ਦਸ ਸਾਲ ਪਹਿਲਾਂ, ਅਸੀਂ ਇਕ ਅਜਿਹੇ ਖੇਤਰ ਵਿਚ ਪੂਰਨ ਵਿਸ਼ਵਾਸ ਦੇ ਨਾਲ ਅਜਿਹੀ ਯਾਤਰਾ ਸ਼ੁਰੂ ਕੀਤੀ ਸੀ, ਜਿੱਥੇ ਪਹਿਲਾਂ ਕੋਈ ਨਹੀਂ ਗਿਆ ਸੀ। ਜਿੱਥੇ ਦਹਾਕਿਆਂ ਤੱਕ ਇਹ ਸੰਦੇਹ ਕੀਤਾ ਗਿਆ ਕਿ ਭਾਰਤੀ ਤਕਨੀਕ ਦੀ ਵਰਤੋਂ ਕਰ ਪਾਉਣਗੇ ਕਿ ਨਹੀਂ, ਅਸੀਂ ਉਸ ਸੋਚ ਨੂੰ ਬਦਲਿਆ ਅਤੇ ਭਾਰਤੀਆਂ ਦੀ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਵਿਸ਼ਵਾਸ ਕੀਤਾ।
ਜਿੱਥੇ ਦਹਾਕਿਆਂ ਤੱਕ ਸਿਰਫ਼ ਇਹ ਸੋਚਿਆ ਗਿਆ ਕਿ ਤਕਨੀਕ ਦੀ ਵਰਤੋਂ ਅਮੀਰ ਅਤੇ ਗ਼ਰੀਬ ਦੇ ਦਰਮਿਆਨ ਦੀ ਖਾਈ ਨੂੰ ਹੋਰ ਡੂੰਘਾ ਕਰ ਦੇਵੇਗੀ, ਅਸੀਂ ਉਸ ਮਾਨਸਿਕਤਾ ਨੂੰ ਬਦਲਿਆ ਅਤੇ ਤਕਨੀਕ ਦੇ ਜ਼ਰੀਏ ਉਸ ਖਾਈ ਨੂੰ ਖ਼ਤਮ ਕੀਤਾ। ਜਦੋਂ ਨੀਅਤ ਸਹੀ ਹੁੰਦੀ ਹੈ, ਤਾਂ ਇਨੋਵੇਸ਼ਨ ਵਾਂਝਿਆਂ ਨੂੰ ਸਸ਼ਕਤ ਕਰਦੀ ਹੈ। ਜਦੋਂ ਦ੍ਰਿਸ਼ਟੀਕੋਣ ਸਮਾਵੇਸ਼ੀ ਹੁੰਦਾ ਹੈ, ਤਾਂ ਤਕਨੀਕ ਹਾਸ਼ੀਏ ’ਤੇ ਖੜ੍ਹੇ ਲੋਕਾਂ ਦੇ ਜੀਵਨ ਵਿਚ ਪਰਿਵਰਤਨ ਲਿਆਉਂਦੀ ਹੈ। ਇਹੀ ਵਿਸ਼ਵਾਸ ਡਿਜੀਟਲ ਇੰਡੀਆ ਦੀ ਨੀਂਹ ਬਣਿਆ-ਇਕ ਐਸਾ ਮਿਸ਼ਨ ਜੋ ਸਾਰਿਆਂ ਲਈ ਪਹੁੰਚ ਨੂੰ ਲੋਕਤੰਤਰੀ (ਆਸਾਨ) ਬਣਾਉਣ, ਸਮਾਵੇਸ਼ੀ ਡਿਜੀਟਲ ਇਨਫ੍ਰਾਸਟ੍ਰਕਚਰ ਬਣਾਉਣ ਅਤੇ ਮੌਕਿਆਂ ਨੂੰ ਉਪਲਬਧ ਕਰਵਾਉਣ ਲਈ ਸ਼ੁਰੂ ਹੋਇਆ।
2014 ਵਿਚ, ਇੰਟਰਨੈੱਟ ਦੀ ਪਹੁੰਚ ਸੀਮਤ ਸੀ, ਡਿਜੀਟਲ ਸਾਖਰਤਾ ਘੱਟ ਸੀ ਅਤੇ ਸਰਕਾਰੀ ਸੇਵਾਵਾਂ ਦੀ ਆਨਲਾਈਨ ਪਹੁੰਚ ਬੇਹੱਦ ਸੀਮਤ ਸੀ। ਕਈ ਲੋਕਾਂ ਨੂੰ ਸੰਦੇਹ ਸੀ ਕਿ ਭਾਰਤ ਜਿਹਾ ਵਿਸ਼ਾਲ ਅਤੇ ਵਿਵਿਧ ਦੇਸ਼ ਅਸਲ ਵਿਚ ਡਿਜੀਟਲ ਬਣ ਸਕਦਾ ਹੈ ਜਾਂ ਨਹੀਂ। ਅੱਜ, ਇਸ ਪ੍ਰਸ਼ਨ ਦਾ ਉੱਤਰ ਡੇਟਾ ਅਤੇ ਡੈਸ਼ਬੋਰਡ ਵਿਚ ਨਹੀਂ, ਬਲਕਿ 140 ਕਰੋੜ ਭਾਰਤੀਆਂ ਦੇ ਜੀਵਨ ਜ਼ਰੀਏ ਦਿੱਤਾ ਜਾ ਚੁੱਕਾ ਹੈ। ਸ਼ਾਸਨ ਤੋਂ ਲੈ ਕੇ ਸਿੱਖਿਆ, ਲੈਣ-ਦੇਣ ਅਤੇ ਨਿਰਮਾਣ ਤੱਕ, ਡਿਜੀਟਲ ਇੰਡੀਆ ਹਰ ਜਗ੍ਹਾ ਹੈ।
ਡਿਜੀਟਲ ਡਿਵਾਈਡ ਨੂੰ ਪੂਰਦੇ ਹੋਏ
2014 ਵਿਚ ਭਾਰਤ ’ਚ ਲਗਭਗ 25 ਕਰੋੜ ਇੰਟਰਨੈੱਟ ਕੁਨੈਕਸ਼ਨ ਸਨ। ਅੱਜ ਇਹ ਗਿਣਤੀ ਵਧ ਕੇ 97 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। 42 ਲੱਖ ਕਿਲੋਮੀਟਰ ਤੋਂ ਜ਼ਿਆਦਾ ਆਪਟੀਕਲ ਫਾਈਬਰ ਕੇਬਲ, ਜੋ ਪ੍ਰਿਥਵੀ ਅਤੇ ਚੰਦਰਮਾ ਦੇ ਦਰਮਿਆਨ ਦੀ ਦੂਰੀ ਦਾ 11 ਗੁਣਾ ਹੈ, ਹੁਣ ਦੂਰ-ਦਰਾਜ ਪਿੰਡਾਂ ਨੂੰ ਵੀ ਜੋੜ ਰਹੀ ਹੈ।
ਭਾਰਤ ਦਾ 5ਜੀ ਰੋਲਆਊਟ ਵਿਸ਼ਵ ਵਿਚ ਸਭ ਤੋਂ ਤੇਜ਼ ਰੋਲਆਊਟਸ ਵਿਚੋਂ ਇਕ ਹੈ ਅਤੇ ਸਿਰਫ਼ ਦੋ ਵਰ੍ਹਿਆਂ ਵਿਚ 4.81 ਲੱਖ ਬੇਸ ਸਟੇਸ਼ਨਸ ਸਥਾਪਿਤ ਕੀਤੇ ਗਏ ਹਨ। ਹਾਈ-ਸਪੀਡ ਇੰਟਰਨੈੱਟ ਹੁਣ ਸ਼ਹਿਰੀ ਕੇਂਦਰਾਂ ਤੋਂ ਲੈ ਕੇ ਮੋਹਰੀ ਮਿਲਿਟਰੀ ਚੌਕੀਆਂ ਤੱਕ ਜਿਵੇਂ ਗਲਵਾਨ, ਸਿਆਚਿਨ ਅਤੇ ਲੱਦਾਖ ਪਹੁੰਚ ਚੁੱਕਾ ਹੈ।
ਇੰਡੀਆ ਸਟੈਕ, ਜੋ ਸਾਡਾ ਡਿਜੀਟਲ ਬੈਕਬੋਨ ਹੈ, ਨੇ ਯੂ. ਪੀ. ਆਈ. ਵਰਗੇ ਪਲੇਟਫਾਰਮ ਨੂੰ ਸਮਰੱਥ ਬਣਾਇਆ ਹੈ, ਜੋ ਹੁਣ ਸਾਲਾਨਾ 100 ਬਿਲੀਅਨ ਤੋਂ ਜ਼ਿਆਦਾ ਲੈਣ-ਦੇਣ ਕਰਦਾ ਹੈ। ਵਿਸ਼ਵ ਵਿਚ ਹੋਣ ਵਾਲੀਆਂ ਕੁੱਲ ਰੀਅਲ-ਟਾਈਮ ਡਿਜੀਟਲ ਟ੍ਰਾਂਜੈਕਸ਼ਨਾਂ ਵਿਚੋਂ ਲਗਭਗ ਅੱਧੀਆਂ ਭਾਰਤ ਵਿਚ ਹੁੰਦੀਆਂ ਹਨ।
ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀ. ਬੀ. ਟੀ.) ਰਾਹੀਂ 44 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਸਿੱਧੇ ਨਾਗਰਿਕਾਂ ਨੂੰ ਟ੍ਰਾਂਸਫਰ ਕੀਤੀ ਗਈ ਹੈ, ਜਿਸ ਨਾਲ ਵਿਚੋਲਿਆਂ ਦੀ ਭੂਮਿਕਾ ਸਮਾਪਤ ਹੋਈ ਅਤੇ 3.48 ਲੱਖ ਕਰੋੜ ਰੁਪਏ ਦੀ ਲੀਕੇਜ ਰੋਕੀ ਗਈ ਹੈ। ਸਵਾਮਿਤਵ ਜਿਹੀਆਂ ਯੋਜਨਾਵਾਂ ਨੇ 2.4 ਕਰੋੜ ਤੋਂ ਜ਼ਿਆਦਾ ਪ੍ਰਾਪਰਟੀ ਕਾਰਡਸ ਜਾਰੀ ਕੀਤੇ ਹਨ ਅਤੇ 6.47 ਲੱਖ ਪਿੰਡਾਂ ਨੂੰ ਮੈਪ ਕੀਤਾ ਹੈ, ਜਿਸ ਨਾਲ ਵਰ੍ਹਿਆਂ ਤੋਂ ਚੱਲੀ ਆ ਰਹੀ ਭੂਮੀ ਸਬੰਧੀ ਅਨਿਸ਼ਚਿਤਤਾ ਦਾ ਅੰਤ ਹੋਇਆ ਹੈ।
ਸਾਰਿਆਂ ਲਈ ਮੌਕਿਆਂ ਦਾ ਲੋਕਤੰਤਰੀਕਰਨ
ਭਾਰਤ ਦੀ ਡਿਜੀਟਲ ਅਰਥਵਿਵਸਥਾ ਹੁਣ ਪਹਿਲੇ ਤੋਂ ਕਿਤੇ ਜ਼ਿਆਦਾ ਐੱਮ. ਐੱਸ. ਐੱਮ. ਈਜ਼ ਅਤੇ ਛੋਟੇ ਉੱਦਮੀਆਂ ਨੂੰ ਸਸ਼ਕਤ ਬਣਾ ਰਹੀ ਹੈ। ਓ. ਐੱਨ. ਡੀ. ਸੀ. (ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ) ਇਕ ਕ੍ਰਾਂਤੀਕਾਰੀ ਪਲੇਟਫਾਰਮ ਹੈ ਜੋ ਵਿਕ੍ਰੇਤਾਵਾਂ ਅਤੇ ਖਰੀਦਦਾਰਾਂ ਦੇ ਵਿਸ਼ਾਲ ਬਾਜ਼ਾਰ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਨਵੇਂ ਮੌਕਿਆਂ ਦੀ ਖਿੜਕੀ ਖੋਲ੍ਹਦਾ ਹੈ।
ਜੀ. ਈ. ਐੱਮ. (ਗਵਰਨਮੈਂਟ ਈ-ਮਾਰਕੀਟਪਲੇਸ) ਆਮ ਆਦਮੀ ਨੂੰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਸਾਮਾਨ ਅਤੇ ਸੇਵਾਵਾਂ ਵੇਚਣ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਨਾ ਕੇਵਲ ਆਮ ਨਾਗਰਿਕ ਨੂੰ ਇਕ ਵਿਸ਼ਾਲ ਬਾਜ਼ਾਰ ਮਿਲਦਾ ਹੈ ਬਲਕਿ ਸਰਕਾਰ ਦੀ ਬੱਚਤ ਵੀ ਹੁੰਦੀ ਹੈ। ਕਲਪਨਾ ਕਰੋ-ਤੁਸੀਂ ਮੁਦਰਾ ਲੋਨ ਲਈ ਆਨਲਾਈਨ ਅਪਲਾਈ ਕਰਦੇ ਹੋ। ਤੁਹਾਡੀ ਕ੍ਰੈਡਿਟ ਯੋਗਤਾ ਦਾ ਅਕਾਊਂਟ ਐਗ੍ਰੀਗੇਟਰ ਫ੍ਰੇਮਵਰਕ ਦੇ ਜ਼ਰੀਏ ਆਂਕਿਆ ਜਾਂਦਾ ਹੈ। ਤੁਹਾਨੂੰ ਲੋਨ ਮਿਲਦਾ ਹੈ, ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋ। ਤੁਸੀਂ ਜੀ. ਈ. ਐੱਮ. ’ਤੇ ਰਜਿਸਟਰਡ ਹੁੰਦੇ ਹੋ, ਸਕੂਲਾਂ ਅਤੇ ਹਸਪਤਾਲਾਂ ਨੂੰ ਸਪਲਾਈ ਕਰਦੇ ਹੋ ਅਤੇ ਫਿਰ ਓ. ਐੱਨ. ਡੀ. ਸੀ. ਰਾਹੀਂ ਇਸ ਨੂੰ ਹੋਰ ਵੱਡਾ ਬਣਾਉਂਦੇ ਹੋ।
ਓ. ਐੱਨ. ਡੀ. ਸੀ. ਨੇ ਹਾਲ ਹੀ ਵਿਚ 20 ਕਰੋੜ ਲੈਣ-ਦੇਣ ਦਾ ਅੰਕੜਾ ਪਾਰ ਕੀਤਾ ਹੈ-ਜਿਸ ਵਿਚ ਪਿਛਲੇ 10 ਕਰੋੜ ਸਿਰਫ਼ 6 ਮਹੀਨਿਆਂ ਵਿਚ ਹੋਏ ਹਨ। ਬਨਾਰਸੀ ਬੁਣਕਰਾਂ ਤੋਂ ਲੈ ਕੇ ਨਾਗਾਲੈਂਡ ਦੇ ਬਾਂਸ ਸ਼ਿਲਪੀਆਂ ਤੱਕ, ਹੁਣ ਵਿਕ੍ਰੇਤਾ ਬਿਨਾਂ ਵਿਚੋਲਿਆਂ ਦੇ ਪੂਰੇ ਦੇਸ਼ ਵਿਚ ਗਾਹਕ ਤੱਕ ਪਹੁੰਚ ਰਹੇ ਹਨ।
ਜੀ. ਈ. ਐੱਮ. ਨੇ 50 ਦਿਨਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਜੀ. ਐੱਮ. ਵੀ. ਪਾਰ ਕੀਤਾ ਹੈ, ਜਿਸ ਵਿਚ 22 ਲੱਖ ਵਿਕ੍ਰੇਤਾ ਸ਼ਾਮਲ ਹਨ, ਜਿਨ੍ਹਾਂ ਵਿਚ 1.8 ਲੱਖ ਤੋਂ ਜ਼ਿਆਦਾ ਮਹਿਲਾ ਸੰਚਾਲਿਤ ਐੱਮ. ਐੱਸ. ਐੱਮ. ਈਜ਼ ਹਨ, ਜਿਨ੍ਹਾਂ ਨੇ 46,000 ਕਰੋੜ ਰੁਪਏ ਦੀ ਸਪਲਾਈ ਕੀਤੀ ਹੈ
ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ : ਭਾਰਤ ਦਾ ਆਲਮੀ ਯੋਗਦਾਨ
ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀ. ਪੀ. ਆਈ.)- ਜਿਵੇਂ ਆਧਾਰ, ਕੋਵਿਨ, ਡਿਜੀਲੌਕਰ, ਫਾਸਟੈਗ, ਪੀ. ਐੱਮ.-ਵਾਣੀ ਅਤੇ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਨੂੰ ਹੁਣ ਆਲਮੀ ਪੱਧਰ ’ਤੇ ਪੜ੍ਹਿਆ ਅਤੇ ਅਪਣਾਇਆ ਜਾ ਰਿਹਾ ਹੈ। ਕੋਵਿਨ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਸਮਰੱਥ ਕੀਤਾ, ਜਿਸ ਨਾਲ 220 ਕਰੋੜ ਕਿਊ. ਆਰ.-ਵੈਰੀਫਾਈਡ ਸਰਟੀਫਿਕੇਟ ਜਾਰੀ ਹੋਏ। ਡਿਜੀਲੌਕਰ, ਜਿਸ ਦੇ 54 ਕਰੋੜ ਵਰਤੋਂਕਰਤਾ ਹਨ, 775 ਕਰੋੜ ਤੋਂ ਜ਼ਿਆਦਾ ਦਸਤਾਵੇਜ਼ਾਂ ਨੂੰ ਸੁਰੱਖਿਅਤ ਅਤੇ ਨਿਰਵਿਘਨ ਤਰੀਕੇ ਨਾਲ ਹੋਸਟ ਕਰ ਰਿਹਾ ਹੈ।
ਭਾਰਤ ਨੇ ਆਪਣੀ ਜੀ20 ਪ੍ਰਧਾਨਗੀ ਦੌਰਾਨ ਗਲੋਬਲ ਡੀ. ਪੀ. ਆਈ. ਰਿਪਾਜ਼ਿਟਰੀ ਅਤੇ 25 ਮਿਲੀਅਨ ਡਾਲਰ ਦਾ ਸੋਸ਼ਲ ਇੰਪੈਕਟ ਫੰਡ ਲਾਂਚ ਕੀਤਾ, ਜਿਸ ਨਾਲ ਅਫਰੀਕਾ ਅਤੇ ਦੱਖਣ ਏਸ਼ੀਆ ਦੇ ਦੇਸ਼ ਸਮਾਵੇਸ਼ੀ ਡਿਜੀਟਲ ਈਕੋ-ਸਿਸਟਮ ਆਪਣਾ ਸਕਣ।
ਸਟਾਰਟਅਪ ਪਾਵਰ ਅਤੇ ਆਤਮਨਿਰਭਰ ਭਾਰਤ
ਭਾਰਤ ਹੁਣ ਵਿਸ਼ਵ ਦੇ ਸਿਖਰਲੇ 3 ਸਟਾਰਟਅਪ ਈਕੋ-ਸਿਸਟਮ ਵਿਚ ਸ਼ਾਮਲ ਹੈ, ਜਿਸ ਵਿਚ 1.8 ਲੱਖ ਤੋਂ ਜ਼ਿਆਦਾ ਸਟਾਰਟਅਪ ਹਨ ਪਰ ਇਹ ਸਿਰਫ਼ ਇਕ ਸਟਾਰਟਅਪ ਅੰਦੋਲਨ ਨਹੀਂ ਹੈ, ਇਹ ਇਕ ਟੈਕਨਾਲੋਜੀ ਪੁਨਰਜਾਗਰਣ ਹੈ। ਭਾਰਤ ਵਿਚ ਨੌਜਵਾਨਾਂ ਦੇ ਦਰਮਿਆਨ ਏ. ਆਈ. ਸਕਿੱਲਜ਼ ਅਤੇ ਏ. ਆਈ. ਟੇਲੈਂਟ ਦੇ ਮਾਮਲੇ ਵਿਚ ਬੜੀ ਪ੍ਰਗਤੀ ਹੋ ਰਹੀ ਹੈ।
1.2 ਬਿਲੀਅਨ ਡਾਲਰ ਇੰਡੀਆ ਏ. ਆਈ. ਮਿਸ਼ਨ ਤਹਿਤ ਭਾਰਤ ਨੇ 34,000 ਜੀ. ਪੀ. ਯੁੂਜ਼ GPUs ਦੀ ਪਹੁੰਚ ਅਜਿਹੀਆਂ ਕਦਰਾਂ-ਕੀਮਤਾਂ ’ਤੇ ਯਕੀਨੀ ਕੀਤੀ ਹੈ ਜੋ ਆਲਮੀ ਪੱਧਰ ’ਤੇ ਸਭ ਤੋਂ ਘੱਟ ਹੈ—1 ਡਾਲਰ ਤੋਂ ਵੀ ਘੱਟ ਪ੍ਰਤੀ ਜੀ. ਪੀ. ਯੂ. ਆਵਰਜ਼। ਇਸ ਨਾਲ ਭਾਰਤ ਨਾ ਕੇਵਲ ਸਭ ਤੋਂ ਸਸਤੀ ਇੰਟਰਨੈੱਟ ਇਕਾਨਮੀ, ਬਲਕਿ ਸਭ ਤੋਂ ਕਿਫ਼ਾਇਤੀ ਕੰਪਿਊਟਿੰਗ ਹੱਬ ਬਣ ਗਿਆ ਹੈ।
ਭਾਰਤ ਨੇ ਮਾਨਵਤਾ-ਪਹਿਲੇ ਏ. ਆਈ. ਦੀ ਵਕਾਲਤ ਕੀਤੀ ਹੈ। ਏ. ਆਈ. 'ਤੇ ਨਵੀਂ ਦਿੱਲੀ ਐਲਾਨਨਾਮਾ ਜ਼ਿੰਮੇਦਾਰੀ ਦੇ ਨਾਲ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ। ਦੇਸ਼ ਭਰ ਵਿਚ ਏ. ਆਈ. ਸੈਂਟਰਸ ਆਫ ਐਕਸੀਲੈਂਸ ਸਥਾਪਿਤ ਕੀਤੇ ਜਾ ਰਹੇ ਹਨ।
ਅੱਗੇ ਦਾ ਰਸਤਾ
ਅਗਲਾ ਦਹਾਕਾ ਹੋਰ ਵੀ ਜ਼ਿਆਦਾ ਪਰਿਵਰਤਨਕਾਰੀ ਹੋਵੇਗਾ। ਅਸੀਂ ਡਿਜੀਟਲ ਗਵਰਨੈਂਸ ਤੋਂ ਅੱਗੇ ਵਧ ਕੇ ਗਲੋਬਲ ਡਿਜੀਟਲ ਲੀਡਰਸ਼ਿਪ ਵੱਲ ਵਧ ਰਹੇ ਹਾਂ-ਇੰਡੀਆ ਫਸਟ ਤੋਂ ਇੰਡੀਆ ਫਾਰ ਦਿ ਵਰਲਡ ਤੱਕ। ਡਿਜੀਟਲ ਇੰਡੀਆ ਹੁਣ ਕੇਵਲ ਇਕ ਸਰਕਾਰੀ ਪ੍ਰੋਗਰਾਮ ਨਹੀਂ ਰਿਹਾ, ਇਹ ਜਨ ਅੰਦੋਲਨ ਬਣ ਚੁੱਕਾ ਹੈ। ਇਹ ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਕੇਂਦਰ ਹੈ ਅਤੇ ਭਾਰਤ ਨੂੰ ਦੁਨੀਆ ਦਾ ਭਰੋਸੇਯੋਗ ਇਨੋਵੇਸ਼ਨ ਸਾਂਝੇਦਾਰ ਬਣਾ ਰਿਹਾ ਹੈ।
ਸਾਰੇ ਇਨੋਵੇਟਰਸ, ਐਂਟਰਪ੍ਰਿਨਿਓਰਸ ਅਤੇ ਡ੍ਰੀਮਰਸ ਨਾਲ-ਦੁਨੀਆ ਅਗਲੀ ਡਿਜੀਟਲ ਕ੍ਰਾਂਤੀ ਲਈ ਭਾਰਤ ਵੱਲ ਦੇਖ ਰਹੀ ਹੈ। ਆਓ ਅਸੀਂ ਉਹ ਬਣਾਈਏ ਜੋ ਸਸ਼ਕਤ ਬਣਾਉਂਦਾ ਹੈ। ਆਓ ਅਸੀਂ ਅਜਿਹੇ ਹੱਲ ਕੱਢੀਏ ਜੋ ਅਸਲ ਵਿਚ ਮਾਅਨੇ ਰੱਖਦੇ ਹਨ। ਆਓ ਅਸੀਂ ਉਸ ਤਕਨੀਕ ਨਾਲ ਅਗਵਾਈ ਕਰੀਏ ਜੋ unite, include ਅਤੇ uplift ਕਰਦੀ ਹੈ।
ਨਰਿੰਦਰ ਮੋਦੀ
(ਮਾਣਯੋਗ ਪ੍ਰਧਾਨ ਮੰਤਰੀ)
‘ਨਕਲੀ ਦਵਾਈਆਂ ਦਾ ਧੰਦਾ’ ਦੇਸ਼ ’ਚ ਜਾਰੀ!
NEXT STORY