ਤੇਜ ਬੁਖਾਰ ਅਤੇ ਸਰੀਰਕ ਅੰਗਾਂ ਵਿਚ ਦਰਦਾਂ ਨੂੰ ਅਣਗੌਲਿਆ ਨਾ ਕਰੋ ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਘਰ ਵਿਚ ਕਿਸੇ ਨੂੰ ਮਾਮੂਲੀ ਬੁਖਾਰ ਵੀ ਹੋ ਜਾਵੇ ਤੇ ਦੋ ਚਾਰ ਦਿਨ ਠੀਕ ਨਾ ਹੋਵੇ ਤਾਂ ਇਕ ਦਮ ਦਿਮਾਗ ਵਿਚ ਆਉਂਦਾ ਹੈ ਕਿ ਕਿਧਰੇ ਇਹ ਬੁਖਾਰ ਡੇਂਗੂ ਹੀ ਨਾ ਹੋਵੇ? ਕਈ ਵਾਰ ਅਜਿਹਾ ਸੋਚਣਾ ਗਲਤ ਫਹਿਮੀ ਵੀ ਹੁੰਦੀ ਹੈ ਪਰ ਮਰੀਜ਼ ਦੇ ਦਿਮਾਗ ਉੱਪਰ ਇਹ ਗੱਲ ਭਾਰੂ ਪੈਣ ਨਾਲ ਕਈ ਵਾਰ ਉਹ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਅਤੇ ਪ੍ਰੇਸ਼ਾਨ ਰਹਿਣ ਲੱਗ ਪੈਂਦਾ ਹੈ। ਮਰੀਜ਼ ਦੇ ਮਨ ਵਿਚ ਬਣੇ ਇਸ ਤਰ੍ਹਾਂ ਦੇ ਵਹਿਮ ਨੂੰ ਕੱਢਣ ਲਈ ਅਤੇ ਬੁਖਾਰ ਦੀ ਕਿਸਮ ਬਾਰੇ ਜਾਣਨ ਲਈ ਖੂਨ ਦੇ ਸੈਂਪਲ ਅਤੇ ਮਾਹਿਰ ਡਾਕਟਰ ਦੀ ਸਲਾਹ ਬੜੀ ਜਰੂਰੀ ਹੈ। ਡੇਂਗੂ ਬੁਖਾਰ ਦੇ ਸਹੀ ਲੱਛਣ, ਇਲਾਜ਼, ਮਰੀਜ਼ ਦੀ ਸੰਭਾਲ, ਪ੍ਰਹੇਜ਼ ਆਦਿ ਬਾਰੇ ਦਿਮਾਗੀ ਰੋਗਾਂ ਦੇ ਮਾਹਿਰ ਡੇਂਗੂ ਬੁਖਾਰ ਦੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਐਮ. ਡੀ., ਡੀ. ਐਮ. ਡੀ. ਸੀ. ਨਿਓਰੋਲੋਜੀ (ਦਿਮਾਗੀ ਰੋਗਾਂ ਦੇ ਮਾਹਿਰ) ਅਸਿਸਟੈਂਟ ਪ੍ਰੋਫੈਸਰ, ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੀ ਡਾ. ਮੋਨਿਕਾ ਸਿੰਗਲਾ ਗੁਰਜੀਵਨ ਸਿੰਘ ਸਿੱਧੂ ਨਥਾਣਾ ਨਾਲ ਡੇਂਗੂ ਬੁਖਾਰ ਬਾਰੇ ਹੋਈ ਗੱਲ-ਬਾਤ ਛਾਪ ਰਹੇ ਹਾਂ। ਉਮੀਦ ਹੈ ਪਾਠਕ ਇਸ ਦਾ ਲਾਭ ਲੈਣਗੇ:-
ਸਵਾਲ : 1 ਡਾਕਟਰ ਸਾਹਿਬ ਡੇਂਗੂ ਬੁਖਾਰ ਕੀ ਹੁੰਦਾ ਹੈ?
ਜਵਾਬ : ਇਹ ਇਕ ਤਰ੍ਹਾਂ ਦਾ ਵਾਇਰਸ ਇਨਫੈਕਸ਼ਨ ਹੈ, ਜਿਹੜਾ ਕਿ ਡੇਂਗੂ ਵਾਇਰਸ ਦੇ ਕਾਰਨ ਹੁੰਦਾ ਹੈ। ਇਸ ਬੁਖਾਰ ਨਾਲ ਸਰੀਰ ਟੁੱਟਦਾ ਹੈ ਅਤੇ ਹੱਡੀਆਂ ਵਿਚ ਨਾ ਸਹਿਣਯੋਗ ਦਰਦ ਹੁੰਦਾ ਹੈ। ਆਮ ਲੋਕ ਭਾਸ਼ਾ ਵਿਚ ਇਸ ਨੂੰ 'ਹੱਡੀ ਤੋੜ ਬੁਖਾਰ' ਵੀ ਕਹਿੰਦੇ ਹਨ।
ਸਵਾਲ : 2 ਡਾਕਟਰ ਸਾਹਿਬ ਇਹ ਬੁਖਾਰ ਕਿਸ ਤਰ੍ਹਾਂ ਫੈਲਦਾ ਹੈ?
ਜਵਾਬ : ਇਹ ਇਕ ਖਾਸ ਕਿਸਮ ਦੇ 'ਏਡਿਜ਼ ਏਜਿਪਟੀ' ਨਾਮ ਦੇ ਇਕ ਮਾਦਾ ਮੱਛਰ ਦੇ ਲੜਨ ਨਾਲ ਫੈਲਦਾ ਹੈ। ਜੋ ਇਹ ਮੱਛਰ ਸਾਡੇ ਆਲੇ-ਦੁਆਲੇ ਜਮ੍ਹਾ ਹੋਏ ਸਾਫ ਪਾਣੀ ਉੱਪਰ ਪਲਦਾ ਹੈ।
ਸਵਾਲ : 3 ਇਸ ਬੁਖਾਰ ਨਾਲ ਕਿੰਨੇ ਲੋਕ ਪ੍ਰਭਾਵਿਤ ਹੁੰਦੇ ਹਨ?
ਜਵਾਬ : ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਹਰ ਸਾਲ 5 ਕਰੋੜ ਲੋਕਾਂ ਨੂੰ ਇਹ ਇਨਫੈਕਸ਼ਨ ਹੁੰਦੀ ਹੈ ਅਤੇ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਇਸ ਬਿਮਾਰੀ ਤੋਂ ਜਿਆਦਾ ਪੀੜਤ ਹੁੰਦੇ ਹਨ।
ਸਵਾਲ : 4 ਇਸ ਬੁਖਾਰ ਦੇ ਕੀ ਲੱਛਣ ਹੁੰਦੇ ਹਨ ਅਤੇ ਇਹ ਕਿਹੜੇ ਕਿਹੜੇ ਅੰਗਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ?
ਜਵਾਬ : ਦਰਅਸਲ ਇਹ ਸਰੀਰ ਦੇ ਹਰ ਹਿੱਸੇ ਉੱਪਰ ਅਸਰ ਪਾਉਂਦਾ ਹੈ। ਸਭ ਤੋਂ ਪਹਿਲਾਂ ਮਰੀਜ਼ ਨੂੰ ਤੇਜ਼ ਬੁਖਾਰ ਹੁੰਦਾ ਹੈ ਜੋ ਕਿ 2 ਤੋਂ 7 ਦਿਨਾਂ ਤੱਕ ਚਲਦਾ ਹੈ। ਇਸਦੇ ਵਿਚ ਸਭ ਤੋਂ ਵੱਡਾ ਲੱਛਣ ਸਰੀਰ ਦੀ ਚਮੜੀ ਲਾਲ ਹੋ ਜਾਂਦੀ ਹੈ। ਮਰੀਜ ਨੂੰ ਬਹੁਤ ਦਰਦਾਂ ਹੁੰਦੀਆਂ ਹਨ, ਮਾਸ਼ਪੇਸ਼ੀਆਂ ਤੇ ਜੋੜ ਬਹੁਤ ਦਰਦ ਕਰਦੇ ਹਨ, ਗਲੇ ਵਿਚ ਵੀ ਦਰਦ ਹੁੰਦਾ ਹੈ, ਮਰੀਜ਼ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਅੱਖਾਂ ਵਿਚ ਸੋਜ ਆ ਜਾਂਦੀ ਹੈ, ਭੁੱਖ ਘੱਟ ਲਗਦੀ ਹੈ, ਜੀਅ ਕੱਚਾ ਹੁੰਦਾ ਹੈ ਅਤੇ ਉਲਟੀਆਂ ਲੱਗ ਜਾਂਦੀਆਂ ਹਨ। ਅਜਿਹੀ ਹਾਲਤਾਂ ਵਿਚ ਕਿਸੇ ਮਾਹਿਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਤੇ ਲੋੜੀਂਦੇ ਟੈਸਟ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਬਰੀਕ ਨਸਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਪਾਣੀ ਸਰੀਰ ਦੇ ਅੰਦਰ ਲੀਕ ਹੋ ਜਾਂਦਾ ਹੈ ਤੇ ਪਾਣੀ ਦੀ ਕਮੀ ਕਾਰਨ ਖੂਨ ਸੰਘਣਾ ਹੋ ਜਾਂਦਾ ਹੈ। ਖੂਨ ਦੇ ਚਿੱਟੇ ਸੈੱਲ ਹੌਲੀ ਹੌਲੀ ਘਟਣੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਤੋਂ ਬਾਅਦ ਪਲੇਟਲੈੱਟ ਸੈੱਲ ਘੱਟਣ ਲਗਦੇ ਹਨ। ਕਈ ਵਾਰ ਮਰੀਜ਼ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਤੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ।
ਸਵਾਲ : 5 ਕੀ ਇਹ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਕਰਦਾ ਹੈ?
ਜਵਾਬ : ਹਾਂ, ਇਹ ਸਰੀਰ ਦੇ ਬਾਕੀ ਅੰਗਾਂ ਨੂੰ ਵੀ ਆਪਣੀ ਜਕੜ ਵਿਚ ਲੈ ਲੈਂਦਾ ਹੈ ਜਿਵੇਂ ਜਿਗਰ, ਦਿਮਾਗ, ਦਿਲ ਆਦਿ ਸਰੀਰ ਦੇ ਹੋਰਨਾਂ ਅੰਗਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ।
ਸਵਾਲ : 6 ਇਹ ਦਿਮਾਗ ਉੱਪਰ ਕਿੰਨਾ ਕੁ ਅਸਰ ਕਰਦਾ ਹੈ?
ਜਵਾਬ : ਇਸ ਨਾਲ ਮਰੀਜ਼ ਨੂੰ ਬਹੁਤ ਸਿਰ ਦਰਦ ਹੋ ਸਕਦਾ ਹੈ। ਕਈ ਵਾਰ ਦਿਮਾਗ ਦੀ ਬੇਹੋਸ਼ੀ ਵੀ ਹੋ ਜਾਂਦੀ ਹੈ। ਦਿਮਾਗ ਦੀਆਂ ਪਰਤਾਂ ਦੀ ਸੋਜ਼ ਵੀ ਕਰ ਸਕਦਾ ਹੈ। ਕਈ ਵਾਰ ਮਰੀਜ਼ ਨੂੰ ਦੰਦਲ ਦੌਰੇ ਵੀ ਪੈ ਜਾਂਦੇ ਹਨ। ਇਹ ਨਸਾਂ ਦੀ ਸੋਜ਼ ਕਰਕੇ ਕਮਜੋਰੀ ਕਰ ਸਕਦਾ ਹੈ। ਖੂਨ ਵਿਚ ਪੋਟਾਸ਼ੀਅਮ ਦੀ ਕਮੀ ਕਰਕੇ ਸਰੀਰ ਨੂੰ ਕਮਜੋਰ ਕਰ ਦਿੰਦਾ ਹੈ ਜਿਸ ਕਾਰਨ ਮਰੀਜ ਨੂੰ ਪੋਟਾਸ਼ੀਅਮ ਦੇਣਾ ਪੈਂਦਾ ਹੈ।
ਸਵਾਲ : 7 ਕੀ ਸਾਨੂੰ ਇਸ ਬੁਖਾਰ ਦੌਰਾਨ ਕਿਸੇ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਵੀ ਦਿਖਾਉਣਾ ਚਾਹੀਦਾ ਹੈ?
ਜਵਾਬ : ਹਾਂ, ਅਗਰ ਇਹੋ ਜਿਹੇ ਲੱਛਣ ਹੋਣ ਤਾਂ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਵੀ ਦਿਖਾਉਣਾ ਚਾਹੀਦਾ ਹੈ। ਡੇਂਗੂ ਦਾ ਦਿਮਾਗ ਉੱਪਰ ਅਸਰ ਹੋਣ ਬਾਰੇ ਮਰੀਜ਼ ਅਤੇ ਡਾਕਟਰ ਦੋਵਾਂ ਨੂੰ ਹੀ ਪਤਾ ਹੋਣਾ ਚਾਹੀਦਾ ਹੈ।
ਸਵਾਲ : 8 ਡੇਂਗੂ ਬੁਖਾਰ ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
ਜਵਾਬ : ਮਰੀਜ਼ ਨੂੰ ਕੁਝ ਖੂਨ ਦੇ ਟੈਸਟ ਕਰਵਾਉਣੇ ਪੈਂਦੇ ਹਨ, ਜਿਵੇਂ ਕਿ ਚਿੱਟੇ ਸੈੱਲ ਘੱਟਣੇ, ਖੂਨ ਦੇ ਸੈੱਲ ਘਟਣੇ, ਗੁਰਦੇ ਅਤੇ ਜਿਗਰ ਤੇ ਅਸਰ ਹੋਣਾ। ਇਸਦਾ ਪੱਕਾ ਟੈਸਟ ਖੂਨ ਵਿਚ ਡੇਂਗੂ ਦੀਆਂ ਐਂਟੀ-ਬਾਡੀਜ਼ ਹੁੰਦੀਆਂ ਹਨ।
ਸਵਾਲ : 9 ਡਾਕਟਰ ਸਾਹਿਬ, ਇਸਦਾ ਇਲਾਜ਼ ਕਿਸ ਤਰ੍ਹਾਂ ਸੰਭਵ ਹੁੰਦਾ ਹੈ?
ਜਵਾਬ : ਇਸ ਵਿਚ ਮਰੀਜ਼ ਨੂੰ ਬਹੁਤ ਸਾਰਾ ਪਾਣੀ ਅਤੇ ਜੂਸ ਵਗੈਰਾ ਲੈਣਾ ਚਾਹੀਦਾ ਹੈ। ਅਗਰ ਬੁਖਾਰ ਅਤੇ ਦਰਦਾਂ ਹੋਣ ਤਾਂ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਖੂਨ ਦੇ ਸੈੱਲ (ਪਲੇਟਲੈੱਟ ਸੈੱਲ) ਹਰ ਰੋਜ਼ ਚੈਕ ਕਰਨੇ ਚਾਹੀਦੇ ਹਨ। ਅਗਰ ਸੈੱਲ 50000 ਤੋਂ ਉੱਪਰ ਹੋਣ ਤਾਂ ਕਿਸੇ ਕਿਸਮ ਦੀ ਘਬਰਾਹਟ ਵਿਚ ਨਹੀਂ ਆਉਣਾ ਚਾਹੀਦਾ। ਹਾਂ, ਅਗਰ ਇਹ ਦਿਨ-ਬ-ਦਿਨ ਘਟ ਰਹੇ ਹੋਣ ਤਾਂ ਚਿੰਤਾਜਨਕ ਹੈ ਅਤੇ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਕਰਕੇ ਸੈੱਲਾਂ ਦੇ ਪੈਕਨ ਅਤੇ ਗਲੂਕੋਜ਼ ਚੜਾਉਣਾ ਚਾਹੀਦਾ ਹੈ।
ਸਵਾਲ : 10 ਅਗਰ ਕਿਸੇ ਨੂੰ ਇਕ ਵਾਰ ਡੇਂਗੂ ਬੁਖਾਰ ਹੋ ਜਾਵੇ ਤੇ ਉਸਦਾ ਤਸੱਲੀ ਬਖਸ਼ ਇਲਾਜ਼ ਵੀ ਹੋ ਜਾਵੇ ਤਾਂ ਕੀ ਉਹ ਸਾਰੀ ਉਮਰ ਵਾਸਤੇ ਸੁਰੱਖਿਅਤ ਹੋ ਜਾਂਦਾ ਹੈ?
ਜਵਾਬ : ਨਹੀਂ ਜੀ, ਇਹ ਸੁਰੱਖਿਆ ਮਾਤਰ 2-3 ਮਹੀਨਿਆਂ ਲਈ ਹੀ ਰਹਿੰਦੀ ਹੈ ਬਲਕਿ ਜਿਸ ਮਰੀਜ਼ ਨੂੰ ਇਹ ਇਕ ਵਾਰ ਹੋ ਜਾਵੇ ਉਸਨੂੰ ਜਿਆਦਾ ਸਾਵਧਾਨੀ ਵਰਤਣੀ ਪੈਂਦੀ ਹੈ।
ਸਵਾਲ : 11 ਡਾਕਟਰ ਸਾਹਿਬ, ਮੁਕਦੀ ਗੱਲ ਕਿ ਇਸ ਬੁਖਾਰ ਤੋਂ ਬਚਾਅ ਲਈ ਘਰ ਵਿਚ ਕੀ ਕੀ ਕਦਮ ਚੁੱਕਣੇ ਚਾਹੀਦੇ ਹਨ?
ਜਵਾਬ: ਸਾਨੂੰ ਸਭ ਤੋਂ ਪਹਿਲਾਂ ਤਾਂ ਮੱਛਰ ਦੇ ਕੱਟਣ ਤੋਂ ਬਚਣਾ ਚਾਹੀਦਾ ਹੈ। ਘਰ ਵਿਚ ਮੱਛਰ ਪੈਦਾ ਹੀ ਨਾ ਹੋਵੇ ਇਸ ਲਈ ਵੀ ਕਈ ਕਦਮ ਚੁੱਕਣੇ ਚਾਹੀਦੇ ਹਨ ਜਿਵੇਂ ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਪੌਦਿਆਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿਓ। ਕੂਲਰ ਵਿਚ ਪਾਣੀ ਹਰ ਹਫਤੇ ਬਾਅਦ ਬਦਲੋ ਤੇ ਕੂਲਰ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ ਕਰੋ। ਇਹ ਮੱਛਰ ਕਿਉਂ ਕਿ ਸਾਫ ਪਾਣੀ ਉੱਪਰ ਪਲਦਾ ਹੈ ਇਸ ਲਈ ਹਰ ਤੀਜੇ ਦਿਨ ਤੋਂ ਪਹਿਲਾਂ ਪਾਣੀ ਬਦਲ ਦਿਓ। ਇਹ ਮੱਛਰ ਦਿਨ ਵੇਲੇ ਕਟਦਾ ਹੈ ਇਸ ਲਈ ਹਮੇਸ਼ਾਂ ਪੂਰੀਆਂ ਬਾਹਵਾਂ ਵਾਲੇ ਕਮੀਜ਼ ਪਹਿਨੋ ਤੇ ਸਾਰਾ ਸਰੀਰ ਡੱਕ ਕੇ ਰੱਖੋ। ਬੱਚਿਆਂ ਦਾ ਖਾਸ ਖਿਆਲ ਰੱਖੋ। ਆਪਣੇ ਘਰ ਦੇ ਆਸ-ਪਾਸ ਪਾਣੀ ਖੜ੍ਹਾ ਨਾ ਹੋਣ ਦਿਓ। ਆਪਣੇ ਗੁਆਂਢੀਆਂ ਨੂੰ ਵੀ ਸਾਵਧਾਨ ਕਰੋ। ਜੇਕਰ ਘਰ ਵਿਚ ਕਿਸੇ ਇਕ ਵੀ ਮੈਂਬਰ ਵਿਚ ਇਸ ਤਰ੍ਹਾਂ ਦੇ ਲੱਛਣ ਲਗਦੇ ਹਨ ਤਾਂ ਤੁਰੰਤ ਆਪਣੇ ਨਜ਼ਦੀਕੀ ਹਸਪਤਾਲ ਜਾ ਕੇ ਚੈਕ-ਅੱਪ ਕਰਵਾਓ ਤੇ ਜੇਕਰ ਲੋੜ ਹੈ ਤਾਂ ਦਾਖਲ ਹੋ ਕੇ ਸਹੀ ਤਰੀਕੇ ਨਾਲ ਇਲਾਜ਼ ਕਰਵਾਓ। ਇਹ ਬਿਮਾਰੀ ਇਲਾਜਯੋਗ ਹੈ ਇਸ ਲਈ ਇਸ ਤੋਂ ਘਬਰਾਉਣ ਦੀ ਨਹੀਂ ਬਲਕਿ ਚੇਤੰਨ ਹੋਣ ਦੀ ਲੋੜ ਹੈ।
ਮੁਲਕਾਤੀ-ਗੁਰਜੀਵਨ ਸਿੱਧੂ ਨਥਾਣਾ
ਪਿੰਡ ਨਥਾਣਾ, ਤਹਿ:ਜਿਲ੍ਹਾ ਬਠਿੰਡਾ,
ਪੰਜਾਬ-151102
ਮੋਬਾਇਲ-9417079435, 9872517888
ਮੇਲ- jivansidhus@gmail.com
...ਜਦੋਂ ਬੁੱਧੂ ਨੇ ਦਿੱਤਾ ਪਹਿਲੀ ਵਾਰ ਕੋਈ ਜਵਾਬ
NEXT STORY