ਭਾਰਤ ’ਚ ਸ਼ਾਇਦ ਸੰਸਾਰ ’ਚ ਸਭ ਤੋਂ ਵੱਧ ਧਰਮ ਸਥਾਨ ਹੋਣਗੇ। ਧਰਮ ਅਤੇ ਧਾਰਮਿਕ ਮਾਨਤਾਵਾਂ ਅਤੇ ਪਰੰਪਰਾਵਾਂ ਵੀ ਅਣਗਿਣਤ ਹਨ ਪਰ ਅੰਧਵਿਸ਼ਵਾਸ, ਪ੍ਰਪੰਚ ਅਤੇ ਆਸਥਾ ਦੀ ਤਿਕੜੀ ਦਾ ਅਜਿਹਾ ਤਿਕੋਣ ਬਣਦਾ ਹੈ ਕਿ ਲੋਕਾਂ ਨੂੰ ਆਪਣਾ ਭਾਵਨਾਤਮਕ ਅਤੇ ਆਰਥਿਕ ਸ਼ੋਸ਼ਣ ਨਾ ਤਾਂ ਦਿਖਾਈ ਦਿੰਦਾ ਹੈ ਅਤੇ ਨਾ ਹੀ ਕੋਈ ਮਾਅਨੇ ਰੱਖਦਾ ਹੈ।
ਖਿਲਵਾੜ : ਭਾਰਤ ਲਗਭਗ ਸਾਢੇ 7 ਲੱਖ ਪਿੰਡਾਂ, 650 ਜ਼ਿਲਿਆਂ ਅਤੇ 8 ਹਜ਼ਾਰ ਸ਼ਹਿਰਾਂ ਦਾ ਦੇਸ਼ ਹੈ। ਤਕਰੀਬਨ 50 ਲੱਖ ਮੰਦਰ, 8 ਲੱਖ ਮਸਜਿਦਾਂ, 12 ਹਜ਼ਾਰ ਗੁਰਦੁਆਰੇ ਅਤੇ 10 ਹਜ਼ਾਰ ਤੋਂ ਵੱਧ ਗਿਰਜਾਘਰ ਹੋਣਗੇ। ਮਤਲਬ ਇਹ ਕਿ ਆਸਥਾ ਸਾਡੀਆਂ ਸਾਹਾਂ ’ਚ ਵੱਸਦੀ ਹੈ, ਸ਼ਰਧਾ ਸਾਡੀ ਰੁਟੀਨ ਦਾ ਅੰਗ ਹੈ ਅਤੇ ਘੋਰ ਸੰਕਟ ਜਾਂ ਸਾਧਾਰਨ ਪ੍ਰੇਸ਼ਾਨੀ ’ਚ ਜਾਂ ਬੀਮਾਰੀ ’ਚ ਸਭ ਤੋਂ ਪਹਿਲਾਂ ਆਪਣੇ ਆਰਾਧਿਆ ਦੀ ਸ਼ਰਨ ’ਚ ਜਾਂਦੇ ਹਾਂ ਅਤੇ ਕਿਸੇ ਵੀ ਹੋਰ ਨਾਲੋਂ ਵੱਧ ਉਸ ’ਤੇ ਵਿਸ਼ਵਾਸ ਕਰਦੇ ਹਾਂ।
ਜੋ ਇਨ੍ਹਾਂ ਦੀ ਦੇਖਭਾਲ ਕਰਦੇ ਹਨ, ਉਹ ਵੀ 70 ਤੋਂ 100 ਲੱਖ ਤਾਂ ਹੋਣਗੇ ਹੀ ਪਰ ਜ਼ਿਆਦਾਤਰ ਅਨਪੜ੍ਹ, ਘੱਟ ਪੜ੍ਹੇ-ਲਿਖੇ ਅਤੇ ਕੁਝ ਕੁ ਹੀ ਪੜ੍ਹੇ-ਲਿਖੇ ਹੋਣਗੇ। ਇਨ੍ਹਾਂ ਦਾ ਅਤੇ ਇਨ੍ਹਾਂ ਦੀ ਗੱਲ ਦਾ ਅਸਰ ਇੰਨਾ ਹੈ ਕਿ ਗ੍ਰਹਿਆਂ ਦੀ ਚਾਲ ਦੱਸਣ ਅਤੇ ਭਵਿੱਖ ਦਾ ਲੇਖਾ-ਜੋਖਾ ਕਰਨ ’ਚ ਇਨ੍ਹਾਂ ਨੂੰ ਸਭ ਤੋਂ ਵੱਧ ਨਿਪੁੰਨ ਮੰਨਿਆ ਜਾਂਦਾ ਹੈ। ਕਿਸੇ ਮੌਕੇ ਜਾਂ ਅਨੁਸ਼ਠਾਨ ਜਾਂ ਜਨਮ ਅਤੇ ਵਿਆਹ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਇਨ੍ਹਾਂ ਦੀ ਹੀ ਤੂਤੀ ਬੋਲਦੀ ਹੈ ਅਤੇ ਇਨ੍ਹਾਂ ਦੀ ਹਰੇਕ ਗੱਲ ਅਕੱਟ ਹੁੰਦੀ ਹੈ। ਜੇਕਰ ਆਨਾਕਾਨੀ ਕੀਤੀ ਤਾਂ ਵਿਘਨ-ਰੁਕਾਵਟਾਂ ਅਤੇ ਅਣਹੋਣੀ ਦੀ ਸ਼ੰਕਾ ਤੋਂ ਹਾਰਨਾ ਹੀ ਪਵੇਗਾ।
ਹੁਣ ਇਕ ਉਦਾਹਰਣ ਦੇਖੋ। ਨੋਇਡਾ, ਜੋ ਕਦੇ ਪਿੰਡ ਸੀ, ਉੱਥੇ ਰੁੱਖ-ਪੌਦੇ ਸਨ। ਜਦੋਂ ਵਿਕਾਸ ਹੋਇਆ ਅਤੇ ਸ਼ਹਿਰ ਸਥਾਪਿਤ ਹੋਣ ਲੱਗਾ ਤਾਂ ਸੜਕਾਂ ਵੀ ਬਣੀਆਂ। ਸੈਕਟਰ 28 ਕੋਲ ਇਕ ਪਿੱਪਲ ਦਾ ਰੁੱਖ ਸੀ। ਸੜਕ ਜਦੋਂ ਬਣੀ ਤਾਂ ਇਹ ਵਿਚਾਲੇ ਆ ਗਿਆ। ਕਿਸੇ ਚਤੁਰ ਨੇ ਇਸ ਦੀਆਂ ਜੜ੍ਹਾਂ ਕੋਲ ਚਬੂਤਰਾ ਬਣਾ ਦਿੱਤਾ ਅਤੇ ਇਕ ਮੂਰਤੀ ਅਤੇ ਫੁੱਲ ਮਾਲਾ ਪਾ ਦਿੱਤੀ। ਅੱਜ ਤੱਕ ਕਿਸੇ ਅਧਿਕਾਰੀ ਜਾਂ ਨੇਤਾ ਦੀ ਹਿੰਮਤ ਨਹੀਂ ਹੋਈ ਕਿ ਇਸ ਨੂੰ ਉੱਥੋਂ ਹਟਾ ਸਕਣ, ਭਾਵੇਂ ਕਿੰਨੇ ਵੀ ਵੱਡੇ ਹਾਦਸੇ ਹੋ ਜਾਣ। ਅਜਿਹੇ ਪਤਾ ਨਹੀਂ ਕਿੰਨੇ ਮੰਦਰ, ਦਰਗਾਹਾਂ, ਮਸਜਿਦਾਂ ਅਤੇ ਚਰਚ ਅਤੇ ਗੁਰਦੁਆਰੇ ਹਨ, ਜੋ ਟ੍ਰੈਫਿਕ ਮੈਨੇਜਮੈਂਟ ਨੂੰ ਝੁਕਾ ਸਕਦੇ ਹਨ ਪਰ ਉਨ੍ਹਾਂ ਨੂੰ ਹਟਾਉਣਾ ਟੇਢੀ ਖੀਰ ਹੈ।
ਛਤਰਪੁਰ ’ਚ ਸ਼ਨੀਧਾਮ ਦਾ ਮਾਲਕ ਢੋਂਗੀ ਜਬਰ-ਜ਼ਨਾਹੀ ਪਰ ਪਾਵਰਫੁੱਲ ਬਾਬਾ ਕਾਨੂੰਨ ਨੂੰ ਛਿੱਕੇ ਟੰਗ ਕੇ ਕਿੰਨਿਆਂ ਦੀ ਇੱਜ਼ਤ ਅਤੇ ਧਨ ਲੁੱਟਣ ’ਚ ਕਾਮਯਾਬ ਰਿਹਾ ਕਿਉਂਕਿ ਕਿਸੇ ਵੀ ਪੂਜਾ ਸਥਾਨ ’ਚ ਇਸ ਤਰ੍ਹਾਂ ਦੀ ਵਾਰਦਾਤ ਮਾਮੂਲੀ ਮੰਨੀ ਜਾਂਦੀ ਹੈ। ਪਿੰਡਾਂ ’ਚ ਜੋ 1-2 ਪੁਜਾਰੀ ਹੁੰਦੇ ਹਨ, ਉਨ੍ਹਾਂ ਦਾ ਖਰਚਾ ਚੜ੍ਹਾਵੇ ਜਾਂ ਕਿਤੋਂ ਖਾਣ-ਪੀਣ ਦੀ ਸਮੱਗਰੀ ਆ ਜਾਵੇ ਜਾਂ ਬਸ ਇੰਝ ਹੀ ਕੋਈ ਦੇ ਦੇਵੇ, ਉਸ ਨਾਲ ਚੱਲਦਾ ਹੈ। ਭਜਨ ਕਰਨਾ ਮੁੱਖ ਕਾਰਜ ਹੈ। ਵਿਸੰਗਤੀ ਹੈ ਕਿ ਤਿਰੂਪਤੀ ’ਚ ਇਕ ਦਿਨ ਦਾ 1 ਕਰੋੜ ਅਤੇ ਪਿੰਡ ’ਚ 10-20 ਰੁਪਏ ਹਕੀਕਤ ਹੈ। ਮਸਜਿਦਾਂ ਦੇ ਮਾਲਕ ਵਕਫ਼ ਬਾਰੇ ਕੁਝ ਨਾ ਕਹਿਣਾ ਬਿਹਤਰ ਅਤੇ ਪਾਦਰੀਆਂ ਦੇ ਕਿੱਸੇ ਵੀ ਕੋਈ ਘੱਟ ਨਹੀਂ। ਵਗਦੀ ਗੰਗਾ ’ਚ ਹਰ ਕੋਈ ਡੁਬਕੀ ਲਗਾਉਂਦਾ ਮਿਲੇਗਾ।
ਤ੍ਰਾਸਦੀ : ਹੁਣ ਅਸੀਂ ਇਸ ਗੱਲ ’ਤੇ ਆਉਂਦੇ ਹਾਂ ਕਿ ਇਸ ਸਭ ਦੇ ਸਾਹਮਣੇ ਸਿੱਖਿਆ ਅਤੇ ਸਿਹਤ ਦੀ ਸਥਿਤੀ ਕੀ ਹੈ ਅਤੇ ਕੀ ਸਾਡੇ ਵਿਕਾਸ ਦਾ ਸੰਤੁਲਨ ਵਿਗੜ ਗਿਆ ਹੈ? ਸਕੂਲ ਲਗਭਗ 15 ਲੱਖ ਹੋਣਗੇ ਅਤੇ 2 ਲੱਖ ਸਿਹਤ ਕੇਂਦਰ। ਹਸਪਤਾਲ ਵੀ 2 ਹਜ਼ਾਰ ਹੋਣਗੇ ਪਰ ਹਰ ਪਿੰਡ ’ਚ 5-6 ਧਰਮ ਸਥਾਨ ਮਿਲ ਜਾਣਗੇ ਪਰ ਡਾਕਟਰ ਲਈ 20 ਪਿੰਡਾਂ ਦਾ ਚੱਕਰ ਲਗਾਉਣਾ ਪਵੇਗਾ। ਹਰ 1 ਸਕੂਲ ਦੇ ਬਦਲੇ 2.5 ਧਰਮ ਸਥਾਨ ਹਨ। ਮਤਲਬ ਇਹ ਬਿਲਕੁਲ ਨਹੀਂ ਕਿ ਧਰਮ ਸਥਾਨ ਗਲਤ ਹਨ। ਕੋਰੋਨਾ ਅਤੇ ਹੜ੍ਹ ’ਚ ਸਭ ਤੋਂ ਪਹਿਲਾਂ ਲੰਗਰ, ਭੰਡਾਰਾ ਅਤੇ ਕੰਬਲ ਧਰਮ ਸਥਾਨਾਂ ਤੋਂ ਹੀ ਨਿਕਲਦੇ ਹਨ। ਸੰਕਟ ’ਚ ਇਹ ਸਮਾਜ ਦੀ ਰੀੜ੍ਹ ਬਣਦੇ ਹਨ। ਅਸਲੀ ਸਮੱਸਿਆ ‘ਸੰਤੁਲਨ’ ਦੀ ਹੈ। ਇਸ ਦੇ ਇਲਾਵਾ ਧਰਮ ਦੇ ਲਬਾਦੇ ’ਚ ਲੁਕੇ ਭੇੜੀਏ ਦੀ ਪਛਾਣ ਕਰਨ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਕਾਨੂੰਨ ਦੀ ਪਹੁੰਚ ਉਨ੍ਹਾਂ ਤੱਕ ਜਾਂ ਤਾਂ ਹੁੰਦੀ ਨਹੀਂ, ਜਾਂ ਬਹੁਤ ਦੇਰ ਨਾਲ ਹੁੰਦੀ ਹੈ ਅਤੇ ਉਦੋਂ ਤੱਕ ਪੰਛੀ ਭਾਵ ਗੁਨਾਹਗਾਰ ਉੱਡ ਚੁੱਕਾ ਹੁੰਦਾ ਹੈ।
ਸੱਚ ਦਾ ਸਾਹਮਣਾ ਇਹ ਕਿ ਦਿਹਾਤੀ ਸਿਹਤ ਕੇਂਦਰਾਂ ’ਚ 30-35 ਹਜ਼ਾਰ ਸਰਕਾਰੀ ਡਾਕਟਰ। ਨਤੀਜਾ-ਬੁਖਾਰ ਆਏ ਤਾਂ ਪਹਿਲਾਂ ਓਝਾ, ਝੋਲਾਛਾਪ ਅਤੇ ਫਿਰ ਡਾਕਟਰ। ਸਿੱਖਿਆ ਦਾ ਆਲਮ ਇਹ ਕਿ ਸ਼ਹਿਰਾਂ ’ਚ ਸਮਾਰਟ ਕਲਾਸ ਅਤੇ ਪਿੰਡ ’ਚ ਇਕ-ਚੌਥਾਈ ਸਕੂਲਾਂ ਕੋਲ ਆਪਣੀ ਇਮਾਰਤ ਵੀ ਨਹੀਂ, ਜੋ ਟੁੱਟੀ-ਭੱਜੀ ਖਾਲੀ ਇਮਾਰਤ ਮਿਲੀ, ਉਸ ’ਚ ਸਰਪੰਚ ਜਾਂ ਮੁਖੀਆ ਨੇ ਸਕੂਲ ਖੋਲ੍ਹ ਦਿੱਤਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਸਰਵ ਸਿੱਖਿਆ ਅਭਿਆਨ ਕਾਮਯਾਬ ਹੋਵੇ। ਅਕਸਰ ਜਿੰਦਰਾ ਲੱਗੇ ਇਨ੍ਹਾਂ ਸਿੱਖਿਆ ਮੰਦਰਾਂ ਦੇ ਦਰਵਾਜ਼ੇ ਉਦੋਂ ਹੀ ਖੁੱਲ੍ਹਦੇ ਹਨ, ਜਦੋਂ ਕੋਈ ਨੇਤਾ ਉੱਥੇ ਭਾਸ਼ਣ ਦੇਣ ਜਾਂਦਾ ਹੈ ਅਤੇ ਬੱਚੇ ਉਦੋਂ ਆਉਂਦੇ ਹਨ ਜਦੋਂ ਮਿਡ-ਡੇ ਮੀਲ ਵੰਡਣਾ ਹੁੰਦਾ ਹੈ।
ਟੀਚਰ ਜੀ ਪਹਿਲਾਂ ਖੇਤ-ਖਲਿਆਣ ਦੇਖਦੇ ਹਨ ਅਤੇ ਕਦੇ ਸੁਸਤਾਉਣ ਜਾਂ ਦੋਸਤਾਂ ਦੀ ਮਹਿਫ਼ਲ ’ਚ ਇੱਥੇ ਆਉਂਦੇ ਹਨ। ਇੱਥੇ ਸਟੂਡੈਂਟ ਮਿਲ ਜਾਣਗੇ ਪਰ ਵਿਦਿਆਰਥੀ ਨਹੀਂ। ਨਤੀਜਾ-10ਵੀਂ ਪਾਸ ਬੱਚਾ ਨੌਕਰੀ ਲਈ ਸ਼ਹਿਰ ਭੱਜਦਾ ਹੈ। ਸਰਕਾਰੀ ਸਕੂਲ-ਹਸਪਤਾਲ ਦਾ ਬਜਟ ਆਉਂਦਾ ਹੈ, ਪਰ ਦਵਾਈ ਅਤੇ ਟੀਚਰ ਦੀ ਕੌਣ ਕਹੇ, ਦੱਸਿਆ ਪਤਾ ਜਾਂ ਸਥਾਨ ਹੀ ਗਾਇਬ ਰਹਿੰਦੇ ਹਨ। ਨਤੀਜਾ, ਪ੍ਰਾਈਵੇਟ ਸਕੂਲ ਅਤੇ ਟਿਊਸ਼ਨ ਪੜ੍ਹਾਉਣ ਵਾਲਿਆਂ ਅਤੇ ਬਿਨਾਂ ਡਿਗਰੀ ਡਾਕਟਰਾਂ ਦੀ ਬੱਲੇ-ਬੱਲੇ। ਸਰਕਾਰ ਨੇ ਹੈਲਥ ਸੈਂਟਰ ਅਤੇ ਸਕੂਲ ਬਣਾਏ, ਪਰ ਸਟਾਫ਼ ਅਤੇ ਮੇਨਟੀਨੈਂਸ ’ਤੇ ਧਿਆਨ ਨਹੀਂ ਦਿੱਤਾ।
ਕੀ ਭੁੱਲੀਏ ਅਤੇ ਕੀ ਕਹੀਏ : ਅਸੀਂ ਆਸਥਾ ਨੂੰ ਜ਼ਿੰਦਾ ਰੱਖਿਆ, ਪਰ ਸਵਾਲ ਪੁੱਛਣਾ ਬੰਦ ਕਰ ਦਿੱਤਾ। ਪੂਜਾ ਜਾਂ ਇਬਾਦਤ ਲਈ ਜਗ੍ਹਾ ਸਭ ਤੋਂ ਜ਼ਿਆਦਾ, ਪਰ ਪੜ੍ਹਨ ਅਤੇ ਇਲਾਜ ਲਈ ਸਭ ਤੋਂ ਘੱਟ। ਭੁੱਲ ਗਏ ਕਿ ਧਰਮ ਸਥਾਨ ਸਾਨੂੰ ਸਵਰਗ, ਜੰਨਤ ਜਾਂ ਬਹਿਸ਼ਤ ਦਾ ਰਸਤਾ ਦਿਖਾਉਂਦੇ ਹਨ, ਸਕੂਲ ਦੁਨੀਆ ’ਚ ਚੱਲਣਾ ਅਤੇ ਹਸਪਤਾਲ ਸਿਹਤਮੰਦ ਰਹਿਣਾ ਸਿਖਾਉਂਦੇ ਹਨ।
ਸਰਕਾਰਾਂ ਦੀ ਹਾਲਤ ਇਹ ਕਿ ਕੋਈ ਗਰੀਬੀ ਹਟਾਉਣ ਦੇ ਨਾਂ ’ਤੇ ਬਣਦੀ ਹੈ ਤਾਂ ਦੂਜੀ ‘ਆਓ ਸਕੂਲ ਚੱਲੀਏ’ ਦੇ ਨਾਅਰੇ ਨਾਲ ਸੱਤਾ ’ਚ ਆਉਂਦੀ ਹੈ ਅਤੇ ਤੀਜੀ ਮੰਦਰ ਬਣਨ ਦੀ ਉਮੀਦ ’ਤੇ ਕਾਬਜ਼ ਹੋ ਜਾਂਦੀ ਹੈ। ਨਿਕੰਮੇ ਅਤੇ ਨਿਠੱਲੇਪਣ ਦੀ ਹੱਦ ਉਦੋਂ ਹੁੰਦੀ ਹੈ ਜਦੋਂ 5 ਸਾਲ ਬਾਅਦ ਇਨ੍ਹਾਂ ਤੋਂ ਲੇਖਾ-ਜੋਖਾ ਤਲਬ ਕਰੀਏ ਤਾਂ ਇਹ ਉਸ ਦੀ ਆਵਾਜ਼ ਖ਼ਾਮੋਸ਼ ਕਰਨ ਲਈ ਮੂੰਹ ’ਚ ਲਾਲੀਪੌਪ ਪਾ ਦਿੰਦੇ ਹਨ। ਇਨ੍ਹਾਂ ਨੂੰ ਕੌਣ ਸਮਝਾਏ? ਇਹ ਜਾਗਦੇ ਹੋਏ ਸੌਣ ਦਾ ਨਾਟਕ ਕਰਦੇ ਹਨ ਅਤੇ ਹਨੇਰਿਆਂ ਨੂੰ ਉਜਾਲੇ ’ਚ ਬਦਲਣ ਦੀ ਰਿਸ਼ਵਤ ਦੇ ਕੇ ਅਜਿਹੀ ਖੇਡ ਰਚਦੇ ਹਨ ਕਿ ਦੁਨੀਆ ’ਚ ਇਨ੍ਹਾਂ ਵਰਗਾ ਕੋਈ ਨਹੀਂ।
ਪਿੱਠ ’ਚ ਛੁਰਾ ਮਾਰਨ ਨੂੰ ਰਾਜਨੀਤੀ ਦਾ ਪਾਠ ਮੰਨਣ ਵਾਲਿਆਂ ਲਈ ਅੰਨਾ ਹਜ਼ਾਰੇ ਜਾਂ ਸੋਨਮ ਵਾਂਗਚੁਕ ਜਾਂ ਬਾਪੂ ਵੀ ਧਰਤੀ ’ਤੇ ਆ ਜਾਣ, ਭੁੱਖ ਹੜਤਾਲ ਜਾਂ ਬਲੀਦਾਨ ਦਾ ਕੋਈ ਅਰਥ ਨਹੀਂ ਰਹਿ ਗਿਆ ਹੈ। ਇੱਲਾਂ, ਕਾਂ ਅਤੇ ਗਿਰਝਾਂ ਤਾੜ ਲਗਾ ਕੇ ਬੈਠੇ ਹਨ ਕਿ ਕਦੋਂ ਉਨ੍ਹਾਂ ਨੂੰ ਆਪਣੇ ਮਨਪਸੰਦ ਭੋਜਨ ਲਈ ਹੇਠਾਂ ਉਤਰਨਾ ਹੈ। ਇਸ ਲਈ ਖ਼ੁਦ ਸਿੱਧ ਹੋਣਾ ਪਵੇਗਾ।
-ਪੂਰਨ ਚੰਦ ਸਰੀਨ
ਹੱਦਬੰਦੀ ਬਿੱਲ ਮਾਨਸੂਨ ਸੈਸ਼ਨ ’ਚ ਵਹੇਗਾ ਜਾਂ ਤੈਰੇਗਾ
NEXT STORY