ਭਾਰਤ ਵਿਚ ਸੈਰ-ਸਪਾਟਾ ਸਥਾਨਾਂ ਦੀ ਕਮੀ ਨਹੀਂ ਰਹੀ ਹੈ। ਘਾਟ ਜੇਕਰ ਰਹੀ ਹੈ, ਤਾਂ ਉਹ ਹੈ ਬਸ ਉਸ ਸੰਸਥਾਗਤ ਢਾਂਚੇ ਦੀ, ਜਿਸ ਰਾਹੀਂ ਦੁਨੀਆ ਇਨ੍ਹਾਂ ਸਥਾਨਾਂ ਨੂੰ ਜਾਣਨ ਦੇ ਸਮਰੱਥ ਹੋ ਸਕੇ, ਉੱਥੇ ਤੱਕ ਪਹੁੰਚ ਸਕੇ, ਉਨ੍ਹਾਂ ਦਾ ਅਨੁਭਵ ਕਰ ਸਕੇ ਅਤੇ ਸਭ ਤੋਂ ਮਹੱਤਵਪੂਰਨ ਗੱਲ–ਉੱਥੇ ਵਾਰ-ਵਾਰ ਜਾ ਸਕੇ।
ਸਾਡੀ ਸੱਭਿਆਚਾਰਕ ਵਿਰਾਸਤ ਬੇਮਿਸਾਲ ਹੈ; ਇੱਥੇ ਸਭ ਕੁਝ ਹੈ-ਪੁਰਾਤਨ ਸ਼ਹਿਰ ਅਤੇ ਜੀਵੰਤ ਪਰੰਪਰਾਵਾਂ, ਪਵਿੱਤਰ ਲੈਂਡਸਕੇਪ ਅਤੇ ਜੰਗਲੀ ਜੀਵ, ਵਾਸਤੂ ਕਲਾ ਅਤੇ ਕਾਰੀਗਰੀ, ਪਕਵਾਨ ਅਤੇ ਤਿਉਹਾਰ, ਪਹਾੜ ਅਤੇ ਸਮੁੰਦਰੀ ਤੱਟ ਆਦਿ। ਹਾਲਾਂਕਿ, ਸਿਰਫ਼ ਵਿਰਾਸਤ ਨਾਲ ਹੀ ਟੂਰਿਸਟ ਸਾਈਟਾਂ ਨਹੀਂ ਬਣਦੀਆਂ। ਕੋਈ ਸਮਾਰਕ ਆਪਣੇ ਆਪ ਵਿਚ ਇਕ ਮੰਜ਼ਿਲ ਨਹੀਂ ਹੁੰਦਾ; ਇਕ ਮੰਜ਼ਿਲ, ਅਸਲ ਵਿਚ, ਇਕ ਸੰਪੂਰਨ ਈਕੋਸਿਸਟਮ ਹੁੰਦਾ ਹੈ। ਇਸ ਵਿਚ ਸ਼ਾਮਲ ਹਨ-ਉੱਥੇ ਤੱਕ ਲੈ ਜਾਣ ਵਾਲੀ ਸੜਕ, ਯਾਤਰਾ ਨਾਲ ਜੁੜੀ ਕਹਾਣੀ, ਯਾਤਰੀਆਂ ਦਾ ਸੁਆਗਤ ਕਰਨ ਵਾਲਾ ਪ੍ਰਾਹੁਣਚਾਰੀ, ਉਸ ਨੂੰ ਅਸਲੀ ਪਛਾਣ ਦੇਣ ਵਾਲੇ ਕਾਰੀਗਰ, ਉਸ ਨੂੰ ਲੱਭਣ ਵਿਚ ਮਦਦ ਕਰਨ ਵਾਲੀ ਤਕਨੀਕ ਅਤੇ ਉਹ ਭਾਈਚਾਰਾ ਜਿਸ ਦੀ ਭਾਗੀਦਾਰੀ ਇਹ ਨਿਰਧਾਰਿਤ ਕਰਦੀ ਹੈ ਕਿ ਸੈਰ-ਸਪਾਟਾ ਇਕ ਆਰਥਿਕ ਮੌਕਾ ਬਣੇਗਾ ਜਾਂ ਸਿਰਫ਼ ਇਕ ਅਣੳੁਚਿਤ ਪ੍ਰਵੇਸ਼ ਰਹਿ ਜਾਵੇਗਾ।
ਇਸ ਲਈ ਭਾਰਤੀ ਸੈਰ-ਸਪਾਟੇ ਦੇ ਅਗਲੇ ਅਧਿਆਏ ਨੂੰ ਸਿਰਫ਼ ਟੂਰਿਸਟ ਸਾਈਟਾਂ ਦੇ ਨਜ਼ਰੀਏ ਤੋਂ ਨਹੀਂ, ਸਗੋਂ ਸਾਂਝੇਦਾਰੀ ਦੇ ਨਜ਼ਰੀਏ ਨਾਲ ਵੀ ਤੈਅ ਕੀਤਾ ਜਾਣਾ ਚਾਹੀਦਾ ਹੈ।
ਸੈਰ-ਸਪਾਟੇ ਦਾ ਪੁਰਾਣਾ ਢਾਂਚਾ ਵੱਡੇ ਪੱਧਰ ’ਤੇ ਉੱਪਰ ਤੋਂ ਹੇਠਾਂ ਵੱਲ ਲੜੀਵਾਰ ਸੀ। ਸਰਕਾਰਾਂ ਬੁਨਿਆਦੀ ਢਾਂਚਾ ਬਣਾਉਂਦੀਆਂ ਸਨ, ਸੈਰ-ਸਪਾਟਾ ਥਾਵਾਂ ਨੂੰ ਹੁਲਾਰਾ ਦਿੱਤਾ ਜਾਂਦਾ ਸੀ, ਉਦਯੋਗ ਜਗਤ ਟੂਰਿਸਟਾਂ ਦੇ ਆਉਣ-ਜਾਣ ਅਤੇ ਰਿਹਾਇਸ਼ ਦਾ ਪ੍ਰਬੰਧਨ ਕਰਦਾ ਸੀ ਅਤੇ ਭਾਈਚਾਰਾ ਵੱਡੇ ਪੱਧਰ ’ਤੇ ਹਾਸ਼ੀਏ ’ਤੇ ਰਹਿੰਦਾ ਸੀ। ਨਵਾਂ ਢਾਂਚਾ ਸਾਰਿਆਂ ਲਈ ਬਰਾਬਰ ਭਾਗੀਦਾਰੀ ’ਤੇ ਅਾਧਾਰਿਤ ਹੋਣਾ ਚਾਹੀਦਾ ਹੈ। ਸਰਕਾਰਾਂ, ਉਦਯੋਗ ਜਗਤ, ਤਕਨਾਲੋਜੀ ਕੰਪਨੀਆਂ, ਸਿਰਜਣਹਾਰ, ਨਿਵੇਸ਼ਕ, ਰਾਜ, ਸਥਾਨਕ ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਮਿਲ ਕੇ ਸੈਰ-ਸਪਾਟੇ ਦੇ ਅਨੁਭਵ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਅੱਜ ਸੈਰ-ਸਪਾਟੇ ਦਾ ਮਤਲਬ ਸਿਰਫ਼ ਲੋਕਾਂ ਦਾ ਇਕ ਥਾਂ ਤੋਂ ਦੂਜੀ ਥਾਂ ਜਾਣਾ ਨਹੀਂ ਹੈ। ਇਹ ਵਿਚਾਰਾਂ, ਕਹਾਣੀਆਂ, ਉਮੀਦਾਂ, ਪੂੰਜੀ ਅਤੇ ਸੱਭਿਆਚਾਰਕ ਪ੍ਰਭਾਵ ਦਾ ਆਉਣਾ-ਜਾਣਾ ਹੈ। ਯਾਤਰੀ ਹੁਣ ਸਿਰਫ਼ ਭਾਰਤ ਨੂੰ ਦੇਖਣਾ ਨਹੀਂ ਚਾਹੁੰਦੇ, ਸਗੋਂ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ-ਲੋਕ ਪਕਵਾਨਾਂ ਦਾ ਸੁਆਦ ਲੈਣਾ, ਪਰੰਪਰਾਵਾਂ ਨੂੰ ਸਮਝਣਾ, ਘਰਾਂ ਵਿਚ ਜਾਣਾ, ਕਾਰੀਗਰਾਂ ਨੂੰ ਮਿਲਣਾ ਅਤੇ ਇੱਥੋਂ ਦੇ ਜੀਵੰਤ ਸੱਭਿਆਚਾਰ ਵਿਚ, ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਹਿੱਸਾ ਲੈਣਾ ਚਾਹੁੰਦੇ ਹਨ।
ਇਹ ਤਬਦੀਲੀ ਭਾਰਤ ਲਈ ਇਕ ਸ਼ਾਨਦਾਰ ਮੌਕਾ ਲੈ ਕੇ ਆਈ ਹੈ ਪਰ ਬਿਨਾਂ ਤਾਲਮੇਲ ਦੇ ਮੌਕੇ ਦਾ ਲਾਭ ਸ਼ਾਇਦ ਹੀ ਮਿਲ ਪਾਉਂਦਾ ਹੈ। ਇਸ ਲਈ ਸਰਕਾਰ ਦੀ ਭੂਮਿਕਾ ਮਹੱਤਵਪੂਰਨ ਹੈ, ਭਾਵੇਂ ਇਹ ਬਦਲਦੀ ਰਹਿੰਦੀ ਹੋਵੇ। ਇਸ ਦੀ ਜ਼ਿੰਮੇਵਾਰੀ ਸਭ ਕੁਝ ਖੁਦ ਕਰਨ ਦੀ ਨਹੀਂ ਹੈ, ਸਗੋਂ ਵੱਧ ਚੀਜ਼ਾਂ ਨੂੰ ਸੰਭਵ ਬਣਾਉਣ ਦੀ ਹੈ। ਸੜਕਾਂ, ਹਵਾਈ ਅੱਡਿਆਂ, ਰੇਲਵੇ, ਸਵੱਛਤਾ, ਡਿਜੀਟਲ ਬੁਨਿਆਦੀ ਢਾਂਚੇ, ਵਿਰਾਸਤ ਦੀ ਸੰਭਾਲ ਅਤੇ ਨਾਗਰਿਕ-ਸਹੂਲਤਾਂ ਵਿਚ ਸਰਕਾਰੀ ਨਿਵੇਸ਼ ਉਹ ਅਾਧਾਰ ਤਿਆਰ ਕਰਦਾ ਹੈ ਜਿਸ ’ਤੇ ਨਿੱਜੀ ਖੇਤਰ ਨਵੀਨਤਾ ਅਤੇ ਨਿਵੇਸ਼ ਕਰ ਸਕਦਾ ਹੈ। ਰਾਜਨੀਤਕ ਇੱਛਾਸ਼ਕਤੀ ਨਿਰੰਤਰਤਾ ਅਤੇ ਦਿਸ਼ਾ ਦਿੰਦੀ ਹੈ। ਉਦਯੋਗ ਜਗਤ ਪੂੰਜੀ, ਪ੍ਰਬੰਧਨ ਮੁਹਾਰਤ, ਤਕਨੀਕ ਅਤੇ ਬਾਜ਼ਾਰ ਤੱਕ ਪਹੁੰਚ ਵਿਚ ਯੋਗਦਾਨ ਦਿੰਦਾ ਹੈ। ਭਾਈਚਾਰੇ ਉਹ ਵਸਤੂ ਦਿੰਦੇ ਹਨ, ਜਿਸ ਨੂੰ ਕੋਈ ਸਰਕਾਰ ਜਾਂ ਨਿਗਮ ਨਹੀਂ ਬਣਾ ਸਕਦੇ -ਪ੍ਰਮਾਣਿਕਤਾ। ਅਸਲੀ ਚੁਣੌਤੀ ਇਨ੍ਹਾਂ ਸਮਰੱਥਾਵਾਂ ਨੂੰ ਇਕੱਠੇ ਲਿਆਉਣ ਦੀ ਹੈ।
ਉਦਯੋਗ ਜਗਤ ਦੇ ਨਾਲ ਸੈਰ-ਸਪਾਟਾ ਮੰਤਰਾਲੇ ਦਾ ਵਧ ਰਿਹਾ ਜੁੜਾਅ ਇਸੇ ਦਿਸ਼ਾ ਵਿਚ ਇਕ ਯਤਨ ਹੈ। 11 ਰਣਨੀਤਕ ਸਮਝੌਤਾ ਪੱਤਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਪੰਜ ਦਾ ਵਰਲਡ ਟੂਰਿਜ਼ਮ ਡੇਅ 2026 ਨੂੰ ਅਾਦਾਨ-ਪ੍ਰਦਾਨ ਹੋਇਆ ਹੈ। ਉਨ੍ਹਾਂ ਦੀ ਮਹੱਤਤਾ ਸਿਰਫ ਦਸਤਾਵੇਜ਼ਾਂ ਨੂੰ ਲੈ ਕੇ ਨਹੀਂ ਹੈ, ਸਗੋਂ ਉਨ੍ਹਾਂ ਸਮਰੱਥਾਵਾਂ ਵਿਚ ਹੈ, ਜਿਨ੍ਹਾਂ ਨੂੰ ਉਹ ਜੋੜਨਾ ਚਾਹੁੰਦੇ ਹਨ-ਤਕਨਾਲੋਜੀ, ਆਵਾਜਾਈ, ਪ੍ਰਾਹੁਣਚਾਰੀ, ਕੰਟੈਂਟ, ਡਿਜੀਟਲ ਆਊਟਰੀਚ ਅਤੇ ਸਥਾਨਕ ਉੱਦਮ।
ਅੱਜ ਇਕ ਟੂਰਿਸਟ ਸਾਈਟ ਇਕ ਫਿਲਮ, ਇਕ ਸਟ੍ਰੀਮਿੰਗ ਪਲੇਟਫਾਰਮ, ਇਕ ਰਚਨਾਕਾਰ ਦੀ ਕਹਾਣੀ ਜਾਂ ਮੋਬਾਈਲ ਫੋਨ ਵਿਚ ਸਾਹਮਣੇ ਆਏ ਇਕ ਅਕਸ ਰਾਹੀਂ ਆਲਮੀ ਕਲਪਨਾ ਵਿਚ ਪ੍ਰਵੇਸ਼ ਕਰ ਸਕਦਾ ਹੈ। ਨੈੱਟਫਲਿਕਸ ਦੇ ਨਾਲ ਸਹਿਯੋਗ ਸੈਰ-ਸਪਾਟਾ ਸਥਾਨਾਂ ਦੇ ਪ੍ਰਚਾਰ ਦੇ ਇਸ ਨਵੇਂ ਮਾਡਲ ਨੂੰ ਦਰਸਾਉਂਦਾ ਹੈ, ਜੋ ਭਾਰਤ ਦੇ ਸੱਭਿਆਚਾਰ, ਜੰਗਲੀ ਜੀਵਨ ਅਤੇ ਪਹਾੜੀ ਦ੍ਰਿਸ਼ਾਂ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ।
ਪਰ ਕਹਾਣੀ ਕਹਿਣ ਤੋਂ ਅੰਤ ਤੱਕ ਯਾਤਰਾ ਕਰਨ ਦਾ ਕਾਰਨ ਜ਼ਰੂਰ ਮਿਲਣਾ ਚਾਹੀਦਾ ਹੈ। ਇੱਥੇ ਹੀ ਅਗਲੀ ਪੀੜ੍ਹੀ ਦੀ ਭਾਈਵਾਲੀ ਬਹੁਤ ਅਹਿਮ ਹੋ ਜਾਂਦੀ ਹੈ। ਮਾਸਟਰਕਾਰਡ ਨਾਲ ਵਿਕਸਿਤ ਕੀਤਾ ਪ੍ਰਾਜੈਕਟ ‘ਵਾਰਾਣਸੀ ਬਹੁਮੁੱਲਯ’, ਇਸ਼ਤਿਹਾਰਬਾਜ਼ੀ ਤੋਂ ਪਰ੍ਹੇ ਇਕ ਅਜਿਹੇ ਅਨੁਭਵ ਵੱਲ ਵਧਦਾ ਹੈ ਜਿਸ ਨੂੰ ਅਸਲ ਵਿਚ ਲੱਭਿਆ ਅਤੇ ਸੰਭਾਲਿਆ ਜਾ ਸਕਦਾ ਹੈ : ਸੂਰਜ ਚੜ੍ਹਨ ਦੇ ਸਮੇਂ ਗੰਗਾ, ਸ਼ਾਸਤਰੀ ਸੰਗੀਤ, ਸਾਹਿਤ ਬਾਰੇ ਚਰਚੇ, ਬਨਾਰਸੀ ਬੁਣਕਰ ਭਾਈਚਾਰਾ ਅਤੇ ਵਿਰਾਸਤੀ ਸਥਾਨ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਦਾ ਮਹੱਤਵ ਇਹ ਹੈ ਕਿ ਵਾਰਾਣਸੀ ਨੂੰ ਤਸਵੀਰਾਂ ਖਿੱਚਣ ਵਾਲੀ ਥਾਂ ਵਜੋਂ ਨਹੀਂ, ਸਗੋਂ ਇਕ ਅਨੁਭਵ ਕੀਤੇ ਜਾਣ ਵਾਲੀ ਸੱਭਿਅਤਾ ਵਜੋਂ ਪੇਸ਼ ਕੀਤਾ ਜਾਂਦਾ ਹੈ।
ਇਸ ਫਰਕ ਦੀ ਜਾਣਕਾਰੀ ਸਾਡੀ ਸਮੁੱਚੀ ਸੈਰ-ਸਪਾਟਾ ਰਣਨੀਤੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਭਵਿੱਖ ਦੀਆਂ ਸੈਰ-ਸਪਾਟਾ ਪ੍ਰਣਾਲੀਆਂ ਨੂੰ ਤੇਜ਼ੀ ਨਾਲ ਸਮਝਣਾ ਹੋਵੇਗਾ ਕਿ ਕੌਣ ਯਾਤਰਾ ਕਰ ਰਿਹਾ ਹੈ, ਯਾਤਰੀ ਕੀ ਚਾਹੁੰਦੇ ਹਨ, ਮੰਗ ਕਿੱਥੇ ਪੈਦਾ ਹੋ ਰਹੀ ਹੈ ਅਤੇ ਤਰਜੀਹਾਂ ਕਿਸ ਤਰ੍ਹਾਂ ਨਾਲ ਬਦਲ ਰਹੀਆਂ ਹਨ। ਗੂਗਲ ਇੰਡੀਆ ਨਾਲ ਸਹਿਯੋਗ, ਜਿਸ ਵਿਚ ਸਮਰੱਥਾ ਨਿਰਮਾਣ ਅਤੇ ਵਿਸ਼ਵਵਿਆਪੀ ਯਾਤਰਾ ਮੰਗ ਅਤੇ ਯਾਤਰੀਆਂ ਦੇ ਵਿਵਹਾਰ ਨੂੰ ਸਮਝਣ ਨਾਲ ਜੁੜੇ ਕੰਮ ਸ਼ਾਮਲ ਹਨ—ਇਕ ਅਜਿਹੀ ਸੈਰ-ਸਪਾਟਾ ਨੀਤੀ ਵੱਲ ਇਸ਼ਾਰਾ ਕਰਦਾ ਹੈ ਜੋ ਵੱਧ ਤੋਂ ਵੱਧ ਤੱਥਾਂ ਅਤੇ ਸਬੂਤਾਂ ’ਤੇ ਅਾਧਾਰਿਤ ਹੋ ਸਕਦੀ ਹੈ।
ਫਿਰ ਵੀ ਜੇਕਰ ਸੈਰ-ਸਪਾਟਾ ਨੂੰ ਸੱਚਮੁੱਚ ਸਮਾਵੇਸ਼ੀ ਬਣਾਉਣਾ ਹੈ, ਤਾਂ ਪਿੰਡਾਂ ਨੂੰ ਵੀ ਸੈਰ-ਸਪਾਟਾ ਨੀਤੀ ਵਿਚ ਓਨਾ ਹੀ ਮਹੱਤਵਪੂਰਨ ਸਥਾਨ ਮਿਲਣਾ ਚਾਹੀਦਾ ਹੈ ਜਿੰਨਾ ਕਿ ਵੱਡੇ ਸ਼ਹਿਰਾਂ ਦੇ ਪ੍ਰਵੇਸ਼ ਦੁਆਰ। ‘ਹੋਮਸਟੇਅ’ ਹੋਟਲ ਜਿੰਨੇ ਹੀ ਮਹੱਤਵਪੂਰਨ ਹੋ ਸਕਦੇ ਹਨ। ਕਾਰੀਗਰ ਓਨੇ ਹੀ ਅਹਿਮ ਹੋ ਸਕਦੇ ਹਨ ਜਿੰਨੇ ਸੈਰ-ਸਪਾਟਾ ਸਥਾਨ। ਸਥਾਨਕ ਉੱਦਮੀ ਵੱਡੇ ਸੰਚਾਲਕਾਂ ਦੇ ਬਰਾਬਰ ਹੀ ਮਹੱਤਵਪੂਰਨ ਬਣ ਸਕਦੇ ਹਨ। ਇਹੀ ਸੈਰ-ਸਪਾਟੇ ਤੋਂ ਹੋਣ ਵਾਲੇ ਵਿਕਾਸ ਦੀ ਅਸਲੀ ਕਸੌਟੀ ਹੈ।
ਗਜੇਂਦਰ ਸਿੰਘ ਸ਼ੇਖਾਵਤ
(ਕੇਂਦਰੀ ਸੱਭਿਆਚਾਰਕ ਅਤੇ ਸੈਰ-ਸਪਾਟਾ ਮੰਤਰੀ)
ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ ਨਹੀਂ
NEXT STORY