ਇਕ ਸਾਫ਼-ਸੁਥਰੇ ਅਤੇ ਸਿਹਤਮੰਦ ਦੇਸ਼ ਦੀ ਜ਼ਿੰਮੇਵਾਰੀ ਹਜ਼ਾਰਾਂ ਸਫ਼ਾਈ ਕਰਮਚਾਰੀਆਂ ਦੇ ਮੋਢਿਆਂ ’ਤੇ ਹੈ। ਇਹ ਸਫ਼ਾਈ ਕਰਮਚਾਰੀ ਅਕਸਰ ਔਖੀਆਂ ਅਤੇ ਜੋਖਮ ਭਰਪੂਰ ਸਥਿਤੀਆਂ ਵਿਚ ਕੰਮ ਕਰਦੇ ਹੋਏ ਸਾਨੂੰ ਹਰ ਦਿਨ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ। ਜਨਤਕ ਸਿਹਤ, ਸਵੱਛਤਾ ਅਤੇ ਸਾਡੇ ਸ਼ਹਿਰਾਂ ਤੇ ਭਾਈਚਾਰਿਆਂ ਦੇ ਕੰਮ-ਕਾਜ ਵਿਚ ਉਨ੍ਹਾਂ ਦਾ ਯੋਗਦਾਨ ਅਮੁੱਲ ਹੈ।
ਇਸ ਲਈ ਉਨ੍ਹਾਂ ਦੀ ਸੁਰੱਖਿਆ, ਭਲਾਈ ਅਤੇ ਮਾਣ ਯਕੀਨੀ ਬਣਾਉਣਾ ਸਿਰਫ਼ ਇਕ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਇਕ ਸਮਾਵੇਸ਼ੀ ਅਤੇ ਮਨੁੱਖੀ ਸਮਾਜ ਦੇ ਨਿਰਮਾਣ ਦਾ ਇਕ ਜ਼ਰੂਰੀ ਹਿੱਸਾ ਵੀ ਹੈ।
ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਕੇਂਦਰ ਸਰਕਾਰ ਨੇ ‘ਨੈਸ਼ਨਲ ਐਕਸ਼ਨ ਫ਼ਾਰ ਮੈਕੇਨਾਈਜ਼ਡ ਸੈਨੀਟੇਸ਼ਨ ਈਕੋਸਿਸਟਮ (ਨਮਸਤੇ)’ ਅਤੇ ‘ਰਾਸ਼ਟਰੀ ਨੈਸ਼ਨਲ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨ.ਐੱਸ.ਕੇ.ਐੱਫ.ਡੀ.ਸੀ.)’ ਦੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਰਾਹੀਂ ਸਫ਼ਾਈ ਕਰਮਚਾਰੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਲਈ ਕਈ ਵਿਆਪਕ ਉਪਰਾਲੇ ਕੀਤੇ ਹਨ।
ਇਹ ਉਪਰਾਲੇ ਜੋਖਮ ਭਰੇ ਸਰੀਰਕ ਤਰੀਕਿਆਂ ਤੋਂ ਹਟ ਕੇ, ਸਵੱਛਤਾ ਦੇ ਇਕ ਅਜਿਹੇ ਸੁਰੱਖਿਅਤ ਅਤੇ ਮਾਣਮੱਤੇ ਈਕੋਸਿਸਟਮ ਦੀ ਦਿਸ਼ਾ ਵਿਚ ਫੈਸਲਾਕੁੰਨ ਬਦਲਾਅ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਮਸ਼ੀਨੀਕਰਨ, ਪੇਸ਼ੇਵਰ ਸੁਰੱਖਿਆ, ਸਿਹਤ ਸੇਵਾ, ਹੁਨਰ ਵਿਕਾਸ ਅਤੇ ਟਿਕਾਊ ਰੋਜ਼ੀ-ਰੋਟੀ ’ਤੇ ਆਧਾਰਿਤ ਹੈ।
‘ਨਮਸਤੇ’ ਦਾ ਮੁੱਖ ਟੀਚਾ ਬਿਲਕੁਲ ਸਪੱਸ਼ਟ ਹੈ : ਸੀਵਰ ਅਤੇ ਸੈਪਟਿਕ ਟੈਂਕ ਦੀ ਜੋਖਮ ਭਰੀ ਸਫ਼ਾਈ ਨੂੰ ਖ਼ਤਮ ਕਰਨਾ ਅਤੇ ਸਫ਼ਾਈ ਕਾਰਜਾਂ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਸਿਫ਼ਰ ਤੱਕ ਲੈ ਜਾਣਾ। ਇਸ ਯੋਜਨਾ ਦਾ ਉਦੇਸ਼ ਸਵੱਛਤਾ ਨਾਲ ਜੁੜੇ ਕਰਮਚਾਰੀਆਂ ਨੂੰ ਰਸਮੀ ਵਿਵਸਥਾ ਨਾਲ ਜੋੜਨਾ ਅਤੇ ਸਫ਼ਾਈ ਕਰਮਚਾਰੀਆਂ ਲਈ ਸੁਰੱਖਿਆ ਉਪਕਰਣ, ਪੇਸ਼ੇਵਰ ਸਿਖਲਾਈ, ਸਿਹਤ ਸੇਵਾਵਾਂ ਅਤੇ ਰੋਜ਼ੀ-ਰੋਟੀ ਦੇ ਮੌਕੇ ਯਕੀਨੀ ਬਣਾਉਣਾ ਹੈ।
ਇਸ ਯੋਜਨਾ ਦੇ ਤਹਿਤ 91,000 ਤੋਂ ਵੱਧ ਸੀਵਰ ਅਤੇ ਸੈਪਟਿਕ ਟੈਂਕ ਨਾਲ ਜੁੜੇ ਕਾਮਿਆਂ ਦੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਨ੍ਹਾਂ ਵਿਚੋਂ 90,000 ਤੋਂ ਵੱਧ ਕਾਮਿਆਂ ਦੀ ਜਾਣਕਾਰੀ ਦੀ ਤਸਦੀਕ ਕੀਤੀ ਜਾ ਚੁੱਕੀ ਹੈ। ਜਿੱਥੇ 87,000 ਤੋਂ ਵੱਧ ਕਾਮਿਆਂ ਨੂੰ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ, ਉੱਥੇ ਲਗਭਗ 77,000 ਕਾਮਿਆਂ ਨੂੰ ਸਿਹਤ-ਬੀਮਾ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ।
ਸੰਸਥਾਗਤ ਤਿਆਰੀ ਵੀ ਓਨੀ ਹੀ ਮਹੱਤਵਪੂਰਨ ਹੈ। ਵੱਡੀਆਂ ਨਗਰ ਪਾਲਿਕਾਵਾਂ ਅਤੇ ਜ਼ਿਲਿਆਂ ਵਿਚ ਸਥਾਪਤ ਸਵੱਛਤਾ ਨਾਲ ਸੰਬੰਧਿਤ ਐਮਰਜੈਂਸੀ ਪ੍ਰਤੀਕਿਰਿਆ ਇਕਾਈਆਂ (ਈ.ਆਰ.ਐੱਸ.ਯੂ.) ਨੂੰ 750 ਤੋਂ ਵੱਧ ਸੁਰੱਖਿਆ ਉਪਕਰਣ ਭੇਜੇ ਗਏ ਹਨ। ਇਹ ਇਕਾਈਆਂ ਐਮਰਜੈਂਸੀ ਪ੍ਰਤੀਕਿਰਿਆ ਵਿਵਸਥਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸੀਵਰ ਅਤੇ ਸੈਪਟਿਕ-ਟੈਂਕ ਦੀ ਸਫ਼ਾਈ ਦੇ ਕੰਮ ਨੂੰ ਸੁਰੱਖਿਅਤ ਅਤੇ ਮਸ਼ੀਨਾਂ ਰਾਹੀਂ ਕਰਨ ਵਿਚ ਮਦਦ ਕਰਦੀਆਂ ਹਨ।
ਮਸ਼ੀਨੀਕਰਨ: ਜੋਖਮ ਭਰੀ ਮਿਹਨਤ ਤੋਂ ਸੁਰੱਖਿਅਤ ਉੱਦਮ ਤੱਕ
ਸਵੱਛਤਾ ਸੰਬੰਧੀ ਕਾਰਜਾਂ ਦੇ ਰੂਪਾਂਤਰਣ ਵਿਚ ਮਸ਼ੀਨੀਕਰਨ ਦੀ ਅਹਿਮ ਭੂਮਿਕਾ ਹੈ। ਜਦੋਂ ਤਕਨੀਕ ਨਾਲ ਇਨ੍ਹਾਂ ਕਾਰਜਾਂ ਨੂੰ ਸੁਰੱਖਿਅਤ ਰੂਪ ਨਾਲ ਕੀਤਾ ਜਾ ਸਕਦਾ ਹੈ, ਤਾਂ ਕਿਸੇ ਵੀ ਕਰਮਚਾਰੀ ਨੂੰ ਸੀਵਰ ਜਾਂ ਸੈਪਟਿਕ ਟੈਂਕ ਵਿਚ ਖ਼ੁਦ ਉਤਰਨ ਦੀ ਜ਼ਰੂਰਤ ਕਿਉਂ ਪਵੇ। ਇਸ ਲਈ, ਕੇਂਦਰ ਸਰਕਾਰ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਨਾਲ ਜੁੜੀਆਂ ਮਸ਼ੀਨਾਂ ਅਤੇ ਵਾਹਨਾਂ ਦੀ ਮਾਲਕ ਅਤੇ ਸੰਚਾਲਕ ਬਣਨ ਵਿਚ ਮਦਦ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਕੀੜਾ ਇਕੱਠਾ ਕਰਨ ਵਾਲਿਆਂ ਤੱਕ ਕਲਿਆਣਕਾਰੀ ਯੋਜਨਾਵਾਂ ਦਾ ਵਿਸਤਾਰ
ਸਵੱਛਤਾ ਅਤੇ ਸਾਫ਼-ਸਫ਼ਾਈ ਦੇ ਕਾਰਜਾਂ ਦਾ ਦਾਇਰਾ ਸਿਰਫ਼ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਤੱਕ ਹੀ ਸੀਮਤ ਨਹੀਂ ਹੈ। ਕੂੜੇ ਨੂੰ ਇਕੱਠਾ ਕਰਕੇ, ਉਸ ਨੂੰ ਛਾਂਟ ਕੇ ਅਤੇ ਉਸ ਦੀ ਮੁੜ-ਪ੍ਰਾਪਤੀ ਤੇ ਰੀ-ਸਾਈਕਲਿੰਗ ਵਿਚ ਮਦਦ ਕਰਕੇ, ਕੂੜਾ ਇਕੱਠਾ ਕਰਨ ਵਾਲੇ ਵੀ ਇਕ ਬੇਹੱਦ ਜ਼ਰੂਰੀ ਜਨ-ਸੇਵਾ ਕਰਦੇ ਹਨ। ਫਿਰ ਵੀ, ਉਨ੍ਹਾਂ ਵਿਚੋਂ ਕਈ ਲੋਕਾਂ ਨੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਉਚਿਤ ਪਛਾਣ, ਪੇਸ਼ੇਵਰ ਸੁਰੱਖਿਆ ਜਾਂ ਸਮਾਜਿਕ ਸੁਰੱਖਿਆ ਦੇ ਹੀ ਕੰਮ ਕੀਤਾ ਹੈ।
ਉਨ੍ਹਾਂ ਦੇ ਯੋਗਦਾਨਾਂ ਨੂੰ ਦੇਖਦੇ ਹੋਏ, ਸਰਕਾਰ ਨੇ 2024 ਵਿਚ ‘ਨਮਸਤੇ’ ਯੋਜਨਾ ਦਾ ਵਿਸਤਾਰ ਕੀਤਾ ਅਤੇ ਇਸ ਵਿਚ ਠੋਸ ਕੂੜਾ ਪ੍ਰਬੰਧਨ ਵਿਚ ਸ਼ਾਮਲ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ।
ਇਸ ਵਿਸਤ੍ਰਿਤ ਹਿੱਸੇ ਦੇ ਤਹਿਤ, 3.80 ਲੱਖ ਤੋਂ ਵੱਧ ਕੂੜਾ ਇਕੱਠਾ ਕਰਨ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਨ੍ਹਾਂ ਵਿਚੋਂ ਲਗਭਗ 2.60 ਲੱਖ ਲੋਕਾਂ ਦੀ ਤਸਦੀਕ ਈ-ਕੇ.ਵਾਈ.ਸੀ. ਰਾਹੀਂ ਕੀਤੀ ਗਈ ਹੈ। ਜਿੱਥੇ 1.30 ਲੱਖ ਤੋਂ ਵੱਧ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਪੀ.ਪੀ.ਈ. ਕਿੱਟਾਂ ਪ੍ਰਾਪਤ ਹੋਈਆਂ ਹਨ, ਉੱਥੇ 1.20 ਲੱਖ ਤੋਂ ਵੱਧ ਲੋਕਾਂ ਦੇ ਡਾਟਾ ਨੂੰ ਆਯੁਸ਼ਮਾਨ ਕਾਰਡ ਬਣਾਉਣ ਲਈ ਪ੍ਰੋਸੈੱਸ ਕੀਤਾ ਗਿਆ ਹੈ।
ਐੱਨ.ਐੱਸ.ਕੇ.ਐੱਫ.ਡੀ.ਸੀ. ਰਾਹੀਂ ਆਰਥਿਕ ਸਸ਼ਕਤੀਕਰਨ
ਸੁਰੱਖਿਆ ਅਤੇ ਮਾਣ ਦੇ ਨਾਲ-ਨਾਲ ਆਰਥਿਕ ਸਸ਼ਕਤੀਕਰਨ ਵੀ ਜ਼ਰੂਰੀ ਹੈ। ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨ.ਐੱਸ.ਕੇ.ਐੱਫ.ਡੀ.ਸੀ.) ਇਸ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਸੰਸਥਾ ਆਮਦਨ ਸਿਰਜਣ ਵਾਲੀਆਂ ਗਤੀਵਿਧੀਆਂ, ਉੱਦਮਤਾ, ਹੁਨਰ ਵਿਕਾਸ ਅਤੇ ਸਫ਼ਾਈ ਨਾਲ ਜੁੜੇ ਵਾਹਨਾਂ ਤੇ ਉਪਕਰਣਾਂ ਨੂੰ ਖ਼ਰੀਦਣ ਲਈ ਰਿਆਇਤੀ ਦਰਾਂ ’ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਸਾਲ 2014-15 ਅਤੇ 2025-26 ਦੇ ਵਿਚਕਾਰ, ਐੱਨ.ਐੱਸ.ਕੇ.ਐੱਫ.ਡੀ.ਸੀ. ਨੇ 2,383 ਕਰੋੜ ਰੁਪਏ ਤੋਂ ਵੱਧ ਦੀ ਆਰਥਿਕ ਸਹਾਇਤਾ ਜਾਰੀ ਕੀਤੀ, ਜਿਸ ਨਾਲ ਦੇਸ਼ ਭਰ ਵਿਚ 3.42 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਇਆ।
ਸਫ਼ਾਈ ਕਰਮਚਾਰੀਆਂ ਦੇ ਯੋਗਦਾਨਾਂ ਨੂੰ ਮਾਨਤਾ
ਸਨਮਾਨ ਅਤੇ ਮਾਨਤਾ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਵਿੱਤੀ ਅਤੇ ਸੰਸਥਾਗਤ ਸਹਾਇਤਾ। ਆਪਣੀ ਤਰ੍ਹਾਂ ਦੇ ਇਕ ਅਹਿਮ ਆਯੋਜਨ ਵਿਚ, ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨ.ਸੀ.ਐੱਸ.ਕੇ.) ਨੇ 23 ਅਗਸਤ 2026 ਨੂੰ ਨਵੀਂ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਚ ਆਪਣਾ 33ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ, 250 ਸਫ਼ਾਈ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਹੁਣ ਜਦੋਂ ਕਿ ਭਾਰਤ ਇਕ ਸਾਫ਼-ਸੁਥਰੇ, ਸਿਹਤਮੰਦ ਅਤੇ ਸਮਾਵੇਸ਼ੀ ਭਵਿੱਖ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ, ਸਾਡਾ ਸੰਕਲਪ ਅਟੁੱਟ ਰਹਿਣਾ ਚਾਹੀਦਾ ਹੈ , ਜੋ ਲੋਕ ਸਾਡੇ ਦੇਸ਼ ਨੂੰ ਸਾਫ਼ ਰੱਖਦੇ ਹਨ, ਉਹ ਖ਼ੁਦ ਵੀ ਸੁਰੱਖਿਆ, ਮਾਣ, ਸੰਭਾਲ ਅਤੇ ਮੌਕਿਆਂ ਨਾਲ ਲੈਸ ਹੋਣ ਅਤੇ ਆਪਣੀ ਜ਼ਿੰਮੇਵਾਰੀ ਸਹਿਜਤਾ ਨਾਲ ਨਿਭਾ ਪਾਉਣ।
ਡਾ. ਵਿਰੇਂਦਰ ਕੁਮਾਰ
ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
NEXT STORY