੂੰ ਹਟਾਉਣ ਦੀ ਕਾਰਵਾਈ ਅਤੇ ਪ੍ਰਸ਼ਾਸਨਿਕ ਜ਼ਿਆਦਤੀਆਂ ਨੇ ਆਮ ਨਾਗਰਿਕਾਂ ’ਚ ਡਰ ਬਿਠਾ ਦਿੱਤਾ ਅਤੇ ਪ੍ਰਸ਼ਾਸਨਿਕ ਪੱਧਰ ਬਹੁਤ ਹੇਠਾਂ ਚਲਾ ਗਿਆ।
1977 ’ਚ ਸੱਤਾ ਤੋਂ ਬਾਹਰ ਅਤੇ 1980 ’ਚ ਵਾਪਸੀ ਨੇ ਉਨ੍ਹਾਂ ਦੀ ਲੋਕਪ੍ਰਿਯਤਾ ਸਿੱਧ ਕਰ ਦਿੱਤੀ ਪਰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਨੇ ਦੇਸ਼ ਨੂੰ ਇਕ ਹੋਰ ਡੂੰਘੇ ਸੰਕਟ ’ਚ ਪਾ ਦਿੱਤਾ। ਉਨ੍ਹਾਂ ਤੋਂ ਬਾਅਦ ਰਾਜੀਵ ਗਾਂਧੀ ਦਾ ਬਿਨਾਂ ਕਿਸੇ ਤਜਰਬੇ ਜਾਂ ਸਿਆਸੀ ਸਮਝ ਦੇ ਪ੍ਰਧਾਨ ਮੰਤਰੀ ਬਣ ਜਾਣਾ ਕਾਂਗਰਸ ’ਤੇ ਪਰਿਵਾਰ ਦੀ ਪਕੜ ਦੀ ਮਿਸਾਲ ਸੀ।
ਸੋਨੀਆ ਗਾਂਧੀ-ਨਿੱਜੀ ਜੀਵਨ ਤੋਂ ਸੱਤਾ ਦੇ ਕੇਂਦਰ ਤੱਕ : ਸੋਨੀਆ ਗਾਂਧੀ 1968 ’ਚ ਭਾਰਤ ਆਈ। ਉਨ੍ਹਾਂ ਦਾ ਸ਼ੁਰੂਆਤੀ ਜੀਵਨ ਸਿਆਸਤ ਤੋਂ ਦੂਰ ਸੀ। ਭਾਰਤ ਦੇ ਇਤਿਹਾਸ, ਭਾਸ਼ਾਵਾਂ, ਸਮਾਜਿਕ ਵੰਨ-ਸੁਵੰਨਤਾ ਅਤੇ ਸਿਆਸੀ ਰਵਾਇਤਾਂ ਨੂੰ ਸਮਝਣ ’ਚ ਉਨ੍ਹਾਂ ਨੂੰ ਸਮਾਂ ਲੱਗਾ। ਉਹ ਇਕ ਨਿੱਜੀ ਪਰਿਵਾਰਕ ਜੀਵਨ ਚਾਹੁੰਦੇ ਸਨ ਪਰ ਇੰਦਰਾ ਗਾਂਧੀ ਅਤੇ ਫਿਰ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹਾਲਾਤ ਬਦਲ ਗਏ। ਹੁਣ ਕਿਉਂਕਿ ਉਹ ਸੱਤਾ ਦੇ ਆਲੇ-ਦੁਆਲੇ ਰਹੇ ਤਾਂ ਸਾਰੇ ਗੁਰ ਸਿੱਖਣ ਦਾ ਮੌਕਾ ਮਿਲਿਆ ਕਿ ਖੇਡ ਕਿਵੇਂ ਖੇਡੀ ਜਾਂਦੀ ਹੈ। 1998 ’ਚ ਉਨ੍ਹਾਂ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ। ਪਾਰਟੀ ਉਸ ਸਮੇਂ ਸਿਆਸੀ ਸੰਕਟ ’ਚੋਂ ਲੰਘ ਰਹੀ ਸੀ। ਸੋਨੀਆ ਦੀ ਅਗਵਾਈ ’ਚ 2004 ’ਚ ਯੂ. ਪੀ. ਏ. ਸਰਕਾਰ ਬਣੀ। ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰ ਕੇ ਮਨਮੋਹਨ ਸਿੰਘ ਨੂੰ ਅੱਗੇ ਕਰਨਾ ਉਨ੍ਹਾਂ ਦਾ ਇਕ ਮਹੱਤਵਪੂਰਨ ਸਿਆਸੀ ਫ਼ੈਸਲਾ ਸੀ। ਜਿਵੇਂ ਸੰਜੇ ਬਿਨਾਂ ਕਿਸੇ ਅਹੁਦੇ ਦੇ ਸਰਕਾਰੀ ਫ਼ੈਸਲੇ ਲੈਂਦੇ ਸਨ, ਉਵੇਂ ਹੀ ਸੋਨੀਆ ਦੀ ਹਰੇਕ ਫ਼ੈਸਲੇ ’ਤੇ ਛਾਪ ਸਪੱਸ਼ਟ ਦਿਖਾਈ ਦਿੰਦੀ ਸੀ।
ਉਨ੍ਹਾਂ ਦੀ ਸਵੈ-ਜੀਵਨੀ ’ਚ ਐਮਰਜੈਂਸੀ ਦੇ ਸਮੇਂ ਪਰਿਵਾਰ ਦੇ ਅੰਦਰਲੇ ਮਤਭੇਦ, ਰਾਜੀਵ ਗਾਂਧੀ ਦੀ ਸਲਾਹ, ਸੰਜੇ ਗਾਂਧੀ ਦਾ ਵਧਦਾ ਪ੍ਰਭਾਵ ਅਤੇ ਇੰਦਰਾ ਗਾਂਧੀ ਦੀ ਮਨੋਸਥਿਤੀ ਵਰਗੇ ਪ੍ਰਸੰਗ ਸਾਹਮਣੇ ਆਏ ਹਨ। ਇਨ੍ਹਾਂ ਵੇਰਵਿਆਂ ਨੂੰ ਸੋਨੀਆ ਗਾਂਧੀ ਦੀਆਂ ਯਾਦਾਂ ਵਜੋਂ ਪੜ੍ਹਨਾ ਚਾਹੀਦਾ ਹੈ। ਉਹ ਪਰਿਵਾਰ ਦੇ ਨਿੱਜੀ ਤਜਰਬਿਆਂ ਦੀ ਜਾਣਕਾਰੀ ਦਿੰਦੇ ਹਨ ਅਤੇ ਕਦੇ ਵੀ ਦੇਸ਼ ਦੀ ਮਨੋਦਸ਼ਾ ਦਾ ਵਰਣਨ ਨਹੀਂ ਬਣ ਸਕਦੇ। ਹੁਣ ਸਵਾਲ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਵਢੇਰਾ ਦਾ ਹੈ ਜੋ ਕ੍ਰਮਵਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਲੋਕ ਸਭਾ ਮੈਂਬਰ ਹਨ ਪਰ ਕੀ ਪ੍ਰਧਾਨ ਮੰਤਰੀ ਦਾ ਅਹੁਦਾ ਕਿਸੇ ਪਰਿਵਾਰ ਦੀ ਅਗਲੀ ਪੀੜ੍ਹੀ ਲਈ ਸੁਭਾਵਿਕ ਅਗਲਾ ਪੜਾਅ ਮੰਨਿਆ ਜਾਣਾ ਚਾਹੀਦਾ ਹੈ? ਬਦਕਿਸਮਤੀ ਨਾਲ ਦੋਵੇਂ ਭੈਣ-ਭਰਾ ਇਹੀ ਸੋਚਦੇ ਹਨ ਅਤੇ ਮਜ਼ਾਕ ਦਾ ਪਾਤਰ ਬਣਦੇ ਹਨ।
ਭਾਰਤ ਕਿਸੇ ਪਰਿਵਾਰ ਦੀ ਨਿੱਜੀ ਜਾਇਦਾਦ ਨਹੀਂ ਹੈ। ਦੇਸ਼ ਕਿਸੇ ਦਾ ਉੱਤਰਾਧਿਕਾਰ ਨਹੀਂ, ਜਨਤਾ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਤੰਤਰ ’ਚ ਪ੍ਰਧਾਨ ਮੰਤਰੀ ਦੀ ਕੁਰਸੀ ਕਿਸੇ ਪਰਿਵਾਰ ਦੀ ਵਿਰਾਸਤ ਨਹੀਂ ਹੁੰਦੀ, ਉਹ ਜਨਤਾ ਦੇ ਵਿਸ਼ਵਾਸ ਅਤੇ ਸੰਸਦ ਦੇ ਬਹੁਮਤ ਨਾਲ ਮਿਲਦੀ ਹੈ।
-ਪੂਰਨ ਚੰਦ ਸਰੀਨ
ਕੈਂਸਰ ਦੀਆਂ ਦਵਾਈਆਂ ਸਸਤੀਆਂ ਬਣਾਉਣ ਦੀ ਪ੍ਰਕਿਰਿਆ ਅਤੇ ਮਰੀਜ਼ਾਂ ਨੂੰ ਤਰਜੀਹ
NEXT STORY