ਰਾਮ ਮੰਦਰ ’ਚ ਕਥਿਤ ਚੋਰੀ ਸਿਰਫ਼ ਇਕ ਪੁਲਸ ਦਾ ਮਾਮਲਾ ਨਹੀਂ ਹੈ। ਇਹ ਸਿਰਫ਼ ਇਕ ਹੋਰ ਸੁਰਖੀ ਨਹੀਂ ਹੈ। ਇਹ ਇਕ ਜ਼ਖ਼ਮ ਹੈ-ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ’ਤੇ ਇਕ ਡੂੰਘਾ ਜ਼ਖ਼ਮ, ਜਿਨ੍ਹਾਂ ਨੇ ਇਹ ਮੰਨਿਆ ਸੀ ਕਿ ਇਹ ਮੰਦਰ ਹਰ ਚੀਜ਼ ਤੋਂ ਉੱਪਰ ਹੈ। ਰਾਜਨੀਤੀ ਤੋਂ ਉੱਪਰ, ਲਾਲਚ ਤੋਂ ਉੱਪਰ, ਭ੍ਰਿਸ਼ਟਾਚਾਰ ਤੋਂ ਉੱਪਰ। ਕਈ ਭਾਰਤੀਆਂ ਲਈ, ਰਾਮ ਮੰਦਰ ਸਿਰਫ਼ ਪੱਥਰ ਦਾ ਸਮਾਰਕ ਨਹੀਂ ਸੀ; ਇਹ ਪ੍ਰਾਰਥਨਾਵਾਂ, ਕੁਰਬਾਨੀਆਂ ਅਤੇ ਵਿਸ਼ਵਾਸ ਦੀਆਂ ਪੀੜ੍ਹੀਆਂ ਦੀ ਪੂਰਤੀ ਸੀ। ਇਹ ਆਪਣੇ ਸੱਚੇ ਅਰਥਾਂ ’ਚ ਪਵਿੱਤਰ ਸੀ ਅਤੇ ਅੱਜ, ਇਹ ਸੁਣਨਾ ਕਿ ਉੱਥੇ ਦਿੱਤੀ ਗਈ ਭੇਟ ਵੀ ਚੋਰੀ ਹੋ ਸਕਦੀ ਹੈ, ਸਭ ਤੋਂ ਕੱਚੇ ਰੂਪ ’ਚ ਵਿਸ਼ਵਾਸਘਾਤ ਵਾਂਗ ਲੱਗਦਾ ਹੈ। ਹਰ ਹਿੰਦੂ ਨੇ ਉੱਥੇ ਜਾਣ ਲਈ ਸਾਲਾਂ ਤੱਕ ਇੰਤਜ਼ਾਰ ਕੀਤਾ ਅਤੇ ਤਰਸਦੇ ਰਹੇ।
ਇਕ ਭਗਤ ਮੰਦਰ ’ਚ ਕੀ ਲਿਆਉਂਦਾ ਹੈ? ਧਨ ਨਹੀਂ। ਸ਼ਕਤੀ ਨਹੀਂ। ਉਹ ਆਸ ਲਿਆਉਂਦਾ ਹੈ। ਇਕ ਮਾਂ ਆਪਣੇ ਬੱਚੇ ਦੀ ਸਿਹਤ ਲਈ ਪ੍ਰਾਰਥਨਾ ਕਰਦੀ ਹੋਈ ਅੰਦਰ ਜਾਂਦੀ ਹੈ। ਇਕ ਪਿਤਾ ਆਪਣੇ ਪਰਿਵਾਰ ਦੇ ਭਵਿੱਖ ਲਈ ਹੱਥ ਜੋੜਦਾ ਹੈ। ਇਕ ਕਿਸਾਨ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਭੇਟ ਕਰਦਾ ਹੈ। ਇਕ ਮਜ਼ਦੂਰ, ਦਿਨ ਭਰ ਦੀ ਮਿਹਨਤ ਅਤੇ ਪਸੀਨੇ ਤੋਂ ਬਾਅਦ, ਦਾਨ ਪੇਟੀ ’ਚ ਦਸ ਰੁਪਏ ਦਾ ਨੋਟ ਪਾਉਂਦਾ ਹੈ, ਇਹ ਵਿਸ਼ਵਾਸ ਕਰਦੇ ਹੋਏ ਕਿ ਇਹ ਉਸ ਦੇ ਸੁਪਨਿਆਂ ਨੂੰ ਭਗਵਾਨ ਤੱਕ ਲੈ ਜਾਂਦਾ ਹੈ। ਦੁਨੀਆ ਨੂੰ ਉਹ ਦਸ ਰੁਪਏ ਦਾ ਨੋਟ ਮਹੱਤਵਹੀਣ ਲੱਗ ਸਕਦਾ ਹੈ, ਪਰ ਇਸ ਦਾ ਵਜ਼ਨ ਇੰਨਾ ਹੈ ਕਿ ਕੋਈ ਅਕਾਊਂਟੈਂਟ ਇਸ ਨੂੰ ਮਾਪ ਨਹੀਂ ਸਕਦਾ। ਇਸ ’ਚ ਵਿਸ਼ਵਾਸ ਹੁੰਦਾ ਹੈ।
ਅਤੇ ਜਦੋਂ ਕੋਈ ਉਸ ਨੂੰ ਚੋਰੀ ਕਰਦਾ ਹੈ, ਤਾਂ ਉਹ ਪੈਸੇ ਨਹੀਂ ਚੋਰੀ ਕਰ ਰਿਹਾ ਹੁੰਦਾ। ਉਹ ਪ੍ਰਾਰਥਨਾਵਾਂ ਚੋਰੀ ਕਰ ਰਿਹਾ ਹੁੰਦਾ ਹੈ। ਇਹ ਅਪਰਾਧਿਕ ਹੈ।
ਇਹੀ ਗੱਲ ਰਾਮ ਮੰਦਰ ਦੇ ਇਸ ਮਾਮਲੇ ਨੂੰ ਇੰਨੀ ਦਰਦਨਾਕ ਬਣਾਉਂਦੀ ਹੈ। ਇਹ ਮੰਦਰ ਵੱਖਰਾ ਸੀ। ਇਹ ਧਰਮ ਤੋਂ ਕਿਤੇ ਵੱਡੀ ਚੀਜ਼ ਦੀ ਨੁਮਾਇੰਦਗੀ ਕਰਦਾ ਸੀ। ਇਹ ਯਾਦ, ਪਛਾਣ ਅਤੇ ਸਕੂਨ ਦੀ ਨੁਮਾਇੰਦਗੀ ਕਰਦਾ ਸੀ। ਇਹ ਉਨ੍ਹਾਂ ਕਰੋੜਾਂ ਲੋਕਾਂ ਲਈ ਦਹਾਕਿਆਂ ਦੇ ਇੰਤਜ਼ਾਰ ਦਾ ਜਵਾਬ ਸੀ, ਜਿਨ੍ਹਾਂ ਨੇ ਇਸ ਨੂੰ ਕੁਝ ਬਹੁਤ ਹੀ ਪਵਿੱਤਰ ਦੀ ਬਹਾਲੀ ਦੇ ਰੂਪ ’ਚ ਦੇਖਿਆ ਸੀ। ਉਨ੍ਹਾਂ ਲਈ, ਰਾਮ ਮੰਦਰ ਸਿਰਫ਼ ਭਗਵਾਨ ਰਾਮ ਦਾ ਘਰ ਨਹੀਂ ਸੀ। ਇਹ ਉਨ੍ਹਾਂ ਦਾ ਭਾਵਨਾਤਮਕ ਘਰ ਸੀ। ਅਤੇ ਹੁਣ, ਇਹ ਵਿਚਾਰ ਕਿ ਲਾਲਚ ਉਸ ਪਵਿੱਤਰ ਸਥਾਨ ’ਚ ਦਾਖਲ ਹੋ ਗਿਆ ਹੈ, ਲੋਕਾਂ ਨੂੰ ਹੈਰਾਨ, ਗੁੱਸੇ ਅਤੇ ਦੁਖੀ ਕਰ ਗਿਆ ਹੈ।
ਅਫ਼ਸੋਸ ਦੀ ਗੱਲ ਹੈ ਕਿ ਆਸਥਾ ਨੂੰ ਇਸ ਤਰ੍ਹਾਂ ਝੰਜੋੜਨ ਵਾਲਾ ਇਹ ਪਹਿਲਾ ਮਾਮਲਾ ਨਹੀਂ ਹੈ। ਪੂਰੇ ਭਾਰਤ ’ਚ, ਪਵਿੱਤਰ ਸੰਸਥਾਵਾਂ ਵਾਰ-ਵਾਰ ਵਿਵਾਦਾਂ ਦੇ ਪਰਛਾਵੇਂ ’ਚ ਪਾਈਆਂ ਗਈਆਂ ਹਨ। ਤਿਰੂਮਾਲਾ ਵੈਂਕਟੇਸ਼ਵਰ ਮੰਦਰ ’ਚ, ਪਾਰਦਰਸ਼ਤਾ ਅਤੇ ਪ੍ਰਬੰਧਨ ਨੂੰ ਲੈ ਕੇ ਸਵਾਲ ਵਾਰ-ਵਾਰ ਉੱਠਦੇ ਰਹੇ ਹਨ। ਜਗਨਨਾਥ ਮੰਦਰ ’ਚ, ਕੀਮਤੀ ਸਾਮਾਨ ਦੇ ਗਾਇਬ ਹੋਣ ਅਤੇ ਅੰਦਰੂਨੀ ਵਿਵਾਦਾਂ ਨਾਲ ਜੁੜੇ ਪ੍ਰੇਸ਼ਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਸਬਰੀਮਾਲਾ ਮੰਦਰ ’ਚ ਪ੍ਰਸ਼ਾਸਨਿਕ ਅਸਫਲਤਾਵਾਂ ਦੇਖੀਆਂ ਗਈਆਂ ਹਨ ਜਿਸ ਕਾਰਨ ਦੁਖਦਾਈ ਰੂਪ ’ਚ ਲੋਕਾਂ ਦੀ ਜਾਨ ਗਈ ਹੈ। ਪਦਮਨਾਭਸਵਾਮੀ ਮੰਦਰ ਨੇ ਮੰਦਰਾਂ ਦੀ ਅਪਾਰ ਸੰਪਤੀ ਅਤੇ ਇਸ ਗੱਲ ’ਤੇ ਸਵਾਲ ਖੜ੍ਹੇ ਕੀਤੇ ਕਿ ਇਸ ਨੂੰ ਕੌਣ ਕੰਟਰੋਲ ਕਰਦਾ ਹੈ ਅਤੇ ਕਿਵੇਂ।
ਅਤੇ ਫਿਰ ਹੋਰ ਅਦਿੱਖ ਜ਼ਖ਼ਮ ਹਨ- ਮਿਲਾਵਟੀ ਘਿਓ, ਖ਼ਰਾਬ ਗੁਣਵੱਤਾ ਵਾਲੇ ਪ੍ਰਸ਼ਾਦ, ਸਮਝੌਤਾ ਕੀਤੀ ਗਈ ਭੇਟ ਦੇ ਦੋਸ਼। ਜੋ ਲੋਕ ਭਗਤੀ ਨੂੰ ਨਹੀਂ ਸਮਝਦੇ, ਉਨ੍ਹਾਂ ਲਈ ਇਹ ਗੱਲਾਂ ਛੋਟੀਆਂ ਲੱਗ ਸਕਦੀਆਂ ਹਨ ਪਰ ਇਕ ਵਿਸ਼ਵਾਸੀ ਲਈ, ਇਹ ਬਹੁਤ ਵੱਡੀਆਂ ਗੱਲਾਂ ਹਨ। ਪ੍ਰਸ਼ਾਦ ਪਵਿੱਤਰ ਹੁੰਦਾ ਹੈ। ਇਹ ਭੋਜਨ ਨਹੀਂ ਹੈ, ਉਹ ਕਿਰਪਾ ਹੈ। ਪੂਜਾ ’ਚ ਚੜ੍ਹਾਇਆ ਗਿਆ ਘਿਓ ਕੋਈ ਵਸਤੂ ਨਹੀਂ ਹੈ; ਇਹ ਪਵਿੱਤਰਤਾ ਹੈ। ਜੇਕਰ ਇਨ੍ਹਾਂ ਨੂੰ ਵੀ ਦੂਸ਼ਿਤ ਕੀਤਾ ਜਾਂਦਾ ਹੈ, ਤਾਂ ਕੀ ਅਛੂਤਾ ਰਹਿੰਦਾ ਹੈ? ਪ੍ਰਸ਼ਾਦ ਪ੍ਰਾਰਥਨਾਵਾਂ ਅਤੇ ਭਾਵਨਾਵਾਂ ਨਾਲ ਭਰ ਕੇ ਰਿਸ਼ਤੇਦਾਰਾਂ ਲਈ ਦੇਸ਼-ਵਿਦੇਸ਼ ’ਚ ਲਿਜਾਇਆ ਜਾਂਦਾ ਹੈ।
ਆਸਥਾ ਇੰਝ ਮਰਦੀ ਹੈ-ਕਿਸੇ ਇਕ ਨਾਟਕੀ ਪਲ ’ਚ ਨਹੀਂ, ਸਗੋਂ ਵਾਰ-ਵਾਰ ਕੀਤੇ ਗਏ ਵਿਸ਼ਵਾਸਘਾਤ ’ਚ।
ਜੋ ਗੱਲ ਇਸ ਨੂੰ ਅਸਹਿਣਯੋਗ ਬਣਾਉਂਦੀ ਹੈ ਉਹ ਇਹ ਹੈ ਕਿ ਮੰਦਰ ਕਈ ਲੋਕਾਂ ਲਈ ਆਖਰੀ ਸਹਾਰਾ ਹਨ। ਜਦੋਂ ਜ਼ਿੰਦਗੀ ਬਹੁਤ ਭਾਰੀ ਹੋ ਜਾਂਦੀ ਹੈ, ਤਾਂ ਲੋਕ ਮੰਦਰਾਂ ’ਚ ਜਾਂਦੇ ਹਨ। ਇਕ ਮਜ਼ਦੂਰ ਬੱਸ ਫੜ ਕੇ ਅਤੇ ਮੰਦਰ ਜਾਣ ਲਈ ਮਹੀਨਿਆਂਬੱਧੀ ਪੈਸੇ ਜਮ੍ਹਾ ਕਰਦਾ ਹੈ। ਜਦੋਂ ਦਵਾਈ ਅਸਫਲ ਹੋ ਜਾਂਦੀ ਹੈ, ਜਦੋਂ ਪੈਸਾ ਖ਼ਤਮ ਹੋ ਜਾਂਦਾ ਹੈ, ਜਦੋਂ ਰਿਸ਼ਤੇ ਟੁੱਟ ਜਾਂਦੇ ਹਨ, ਜਦੋਂ ਉਮੀਦ ਧੁੰਦਲੀ ਪੈ ਜਾਂਦੀ ਹੈ-ਤਾਂ ਲੋਕ ਭਗਵਾਨ ਕੋਲ ਜਾਂਦੇ ਹਨ। ਮੰਦਰ ਉਹ ਥਾਵਾਂ ਹਨ ਜਿੱਥੇ ਹੰਝੂ ਲੁਕੇ ਹੁੰਦੇ ਹਨ, ਜਿੱਥੇ ਡਰ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਿੱਥੋਂ ਤਾਕਤ ਉਧਾਰ ਲਈ ਜਾਂਦੀ ਹੈ। ਉਹ ਭਾਵਨਾਤਮਕ ਆਸਰੇ ਹਨ। ਉਸ ਜਗ੍ਹਾ ਨੂੰ ਭ੍ਰਿਸ਼ਟ ਕਰਨਾ ਲੋਕਾਂ ਨੂੰ ਉਨ੍ਹਾਂ ਦੇ ਆਸਰੇ ਤੋਂ ਵਾਂਝਾ ਕਰਨਾ ਹੈ।
ਅਤੇ ਆਮ ਆਦਮੀ ਇਸ ਨੂੰ ਸਭ ਤੋਂ ਵੱਧ ਮਹਿਸੂਸ ਕਰਦਾ ਹੈ। ਅਮੀਰ ਲੋਕ ਅੱਗੇ ਵਧ ਸਕਦੇ ਹਨ। ਸੰਸਥਾਵਾਂ ਬਿਆਨ ਜਾਰੀ ਕਰ ਸਕਦੀਆਂ ਹਨ। ਪ੍ਰਸ਼ਾਸਕ ਵਕੀਲਾਂ ਨੂੰ ਕੰਮ ’ਤੇ ਰੱਖ ਸਕਦੇ ਹਨ ਪਰ ਸਾਧਾਰਨ ਭਗਤ ਸੱਟ ਨੂੰ ਬਰਦਾਸ਼ਤ ਕਰਦਾ ਹੈ। ਉਹ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਇਸ ਲਈ ਨਹੀਂ ਕਿ ਉਸ ਨੇ ਪੈਸੇ ਗੁਆ ਦਿੱਤੇ, ਸਗੋਂ ਇਸ ਲਈ ਕਿਉਂਕਿ ਉਸਨੇ ਮਾਸੂਮੀਅਤ ਗੁਆ ਦਿੱਤੀ, ਕਿਉਂਕਿ ਉਸ ਨੇ ਵਿਸ਼ਵਾਸ ਕੀਤਾ ਸੀ ਕਿ ਇਸ ਦੁਨੀਆ ’ਚ ਕੁਝ ਥਾਵਾਂ ਅਜੇ ਵੀ ਲਾਲਚ ਤੋਂ ਅਛੂਤੀਆਂ ਹਨ ਅਤੇ ਹੁਣ ਉਹ ਨਿਸ਼ਚਿਤਤਾ ਵੀ ਨਾਜ਼ੁਕ ਲੱਗ ਰਹੀ ਹੈ।
ਰਾਮ ਮੰਦਰ ਦੀ ਘਟਨਾ ਨੇ ਵਧੇਰੇ ਸੱਟ ਮਾਰੀ ਕਿਉਂਕਿ ਇਸ ’ਚ ਕਰੋੜਾਂ ਲੋਕਾਂ ਦੇ ਸੁਪਨੇ ਸਨ। ਕਈ ਲੋਕਾਂ ਲਈ, ਇਹ ਇਕ ਅਜਿਹਾ ਪਲ ਸੀ ਜਿਸ ਨੂੰ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਆਪਣੇ ਜੀਵਨ ਕਾਲ ’ਚ ਕਦੇ ਨਹੀਂ ਦੇਖਣਗੇ। ਉਨ੍ਹਾਂ ਨੇ ਇਸ ਨੂੰ ਨਿੱਜੀ ਜਿੱਤ, ਇਕ ਅਧਿਆਤਮਿਕ ਘਰ ਵਾਪਸੀ ਵਾਂਗ ਮਨਾਇਆ। ਹੁਣ ਚੋਰੀ, ਬੇਨਿਯਮੀਆਂ ਅਤੇ ਇਸ ਦੀ ਪਵਿੱਤਰ ਭੇਟ ਦੇ ਆਲੇ-ਦੁਆਲੇ ਸ਼ੱਕ ਬਾਰੇ ਸੁਣਨਾ ਅਜਿਹਾ ਲੱਗਦਾ ਹੈ ਜਿਵੇਂ ਕਿਸੇ ਸ਼ੁੱਧ ਚੀਜ਼ ਨੂੰ ਦਾਗਦਾਰ ਹੁੰਦੇ ਦੇਖਣਾ।
ਪਰ ਦਰਦ ਨੂੰ ਕਾਰਵਾਈ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸਖ਼ਤ ਜਨਤਕ ਪਾਰਦਰਸ਼ੀ ਕਾਰਵਾਈ ਤਾਂ ਜੋ ਭਵਿੱਖ ’ਚ ਕੋਈ ਅਜਿਹੀ ਅਣਕਿਆਸੀ ਚੀਜ਼ ਬਾਰੇ ਸੋਚਣ ਦੀ ਹਿੰਮਤ ਵੀ ਨਾ ਕਰੇ।
ਇਸ ਦੇਸ਼ ਦੇ ਹਰ ਮੰਦਰ ਨੂੰ, ਵਿਸ਼ੇਸ਼ ਰੂਪ ’ਚ ਉਹ ਜੋ ਦਾਨ ’ਚ ਕਰੋੜਾਂ ਰੁਪਏ ਸੰਭਾਲ ਰਹੇ ਹਨ, ਉਨ੍ਹਾਂ ਨੂੰ ਪਾਰਦਰਸ਼ਤਾ ਦੀਆਂ ਸਖ਼ਤ ਪ੍ਰਣਾਲੀਆਂ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ। ਹਰ ਰੁਪਏ ਨੂੰ ਡਿਜੀਟਲ ਰੂਪ ’ਚ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ। ਹਰ ਭੇਟ ਦਾ ਹਿਸਾਬ ਹੋਣਾ ਚਾਹੀਦਾ ਹੈ। ਸੁਤੰਤਰ ਆਡਿਟ ਜਨਤਕ ਕੀਤੇ ਜਾਣੇ ਚਾਹੀਦੇ ਹਨ। ਦਾਨ ਕਮਰਿਆਂ ’ਚ ਸੀ. ਸੀ. ਟੀ. ਵੀ. ਨਿਗਰਾਨੀ ਲਾਜ਼ਮੀ ਹੋਣੀ ਚਾਹੀਦੀ ਹੈ। ਘਿਓ ਅਤੇ ਪ੍ਰਸਾਦ ਸਮੱਗਰੀ ਵਰਗੀਆਂ ਪਵਿੱਤਰ ਵਸਤੂਆਂ ਦੀ ਖਰੀਦ ਸਖ਼ਤ ਗੁਣਵੱਤਾ ਜਾਂਚ ’ਚੋਂ ਲੰਘਣੀ ਚਾਹੀਦੀ ਹੈ। ਮੰਦਰ ਬੋਰਡਾਂ ’ਚ ਸਿਰਫ ਧਾਰਮਿਕ ਅਧਿਕਾਰੀ ਹੀ ਨਹੀਂ, ਸਗੋਂ ਵਿੱਤੀ ਮਾਹਿਰ, ਕਾਨੂੰਨੀ ਦਿਮਾਗ ਅਤੇ ਭਾਈਚਾਰੇ ਦੇ ਨੁਮਾਇੰਦੇ ਸ਼ਾਮਲ ਹੋਣੇ ਚਾਹੀਦੇ ਹਨ।
ਅਤੇ ਸਭ ਤੋਂ ਵੱਧ, ਸਜ਼ਾ ਤੁਰੰਤ ਹੋਣੀ ਚਾਹੀਦੀ ਹੈ। ਜੋ ਕੋਈ ਵੀ ਮੰਦਰ ’ਚੋਂ ਚੋਰੀ ਕਰਦਾ ਹੈ, ਉਸ ਨੂੰ ਸਭ ਤੋਂ ਸਖ਼ਤ ਨਤੀਜਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਲਈ ਨਹੀਂ ਕਿ ਇਹ ਬਦਲਾ ਹੈ, ਸਗੋਂ ਇਸ ਲਈ ਕਿਉਂਕਿ ਇਹ ਇਨਸਾਫ਼ ਹੈ, ਕਿਉਂਕਿ ਆਸਥਾ ਤੋਂ ਚੋਰੀ ਕਰਨਾ ਸਭ ਤੋਂ ਡੂੰਘੇ ਵਿਸ਼ਵਾਸਘਾਤਾਂ ’ਚੋਂ ਇਕ ਹੈ।
ਪ੍ਰਭੂ ਨੂੰ ਸਵਾਲਾਂ ਤੋਂ ਸੁਰੱਖਿਆ ਦੀ ਲੋੜ ਨਹੀਂ ਹੈ। ਇਸ ਨੂੰ ਮਨੁੱਖੀ ਲਾਲਚ ਤੋਂ ਸੁਰੱਖਿਆ ਦੀ ਲੋੜ ਹੈ।
ਰਾਮ ਮੰਦਰ ਦਾ ਇਹ ਘਟਨਾਕ੍ਰਮ ਇਕ ਮੋੜ ਬਣਨਾ ਚਾਹੀਦਾ ਹੈ। ਇਕ ਅਜਿਹਾ ਪਲ ਜਿੱਥੇ ਦੇਸ਼ ਇਹ ਤੈਅ ਕਰੇ ਕਿ ਆਸਥਾ ਦਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ, ਭਗਤੀ ਨੂੰ ਲੁੱਟਿਆ ਨਹੀਂ ਜਾ ਸਕਦਾ, ਕਿ ਮੰਦਰਾਂ ਨੂੰ ਨਾ ਸਿਰਫ ਰੀਤੀ-ਰਿਵਾਜਾਂ ’ਚ, ਸਗੋਂ ਆਚਰਣ ’ਚ ਵੀ ਪਵਿੱਤਰ ਰਹਿਣਾ ਚਾਹੀਦਾ ਹੈ।
ਕਿਉਂਕਿ ਜੇਕਰ ਆਮ ਆਦਮੀ ਦਾ ਮੰਦਰ ਤੋਂ ਵਿਸ਼ਵਾਸ ਉੱਠ ਗਿਆ, ਤਾਂ ਉਹ ਧਰਮ ਤੋਂ ਵੱਧ ਕੁਝ ਖੋਹ ਬੈਠੇਗਾ। ਉਹ ਉਹ ਜਗ੍ਹਾ ਖੋਹ ਬੈਠੇਗਾ ਜਿੱਥੇ ਉਸ ਨੇ ਆਪਣੀ ਉਮੀਦ ਰੱਖੀ ਸੀ।
ਅਤੇ ਇਹ ਸਭ ਤੋਂ ਵੱਡੀ ਚੋਰੀ ਹੈ। ਮੈਨੂੰ ਮੋਦੀ ਸਰਕਾਰ ਅਤੇ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਹੋਵੇ ਅਤੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ’ਚ ਖਾਤਿਆਂ ਦੀ ਪੂਰੀ ਜਾਂਚ ਵੀ ਹੋਵੇ। ਮੈਨੂੰ ਯਕੀਨ ਹੈ ਕਿ ਪੀ. ਐੱਮ. ਇਸ ਅਪਰਾਧਿਕ ਕਾਰਨਾਮੇ ਨੂੰ ਹਲਕੇ ’ਚ ਨਹੀਂ ਲੈਣਗੇ ਕਿਉਂਕਿ ਰਾਮ ਮੰਦਰ ਵੀ ਉਨ੍ਹਾਂ ਦਾ ਵੱਡਾ ਸੁਪਨਾ ਅਤੇ ਦੇਸ਼ ਤੇ ਆਪਣੇ ਪ੍ਰਤੀ ਵਚਨਬੱਧਤਾ ਸੀ।
-ਦੇਵੀ ਐੱਮ. ਚੇਰੀਅਨ
ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!
NEXT STORY