ਬੀਤੀ 29 ਮਾਰਚ ਨੂੰ ਦਿੱਲੀ ਪੁਲਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਖ਼ੂੰਖਾਰ ਜਿਹਾਦੀ ਅਹਿਮਦ ਲੋਨ ਉਰਫ਼ ਰਾਜਾ ਕਸ਼ਮੀਰੀ ਨੂੰ ਦਬੋਚ ਲਿਆ। ਬਕੌਲ ਮੀਡੀਆ ਰਿਪੋਰਟ, ਉਸ ਦੀ ਗਲਤ ਨਜ਼ਰ ਰਾਜਧਾਨੀ ਦੇ ਪਵਿੱਤਰ ਮੰਦਰ ਕਾਲਕਾਜੀ ਅਤੇ ਕਨਾਟ ਪਲੇਸ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ’ਤੇ ਸੀ। ਪਾਕਿਸਤਾਨ ’ਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਉਹ ਲਸ਼ਕਰ ਲਈ ਭਾਰਤੀ ਮੁਸਲਿਮ ਨੌਜਵਾਨਾਂ ਦੀ ਭਰਤੀ ਦਾ ਜਾਲ ਬੁਣ ਰਿਹਾ ਸੀ। ਇਹ ਕੋਈ ਇਕੱਲੀ ਹਾਲੀਆ ਘਟਨਾ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਚਲਾਈ ਗਈ ਇਕ ਵੱਡੀ ਅੱਤਵਾਦ-ਵਿਰੋਧੀ ਮੁਹਿੰਮ ਦੇ ਤਹਿਤ ਸੁਰੱਖਿਆ ਏਜੰਸੀਆਂ ਨੇ ਆਈ. ਐੱਸ.-ਅਲਕਾਇਦਾ ਨਾਲ ਜੁੜੇ 12 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ’ਚ ਬਾਈਕ ਟੈਕਸੀ ਚਾਲਕ ਮੁਹੰਮਦ ਰਹਿਮਤੁੱਲਾ ਸ਼ਰੀਫ਼, ਰੈਸਟੋਰੈਂਟ ਕਰਮਚਾਰੀ ਮਿਰਜ਼ਾ ਸੋਹੇਲ ਬੇਗ ਅਤੇ ਲੇਜ਼ਰ ਮਾਰਕਿੰਗ ਮਾਹਿਰ ਮੁਹੰਮਦ ਦਾਨਿਸ਼ ਸ਼ਾਮਲ ਹਨ।
ਸਿੱਟਾ ਇਹ ਹੈ ਕਿ ਜਿਸ ਮਾਨਸਿਕਤਾ ਦੇ ਨਾਲ ਮੁਹੰਮਦ ਬਿਨ ਕਾਸਿਮ ਨੇ 8ਵੀਂ ਸਦੀ ’ਚ ਸਨਾਤਨ ਭਾਰਤ ’ਤੇ ਹਮਲਾ ਕੀਤਾ, ਫਿਰ ਉਸ ਦੇ ਪੈਰੋਕਾਰਾਂ ਨੇ ਸਦੀਆਂ ਤੱਕ ਜਿਹਾਦ ਕੀਤਾ, ਇਸ ਦੌਰਾਨ ਹਿੰਦੂ-ਬੋਧੀ ਬਹੁਗਿਣਤੀ ਵਾਲੇ ਅਫ਼ਗਾਨਿਸਤਾਨ ਦਾ ਇਸਲਾਮੀਕਰਨ ਹੋ ਗਿਆ, 1947 ’ਚ ਦੇਸ਼ ਨੂੰ ਇਸਲਾਮ ਦੇ ਨਾਂ ’ਤੇ ਵੰਡਿਆ ਗਿਆ ਅਤੇ 1980-90 ਦੇ ਦੌਰ ’ਚ ਕਸ਼ਮੀਰ ਨੂੰ ਹਿੰਦੂ-ਰਹਿਤ ਕਰ ਦਿੱਤਾ ਗਿਆ, ਉਹ ਜਿਹਾਦੀ ਚਿੰਤਨ ਅਜੇ ਵੀ ਨਹੀਂ ਬਦਲਿਆ ਗਿਆ ਹੈ, ਚਾਹੇ ਕੋਈ ਉੱਚ-ਸਿੱਖਿਅਤ ਹੀ ਕਿਉਂ ਨਾ ਹੋਵੇ।
ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ’ਚ ਦਿੱਲੀ ’ਚ ਚੱਲਦੀ ਕਾਰ ’ਚ ਹੋਏ ਭਿਆਨਕ ਧਮਾਕੇ, ਜਿਸ ਨੂੰ ਫਿਦਾਈਨ ਡਾ. ਉਮਰ ਉਨ ਨਬੀ ਨੇ ਅੰਜਾਮ ਦਿੱਤਾ ਸੀ, ਉਸ ’ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਸਮੇਂ ਦਿੱਲੀ ਦੇ ਨਜ਼ਦੀਕ ਫ਼ਰੀਦਾਬਾਦ ਤੋਂ ਲੱਗਭਗ 3000 ਕਿਲੋ ਵਿਸਫੋਟਕ, ਹਥਿਆਰਾਂ ਦਾ ਜ਼ਖ਼ੀਰਾ ਅਤੇ ਬੰਬ ਬਣਾਉਣ ਦੇ ਉਪਕਰਨਾਂ ਦੇ ਨਾਲ ਅਲ-ਫਲਾਹ ਹਸਪਤਾਲ ਦੇ ਕਈ ਜਿਹਾਦੀ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸੇ ਲੜੀ ’ਚ ਗੁਜਰਾਤ ਪੁਲਸ ਨੇ ਡਾ. ਅਹਿਮਦ ਮੋਹੀਉਦੀਨ ਸਈਅਦ ਨੂੰ ਉਸ ਦੇ ਦੋ ਸਹਿਯੋਗੀਆਂ ਦੇ ਨਾਲ ਫੜਿਆ ਸੀ, ਜੋ ਅਰੰਡੀ ਦੇ ਬੀਜਾਂ ਤੋਂ ਘਾਤਕ ਰਾਈਸਿਨ ਜ਼ਹਿਰ ਤਿਆਰ ਕਰ ਰਿਹਾ ਸੀ, ਤਾਂ ਜੋ ਪਾਣੀ ਅਤੇ ਭੋਜਨ ਦੇ ਜ਼ਰੀਏ ਵੱਡੇ ਕਤਲੇਅਾਮ ਨੂੰ ਅੰਜਾਮ ਦਿੱਤਾ ਜਾ ਸਕੇ।
ਜੇਕਰ ਕੋਈ ਇਨ੍ਹਾਂ ਘਟਨਾਵਾਂ ਨੂੰ ਸਿਰਫ਼ ‘ਤਾਜ਼ਾ ਹਾਲਾਤ’ ਮੰਨ ਕੇ ਸਮਝਣਾ ਚਾਹੁੰਦਾ ਹੈ, ਤਾਂ ਉਹ ਸੱਚ ਤੋਂ ਅੱਖ ਚੁਰਾ ਰਿਹਾ ਹੈ। ਅਸਲ ’ਚ, ਭਾਰਤੀ ਉਪ-ਮਹਾਦੀਪ ’ਚ ਇਕ ਵਰਗ ਅੱਜ ਵੀ ਉਹੀ ਹਮਲਾਵਰਾਂ-ਕਾਸਿਮ, ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ, ਅਬਦਾਲੀ ਨੂੰ ਆਪਣਾ ‘ਨਾਇਕ’ ਮੰਨਦਾ ਹੈ, ਜਿਨ੍ਹਾਂ ਨੇ ਇਸ ਭੂ-ਖੰਡ ’ਤੇ ‘ਕਾਫ਼ਿਰ-ਕੁਫ਼ਰ’ ਦੀ ਧਾਰਨਾ ਤੋਂ ਪ੍ਰੇਰਿਤ ਹੋ ਕੇ ਕਤਲੇਆਮ ਕੀਤਾ, ਮੰਦਰ ਤੋੜੇ ਅਤੇ ਸੱਭਿਆਚਾਰਕ ਅਸਮਿਤਾ ਨੂੰ ਰੋਲਿਆ। ਇਸ ਸੋਚ ਦਾ ਇਕ ਹਿੱਸਾ ਅੱਜ ਵੀ ‘ਗਜ਼ਵਾ-ਏ-ਹਿੰਦ’ ਜਿਹੇ ਖ਼ਤਰਨਾਕ ਮਨਸੂਬੇ ਨੂੰ ਮਜ਼੍ਹਬੀ ਜ਼ਿੰਮੇਵਾਰੀ ਮੰਨਦਾ ਹੈ। ਇਹੀ ਕਾਰਨ ਹੈ ਕਿ ਅਕਤੂਬਰ 1947 ’ਚ ਜਦੋਂ ਪਾਕਿਸਤਾਨ ਨੇ ਕਸ਼ਮੀਰ ’ਤੇ ਹਮਲਾ ਕੀਤਾ, ਉਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਪਾਕਿਸਤਾਨੀ ਫੌਜ ’ਚ ਭਰਤੀ ਹੋ ਰਹੇ ਸਨ। ਇੱਥੋਂ ਤੱਕ ਕਿ ਜੰਮੂ-ਕਸ਼ਮੀਰ ਦੀ ਰਿਆਸਤੀ ਫੌਜ ’ਚ ਕਈ ਮੁਸਲਿਮ ਟੁਕੜੀਆਂ ਵੀ ਮਜ਼੍ਹਬ ਦੇ ਨਾਂ ’ਤੇ ਦੁਸ਼ਮਣਾਂ ਨਾਲ ਜਾ ਮਿਲੀਆਂ ਸਨ।
ਇਹ ਵੀ ਸਥਾਪਤ ਤੱਥ ਹੈ ਕਿ ਭਾਰਤ ਦੀ ਵੰਡ ਕਰਾਉਣ ਵਾਲੇ ਨਾ ਤਾਂ ਬਾਹਰੋਂ ਆਏ ਸਨ, ਨਾ ਹੀ ਉਸ ਦੇ ਸਾਰੇ ਸਿਆਸੀ ਸਮਰਥਕ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ। ਜੇਕਰ ਅਜਿਹਾ ਹੁੰਦਾ, ਤਾਂ ਸ਼ਾਇਦ ਖੰਡਿਤ ਭਾਰਤ ’ਚ ਮੁਸਲਿਮ ਵੱਖਵਾਦ-ਕੱਟੜਵਾਦ ਹੌਲੀ-ਹੌਲੀ ਖਤਮ ਹੋ ਜਾਂਦਾ ਜਾਂ ਫਿਰ ਉਹ ਇੰਡੋਨੇਸ਼ੀਆ-ਮਲੇਸ਼ੀਆ ਵਾਂਗ ਸਥਾਨਕ ਸਨਾਤਨ ਸੰਸਕ੍ਰਿਤੀ ਨਾਲ ਸਹਿਜ ਤਾਲਮੇਲ ਬਿਠਾ ਲੈਂਦੇ ਪਰ ਅਜਿਹਾ ਨਹੀਂ ਹੋਇਆ। ਭਾਰਤ-ਹਿੰਦੂ ਵਿਰੋਧੀ ਮਾਰਕਸ-ਮੈਕਾਲੇ ਪੈਰੋਕਾਰਾਂ ਨੇ ‘ਸੈਕੂਲਰਵਾਦ’ ਦੇ ਨਾਂ ’ਤੇ ਇਸ ਪ੍ਰਕਿਰਿਆ ਨੂੰ ਸ਼ੁਰੂ ਹੀ ਨਹੀਂ ਹੋਣ ਦਿੱਤਾ। ਨਤੀਜਾ ਇਹ ਹੋਇਆ ਕਿ ਮੁਸਲਿਮ ਸਮਾਜ ਦੇ ਇਕ ਵਰਗ ਲਈ ‘ਲੋਕਤੰਤਰ’ ਅਤੇ ‘ਸੰਵਿਧਾਨ’ ਵਿਕਾਸ ਜਾਂ ਸੁਧਾਰ ਨਾ ਹੋ ਕੇ ਸਿਰਫ ਪਛਾਣ ਦੀ ਰਾਜਨੀਤੀ ਤੱਕ ਸਿਮਟ ਗਿਆ ਹੈ।
ਆਜ਼ਾਦੀ ਤੋਂ ਬਾਅਦ ਸਤੰਬਰ, 1947 ’ਚ ਦਿੱਲੀ ਦੀ ਘਟਨਾ ਇਸ ਮਾਨਸਿਕਤਾ ਨੂੰ ਸਮਝਣ ਦਾ ਇਕ ਮਹੱਤਵਪੂਰਨ ਆਧਾਰ ਦਿੰਦੀ ਹੈ। ਕਾਂਗਰਸ ਦੇ ਤਤਕਾਲੀ ਪ੍ਰਧਾਨ ਜੇ. ਬੀ. ਕ੍ਰਿਪਲਾਨੀ ਨੇ ਸਪੱਸ਼ਟ ਸ਼ਬਦਾਂ ’ਚ ਲਿਖਿਆ ਸੀ, ‘ਪੁਲਸ ਵੱਲੋਂ ਮੁਸਲਿਮ ਘਰਾਂ ਅਤੇ ਮਸਜਿਦਾਂ ਦੀ ਤਲਾਸ਼ੀ ’ਚ ਬੰਬ, ਹਥਿਆਰ ਅਤੇ ਗੋਲਾ-ਬਾਰੂਦ ਦੇ ਵੱਡੇ ਭੰਡਾਰ ਬਰਾਮਦ ਹੋਏ ਸਨ।’ ਇਹ ਭੀੜ ਦੀ ਅਚਾਨਕ ਹਿੰਸਾ ਨਹੀਂ, ਸਗੋਂ ਦਿੱਲੀ ’ਤੇ ਫਿਰ ਤੋਂ ਇਸਲਾਮੀ ਝੰਡਾ ਲਹਿਰਾਉਣ ਦੀ ਤਿਆਰੀ ਸੀ। ਉਦੋਂ ਇਹ ਸਥਿਤੀ ਹੋਰ ਗੰਭੀਰ ਇਸ ਲਈ ਹੋ ਗਈ, ਕਿਉਂਕਿ ਪੁਲਸ ਫੋਰਸ ਦਾ ਇਕ ਵੱਡਾ ਮੁਸਲਿਮ ਵਰਗ ਬੇਭਰੋਸਗੀਯੋਗ ਨਿਕਲਿਆ। ਉਦੋਂ ਸਰਕਾਰ ਨੂੰ ਦੂਜੇ ਰਾਜਾਂ ਤੋਂ ਫ਼ੌਜ ਬੁਲਾਉਣੀ ਪਈ। ਉਸ ਸਮੇਂ ਦਿੱਲੀ ਇਕ ਤਰ੍ਹਾਂ ਨਾਲ ਭਿਆਨਕ ਜਿਹਾਦ ਨਾਲ ਜੂਝ ਰਹੀ ਸੀ।
ਸਰਦਾਰ ਪਟੇਲ ਨੇ ਜਿਸ ਦ੍ਰਿੜ੍ਹਤਾ ਨਾਲ ਇਸ ਮਜ਼੍ਹਬੀ ਜਨੂੰਨ ਦਾ ਸਾਹਮਣਾ ਕੀਤਾ, ਉਹ ਅੱਜ ਵੀ ਉਦਾਹਰਣ ਹੈ। ਪਿਆਰੇ ਲਾਲ ਵੱਲੋਂ ਲਿਖਿਤ ‘ਮਹਾਤਮਾ ਗਾਂਧੀ : ਦਿ ਲਾਸਟ ਫੇਜ਼’ (ਖੰਡ 2) ਅਨੁਸਾਰ, ਜਦੋਂ ਪਟੇਲ ਨੂੰ ਦੱਸਿਆ ਗਿਆ ਕਿ ਇਕ ਇਮਾਰਤ ਤੋਂ ਮੁਸਲਮਾਨਾਂ ਵੱਲੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਅਤੇ ਉਸ ਨੂੰ ਹਟਾਉਣ ਲਈ ਪੂਰੀ ਇਮਾਰਤ ਨੂੰ ਬੰਬ ਨਾਲ ਉਡਾਉਣਾ ਪਵੇਗਾ, ਤਾਂ ਪਟੇਲ ਦਾ ਜਵਾਬ ਸੀ—‘ਤਾਂ ਫਿਰ ਕੀਤਾ ਕਿਉਂ ਨਹੀਂ?’ ਇਹ ਸਪੱਸ਼ਟ ਸੰਦੇਸ਼ ਸੀ ਕਿ ਦੇਸ਼ ਦੀ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਫਿਰ ਵੀ ਡੀ. ਪੀ. ਮਿਸ਼ਰਾ (ਦੋ ਵਾਰ ਮੱਧ ਪ੍ਰਦੇਸ਼ ਤੋਂ ਕਾਂਗਰਸੀ ਮੁੱਖ ਮੰਤਰੀ) ਅਨੁਸਾਰ, ਉਸ ਨਾਜ਼ੁਕ ਦੌਰ ’ਚ ਸਰਦਾਰ ਪਟੇਲ ਨੂੰ ਪੂਰਾ ਸਿਆਸੀ ਸਮਰਥਨ ਪ੍ਰਾਪਤ ਨਹੀਂ ਸੀ। ਉਸ ਸਮੇਂ ਵੀ ਰਾਸ਼ਟਰੀ ਸੁਰੱਖਿਆ ਨੂੰ ਗੁੱਝੀ-ਸੈਕੂਲਰਵਾਦੀ ਰਾਜਨੀਤੀ ਤੋਂ ਚੁਣੌਤੀ ਮਿਲ ਰਹੀ ਸੀ। ਇਹੀ ਵਿਕ੍ਰਿਤੀ ਅੱਜ ਵੀ ਵੱਖ-ਵੱਖ ਰੂਪਾਂ ’ਚ ਦਿਖਾਈ ਦਿੰਦੀ ਹੈ।
ਭਾਰਤ ਦੇ ਸਾਹਮਣੇ ਚੁਣੌਤੀ ਸਿਰਫ ਜਿਹਾਦ ਨਾਲ ਲੜਨ ਦੀ ਨਹੀਂ, ਸਗੋਂ ਉਸ ਵਿਚਾਰਧਾਰਾ ਨੂੰ ਸਮਝਣ ਅਤੇ ਰੋਕਣ ਦੀ ਹੈ, ਜੋ ਇਸ ਨੂੰ ਜਨਮ ਦਿੰਦੀ ਹੈ। ਅੱਤਵਾਦੀ ਅਹਿਮਦ ਲੋਨ ਦੀ ਗ੍ਰਿਫ਼ਤਾਰੀ ਇਕ ਚਿਤਾਵਨੀ ਹੈ ਅਤੇ ਇਕ ਮੌਕਾ ਵੀ। ਚੌਕਸੀ ਇਸ ਲਈ ਕਿ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਅਤੇ ਮੌਕਾ ਇਸ ਲਈ ਕਿ ਅਸੀਂ ਸਮੇਂ ਸਿਰ ਜਿਹਾਦੀ ਮਾਨਸਿਕਤਾ ਨੂੰ ਪਛਾਣ ਸਕੀਏ।
ਪਿਛਲੇ 1000 ਸਾਲ ਦੌਰਾਨ ਭਾਰਤ, ਲਗਾਤਾਰ ਜਨਸੰਖਿਅਕ ਤਬਦੀਲੀ (ਜ਼ੋਰ-ਜ਼ਬਰਦਸਤੀ ਸਹਿਤ) ਦੇ ਵਿਚਕਾਰ ਇਕ-ਤਿਹਾਈ ਭੂ-ਖੰਡ ਗੁਆ ਚੁੱਕਾ ਹੈ। ਬਾਕੀ ਭਾਰਤ, ਜਿੱਥੇ ਅੱਜ ਵੀ ਉਸ ਦੇ ਹਿੰਦੂ ਚਰਿੱਤਰ ਦੇ ਕਾਰਨ ਬਹੁਲਵਾਦੀ ਸਨਾਤਨ ਸੰਸਕ੍ਰਿਤੀ ਜੀਵਿਤ ਹੈ, ਉਸ ਨੂੰ ਲਗਾਤਾਰ ਬਾਹਰੀ ਸ਼ਕਤੀਆਂ ਤੋਂ ਵੱਖ-ਵੱਖ ਰੂਪਾਂ ’ਚ ਚੁਣੌਤੀ ਮਿਲ ਰਹੀ ਹੈ। ਇਸ ਨਾਲ ਮੁਕਾਬਲਾ ਕਰਨ ਹੇਠ ਸੁਰੱਖਿਆ ਏਜੰਸੀਆਂ ਨੂੰ ਸ਼ਕਤੀਸ਼ਾਲੀ ਬਣਾਉਣਾ ਤਾਂ ਜ਼ਰੂਰੀ ਹੈ ਹੀ, ਨਾਲ ਹੀ ਸਮਾਜ ’ਚ ਜਾਗਰੂਕਤਾ ਵਧਾਉਣੀ ਵੀ ਲੋੜੀਂਦੀ ਹੈ।
-ਬਲਬੀਰ ਪੁੰਜ
ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
NEXT STORY