ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ, ਪਿੰਡ-ਪਿੰਡ ਪਹੁੰਚੇ ਭਾਜਪਾ ਆਗੂ, ਨਸ਼ਾ ਪੀੜਤ ਪਰਿਵਾਰਾਂ ਤੋਂ ਸੁਣੀ ਪੀੜਾ, ਜਨ-ਅੰਦੋਲਨ ਦਾ ਰੂਪ ਧਾਰਿਆ ਭਾਜਪਾ ਦੀ 13 ਦਿਨਾਂ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਕਈ ਮਾਅਨਿਆਂ ’ਚ ਅਹਿਮ ਰਹੀ। ਇਹ ਕੋਈ ਇਤਫ਼ਾਕ ਨਹੀਂ, ਸਗੋਂ ਇਕ ਰਣਨੀਤੀ ਸੀ। 13 ਦਿਨਾਂ ਵਿਚ ਪੰਜਾਬ ਦੇ ਚਾਰੋਂ ਖੇਤਰਾਂ—ਮਾਲਵਾ, ਦੋਆਬਾ, ਮਾਝਾ ਅਤੇ ਪੁਆਂਧ ਨੂੰ ਕਵਰ ਕੀਤਾ ਗਿਆ। 4000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ। ਕੁੱਲ 474 ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਵਿਚ ਜਨ ਸਭਾਵਾਂ, ਰੋਡ ਸ਼ੋਅ, ਸਵਾਗਤੀ ਸਮਾਗਮ, ਨੁੱਕੜ ਸਭਾਵਾਂ ਆਦਿ ਪ੍ਰਮੁੱਖ ਰਹੇ। ਮੰਚਾਂ ’ਤੇ ਨਾਟਕ ਵੀ ਕਰਵਾਏ ਗਏ। ਹਰ ਰੈਲੀ, ਰੋਡ ਸ਼ੋਅ ਅਤੇ ਭਾਸ਼ਣ ਰਾਹੀਂ ਭਾਜਪਾ ਨੇ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਇਹ ਯਾਤਰਾ ਸਿਆਸੀ ਫਾਇਦੇ ਲਈ ਨਹੀਂ, ਸਗੋਂ ਨਸ਼ਿਆਂ ਖ਼ਿਲਾਫ਼ ਹੈ। ਭਾਜਪਾ ਦੀ 13 ਦਿਨਾਂ ਦੀ ਇਹ ਯਾਤਰਾ ਪੂਰੀ ਤਰ੍ਹਾਂ ਨਸ਼ਿਆਂ ਦੇ ਮੁੱਦੇ ਦੇ ਆਲੇ-ਦੁਆਲੇ ਕੇਂਦਰਿਤ ਰਹੀ। ਇਸ ਯਾਤਰਾ ਨੇ ਭਾਜਪਾ ਦੇ ਵਿਰੋਧੀਆਂ, ਸਿਆਸੀ ਮਾਹਿਰਾਂ ਅਤੇ ਮੀਡੀਆ ਹਲਕਿਆਂ ਨੂੰ ਵੀ ਹੈਰਾਨ ਕੀਤਾ।
ਪੰਜਾਬ ਦੀ ਸਿਆਸਤ ਵਿਚ ਲੰਬੇ ਸਮੇਂ ਤੋਂ ਇਹ ਧਾਰਨਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਹਿਰੀ ਪਾਰਟੀ ਹੈ। ਸ਼ਹਿਰਾਂ ਵਿਚ ਤਾਂ ਇਸ ਦੀ ਪਕੜ ਹੈ ਪਰ ਪਿੰਡਾਂ, ਕਸਬਿਆਂ ਅਤੇ ਮੰਡੀਆਂ ਵਿਚ ਇਸ ਦੀ ਪਹੁੰਚ ਨਹੀਂ ਹੈ। ਇਸ ਯਾਤਰਾ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ, ਜਿਸ ਨੂੰ ਭਾਜਪਾ ਦੀ ਸਭ ਤੋਂ ਵੱਡੀ ਉਪਲੱਬਧੀ ਮੰਨਿਆ ਜਾ ਰਿਹਾ ਹੈ। ਭਾਜਪਾ ਨੇ ਸੂਬੇ ਦੇ ਚਾਰੋਂ ਖੇਤਰਾਂ ਵਿਚ ਸਮਾਂਤਰ ਰੈਲੀਆਂ ਕੀਤੀਆਂ। ਇਕੋ ਦਿਨ ਕਈ ਥਾਵਾਂ ’ਤੇ ਰੈਲੀਆਂ ਅਤੇ ਰੋਡ ਸ਼ੋਅ ਹੋਏ। ਸੈਂਕੜੇ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਵੀ ਪਾਰਟੀ ਦੀ ਵੱਡੀ ਉਪਲੱਬਧੀ ਰਹੀ। ਇਸ ਨਾਲ ਭਾਜਪਾ ਆਪਣੇ ਨਸ਼ਾ ਵਿਰੋਧੀ ਏਜੰਡੇ ਨੂੰ ਲੋਕਾਂ ਸਾਹਮਣੇ ਮਜ਼ਬੂਤੀ ਨਾਲ ਰੱਖਣ ਵਿਚ ਕਾਮਯਾਬ ਰਹੀ।
ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸੇ ਵੀ ਕੌਮੀ ਜਾਂ ਖੇਤਰੀ ਪਾਰਟੀ ਨੇ ਇੰਨੇ ਘੱਟ ਸਮੇਂ ਵਿਚ ਇੰਨੇ ਵੱਡੇ ਪੱਧਰ ’ਤੇ ਨਸ਼ਿਆਂ ਦੇ ਮੁੱਦੇ ’ਤੇ ਇਸ ਤਰ੍ਹਾਂ ਆਵਾਜ਼ ਨਹੀਂ ਉਠਾਈ। ਇਹ ਸਿਰਫ਼ ਭਾਸ਼ਣਾਂ ਦੀ ਯਾਤਰਾ ਨਹੀਂ ਸੀ। ਸਿਰਫ਼ ਵਰਕਰ ਹੀ ਨਹੀਂ, ਸਗੋਂ ਪਾਰਟੀ ਦੇ ਵੱਡੇ ਆਗੂ ਵੀ ਪਿੰਡ-ਪਿੰਡ ਗਏ। ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪੀੜਾ ਸੁਣੀ। ਦੁਕਾਨਦਾਰਾਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆ ਚੁੱਕੀਆਂ ਮਾਵਾਂ ਨਾਲ ਮੁਲਾਕਾਤ ਕੀਤੀ। ਇਹੀ ਕਾਰਨ ਹੈ ਕਿ ਇਸ ਨੂੰ ਯਾਤਰਾ ਨਹੀਂ, ਸਗੋਂ ਲੋਕ- ਲਹਿਰ ਕਿਹਾ ਜਾ ਰਿਹਾ ਹੈ।
ਧਾਰਮਿਕ ਅਤੇ ਸੱਭਿਆਚਾਰਕ ਨਬਜ਼ ਨੂੰ ਫੜਿਆ
ਸੂਬੇ ਦੀ ਧਾਰਮਿਕ ਅਤੇ ਸੱਭਿਆਚਾਰਕ ਨਬਜ਼ ਨੂੰ ਵੀ ਭਾਜਪਾ ਇਸ ਯਾਤਰਾ ਰਾਹੀਂ ਕਾਫ਼ੀ ਹੱਦ ਤੱਕ ਫੜਨ ਵਿਚ ਕਾਮਯਾਬ ਰਹੀ। ਇਸ ਯਾਤਰਾ ਦਾ ਰੂਟ ਮੈਪ ਵੀ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਗਿਆ ਸੀ। ਯਾਤਰਾ ਦੀ ਸ਼ੁਰੂਆਤ ਮਾਧੋਪੁਰ ਤੋਂ ਹੋਈ। ਮਾਧੋਪੁਰ ਉਹ ਧਰਤੀ ਹੈ ਜਿੱਥੇ ਪੰਡਿਤ ਦੀਨਦਿਆਲ ਉਪਾਧਿਆਏ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਪ੍ਰਾਣ ਦੇਣ ਤੋਂ ਪਹਿਲਾਂ ਮਰਨ ਵਰਤ ਕੀਤਾ ਸੀ। ਉੱਥੋਂ ਸੰਦੇਸ਼ ਸਪੱਸ਼ਟ ਸੀ—ਭਾਜਪਾ ਲਈ ਪੰਜਾਬ ਸਿਰਫ਼ ਇਕ ਸੂਬਾ ਨਹੀਂ, ਸਗੋਂ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ।
ਦੂਜੀ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਨਿਕਲੀ। ਇਹ ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਤੇ ਪ੍ਰੇਰਣਾਦਾਇਕ ਸਥਾਨ ਹੈ। ਤੀਜੀ ਯਾਤਰਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਈ, ਜੋ ਪੰਜ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਸਥਾਨ ਹੈ। ਇੱਥੇ ਜਾ ਕੇ ਭਾਜਪਾ ਨੇ ਸਿੱਖ ਪਰੰਪਰਾ ਪ੍ਰਤੀ ਆਪਣਾ ਸਤਿਕਾਰ ਦਿਖਾਇਆ। ਚੌਥੀ ਯਾਤਰਾ ਫਾਜ਼ਿਲਕਾ ਦੇ ਸਦੀਕੀ ਤੋਂ ਸ਼ੁਰੂ ਹੋਈ, ਜਿੱਥੇ 1971 ਦੀ ਜੰਗ ਵਿਚ ਸਾਡੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ। ਇਸ ਰਾਹੀਂ ਭਾਜਪਾ ਨੇ ਲੋਕਾਂ ਤੱਕ ਸੰਦੇਸ਼ ਪਹੁੰਚਾਇਆ ਕਿ ਪੰਜਾਬ ਵੀਰਾਂ ਅਤੇ ਗੁਰੂਆਂ ਦੀ ਧਰਤੀ ਹੈ।
ਸਾਰੀਆਂ ਯਾਤਰਾਵਾਂ ਦਾ ਸਮਾਪਨ ਜਲੰਧਰ ਵਿਚ ਹੋਇਆ। ਇੱਥੋਂ ਦਾ ਦੇਵੀ ਤਾਬਾਲ ਮੰਦਰ ਸ਼ਕਤੀ ਦੀ ਭਗਤੀ ਦਾ ਕੇਂਦਰ ਹੈ। ਉੱਥੋਂ ਆਸ਼ੀਰਵਾਦ ਲੈਣ ਤੋਂ ਬਾਅਦ ਨਸ਼ਾ ਖ਼ਤਮ ਕਰਨ ਦੀ ਤਾਰੀਖ ਅਤੇ ਸਾਲ ਦਾ ਐਲਾਨ ਅਮਿਤ ਸ਼ਾਹ ਨੇ ਵਿਸ਼ਾਲ ਰੈਲੀ ਦੌਰਾਨ ਕੀਤਾ। ਇਹ ਇਕ ਸੰਕੇਤਕ ਸੰਕਲਪ ਸੀ ਕਿ ਜਿਵੇਂ ਮਾਂ ਦੁਰਗਾ ਨੇ ਅਸੁਰਾਂ ਦਾ ਨਾਸ ਕੀਤਾ ਸੀ, ਉਸੇ ਤਰ੍ਹਾਂ ਭਾਜਪਾ ਪੰਜਾਬ ਵਿਚੋਂ ਨਸ਼ੇ ਦੇ ਅਸੁਰ ਦਾ ਨਾਸ ਕਰੇਗੀ। ਇਹ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦਾ ਸਭ ਤੋਂ ਮਜ਼ਬੂਤ ਤਰੀਕਾ ਰਿਹਾ।
ਆਪਣੀਆਂ ਉਪਲੱਬਧੀਆਂ ਰਾਹੀਂ ਲੋਕਾਂ ਵਿਚ ਭਰੋਸਾ ਜਗਾਇਆ
ਭਾਜਪਾ ਨੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਸਿਰਫ਼ ਉਹੀ ਇਕ ਪਾਰਟੀ ਹੈ ਜੋ ਨਸ਼ੇ ਨੂੰ ਖ਼ਤਮ ਕਰ ਸਕਦੀ ਹੈ, ਪਾਰਟੀ ਦੀਆਂ ਕੌਮੀ ਉਪਲੱਬਧੀਆਂ ਨੂੰ ਵੀ ਪੰਜਾਬ ਦੀ ਸੁਰੱਖਿਆ ਨਾਲ ਜੋੜਿਆ। ਮੰਚ ਤੋਂ ਵਾਰ-ਵਾਰ ਤਿੰਨ ਗੱਲਾਂ ਦੁਹਰਾਈਆਂ ਗਈਆਂ—ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ ਅੱਤਵਾਦ ਨੂੰ ਖ਼ਤਮ ਕੀਤਾ, ਉੱਤਰ ਪ੍ਰਦੇਸ਼ ਤੋਂ ਗੈਂਗਸਟਰਵਾਦ, ਜਦਕਿ ਛੱਤੀਸਗੜ੍ਹ ਤੋਂ ਨਕਸਲਵਾਦ ਨੂੰ ਖ਼ਤਮ ਕੀਤਾ।
ਲੋਕਾਂ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਇੱਥੇ ਸਥਿਰਤਾ, ਸੁਰੱਖਿਆ ਅਤੇ ਏਕਤਾ ਸਭ ਤੋਂ ਵੱਡੀ ਲੋੜ ਹੈ। ਜਦੋਂ ਕਸ਼ਮੀਰ ਤੋਂ ਧਾਰਾ 370 ਹਟਾਈ ਜਾ ਸਕਦੀ ਹੈ, ਜਦੋਂ ਦੇਸ਼ ਵਿਚੋਂ ਨਕਸਲਵਾਦ ਖ਼ਤਮ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿਚੋਂ ਨਸ਼ਾ ਕਿਉਂ ਨਹੀਂ ਖ਼ਤਮ ਕੀਤਾ ਜਾ ਸਕਦਾ? ਲੋਕਾਂ ਨੇ ਇਸ ਤਰਕ ਨੂੰ ਸਮਝਿਆ ਅਤੇ ਸਰਾਹਿਆ।
ਪਿੰਡਾਂ ਵਿਚ ਵਿਰੋਧ ਨਹੀਂ, ਸਵਾਗਤ ਹੋਇਆ
ਯਾਤਰਾ ਦੌਰਾਨ ਇਕ ਹੋਰ ਵੱਡਾ ਸਰਪ੍ਰਾਈਜ਼ ਪੇਂਡੂ ਇਲਾਕਿਆਂ ਤੋਂ ਸਾਹਮਣੇ ਆਇਆ। ਕੁਝ ਸਾਲ ਪਹਿਲਾਂ ਤੱਕ ਭਾਜਪਾ ਨੂੰ ਪਿੰਡਾਂ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਯਾਤਰਾ ਦੌਰਾਨ ਤਸਵੀਰ ਬਿਲਕੁਲ ਬਦਲੀ ਹੋਈ ਦਿਖਾਈ ਦਿੱਤੀ। ਸਗੋਂ ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ, ਦੁਕਾਨਦਾਰ, ਨੌਜਵਾਨ ਅਤੇ ਮਹਿਲਾਵਾਂ ਖੁਦ ਵੱਡੀ ਗਿਣਤੀ ਵਿਚ ਰੈਲੀਆਂ ਵਿਚ ਪਹੁੰਚੇ। ਟਰੈਕਟਰਾਂ ’ਤੇ ਝੰਡੇ ਲੱਗੇ ਹੋਏ ਦੇਖੇ ਗਏ। ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਨੇ ਆਪ ਮੁਹਾਰੇ ਯਾਤਰਾ ਦਾ ਸਾਥ ਦਿੱਤਾ ਅਤੇ ਨਸ਼ੇ ਦੇ ਖ਼ਾਤਮੇ ਲਈ ਭਾਜਪਾ ਤੋਂ ਉਮੀਦ ਪ੍ਰਗਟਾਈ।
13 ਦਿਨ, ਇਕੋ ਮੁੱਦਾ—ਨਸ਼ਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਣ ਹੋਵੇ ਜਾਂ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਹੋਵੇ ਜਾਂ ਕਿਸੇ ਹੋਰ ਆਗੂ ਦੀ ਜਨ ਸਭਾ, ਪੂਰੇ 13 ਦਿਨਾਂ ਦਾ ਫੋਕਸ ਸਿਰਫ਼ ਇਕ ਮੁੱਦੇ ’ਤੇ ਰਿਹਾ—ਨਸ਼ਾ। ਭਾਜਪਾ ਸੂਬੇ ਦੇ ਹੋਰ ਮੁੱਦਿਆਂ ਦੇ ਜਾਲ ਵਿਚ ਉਲਝਣ ਤੋਂ ਬਚੀ। ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਨਸ਼ੇ ਦੇ ਮੁੱਦੇ ’ਤੇ ਸਿੱਧੇ ਸਵਾਲ ਪੁੱਛੇ ਗਏ। ਕੋਈ ਨਿੱਜੀ ਟਿੱਪਣੀ ਨਹੀਂ ਕੀਤੀ ਗਈ। ਮੰਚ ਤੋਂ ਪਾਰਟੀ ਨੇ ਸੰਦੇਸ਼ ਦਿੱਤਾ ਕਿ ਯਾਤਰਾ ਵੋਟਾਂ ਲਈ ਨਹੀਂ ਹੈ। ਵੋਟਾਂ ਮੰਗਣ ਲਈ ਉਹ ਬਾਅਦ ਵਿਚ ਆਉਣਗੇ। ਇਸ ਸਮੇਂ ਸਿਰਫ਼ ਇਕ ਮੁੱਦਾ ਹੈ—ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ।
ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਭਾਜਪਾ ਨੇ ਇਸ ਮੁੱਦੇ ਨੂੰ ਭਾਵਨਾਤਮਕ ਛੋਹ ਦਿੱਤੀ। ਕਾਂਗਰਸ ਅਤੇ ਆਮ ਆਦਮੀ ਪਾਰਟੀ, ਜੋ ਹੁਣ ਤੱਕ ਨਸ਼ਿਆਂ ’ਤੇ ਸਿਰਫ਼ ਬਿਆਨਬਾਜ਼ੀ ਕਰਦੀਆਂ ਰਹੀਆਂ ਹਨ, ਇਸ ਮੁੱਦੇ ’ਤੇ ਪਿੱਛੇ ਰਹਿ ਗਈਆਂ। ਲੋਕਾਂ ਨੂੰ ਲੱਗਾ ਕਿ ਭਾਜਪਾ ਸਿਰਫ਼ ਸਿਆਸਤ ਨਹੀਂ ਕਰ ਰਹੀ, ਸਗੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਨੀਅਤ ਰੱਖਦੀ ਹੈ।
ਜਲੰਧਰ ਤੋਂ ਨਸ਼ਾ ਖ਼ਤਮ ਕਰਨ ਦੀ ਤਾਰੀਖ ਦੇਣਾ ਇਕ ਸਿਆਸੀ ਮਾਸਟਰਸਟ੍ਰੋਕ ਸੀ। ਇਹ ਇਕ ਸਮਾਂਬੱਧ ਵਾਅਦਾ ਹੈ, ਜਿਸ ’ਤੇ ਜਨਤਾ ਭਾਜਪਾ ਨੂੰ ਪਰਖੇਗੀ। ਭਾਜਪਾ ਇਸ ਮੁੱਦੇ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਕਾਮਯਾਬ ਰਹੀ। ਇਹ ਯਾਤਰਾ ਦੱਸਦੀ ਹੈ ਕਿ ਭਾਜਪਾ ਹੁਣ ਪੰਜਾਬ ਵਿਚ ਖੁਦ ਸਰਕਾਰ ਬਣਾਉਣ ਦੇ ਯੋਗ ਹੈ ਅਤੇ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣਾ ਚਾਹੁੰਦੀ ਹੈ।
–ਕੇਵਲ ਸਿੰਘ ਢਿੱਲੋ (ਪੰਜਾਬ ਭਾਜਪਾ ਪ੍ਰਧਾਨ)
ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
NEXT STORY