ਕਸ਼ਮੀਰ ਵਾਦੀ ’ਚ ‘ਪਹਿਲਗਾਮ’ ਸਥਿਤ ‘ਬੈਸਰਨ’ ਸੈਰ-ਸਪਾਟਾ ਸਥਾਨ ’ਤੇ 22 ਅਪ੍ਰੈਲ ਨੂੰ ਪਾਕਿ ਪ੍ਰਾਯੋਜਿਤ ਅੱਤਵਾਦੀ ਹਮਲੇ ’ਚ 26 ਨਿਰਦੋਸ਼ ਹਿੰਦੂ ਸੈਲਾਨੀਆਂ ਦੀ ਹੱਤਿਆ ਵਿਰੁੱਧ 23 ਅਪ੍ਰੈਲ ਨੂੰ ਸੱਤਾਧਾਰੀ ‘ਨੈਸ਼ਨਲ ਕਾਨਫਰੰਸ’, ‘ਪੀਪਲਜ਼ ਡੈਮੋਕ੍ਰੇਟਿਕ ਪਾਰਟੀ’, ‘ਪੀਪਲਜ਼ ਕਾਨਫਰੰਸ’ ਅਤੇ ‘ਅਪਨੀ ਪਾਰਟੀ’ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ਖੇਤਰਾਂ ਦੇ ਸਮਾਜਿਕ, ਧਾਰਮਿਕ, ਵਪਾਰਕ ਅਤੇ ਨਾਗਰਿਕ ਸੰਗਠਨਾਂ ਦੇ ਸੱਦੇ ’ਤੇ ਬੰਦ ਬੁਲਾਇਆ ਗਿਆ ਜਿਸ ਨੂੰ ਸਮਾਜ ਦੇ ਸਾਰੇ ਵਰਗਾਂ ਨੇ ਹਮਾਇਤ ਦਿੱਤੀ।
ਬੀਤੇ 35 ਸਾਲਾਂ ’ਚ ਪਹਿਲੀ ਵਾਰ ਇਸ ਤਰ੍ਹਾਂ ਦੇ ਬੰਦ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨਾਂ ਰਾਹੀਂ ਹਮਲੇ ਦੀ ਨਿੰਦਾ ਕੀਤੀ ਗਈ।
ਇਸ ਹਮਲੇ ਦੇ ਬਾਅਦ ਹਜ਼ਾਰਾਂ ਸੈਲਾਨੀਆਂ ਨੇ ਕਸ਼ਮੀਰ ਛੱਡ ਕੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਾਦੀ ਸੈਲਾਨੀਆਂ ਤੋਂ ਖਾਲੀ ਹੋਣ ਲੱਗੀ ਹੈ। ਡਰ ਦੇ ਮਾਰੇ ਸੈਲਾਨੀਆਂ ਨੇ 90 ਫੀਸਦੀ ਬੁਕਿੰਗਜ਼ ਰੱਦ ਕਰਵਾ ਦਿੱਤੀਆਂ ਹਨ ਅਤੇ ਵਾਦੀ ’ਚ ਸੰਨਾਟਾ ਛਾ ਗਿਆ ਹੈ।
ਇਸ ’ਤੇ ਿਟੱਪਣੀ ਕਰਦੇ ਹੋਏ ਮੁੱਖ ਮੰਤਰੀ ‘ਉਮਰ ਅਬਦੁੱਲਾ’ (ਨੈਕਾਂ) ਨੇ ਕਿਹਾ ਹੈ ਕਿ ‘‘ਸੈਲਾਨੀਆਂ ਨੂੰ ਇਸ ਤਰ੍ਹਾਂ ਵਾਪਸ ਜਾਂਦਿਆਂ ਦੇਖ ਕੇ ਮੇਰਾ ਦਿਲ ਟੁੱਟ ਰਿਹਾ ਹੈ।’’
‘ਪੀਪਲਜ਼ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀ ਇਸ ਹਮਲੇ ਨੂੰ ਲੈ ਕੇ 23 ਅਪ੍ਰੈਲ ਨੂੰ ਦੇਸ਼ ਵਾਸੀਆਂ ਕੋਲੋਂ ਮੁਆਫੀ ਮੰਗੀ ਅਤੇ ਕਿਹਾ, ‘‘ਇਹ ਹਮਲਾ ਮਾਸੂਮ ਸੈਲਾਨੀਆਂ ’ਤੇ ਹੀ ਨਹੀਂ ਸਗੋਂ ‘ਕਸ਼ਮੀਰੀਅਤ’ ’ਤੇ ਵੀ ਸੀ।’’
ਸ਼੍ਰੀਨਗਰ ’ਚ ‘ਮਹਿਬੂਬਾ’ ਦੀ ਅਗਵਾਈ ’ਚ ਵਿਰੋਧ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਫੜੀਆਂ ਤਖਤੀਆਂ ’ਤੇ ਲਿਖਿਆ ਸੀ, ‘ਇਹ ਸਾਡੇ ਸਭ ’ਤੇ ਹਮਲਾ ਹੈ,’ ‘ਨਿਰਦੋਸ਼ਾਂ ਦੀ ਹੱਤਿਆ ਅੱਤਵਾਦੀ ਕਾਰਾ ਹੈ’ ਅਤੇ ‘ਨਿਰਦੋਸ਼ਾਂ ਦੀਆਂ ਹੱਤਿਆਵਾਂ ਬੰਦ ਕਰੋ’।
ਇਸ ਹਮਲੇ ਨੂੰ ਲੈ ਕੇ ਬਾਕੀ ਦੇਸ਼ ਦੇ ਨਾਲ-ਨਾਲ ਜੰਮੂ-ਕਸ਼ਮੀਰ ’ਚ ਫੈਲੀ ਗੁੱਸੇ ਦੀ ਲਹਿਰ, ਬੰਦ ਅਤੇ ਪ੍ਰਦਰਸ਼ਨਾਂ ਤੋਂ ਸਪੱਸ਼ਟ ਹੈ ਕਿ ਲੋਕ ਇਸ ਘਟਨਾ ਤੋਂ ਕਿੰਨੇ ਗੁੱਸੇ ’ਚ ਹਨ। ਇਸ ਲਈ ਕੇਂਦਰ ਸਰਕਾਰ ਨੂੰ ਛੇਤੀ ਤੋਂ ਛੇਤੀ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਤੋਂ ਪੈਦਾ ਰੋਜ਼-ਰੋਜ਼ ਦੀ ਮੁਸੀਬਤ ਨੂੰ ਸਖਤ ਕਦਮ ਚੁੱਕ ਕੇ ਹਮੇਸ਼ਾ ਲਈ ਜਿੰਨੀ ਛੇਤੀ ਹੋ ਸਕੇ ਖਤਮ ਕਰ ਦੇਣਾ ਚਾਹੀਦਾ ਹੈ।
–ਵਿਜੇ ਕੁਮਾਰ
ਕੀ ਕਿਸੇ ‘ਬੁੱਤਪ੍ਰਸਤ’ ਨੂੰ ਜ਼ਿੰਦਗੀ ਜਿਊਣ ਦਾ ਹੱਕ ਨਹੀਂ
NEXT STORY